ਸੰਕੇਤ ਮਿਲ ਰਹੇ ਹਨ ਕਿ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੀ ਦੂਜੀ ਵਰ੍ਹੇਗੰਢ ਨਾਲ ਜੁੜੇ ਪ੍ਰੋਗਰਾਮਾਂ ਦੌਰਾਨ ਅਗਲੇ ਮਹੀਨੇ ਇਹ ਸੇਵਾ ਲਾਂਚ ਕੀਤੀ ਜਾ ਸਕਦੀ ਹੈ। ਈਪੀਐੱਫ ਦੇ ਕਰੀਬ 7 ਕਰੋੜ ਮੈਂਬਰਾਂ ਨੂੰ ਜ਼ਰੂਰਤ ਦੇ ਹਿਸਾਬ ਨਾਲ ਆਪਣੇ ਬਚਤ ਫੰਡ ਦੀ ਰਕਮ ਸਹਿਜ ਤਰੀਕੇ ਨਾਲ ਮੁਹੱਈਆ ਹੋ ਸਕੇ, ਇਸ ਦੇ ਮੱਦੇਨਜ਼ਰ ਇਹ ਸੇਵਾ ਸ਼ੁਰੂ ਕਰਨ ਦੀ ਤਿਆਰੀ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਏਟੀਐੱਮ ਕਾਰਡ ਰਾਹੀਂ ਈਪੀਐੱਫ ਖਾਤੇ ਵਿੱਚੋਂ ਰਕਮ ਕਢਾ ਸਕਣਾ ਜਲਦੀ ਹੀ ਹਕੀਕਤ ਬਣਨ ਵਾਲਾ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਆਪਣੇ ਮੈਂਬਰਾਂ ਨੂੰ ਇਹ ਸੁਵਿਧਾ ਦੇਣ ਦੀ ਤਕਨੀਕੀ ਤੇ ਢਾਂਚਾਗਤ ਤਿਆਰੀ ਮੁਕੰਮਲ ਕਰ ਲਈ ਹੈ। ਸੰਕੇਤ ਮਿਲ ਰਹੇ ਹਨ ਕਿ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੀ ਦੂਜੀ ਵਰ੍ਹੇਗੰਢ ਨਾਲ ਜੁੜੇ ਪ੍ਰੋਗਰਾਮਾਂ ਦੌਰਾਨ ਅਗਲੇ ਮਹੀਨੇ ਇਹ ਸੇਵਾ ਲਾਂਚ ਕੀਤੀ ਜਾ ਸਕਦੀ ਹੈ। ਈਪੀਐੱਫ ਦੇ ਕਰੀਬ 7 ਕਰੋੜ ਮੈਂਬਰਾਂ ਨੂੰ ਜ਼ਰੂਰਤ ਦੇ ਹਿਸਾਬ ਨਾਲ ਆਪਣੇ ਬਚਤ ਫੰਡ ਦੀ ਰਕਮ ਸਹਿਜ ਤਰੀਕੇ ਨਾਲ ਮੁਹੱਈਆ ਹੋ ਸਕੇ, ਇਸ ਦੇ ਮੱਦੇਨਜ਼ਰ ਇਹ ਸੇਵਾ ਸ਼ੁਰੂ ਕਰਨ ਦੀ ਤਿਆਰੀ ਹੈ। ਏਟੀਐੱਮ ਕਾਰਡ ਰਾਹੀਂ ਕਢਵਾਈ ਜਾਣ ਵਾਲੀ ਨਿਕਾਸੀ ਦੀ ਹੱਦ ਕੀ ਹੋਵੇਗੀ? ਇਸ ਬਾਰੇ ਐਲਾਨ ਜਲਦੀ ਹੋਣਾ ਸੰਭਵ ਹੈ।
ਕਿਰਤ ਮੰਤਰਾਲੇ ਨਾਲ ਜੁੜੇ ਸੀਨੀਅਰ ਅਧਿਕਾਰੀਆਂ ਨੇ ਇਸ ਬਾਰੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਏਟੀਐੱਮ ਸੇਵਾ ਦੀ ਟੈਸਟਿੰਗ ਤੇ ਤਿਆਰੀ ਲਗਭਗ ਮੁਕੰਮਲ ਹੋ ਚੁੱਕੀ ਹੈ। ਆਉਂਦੀ 26 ਮਈ ਨੂੰ ਮੋਦੀ ਸਰਕਾਰ ਦੇ ਕਾਰਜਕਾਲ ਦੇ 12 ਸਾਲ ਮੁਕੰਮਲ ਹੋ ਰਹੇ ਹਨ ਅਤੇ ਮੰਤਰਾਲਾ ਇਸ ਅਹਿਮ ਸਹੂਲਤ ਨੂੰ ਪ੍ਰਧਾਨ ਮੰਤਰੀ ਦੇ ਹੱਥੋਂ ਸ਼ੁਰੂ ਕਰਵਾਉਣ ਦੇ ਯਤਨਾਂ ਵਿਚ ਹੈ। ਈਪੀਐੱਫਓ ਦੇ ਡਿਜੀਟਲ ਸੁਧਾਰ 3.0 ਤਹਿਤ ਈਪੀਐੱਫ ਖਾਤੇ ਨੂੰ ਏਟੀਐੱਮ ਨਾਲ ਜੋੜਨਾ ਅਹਿਮ ਕਦਮ ਹੈ। ਇਹ ਸਹੂਲਤ ਸ਼ੁਰੂ ਹੋਣ ਤੋਂ ਬਾਅਦ ਈਪੀਐੱਫ ਨਾਲ ਜੁੜੇ ਮੈਂਬਰਾਂ ਨੂੰ ਆਪਣੇ ਲਿੰਕ ਬੈਂਕ ਖਾਤੇ ਨਾਲ ਜੁੜੇ ਏਟੀਐੱਮ ਕਾਰਡ ਰਾਹੀਂ ਆਪਣੀ ਰਕਮ ਕਢਵਾ ਸਕਣ ਦਾ ਬਦਲ ਮਿਲੇਗਾ। ਇਸ ਦਾ ਉਦੇਸ਼ ਨਿਯੁਕਤੀਕਰਤਾ ਦੀ ਮਨਜ਼ੂਰੀ ਤੋਂ ਬਿਨਾਂ, ਕਿਸੇ ਆਫ਼ਤ ਜਾਂ ਹੰਗਾਮੀ ਹਾਲਤ ਵੇਲੇ ਤੁਰੰਤ ਈਪੀਐੱਫ ਦੀ ਜਮ੍ਹਾ ਰਕਮ ਤੱਕ ਮੈਂਬਰਾਂ ਦੀ ਪਹੁੰਚ ਨੂੰ ਆਸਾਨ ਬਣਾਉਣਾ ਹੈ। ਇਸ ਦਾ ਮੰਤਵ ਇਹ ਵੀ ਹੈ ਕਿ ਮੁਲਾਜ਼ਮ ਬਿਨਾਂ ਕਿਸੇ ਝੰਜਟ ਤੋਂ ਆਪਣੀ ਰਕਮ ਕਢਵਾ ਸਕਣ। ਇਸ ਸੇਵਾ ਨਾਲ ਜੁੜੇ ਖ਼ਾਸ ਫੀਚਰ ਦੇ ਸੰਦਰਭ ਵਿਚ ਅਧਿਕਾਰੀਆਂ ਨੇ ਦੱਸਿਆ ਕਿ ਈਪੀਐੱਫ ਨੂੰ ਏਟੀਐੱਮ ਸਿਸਟਮ ਨਾਲ ਲਿੰਕ ਕਰਨ ਦੇ ਨਾਲ ਇਸ ਨੂੰ ਯੂਪੀਆਈ ਨਾਲ ਵੀ ਜੋੜਿਆ ਜਾ ਰਿਹਾ ਹੈ ਤਾਂ ਜੋ ਬੈਂਕ ਖਾਤੇ ਤੋਂ ਰਕਮ ਤੁਰੰਤ ਟ੍ਰਾਂਸਫਰ ਕੀਤੀ ਜਾ ਸਕੇ।
ਈਪੀਐੱਫ ’ਤੇ ਐਲਾਨੇ 8.25 ਫ਼ੀਸਦ ਵਿਆਜ ਬਾਰੇ ਪੱਤਰ ਦਾ ਹੈ ਇੰਤਜ਼ਾਰ : ਈਪੀਐੱਫ ਵੱਲੋਂ ਵਰ੍ਹਾ 2025-26 ਲਈ ਐਲਾਨੇ 8.25 ਫ਼ੀਸਦ ਵਿਆਜ ਨੂੰ ਸੱਤ ਕਰੋੜ ਮੈਂਬਰਾਂ ਦੇ ਖਾਤੇ ਵਿਚ ਜਮ੍ਹਾ ਕਰਵਾਉਣ ਲਈ ਕਿਰਤ ਮੰਤਰਾਲੇ ਨੂੰ ਹਾਲੇ ਤੱਕ ਵਿੱਤ ਮੰਤਰਾਲੇ ਦੀ ਅਧਿਕਾਰਤ ਮਨਜ਼ੂਰੀ ਦਾ ਇੰਤਜ਼ਾਰ ਹੈ। ਮੰਤਰਾਲੇ ਦੇ ਅਧਿਕਾਰਤ ਸਰੋਤਾਂ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਵਿਆਜ ਦਰ ਦੀ ਸਿਫ਼ਾਰਸ਼ ਬਾਰੇ ਵਿੱਤ ਮੰਤਰਾਲੇ ਦੀ ਚਿੱਠੀ ਹਾਲੇ ਨਹੀਂ ਮਿਲੀ, ਉਮੀਦ ਹੈ ਕਿ ਜਲਦ ਹੀ ਇਹ ਪ੍ਰਕਿਰਿਆ ਮੁਕੰਮਲ ਹੋ ਜਾਵੇਗੀ। ਈਪੀਐੱਫਓ ਨੇ ਵਿਆਜ ਦਰ ਜਲਦੀ ਖਾਤੇ ਵਿਚ ਟ੍ਰਾਂਸਫਰ ਕਰਨ ਲਈ ਤਿਆਰੀ ਕੀਤੀ ਹੋਈ ਹੈ। ਵਿੱਤ ਮੰਤਰਾਲੇ ਦਾ ਪੱਤਰ ਆਉਂਦੇ ਹੀ ਰਕਮ ਜਮ੍ਹਾ ਕਰਵਾਉਣ ਦਾ ਸਿਲਸਿਲਾ ਤੇਜ਼ੀ ਨਾਲ ਮੁਕੰਮਲ ਕੀਤਾ ਜਾਵੇਗਾ। ਯਾਦ ਰਹੇ, ਈਪੀਐੱਫਓ ਬੋਰਡ ਨੇ ਪਿਛਲੇ ਵਿੱਤੀ ਵਰ੍ਹੇ ਲਈ 8.25 ਫ਼ੀਸਦ ਦਾ ਵਿਆਜ ਐਲਾਨਿਆ ਸੀ, ਜਿਸ ’ਤੇ ਕਿਰਤ ਮੰਤਰਾਲੇ ਨੇ ਵੀ ਮੋਹਰ ਲਗਾ ਦਿੱਤੀ ਸੀ। ਤੈਅ ਨਿਯਮਾਂਵਲੀ ਮੁਤਾਬਕ ਵਿੱਤ ਮੰਤਰਾਲੇ ਦੀ ਅੰਤਮ ਮਨਜ਼ੂਰੀ ਤੋਂ ਬਾਅਦ ਹੀ ਮੈਂਬਰਾਂ ਨੂੰ ਵਿਆਜ ਦੀ ਰਕਮ ਉਨ੍ਹਾਂ ਦੇ ਖਾਤੇ ਵਿਚ ਦਿੱਤੀ ਜਾਂਦੀ ਹੈ।