ਕਿਸਾਨਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਹ ਭਾਰਤ ਦਾ ਪਹਿਲਾ ਬੈਟਰੀ ਨਾਲ ਚੱਲਣ ਵਾਲਾ ਬ੍ਰਸ਼-ਕਟਰ ਹੈ। ਇਸ ਤੋਂ ਪਹਿਲਾਂ ਪੈਟਰੋਲ ਨਾਲ ਚੱਲਣ ਵਾਲੇ ਕਟਰ ਆਉਂਦੇ ਸਨ, ਜਿਨ੍ਹਾਂ ਦਾ ਖਰਚਾ ਬਹੁਤ ਜ਼ਿਆਦਾ ਹੁੰਦਾ ਸੀ। ਪੈਟਰੋਲ ਵਾਲੀ ਮਸ਼ੀਨ 'ਤੇ ਕਰੀਬ 100 ਰੁਪਏ ਪ੍ਰਤੀ ਘੰਟਾ ਖਰਚਾ ਆਉਂਦਾ ਸੀ, ਜਦਕਿ ਬੈਟਰੀ ਵਾਲੀ ਮਸ਼ੀਨ ਬਹੁਤ ਫਾਇਦੇਮੰਦ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਦੇਸ਼ ਵਿਚ ਪਰਾਲੀ (Stubble Burning) ਸਾੜਨਾ ਇੱਕ ਗੰਭੀਰ ਸਮੱਸਿਆ ਹੈ। ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਪਰਾਲੀ ਨੂੰ ਹੀ ਮੰਨਿਆ ਜਾਂਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਸਰਕਾਰ ਵੱਲੋਂ ਇਕ ਵਿਸ਼ੇਸ਼ ਪਹਿਲ ਕੀਤੀ ਗਈ ਹੈ। ਯੂਪੀ ਦੇ ਔਰਈਆ 'ਚ ਕਿਸਾਨਾਂ ਨੂੰ ਸੂਰਜੀ ਊਰਜਾ ਜਾਂ ਬਿਜਲੀ ਨਾਲ ਚੱਲਣ ਵਾਲੇ ਈ-ਬ੍ਰਸ਼-ਕਟਰ (E-Brush Cutter) ਮੁਹੱਈਆ ਕਰਵਾਏ ਗਏ ਹਨ। ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰਾਲੇ ਤੇ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ।
ਸਰਕਾਰ ਵੱਲੋਂ ਚਲਾਈ ਗਈ ਇਸ ਵਿਸ਼ੇਸ਼ ਯੋਜਨਾ ਦਾ ਸਿੱਧਾ ਲਾਭ ਕਿਸਾਨਾਂ ਨੂੰ ਮਿਲੇਗਾ। ਬੈਟਰੀ ਨਾਲ ਚੱਲਣ ਵਾਲਾ ਇਹ ਈ-ਬ੍ਰਸ਼-ਕਟਰ ਫ਼ਸਲਾਂ ਦੀ ਕਟਾਈ ਜੜ੍ਹ ਤੋਂ ਕਰਦਾ ਹੈ ਜਿਸ ਨਾਲ ਖੇਤ ਵਿਚ ਬਹੁਤ ਘੱਟ ਰਹਿੰਦ-ਖੂੰਹਦ ਬਚਦੀ ਹੈ। ਬਚੀ ਹੋਈ ਪਰਾਲੀ ਨੂੰ ਚਾਰੇ 'ਚ ਬਦਲਣ ਵਾਲੇ ਸੋਲਰ ਥਰੈਸ਼ਰ ਵੀ ਪੇਸ਼ ਕੀਤੇ ਗਏ ਹਨ, ਜੋ ਪਰਾਲੀ ਸਾੜਨ ਦਾ ਕਿਫ਼ਾਇਤੀ ਤੇ ਵਾਤਾਵਰਣ ਪੱਖੀ ਵਿਕਲਪ ਦਿੰਦੇ ਹਨ। ਇਸ ਤੋਂ ਇਲਾਵਾ, ਇਹ ਖੇਤੀ ਲਾਗਤ ਨੂੰ ਵੀ ਘਟਾਉਂਦੇ ਹਨ।
ਕਿਸਾਨਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਹ ਭਾਰਤ ਦਾ ਪਹਿਲਾ ਬੈਟਰੀ ਨਾਲ ਚੱਲਣ ਵਾਲਾ ਬ੍ਰਸ਼-ਕਟਰ ਹੈ। ਇਸ ਤੋਂ ਪਹਿਲਾਂ ਪੈਟਰੋਲ ਨਾਲ ਚੱਲਣ ਵਾਲੇ ਕਟਰ ਆਉਂਦੇ ਸਨ, ਜਿਨ੍ਹਾਂ ਦਾ ਖਰਚਾ ਬਹੁਤ ਜ਼ਿਆਦਾ ਹੁੰਦਾ ਸੀ। ਪੈਟਰੋਲ ਵਾਲੀ ਮਸ਼ੀਨ 'ਤੇ ਕਰੀਬ 100 ਰੁਪਏ ਪ੍ਰਤੀ ਘੰਟਾ ਖਰਚਾ ਆਉਂਦਾ ਸੀ, ਜਦਕਿ ਬੈਟਰੀ ਵਾਲੀ ਮਸ਼ੀਨ ਬਹੁਤ ਫਾਇਦੇਮੰਦ ਹੈ।
ਕਿਸਾਨਾਂ ਮੁਤਾਬਕ ਇਸ ਮਸ਼ੀਨ ਨਾਲ 10 ਮਜ਼ਦੂਰਾਂ ਦੇ ਬਰਾਬਰ ਕੰਮ ਹੁੰਦਾ ਹੈ। ਇਹ ਮਸ਼ੀਨ ਫ਼ਸਲ ਨੂੰ ਜੜ੍ਹ ਤੋਂ ਕੱਟ ਦਿੰਦੀ ਹੈ ਜੋ ਕਿ ਹੱਥ ਨਾਲ ਕਟਾਈ ਦੌਰਾਨ ਹਮੇਸ਼ਾ ਸੰਭਵ ਨਹੀਂ ਹੁੰਦਾ। ਖਰਚੇ ਦੀ ਗੱਲ ਕਰੀਏ ਤਾਂ ਜਿੱਥੇ ਪੈਟਰੋਲ ਕਟਰ 'ਤੇ 100 ਰੁਪਏ ਘੰਟਾ ਖਰਚ ਹੁੰਦਾ ਸੀ, ਉੱਥੇ ਬੈਟਰੀ ਵਾਲੇ ਕਟਰ 'ਤੇ ਮਹਿਜ਼ 5 ਰੁਪਏ ਦਾ ਖਰਚਾ ਆਉਂਦਾ ਹੈ।
ਇਸ ਮਸ਼ੀਨ ਨੂੰ ਖ਼ਾਸ ਤੌਰ 'ਤੇ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਤਿਆਰ ਕੀਤਾ ਗਿਆ ਹੈ ਕਿਉਂਕਿ ਇਹ ਫ਼ਸਲ ਨੂੰ ਜੜ੍ਹ ਤੋਂ ਕੱਟਦੀ ਹੈ, ਇਸ ਲਈ ਬਚੇ ਹੋਏ ਹਿੱਸੇ ਖੇਤ 'ਚ ਹੀ ਗਲ਼ ਕੇ ਖਾਦ ਬਣ ਜਾਂਦੇ ਹਨ। ਇਸ ਨਾਲ ਨਾ ਤਾਂ ਅੱਗ ਲਗਾਉਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਧੂੰਆਂ ਫੈਲਦਾ ਹੈ ਜਿਸ ਨਾਲ ਹਵਾ ਸ਼ੁੱਧ ਰਹਿੰਦੀ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ 'ਚ ਵੀ ਸੁਧਾਰ ਹੁੰਦਾ ਹੈ।