8 ਸਾਲ ਦੀ ਉਮਰ ਤੋਂ ਕੰਪਿਊਟਰ ਨਾਲ ਖੇਡਣ ਵਾਲਾ ਅੱਜ 18,000 ਕਰੋੜ ਦਾ ਮਾਲਕ, ਸ਼ਰੇਆਮ ਮੁੰਡੇ ਨਾਲ ਕਰਵਾਇਆ ਸੀ ਵਿਆਹ
OpenAI ਦੀ ਸਥਾਪਨਾ 2015 ਵਿੱਚ ਹੋਈ ਸੀ। ਸੈਮ ਨੇ 2014 ਵਿੱਚ ਮਸ਼ਹੂਰ ਐਕਸੇਲੇਰੇਟਰ 'Y Combinator' (YC) ਦੇ ਪ੍ਰਧਾਨ ਵਜੋਂ ਕੰਮ ਕੀਤਾ ਅਤੇ ਇਸ ਨੂੰ ਸਟਾਰਟਅੱਪ ਬਣਾਉਣ ਦਾ ਇੱਕ ਵੱਡਾ ਇੰਜਣ ਬਣਾ ਦਿੱਤਾ। 2019 ਵਿੱਚ ਸੈਮ ਨੇ YC ਤੋਂ ਅਸਤੀਫਾ ਦੇ ਕੇ OpenAI ਵਿੱਚ ਫੁੱਲ-ਟਾਈਮ ਕੰਮ ਕਰਨਾ ਸ਼ੁਰੂ ਕਰ ਦਿੱਤਾ
Publish Date: Thu, 18 Dec 2025 01:41 PM (IST)
Updated Date: Thu, 18 Dec 2025 01:55 PM (IST)
ਨਵੀਂ ਦਿੱਲੀ: ਅੱਜ ਦੇ ਸਮੇਂ ਵਿੱਚ ਤੁਸੀਂ ਆਪਣੇ ਜੀਵਨ ਦਾ ਅੱਧੇ ਤੋਂ ਵੱਧ ਕੰਮ ਮੋਬਾਈਲ ਫੋਨ ਰਾਹੀਂ ਕਰਦੇ ਹੋ। ਮੋਬਾਈਲ ਫੋਨ ਵਿੱਚ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਦਾ ਰਾਜ ਹੈ। AI ਦੁਨੀਆ ਨੂੰ ਤੇਜ਼ੀ ਨਾਲ ਬਦਲ ਰਹੀ ਹੈ। ਤੁਹਾਡੀ ਹਰ ਗਤੀਵਿਧੀ 'ਤੇ ਤੁਹਾਡਾ ਫੋਨ ਨਜ਼ਰ ਰੱਖ ਰਿਹਾ ਹੈ। ਤੁਹਾਡਾ ਹਰ ਡੇਟਾ ਸ਼ਾਈਦ ਵੱਡੀਆਂ ਕੰਪਨੀਆਂ ਕੋਲ ਹੋਵੇ। AI ਦਾ ਦੌਰ 2022 ਤੋਂ ਬਾਅਦ ਤੇਜ਼ੀ ਨਾਲ ਬਦਲਿਆ ਹੈ ਅਤੇ ਇਸ ਦਾ ਸਿਹਰਾ OpenAI ਨੂੰ ਜਾਂਦਾ ਹੈ। ਇਸ ਦੇ ਫਾਊਂਡਰ ਸੈਮ ਅਲਟਮੈਨ ਨੇ ਨਵੰਬਰ 2022 ਵਿੱਚ ChatGPT ਲਾਂਚ ਕਰਕੇ ਹਲਚਲ ਮਚਾ ਦਿੱਤੀ ਸੀ। ਵੈਸੇ ਸੈਮ ਦਾ ਨਿੱਜੀ ਜੀਵਨ ਕਾਫੀ ਨਿੱਜੀ ਸੀ ਪਰ ਸਮਲਿੰਗੀ ਵਿਆਹ ਕਰਵਾਉਣ ਕਾਰਨ ਉਹ ਕਾਫੀ ਸੁਰਖੀਆਂ ਵਿੱਚ ਰਹੇ।
ChatGPT ਦੇ ਆਉਣ ਨਾਲ ਬਹੁਤ ਕੁਝ ਬਦਲ ਗਿਆ ਅਤੇ ਇਸ ਬਦਲਾਅ ਦੀ ਕਹਾਣੀ ਲਿਖਣ ਵਾਲੇ ਸੈਮ ਅਲਟਮੈਨ ਹੀ ਸਨ। ਅੱਜ ਅਸੀਂ ਉਨ੍ਹਾਂ ਦੀ ਕਹਾਣੀ ਬਾਰੇ ਜਾਣਾਂਗੇ। ਦਰਅਸਲ, ਉਨ੍ਹਾਂ ਦੀ ਕੰਪਨੀ OpenAI ਫੰਡ ਇਕੱਠਾ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਸਮੇਂ OpenAI ਦੀ ਵੈਲਿਊਏਸ਼ਨ 500 ਬਿਲੀਅਨ ਡਾਲਰ ਹੈ ਅਤੇ ਨਵਾਂ ਫੰਡ 750 ਬਿਲੀਅਨ ਡਾਲਰ ਦੀ ਵੈਲਿਊਏਸ਼ਨ 'ਤੇ ਇਕੱਠਾ ਕੀਤਾ ਜਾ ਸਕਦਾ ਹੈ।
8 ਸਾਲ ਦੀ ਉਮਰ 'ਚ ਹੀ ਸਿੱਖ ਲਈ ਸੀ ਕੋਡਿੰਗ
OpenAI ਦੇ CEO ਸੈਮ ਅਲਟਮੈਨ ਦਾ ਜਨਮ 1985 ਵਿੱਚ ਸ਼ਿਕਾਗੋ ਵਿੱਚ ਹੋਇਆ ਸੀ। ਉਨ੍ਹਾਂ ਦੀ ਮਾਂ ਚਮੜੀ ਦੇ ਰੋਗਾਂ ਦੀ ਮਾਹਿਰ (ਡਰਮੇਟੋਲੋਜਿਸਟ) ਸੀ ਅਤੇ ਪਿਤਾ ਰੀਅਲ ਅਸਟੇਟ ਬ੍ਰੋਕਰ ਸਨ। ਸੈਮ ਬਚਪਨ ਤੋਂ ਹੀ ਪੜ੍ਹਨ-ਲਿਖਣ ਵਿੱਚ ਬਹੁਤ ਹੁਸ਼ਿਆਰ ਸਨ। ਸਿਰਫ਼ 8 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੇ ਕੰਪਿਊਟਰ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ ਅਤੇ ਕੋਡਿੰਗ ਸਿੱਖ ਲਈ ਸੀ। ਸਟੈਨਫੋਰਡ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਦੀ ਪੜ੍ਹਾਈ ਸ਼ੁਰੂ ਕੀਤੀ ਪਰ ਦੋ ਸਾਲ ਬਾਅਦ 2005 ਵਿੱਚ 'Loopt' ਨਾਮਕ ਐਪ ਸ਼ੁਰੂ ਕਰਨ ਲਈ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ।
ਪਹਿਲਾ ਸਟਾਰਟਅੱਪ ਵੇਚ ਕੇ ਕਮਾਏ 3,87,34,61,500 ਰੁਪਏ
ਸੈਮ ਅਲਟਮੈਨ ਦਾ ਪਹਿਲਾ ਸਟਾਰਟਅੱਪ ਬਹੁਤ ਜ਼ਿਆਦਾ ਮਸ਼ਹੂਰ ਨਹੀਂ ਹੋਇਆ ਸੀ, ਪਰ 2012 ਵਿੱਚ 'Green Dot Corporation' ਨੇ ਉਨ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ 'Loopt' ਨੂੰ 43.4 ਮਿਲੀਅਨ ਡਾਲਰ ਵਿੱਚ ਖਰੀਦ ਲਿਆ ਸੀ। ਇਸ ਨਾਲ ਸੈਮ ਦਾ ਬੈਂਕ ਬੈਲੇਂਸ ਬਹੁਤ ਮਜ਼ਬੂਤ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ AI ਦੀ ਦੁਨੀਆ ਬਾਰੇ ਪੜ੍ਹਨਾ ਸ਼ੁਰੂ ਕੀਤਾ ਅਤੇ ਅੱਗੇ ਚੱਲ ਕੇ OpenAI ਦੀ ਨੀਂਹ ਰੱਖੀ।
2015 'ਚ ਹੋਂਦ 'ਚ ਆਈ ਸੀ OpenAI
OpenAI ਦੀ ਸਥਾਪਨਾ 2015 ਵਿੱਚ ਹੋਈ ਸੀ। ਸੈਮ ਨੇ 2014 ਵਿੱਚ ਮਸ਼ਹੂਰ ਐਕਸੇਲੇਰੇਟਰ 'Y Combinator' (YC) ਦੇ ਪ੍ਰਧਾਨ ਵਜੋਂ ਕੰਮ ਕੀਤਾ ਅਤੇ ਇਸ ਨੂੰ ਸਟਾਰਟਅੱਪ ਬਣਾਉਣ ਦਾ ਇੱਕ ਵੱਡਾ ਇੰਜਣ ਬਣਾ ਦਿੱਤਾ। 2019 ਵਿੱਚ ਸੈਮ ਨੇ YC ਤੋਂ ਅਸਤੀਫਾ ਦੇ ਕੇ OpenAI ਵਿੱਚ ਫੁੱਲ-ਟਾਈਮ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ 2022 ਵਿੱਚ ChatGPT ਲਾਂਚ ਕਰਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ।
ਆਪਣੀ ਸਮਲਿੰਗਕਤਾ ਬਾਰੇ ਖੁੱਲ੍ਹ ਕੇ ਦੱਸਿਆ
ਸੈਮ ਅਲਟਮੈਨ ਆਪਣੀ ਜਵਾਨੀ ਤੋਂ ਹੀ ਖੁੱਲ੍ਹੇਆਮ 'ਗੇ' (Gay) ਹਨ। ਉਨ੍ਹਾਂ ਨੇ ਪਹਿਲੀ ਵਾਰ 17 ਸਾਲ ਦੀ ਉਮਰ ਵਿੱਚ ਆਪਣੇ ਸਕੂਲ ਵਿੱਚ ਇਸ ਬਾਰੇ ਦੱਸਿਆ ਸੀ। ਸੈਮ ਅਲਟਮੈਨ ਨੇ ਸਾਲ 2024 ਵਿੱਚ ਆਸਟ੍ਰੇਲੀਆਈ ਸਾਫਟਵੇਅਰ ਇੰਜੀਨੀਅਰ ਸਾਥੀ ਓਲੀਵਰ ਮੁਲਹੇਰਿਨ ਨਾਲ ਵਿਆਹ ਕੀਤਾ ਸੀ। ਦੋਵੇਂ ਇਕੱਠੇ ਰਹਿੰਦੇ ਹਨ ਅਤੇ ਉਨ੍ਹਾਂ ਦਾ ਇੱਕ ਬੱਚਾ ਵੀ ਹੈ।
ਸੈਮ ਅਲਟਮੈਨ ਦੀ ਕੁੱਲ ਜਾਇਦਾਦ
ਅਲਟਮੈਨ ਕੋਲ OpenAI ਵਿੱਚ ਸਿੱਧੀ ਕੋਈ ਇਕੁਇਟੀ ਨਹੀਂ ਹੈ। ਉਨ੍ਹਾਂ ਦੀ ਅਨੁਮਾਨਿਤ ਕੁੱਲ ਜਾਇਦਾਦ ਲਗਪਗ 2 ਬਿਲੀਅਨ ਡਾਲਰ (ਲਗਪਗ 18 ਹਜ਼ਾਰ ਕਰੋੜ ਰੁਪਏ) ਹੈ। ਉਨ੍ਹਾਂ ਦੇ ਪੋਰਟਫੋਲੀਓ ਵਿੱਚ ਸਟ੍ਰਾਈਪ, ਏਅਰਬੀਐਨਬੀ, ਪਿੰਟਰੈਸਟ, ਰੈਡਿਟ ਅਤੇ ਅਸਾਨਾ ਵਰਗੀਆਂ ਵੱਡੀਆਂ ਕੰਪਨੀਆਂ ਵਿੱਚ ਨਿਵੇਸ਼ ਸ਼ਾਮਲ ਹੈ।
OpenAI ਦੀ ਵਧੇਗੀ ਵੈਲਿਊਏਸ਼ਨ
ਰਿਪੋਰਟਾਂ ਅਨੁਸਾਰ, OpenAI ਹੁਣ ਤੱਕ ਦੇ ਸਭ ਤੋਂ ਵੱਡੇ IPO (ਆਈ.ਪੀ.ਓ.) ਦੀ ਤਿਆਰੀ ਕਰ ਰਹੀ ਹੈ, ਜਿਸ ਦੀ ਵੈਲਿਊਏਸ਼ਨ 1 ਟ੍ਰਿਲੀਅਨ ਡਾਲਰ ਤੱਕ ਹੋ ਸਕਦੀ ਹੈ। ਕੰਪਨੀ 2026 ਦੇ ਦੂਜੇ ਅੱਧ ਵਿੱਚ ਪਬਲਿਕ ਹੋਣ ਲਈ ਦਸਤਾਵੇਜ਼ ਫਾਈਲ ਕਰ ਸਕਦੀ ਹੈ।