ਮਾਹਰਾਂ ਅਨੁਸਾਰ ਪੈਟਰੋਲ-ਡੀਜ਼ਲ ਦੀ ਲਾਗਤ ’ਚ 90 ਫੀਸਦ ਹਿੱਸੇਦਾਰੀ ਕੱਚੇ ਤੇਲ ਦੀ ਕੀਮਤ ਦੀ ਹੁੰਦੀ ਹੈ। ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਤੇਲ ਕੰਪਨੀਆਂ ਅੰਡਰ ਰਿਕਵਰੀ ਦੀ ਜੋ ਗੱਲ ਕਰਦੀਆਂ ਹਨ, ਉਸ ਦੀ ਵਿਸਥਾਰਤ ਜਾਣਕਾਰੀ ਜਨਤਕ ਨਹੀਂ ਕਰਦੀਆਂ ਹਨ ਕਿ ਉਨ੍ਹਾਂ ’ਚ ਪੈਟਰੋਲ-ਡੀਜ਼ਲ ਹੀ ਸ਼ਾਮਲ ਹਨ ਜਾਂ ਉਸ ਤੋਂ ਇਲਾਵਾ ਹੋਰ ਕਿਹੜੀ-ਕਿਹੜੀ ਆਈਟਮ ਸ਼ਾਮਲ ਹਨ। ਇਸ ਦਾ ਬ੍ਰੇਕਅਪ ਜਨਤਕ ਨਹੀਂ ਕੀਤਾ ਜਾਂਦਾ ਹੈ।

ਰਾਜੀਵ ਕੁਮਾਰ, ਜਾਗਰਣ, ਨਵੀਂ ਦਿੱਲੀ : ਸਰਕਾਰੀ ਖੇਤਰ ਦੀਆਂ ਤੇਲ ਕੰਪਨੀਆਂ ਦਾ ਕਹਿਣਾ ਹੈ ਕਿ 15 ਮਈ ਤੋਂ ਲੈ ਕੇ ਹੁਣ ਤੱਕ ਪੈਟਰੋਲ-ਡੀਜ਼ਲ ਦੀਆਂ ਖੁਦਰਾ ਕੀਮਤਾਂ ’ਚ 7.50 ਰੁਪਏ ਪ੍ਰਤੀ ਲੀਟਰ ਤੱਕ ਦੇ ਵਾਧੇ ਦੇ ਬਾਵਜੂਦ ਉਨ੍ਹਾਂ ਨੂੰ ਰੋਜ਼ਾਨਾ 600 ਕਰੋੜ ਰੁਪਏ ਦਾ ਘਾਟਾ ਹੋ ਰਿਹਾ ਹੈ। ਅਜਿਹੇ ’ਚ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਘਾਟੇ ਨੂੰ (ਤੇਲ ਕੰਪਨੀਆਂ ਜਿਸ ਨੂੰ ਅੰਡਰ ਰਿਕਵਰੀ ਕਹਿੰਦੀਆਂ ਹਨ) ਨੂੰ ਪੂਰਾ ਕਰਨ ਲਈ ਪੈਟਰੋਲ-ਡੀਜ਼ਲ ਦੀ ਖੁਦਰਾ ਕੀਮਤ ’ਚ ਅਜੇ ਨੌਂ ਤੋਂ 10 ਰੁਪਏ ਤੱਕ ਦਾ ਹੋਰ ਵਾਧਾ ਹੋ ਸਕਦਾ ਹੈ। 15 ਮਈ ਤੋਂ ਪਹਿਲਾਂ ਤੱਕ ਤੇਲ ਕੰਪਨੀਆਂ ਕਹਿ ਰਹੀਆਂ ਸਨ ਕਿ ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਉਨ੍ਹਾਂ ਨੂੰ ਰੋਜ਼ਾਨਾ 1,000 ਕਰੋੜ ਰੁਪਏ ਦਾ ਘਾਟਾ ਹੋ ਰਿਹਾ ਹੈ।
ਊਰਜਾ ਮਾਹਰਾਂ ਦਾ ਕਹਿਣਾ ਹੈ ਕਿ ਤੇਲ ਕੰਪਨੀਆਂ ਜਿਸ ਅੰਡਰ ਰਿਕਵਰੀ ਜਾਂ ਘਾਟੇ ਦੀ ਗੱਲ ਕਰਦੀਆਂ ਹਨ, ਉਨ੍ਹਾਂ ’ਚ ਐੱਲਪੀਜੀ ਤੇ ਏਅਰ ਟਰਬਾਈਨ ਫਿਊਲ ਦੀ ਲਾਗਤ ਵੀ ਸ਼ਾਮਲ ਹੈ। ਐੱਲਪੀਜੀ ’ਤੇ ਸਰਕਾਰ ਸਬਸਿਡੀ ਵੀ ਦਿੰਦੀ ਹੈ। ਮਾਹਰ ਇਸ ਗੱਲ ਨੂੰ ਲੈ ਕੇ ਵੀ ਸਵਾਲ ਉਠਾ ਰਹੇ ਹਨ ਕਿ ਬੀਤੇ ਮਾਲੀ ਸਾਲ 2025-26 ਦੀ ਆਖਰੀ ਤਿਮਾਹੀ (ਜਨਵਰੀ-ਮਾਰਚ) ਦੇ ਮਾਰਚ ਮਹੀਨੇ ’ਚ ਕੱਚੇ ਤੇਲ ਦੀ ਕੀਮਤ ’ਚ ਖਾਸੇ ਵਾਧੇ ਦੇ ਬਾਵਜੂਦ ਤੇਲ ਕੰਪਨੀਆਂ ਨੇ ਬੰਪਰ ਮੁਨਾਫਾ ਕਮਾਇਆ।
ਆਖਰੀ ਤਿਮਾਹੀ ’ਚ ਦੇਸ਼ ਦੀਆਂ ਤਿੰਨ ਤੇਲ ਕੰਪਨੀਆਂ ਆਈਓਸੀ, ਬੀਪੀਸੀਐੱਲ ਤੇ ਐੱਚਪੀਸੀਐੱਲ ਨੇ ਸਾਂਝੇ ਤੌਰ ’ਤੇ ਪਿਛਲੇ ਮਾਲੀ ਸਾਲ 2024-25 ਦੀ ਆਖਰੀ ਤਿਮਾਹੀ ਦੇ ਮੁਕਾਬਲੇ 40 ਫੀਸਦ ਤੋਂ ਵੱਧ ਦਾ ਮੁਨਾਫਾ ਕਮਾਇਆ•। 2025-26 ਦੇ ਪੂਰੇ ਮਾਲੀ ਸਾਲ ’ਚ ਇਨ੍ਹਾਂ ਤਿੰਨਾਂ ਕੰਪਨੀਆਂ ਨੇ ਸਾਂਝੇ ਤੌਰ ’ਤੇ 77,280 ਕਰੋੜ ਦੀ ਕਮਾਈ ਕੀਤੀ। ਲੰਘੀ 28 ਫਰਵਰੀ ਨੂੰ ਅਮਰੀਕਾ-ਇਜ਼ਰਾਈਲ ਤੇ ਈਰਾਨ ਜੰਗ ਸ਼ੁਰੂ ਹੋਣ ਦੇ ਕਾਰਨ ਇਸ ਸਾਲ ਮਾਰਚ ਮਹੀਨੇ ’ਚ ਤੇਲ ਕੰਪਨੀਆਂ ਨੇ ਕੱਚੇ ਤੇਲ ਦੀ ਖਰੀਦਦਾਰੀ ਔਸਤਨ 113 ਡਾਲਰ ਪ੍ਰਤੀ ਬੈਰਲ ਦੀ ਦਰ ਨਾਲ ਕੀਤੀ। ਬੀਤੀ ਫਰਵਰੀ ’ਚ ਕੱਚੇ ਤੇਲ ਦੀ ਔਸਤ ਕੀਮਤ 69 ਡਾਲਰ ਪ੍ਰਤੀ ਬੈਰਲ ਸੀ ਤਾਂ ਜਨਵਰੀ ’ਚ ਕੱਚੇ ਤੇਲ ਦੀ ਖਰੀਦ ਕੀਮਤ 63 ਡਾਲਰ ਪ੍ਰਤੀ ਬੈਰਲ ਸੀ। ਅਪ੍ਰੈਲ ’ਚ ਕੱਚੇ ਤੇਲ ਦੀ ਔਸਤ ਖਰੀਦ ਕੀਮਤ 114 ਡਾਲਰ ਹੋ ਗਈ। ਮਈ ’ਚ ਇਹ 107 ਡਾਲਰ ਪ੍ਰਤੀ ਬੈਰਲ ਦੱਸੀ ਜਾ ਰਹੀ ਹੈ। ਸੋਮਵਾਰ ਨੂੰ ਕੱਚੇ ਤੇਲ ਦੀ ਕੌਮਾਂਤਰੀ ਕੀਮਤ 97 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਈ।
ਮਾਹਰਾਂ ਅਨੁਸਾਰ ਪੈਟਰੋਲ-ਡੀਜ਼ਲ ਦੀ ਲਾਗਤ ’ਚ 90 ਫੀਸਦ ਹਿੱਸੇਦਾਰੀ ਕੱਚੇ ਤੇਲ ਦੀ ਕੀਮਤ ਦੀ ਹੁੰਦੀ ਹੈ। ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਤੇਲ ਕੰਪਨੀਆਂ ਅੰਡਰ ਰਿਕਵਰੀ ਦੀ ਜੋ ਗੱਲ ਕਰਦੀਆਂ ਹਨ, ਉਸ ਦੀ ਵਿਸਥਾਰਤ ਜਾਣਕਾਰੀ ਜਨਤਕ ਨਹੀਂ ਕਰਦੀਆਂ ਹਨ ਕਿ ਉਨ੍ਹਾਂ ’ਚ ਪੈਟਰੋਲ-ਡੀਜ਼ਲ ਹੀ ਸ਼ਾਮਲ ਹਨ ਜਾਂ ਉਸ ਤੋਂ ਇਲਾਵਾ ਹੋਰ ਕਿਹੜੀ-ਕਿਹੜੀ ਆਈਟਮ ਸ਼ਾਮਲ ਹਨ। ਇਸ ਦਾ ਬ੍ਰੇਕਅਪ ਜਨਤਕ ਨਹੀਂ ਕੀਤਾ ਜਾਂਦਾ ਹੈ। ਜਾਣਕਾਰ ਕਹਿੰਦੇ ਹਨ ਕਿ ਗੈਸ ’ਤੇ ਦਿੱਤੀ ਜਾਣ ਵਾਲੀ ਸਬਸਿਡੀ ਦੀ ਭਰਪਾਈ ਵੀ ਪੈਟਰੋਲ-ਡੀਜ਼ਲ ਦੀ ਖੁਦਰਾ ਕੀਮਤ ’ਚ ਵਾਧਾ ਕਰਕੇ ਕੀਤੀ ਜਾਂਦੀ ਹੈ।
2025-26 ਦੀ ਆਖਰੀ ਤਿਮਾਹੀ (ਜਨਵਰੀ-ਮਾਰਚ) ’ਚ ਤੇਲ ਕੰਪਨੀਆਂ ਨੂੰ ਹੋਇਆ ਮੁਨਾਫਾ
ਕੰਪਨੀ ਰਕਮ (ਰੁਪਏ ’ਚ)
ਆਈਓਸੀ 11,377.51 ਕਰੋੜ
ਬੀਪੀਸੀਐੱਲ 3,191 ਕਰੋੜ
ਐੱਚਪੀਸੀਐੱਲ 4,901 ਕਰੋੜ
2025-26 ’ਚ ਤੇਲ ਕੰਪਨੀਆਂ ਨੂੰ ਹੋਇਆ ਮੁਨਾਫਾ
ਕੰਪਨੀ ਰਕਮ (ਰੁਪਏ ’ਚ)
ਆਈਓਸੀ 63,802 ਕਰੋੜ
ਬੀਪੀਸੀਐੱਲ 23,303 ਕਰੋੜ
ਐੱਚਪੀਸੀਐੱਲ 17,175 ਕਰੋੜ