ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਚਾਂਦੀ (Silver Price Today) ਦੇ ਨਾਲ-ਨਾਲ ਸੋਨੇ ਦੀ ਕੀਮਤ (Gold Price Today) ਇੱਕ ਵਾਰ ਫਿਰ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਈ। ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਇਹ ਉਛਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 8 ਯੂਰਪੀਅਨ ਦੇਸ਼ਾਂ 'ਤੇ ਨਵੇਂ ਟੈਰਿਫ ਲਗਾਉਣ ਦੀ ਧਮਕੀ ਤੋਂ ਬਾਅਦ ਆਇਆ ਹੈ, ਜਿਸ ਕਾਰਨ ਨਿਵੇਸ਼ਕਾਂ ਨੇ ਸੁਰੱਖਿਅਤ ਨਿਵੇਸ਼ ਵਜੋਂ ਸੋਨਾ ਅਤੇ ਚਾਂਦੀ ਖਰੀਦਣਾ ਸ਼ੁਰੂ ਕਰ ਦਿੱਤਾ ਹੈ।

ਚਾਂਦੀ ਦਾ ਰੇਟ ਕਿੱਥੇ ਪਹੁੰਚਿਆ?
ਮਾਰਚ ਡਿਲਿਵਰੀ ਵਾਲੀ ਚਾਂਦੀ ਨੇ 3,01,315 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਇਤਿਹਾਸਕ ਰਿਕਾਰਡ ਪੱਧਰ ਛੋਹ ਲਿਆ। ਐੱਮ.ਸੀ.ਐਕਸ (MCX) ਸਿਲਵਰ ਮਾਰਚ ਵਾਅਦਾ 13,062 ਰੁਪਏ ਯਾਨੀ 4.54 ਫੀਸਦੀ ਦੇ ਉਛਾਲ ਨਾਲ 3,00,824 ਰੁਪਏ ਪ੍ਰਤੀ ਕਿਲੋ ਹੋ ਗਈ।
ਸੋਨੇ ਅਤੇ ਚਾਂਦੀ ਵਿੱਚ ਤੇਜ਼ੀ ਉਦੋਂ ਹੋਰ ਵਧ ਗਈ, ਜਦੋਂ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ ਉਦੋਂ ਤੱਕ ਯੂਰਪ ਦੇ ਅੱਠ ਦੇਸ਼ਾਂ ਤੋਂ ਆਉਣ ਵਾਲੇ ਸਮਾਨ 'ਤੇ ਜ਼ਿਆਦਾ ਟੈਕਸ ਲਗਾਏਗਾ, ਜਦੋਂ ਤੱਕ ਅਮਰੀਕਾ ਨੂੰ ਗ੍ਰੀਨਲੈਂਡ ਖਰੀਦਣ ਦੀ ਇਜਾਜ਼ਤ ਨਹੀਂ ਮਿਲਦੀ। ਟਰੰਪ ਦੇ ਇਸ ਬਿਆਨ ਤੋਂ ਬਾਅਦ ਯੂਰਪੀ ਸੰਘ ਦੇ ਦੇਸ਼ਾਂ ਨੇ ਅਮਰੀਕਾ ਨੂੰ ਮਨਾਉਣ ਅਤੇ ਲੋੜ ਪੈਣ 'ਤੇ ਜਵਾਬੀ ਕਾਰਵਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਮਾਹਿਰਾਂ ਦਾ ਕੀ ਕਹਿਣਾ ਹੈ?
ਮਹਿਤਾ ਇਕੁਇਟੀਜ਼ ਲਿਮਟਿਡ ਦੇ ਕਮੋਡਿਟੀ ਉਪ-ਪ੍ਰਧਾਨ ਰਾਹੁਲ ਕਲੰਤਰੀ ਨੇ ਦੱਸਿਆ ਕਿ ਦੁਨੀਆ ਵਿੱਚ ਰਾਜਨੀਤਿਕ ਅਸਥਿਰਤਾ, ਅਮਰੀਕਾ ਦੀ ਮੁਦਰਾ ਨੀਤੀ ਨੂੰ ਲੈ ਕੇ ਸਵਾਲ ਅਤੇ ਲਗਾਤਾਰ ਚੱਲ ਰਿਹਾ ਭੂ-ਰਾਜਨੀਤਿਕ ਤਣਾਅ ਵੀ ਸੋਨੇ ਦੀਆਂ ਕੀਮਤਾਂ ਨੂੰ ਸਹਾਰਾ ਦੇ ਰਹੇ ਹਨ।
ਬਾਜ਼ਾਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਵਿਆਜ ਦਰਾਂ ਵਿੱਚ ਅੱਗੇ ਕਟੌਤੀ ਦੀ ਉਮੀਦ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੂੰ ਉੱਚਾ ਬਣਾਈ ਰੱਖ ਰਹੀ ਹੈ। ਮਾਹਰਾਂ ਅਨੁਸਾਰ, ਇਸ ਹਫਤੇ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਬਣਿਆ ਰਹਿ ਸਕਦਾ ਹੈ, ਜਿਸ ਦਾ ਮੁੱਖ ਕਾਰਨ ਡਾਲਰ ਦੀ ਅਸਥਿਰਤਾ ਅਤੇ ਅਮਰੀਕਾ ਦੀ ਸੁਪਰੀਮ ਕੋਰਟ ਦਾ ਟੈਰਿਫ 'ਤੇ ਆਉਣ ਵਾਲਾ ਫੈਸਲਾ ਹੈ।
ਅੱਗੇ ਕਿੱਥੇ ਜਾ ਸਕਦੀ ਹੈ ਕੀਮਤ?
ਵਿਸ਼ਲੇਸ਼ਕਾਂ ਨੇ ਦੱਸਿਆ ਕਿ ਸੋਨੇ ਨੂੰ 1,41,650 ਤੋਂ 1,40,310 ਰੁਪਏ ਦੇ ਪੱਧਰ 'ਤੇ ਸਪੋਰਟ ਮਿਲ ਸਕਦਾ ਹੈ, ਜਦਕਿ 1,44,150 ਤੋਂ 1,45,670 ਰੁਪਏ ਦੇ ਵਿਚਕਾਰ ਰਜਿਸਟੈਂਸ ਆ ਸਕਦੀ ਹੈ। ਚਾਂਦੀ ਲਈ 2,85,810 ਤੋਂ 2,82,170 ਰੁਪਏ ਦਾ ਪੱਧਰ ਸਪੋਰਟ ਮੰਨਿਆ ਜਾ ਰਿਹਾ ਹੈ, ਜਦਕਿ 2,94,810 ਤੋਂ 2,96,470 ਰੁਪਏ 'ਤੇ ਰਜਿਸਟੈਂਸ ਹੈ।
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੋਮੈਕਸ ਚਾਂਦੀ ਵੀ ਮਜ਼ਬੂਤ ਬਣੀ ਹੋਈ ਹੈ ਅਤੇ 93 ਡਾਲਰ ਦੇ ਆਸ-ਪਾਸ ਕਾਰੋਬਾਰ ਕਰ ਰਹੀ ਹੈ। ਸੋਲਰ ਐਨਰਜੀ, ਇਲੈਕਟ੍ਰਿਕ ਵਾਹਨ (EV), ਏਆਈ (AI) ਅਤੇ ਇਲੈਕਟ੍ਰੋਨਿਕਸ ਵਿੱਚ ਵਧਦੀ ਮੰਗ ਕਾਰਨ ਚਾਂਦੀ ਦੀਆਂ ਕੀਮਤਾਂ ਨੂੰ ਲੰਬੇ ਸਮੇਂ ਤੱਕ ਮਜ਼ਬੂਤੀ ਮਿਲ ਸਕਦੀ ਹੈ। ਹਾਲਾਂਕਿ, 'ਆਗਮੋਂਟ' ਦੀ ਰਿਪੋਰਟ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਮੁਨਾਫਾ ਵਸੂਲੀ ਕਾਰਨ ਚਾਂਦੀ ਦੀ ਕੀਮਤ 2,60,000 ਰੁਪਏ ਪ੍ਰਤੀ ਕਿਲੋ ਤੱਕ ਹੇਠਾਂ ਆ ਸਕਦੀ ਹੈ, ਜਿਸ ਤੋਂ ਬਾਅਦ ਫਿਰ ਤੇਜ਼ੀ ਦੇਖਣ ਨੂੰ ਮਿਲੇਗੀ।