ਸਰਕਾਰ ਨੇ ਬਦਲਿਆ ਪੈਨਸ਼ਨ ਨਾਲ ਜੁੜਿਆ ਇਹ 50 ਸਾਲ ਪੁਰਾਣਾ ਕਾਨੂੰਨ, ਤੁਸੀਂ ਵੀ ਪੜ੍ਹੋ
ਜੇਕਰ ਮੁਲਜ਼ਮ ਨੂੰ ਦੋਸ਼ੀ ਠਹਿਰਾਇਆ ਜਾਂਦਾ ਸੀ ਤਾਂ ਬਕਾਇਆ ਰਕਮ ਦੇ ਨਾਲ ਪਰਿਵਾਰ ਦੇ ਅਗਲੇ ਯੋਗ ਮੈਂਬਰ ਦੀ ਪੈਨਸ਼ਨ ਮੁੜ ਸ਼ੁਰੂ ਕਰ ਦਿੱਤੀ ਜਾਂਦੀ ਸੀ। ਹੌਲੀ ਰਫ਼ਤਾਰ ਨਾਲ ਚੱਲਣ ਵਾਲੀ ਭਾਰਤੀ ਨਿਆਇਕ ਵਿਵਸਥਾ ਨੂੰ ਧਿਆਨ ਵਿਚ ਰੱਖ ਕੇ ਦੇਖੀਏ ਤਾਂ ਇਹ ਨਿਯਮ ਬਾਕੀ ਪਰਿਵਾਰ ਲਈ ਕਿਸੇ ਵੱਡੀ ਮੁਸੀਬਤ ਤੋਂ ਘੱਟ ਨਹੀਂ ਸੀ।
Publish Date: Wed, 30 Jun 2021 11:51 AM (IST)
Updated Date: Wed, 30 Jun 2021 02:29 PM (IST)
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਪੈਨਸ਼ਨ ਨਾਲ ਜੁੜਿਆ 50 ਸਾਲ ਪੁਰਾਣਾ ਕਾਨੂੰਨ ਬਦਲ ਦਿੱਤਾ ਹੈ। ਸਾਲ 1972 'ਚ ਆਏ ਕਾਨੂੰਨ ਤੋਂ ਬਾਅਦ ਪੈਨਸ਼ਨਭੋਗੀਆਂ ਦੀ ਹੱਤਿਆ ਦੇ ਮਾਮਲੇ ਵਧਣ ਲੱਗੇ ਸਨ। ਘਰ ਵਿਚ ਹੀ ਪੈਨਸ਼ਨ ਲਈ ਹੱਤਿਆਵਾਂ ਕੀਤੀਆਂ ਜਾਂਦੀਆਂ ਸਨ। ਜੀਵਨ ਸਾਥੀ ਜਾਂ ਬੱਚੇ ਪੈਨਸ਼ਨਭੋਗੀ ਨੂੰ ਮਾਰ ਦਿੰਦੇ ਸਨ। ਅਜਿਹੇ ਮਾਮਲਿਆਂ 'ਚ ਸਰਕਾਰ ਨੇ ਪਰਿਵਾਰਕ ਪੈਨਸ਼ਨ ਨੂੰ ਉਦੋਂ ਤਕ 'ਮੁਅੱਤਲ' ਕਰ ਦਿੱਤਾ ਸੀ ਜਦੋਂ ਤਕ ਕਿ ਕਿਸੇ ਵੀ ਤਰ੍ਹਾਂ ਦਾ ਕਾਨੂੰਨੀ ਫ਼ੈਸਲਾ ਨਹੀਂ ਹੋ ਜਾਂਦਾ। ਜੇਕਰ ਮੁਲਜ਼ਮ ਨੂੰ ਬਰੀ ਕਰ ਦਿੱਤਾ ਜਾਂਦਾ ਸੀ ਤਾਂ ਬਕਾਇਆ ਰਰਕਮ ਦੇ ਨਾਲ ਪਰਿਵਾਰਕ ਪੈਨਸ਼ਨ ਮੁੜ ਸ਼ੁਰੂ ਕਰ ਦਿੱਤੀ ਜਾਂਦੀ ਸੀ। ਜੇਕਰ ਮੁਲਜ਼ਮ ਨੂੰ ਦੋਸ਼ੀ ਠਹਿਰਾਇਆ ਜਾਂਦਾ ਸੀ ਤਾਂ ਬਕਾਇਆ ਰਕਮ ਦੇ ਨਾਲ ਪਰਿਵਾਰ ਦੇ ਅਗਲੇ ਯੋਗ ਮੈਂਬਰ ਦੀ ਪੈਨਸ਼ਨ ਮੁੜ ਸ਼ੁਰੂ ਕਰ ਦਿੱਤੀ ਜਾਂਦੀ ਸੀ। ਹੌਲੀ ਰਫ਼ਤਾਰ ਨਾਲ ਚੱਲਣ ਵਾਲੀ ਭਾਰਤੀ ਨਿਆਇਕ ਵਿਵਸਥਾ ਨੂੰ ਧਿਆਨ ਵਿਚ ਰੱਖ ਕੇ ਦੇਖੀਏ ਤਾਂ ਇਹ ਨਿਯਮ ਬਾਕੀ ਪਰਿਵਾਰ ਲਈ ਕਿਸੇ ਵੱਡੀ ਮੁਸੀਬਤ ਤੋਂ ਘੱਟ ਨਹੀਂ ਸੀ।
16 ਜੂਨ ਨੂੰ ਸਰਕਾਰ ਨੇ ਇਸ ਨਿਯਮ ਨੂੰ ਬਦਲ ਦਿੱਤਾ ਹੈ। ਸਰਕਾਰ ਨੇ ਕਿਹਾ ਕਿ ਅਜਿਹਾ ਮਾਮਲਿਆਂ 'ਚ ਪਰਿਵਾਰਕ ਪੈਨਸ਼ਨ ਮੁਅੱਤਲ ਨਹੀਂ ਕੀਤੀ ਜਾਵੇਗੀ ਬਲਕਿ ਪਰਿਵਾਰ ਦੇ ਅਗਲੇ ਯੋਗ ਮੈਂਬਰ (ਮੁਲਜ਼ਮ ਤੋਂ ਇਲਾਵਾ) ਨੂੰ ਤੁਰੰਤ ਦਿੱਤੀ ਜਾਵੇਗੀ, ਚਾਹੇ ਉਹ ਮ੍ਰਿਤਕ ਦੇ ਬੱਚੇ ਹੋਣ ਜਾਂ ਮਾਤਾ-ਪਿਤਾ ਹੋਣ। ਨਵੇਂ ਹੁਕਮ 'ਚ ਕਿਹਾ ਗਿਆ ਹੈ ਕਿ ਕਾਨੂੰਨੀ ਮਾਮਲਿਆਂ ਦੇ ਵਿਭਾਗ ਦੀ ਸਲਾਹ ਨਾਲ ਵਿਵਸਥਾਵਾਂ ਦੀ ਸਮੀਖਿਆ ਕੀਤੀ ਗਈ ਹੈ।
ਅਮਲਾ ਮੰਤਰਾਲੇ ਨੇ ਹੁਕਮ 'ਚ ਕਿਹਾ ਕਿ ਪਰਿਵਾਰ ਦੇ ਕਿਸੇ ਹੋਰ ਮੈਂਬਰ (ਜਿਵੇਂ ਆਸ਼ਰਿਤ ਬੱਚੇ ਜਾਂ ਮਾਤਾ-ਪਿਤਾ) ਨੂੰ ਪਰਿਵਾਰਕ ਪੈਨਸ਼ਨ ਨਾ ਦੇਣਾ ਗ਼ਲਤ ਹੈ। ਕਾਨੂੰਨੀ ਕਾਰਵਾਈ ਨੂੰ ਅੰਤਿਮ ਰੂਪ ਦੇਣ 'ਚ ਲੰਬਾ ਸਮਾਂ ਲਗ ਸਕਦਾ ਹੈ। ਜ਼ਿਆਦਾ ਸਮਾਂ ਲੱਗਣ ਕਾਰਨ ਮ੍ਰਿਤਕ ਦੇ ਯੋਗ ਬੱਚਿਆਂ/ਮਾਤਾ-ਪਿਤਾ ਨੂੰ ਪਰਿਵਾਰਕ ਪੈਨਸ਼ਨ ਨਾ ਮਿਲਣ ਕਾਰਨ ਆਰਥਿਕ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਨਵੇਂ ਨਿਯਮ ਅਨੁਸਾਰ ਅਜਿਹੇ ਮਾਮਲਿਆਂ 'ਚ ਜਿੱਥੇ ਪਰਿਵਾਰਕ ਪੈਨਸ਼ਨ ਪ੍ਰਾਪਤ ਕਰਨ ਲਈ ਯੋਗ ਵਿਅਕਤੀ 'ਤੇ ਸਰਕਾਰੀ ਮੁਲਾਜ਼ਮ ਦੀ ਹੱਤਿਆ ਕਰਨ ਜਾਂ ਅਜਿਹਾ ਅਪਰਾਧ ਕਰਨ ਲਈ ਉਕਸਾਉਣ ਦਾ ਦੋਸ਼ ਲਗਦਾ ਹੈ ਤਾਂ ਉਸ ਪਰਿਵਾਰ ਦੀ ਪੈਨਸ਼ਨ ਮੁਅੱਤਲ ਰਹੇਗੀ, ਪਰ ਇਸ ਸਬੰਧ ਵਿਚ ਅਪਰਾਧਕ ਕਾਰਵਾਈ ਦੇ ਖ਼ਤਮ ਹੋਣ ਤਕ ਪਰਿਵਾਰ ਦੇ ਹੋਰ ਯੋਗ ਮੈਂਬਰਾਂ ਨੂੰ ਪਰਿਵਾਰਕ ਪੈਨਸ਼ਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਹੁਕਮ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਸਰਕਾਰੀ ਮੁਲਾਜ਼ਮ ਦੇ ਪਤੀ ਜਾਂ ਪਤਨੀ 'ਤੇ ਦੋਸ਼ ਲਗਦਾ ਹੈ ਤੇ ਹੋਰ ਯੋਗ ਮੈਂਬਰ ਮ੍ਰਿਤਕ ਸਰਕਾਰੀ ਮੁਲਾਜ਼ਮ ਦੀ ਨਾਬਾਲਗ ਸੰਤਾਨ ਹੈ ਤਾਂ ਅਜਿਹੇ ਬੱਚੇ ਨੂੰ ਨਿਯੁਕਤ ਮਾਂ-ਬਾਪ ਜ਼ਰੀਏ ਪੈਨਸ਼ਨ ਮਿਲੇਗੀ। ਬੱਚੇ ਦੇ ਮਾਤਾ ਜਾਂ ਪਿਤਾ (ਜਿਸ 'ਤੇ ਦੋਸ਼ ਲੱਗਿਆ ਹੋਵੇ) ਪਰਿਵਾਰਕ ਪੈਨਸ਼ਨ ਕਢਵਾਉਣ ਦੇ ਮਕਸਦ ਨਾਲ ਮਾਤਾ-ਪਿਤਾ ਦੇ ਤੌਰ 'ਤੇ ਨਿਯੁਕਤ ਨਹੀਂ ਹੋ ਸਕਦੇ ਹਨ।
ਨਵੇਂ ਹੁਕਮਾਂ 'ਚ ਕਿਹਾ ਗਿਆ ਹੈ ਕਿ ਜੇਕਰ ਮੁਲਜ਼ਮ ਨੂੰ ਬਾਅਦ ਵਿਚ ਹੱਤਿਆ ਦੇ ਦੋਸ਼ ਤੋਂ ਮੁਕਤ ਕਰ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਬਰੀ ਕਰਨ ਦੀ ਤਰੀਕ ਤੋਂ ਪੈਨਸ਼ਨ ਮਿਲ ਜਾਵੇਗੀ। ਉਸੇ ਤਰੀਕ ਤੋਂ ਪਰਿਵਾਰ ਦੇ ਹੋਰ ਮੈਂਬਰ ਨੂੰ ਮਿਲ ਰਹੀ ਪਰਿਵਾਰਕ ਪੈਨਸ਼ਨ ਬੰਦ ਕਰ ਦਿੱਤੀ ਜਾਵੇਗੀ।