ਉੱਥੇ ਹੀ ਬ੍ਰਿਟਾਨੀਆ ਇੰਡਸਟਰੀਜ਼ ਨੇ ਵੀ ਸੰਕੇਤ ਦਿੱਤਾ ਹੈ ਕਿ ਬਾਲਣ ਅਤੇ ਪੈਕੇਜਿੰਗ ਲਾਗਤ ਵਿੱਚ ਕਰੀਬ 20 ਫ਼ੀਸਦੀ ਵਾਧੇ ਕਾਰਨ ਜਲਦੀ ਹੀ ਕੀਮਤਾਂ ਵਧਾਈਆਂ ਜਾ ਸਕਦੀਆਂ ਹਨ। ਕੰਪਨੀ ਦੇ ਐਮਡੀ-ਸੀਈਓ ਰਕਸ਼ਿਤ ਹਰਗੇਵ ਅਨੁਸਾਰ ਕੰਪਨੀ ਸਿੱਧੇ ਰੇਟ ਵਧਾਉਣ ਅਤੇ ਪੈਕ ਦੇ ਵਜ਼ਨ ਵਿੱਚ ਕਮੀ, ਦੋਵਾਂ ਆਪਸ਼ਨਾਂ 'ਤੇ ਵਿਚਾਰ ਕਰ ਰਹੀ ਹੈ।

ਨਵੀਂ ਦਿੱਲੀ: ਆਮ ਲੋਕਾਂ ਲਈ ਇੱਕ ਚਿੰਤਾਜਨਕ ਖ਼ਬਰ ਹੈ। ਜਨਤਾ ਨੂੰ ਮਹਿੰਗਾਈ ਦਾ ਝਟਕਾ ਲੱਗ ਸਕਦਾ ਹੈ। ਦਰਅਸਲ ਸਾਬਣ, ਡਿਟਰਜੈਂਟ (ਸਰਫ਼), ਬਿਸਕੁਟ, ਪੈਕਟ ਬੰਦ ਖਾਣ ਵਾਲੀਆਂ ਚੀਜ਼ਾਂ ਅਤੇ ਪੀਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ। ਦੇਸ਼ ਦੀਆਂ ਪ੍ਰਮੁੱਖ FMCG ਕੰਪਨੀਆਂ, ਜੋ ਰੋਜ਼ਾਨਾ ਵਰਤੋਂ ਦਾ ਸਾਮਾਨ ਬਣਾਉਂਦੀਆਂ ਹਨ, ਵਧਦੀ ਲਾਗਤ ਕਾਰਨ ਮੁਨਾਫ਼ੇ 'ਤੇ ਪੈ ਰਹੇ ਦਬਾਅ ਨੂੰ ਘੱਟ ਕਰਨ ਲਈ ਆਪਣੇ ਉਤਪਾਦਾਂ ਦੇ ਦਾਮ ਵਧਾ ਸਕਦੀਆਂ ਹਨ। ਇਹ ਵਾਧਾ ਹੌਲੀ-ਹੌਲੀ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ FMCG ਕੰਪਨੀਆਂ ਦੇ ਅਧਿਕਾਰੀਆਂ ਨੇ ਹਾਲੀਆ ਤਿਮਾਹੀ ਨਤੀਜਿਆਂ ਤੋਂ ਬਾਅਦ ਸੰਕੇਤ ਦਿੱਤਾ ਹੈ ਕਿ ਪਹਿਲਾਂ ਹੀ ਕੀਮਤਾਂ ਵਿੱਚ 3 ਤੋਂ 5 ਫ਼ੀਸਦੀ ਤੱਕ ਦਾ ਵਾਧਾ ਹੋ ਚੁੱਕਾ ਹੈ ਅਤੇ ਜੇਕਰ ਲਾਗਤ ਦਾ ਦਬਾਅ ਜਾਰੀ ਰਿਹਾ ਤਾਂ ਇਹ ਰੁਝਾਨ ਅੱਗੇ ਵੀ ਜਾਰੀ ਰਹਿ ਸਕਦਾ ਹੈ।
ਇਨ੍ਹਾਂ ਕਾਰਨਾਂ ਕਰਕੇ ਵਧਣਗੇ ਰੇਟ
FMCG ਕੰਪਨੀਆਂ ਦਾ ਕਹਿਣਾ ਹੈ ਕਿ ਮਿਡਲ ਈਸਟ (ਮੱਧ ਪੂਰਬ) ਵਿੱਚ ਜਾਰੀ ਤਣਾਅ ਕਾਰਨ ਗਲੋਬਲ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ, ਜਿਸ ਦੇ ਨਤੀਜੇ ਵਜੋਂ ਕੱਚਾ ਮਾਲ, ਲੌਜਿਸਟਿਕਸ (ਢੋਆ-ਢੁਆਈ) ਅਤੇ ਪੈਕੇਜਿੰਗ ਦੀ ਲਾਗਤ ਵਧੀ ਹੈ। ਇਸ ਦੇ ਨਾਲ ਹੀ ਰੁਪਏ ਦੀ ਕਮਜ਼ੋਰੀ ਨੇ ਵੀ ਦਬਾਅ ਵਧਾ ਦਿੱਤਾ ਹੈ। ਹੁਣ ਇਨ੍ਹਾਂ ਕਾਰਨਾਂ ਦਾ ਅਸਰ ਫੂਡ ਪ੍ਰੋਡਕਟਸ, ਪਰਸਨਲ ਕੇਅਰ, ਪੀਣ ਵਾਲੇ ਪਦਾਰਥਾਂ ਅਤੇ ਘਰੇਲੂ ਵਰਤੋਂ ਦੇ ਸਾਮਾਨ ਸਮੇਤ ਕਈ ਖੇਤਰਾਂ 'ਤੇ ਦਿਖਾਈ ਦੇ ਰਿਹਾ ਹੈ।
ਘਟ ਰਿਹਾ ਹੈ ਪੈਕਟ ਦਾ ਸਾਈਜ਼
ਕੰਪਨੀਆਂ ਮੁਨਾਫ਼ਾ ਬਰਕਰਾਰ ਰੱਖਣ ਲਈ ਕੀਮਤਾਂ ਵਧਾਉਣ ਦੇ ਨਾਲ-ਨਾਲ ਪੈਕਟ ਬੰਦ ਉਤਪਾਦਾਂ ਵਿੱਚ ਮਾਤਰਾ (Weight) ਘਟਾਉਣ ਦੀ ਰਣਨੀਤੀ ਵੀ ਅਪਣਾ ਰਹੀਆਂ ਹਨ। ਹਾਲਾਂਕਿ, 5, 10 ਅਤੇ 15 ਰੁਪਏ ਵਾਲੇ ਛੋਟੇ ਪੈਕ ਬਾਜ਼ਾਰ ਵਿੱਚ ਬਣਾਏ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਵਿਕਰੀ 'ਤੇ ਅਸਰ ਘੱਟ ਪਵੇ। ਕੰਪਨੀਆਂ ਖ਼ਰਚੇ ਘਟਾਉਣ ਲਈ ਛੋਟਾਂ ਅਤੇ ਪ੍ਰਮੋਸ਼ਨ ਖ਼ਰਚਿਆਂ ਵਿੱਚ ਕਟੌਤੀ, ਸਟੋਰੇਜ ਮੈਨੇਜਮੈਂਟ ਨੂੰ ਮਜ਼ਬੂਤ ਕਰਨ ਅਤੇ ਸਪਲਾਈ ਚੇਨ ਨੂੰ ਵਧੇਰੇ ਕੁਸ਼ਲ ਬਣਾਉਣ ਵਰਗੇ ਕਦਮ ਚੁੱਕ ਰਹੀਆਂ ਹਨ। ਇਸ ਦੇ ਬਾਵਜੂਦ ਉਪਭੋਗਤਾਵਾਂ 'ਤੇ ਵਧਦੀ ਲਾਗਤ ਦਾ ਕੁਝ ਬੋਝ ਪੈ ਸਕਦਾ ਹੈ।
ਡਾਬਰ ਅਤੇ ਬ੍ਰਿਟਾਨੀਆ ਸਾਹਮਣੇ ਚੁਣੌਤੀ
ਡਾਬਰ ਇੰਡੀਆ ਦੇ ਗਲੋਬਲ ਸੀਈਓ ਮੋਹਿਤ ਮਲਹੋਤਰਾ ਮੁਤਾਬਕ ਕੰਪਨੀ ਇਸ ਵਿੱਤੀ ਸਾਲ ਵਿੱਚ ਕਰੀਬ 10 ਫ਼ੀਸਦੀ ਮਹਿੰਗਾਈ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕੰਪਨੀ ਵੱਖ-ਵੱਖ ਕਾਰੋਬਾਰੀ ਖੇਤਰਾਂ ਵਿੱਚ ਔਸਤਨ 4 ਫ਼ੀਸਦੀ ਤੱਕ ਕੀਮਤਾਂ ਵਧਾ ਚੁੱਕੀ ਹੈ।
ਉੱਥੇ ਹੀ ਬ੍ਰਿਟਾਨੀਆ ਇੰਡਸਟਰੀਜ਼ ਨੇ ਵੀ ਸੰਕੇਤ ਦਿੱਤਾ ਹੈ ਕਿ ਬਾਲਣ ਅਤੇ ਪੈਕੇਜਿੰਗ ਲਾਗਤ ਵਿੱਚ ਕਰੀਬ 20 ਫ਼ੀਸਦੀ ਵਾਧੇ ਕਾਰਨ ਜਲਦੀ ਹੀ ਕੀਮਤਾਂ ਵਧਾਈਆਂ ਜਾ ਸਕਦੀਆਂ ਹਨ। ਕੰਪਨੀ ਦੇ ਐਮਡੀ-ਸੀਈਓ ਰਕਸ਼ਿਤ ਹਰਗੇਵ ਅਨੁਸਾਰ ਕੰਪਨੀ ਸਿੱਧੇ ਰੇਟ ਵਧਾਉਣ ਅਤੇ ਪੈਕ ਦੇ ਵਜ਼ਨ ਵਿੱਚ ਕਮੀ, ਦੋਵਾਂ ਆਪਸ਼ਨਾਂ 'ਤੇ ਵਿਚਾਰ ਕਰ ਰਹੀ ਹੈ।
ਓਪਰੇਸ਼ਨਲ ਕਾਸਟ ਹੋ ਰਹੀ ਹੈ ਪ੍ਰਭਾਵਿਤ
ਬ੍ਰਿਟਾਨੀਆ ਕੋਲ ਗੁੱਡ ਡੇਅ, ਮੈਰੀ ਗੋਲਡ, ਮਿਲਕ ਬਿਕੀਜ਼ ਅਤੇ ਟਾਈਗਰ ਵਰਗੇ ਬ੍ਰਾਂਡ ਹਨ। ਹਰਗੇਵ ਨੇ ਕਿਹਾ ਕਿ ਵੱਡੇ ਪੈਕ ਵਾਲੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾਵੇਗਾ। ਹਿੰਦੁਸਤਾਨ ਯੂਨੀਲੀਵਰ (HUL) ਨੇ ਵੀ ਸੰਕੇਤ ਦਿੱਤੇ ਹਨ ਕਿ ਜੇਕਰ ਵਸਤੂਆਂ ਦੀਆਂ ਕੀਮਤਾਂ ਵਿੱਚ ਦਬਾਅ ਬਣਿਆ ਰਿਹਾ ਤਾਂ ਕੰਪਨੀ ਅੱਗੇ ਹੋਰ ਕੀਮਤਾਂ ਵਧਾ ਸਕਦੀ ਹੈ। HUL ਦੇ ਮੁੱਖ ਬ੍ਰਾਂਡਾਂ ਵਿੱਚ ਸਰਫ਼ ਐਕਸਲ, ਬਰੁਕ ਬਾਂਡ, ਲਾਈਫ਼ਬੁਆਏ, ਡਵ, ਕਲੀਨਿਕ ਪਲੱਸ, ਸਨਸਿਲਕ ਅਤੇ ਲੈਕਮੇ ਵਰਗੇ ਬ੍ਰਾਂਡ ਸ਼ਾਮਲ ਹਨ।
HUL ਦੇ ਸੀਐਫਓ ਨਿਰੰਜਨ ਗੁਪਤਾ ਮੁਤਾਬਕ, "ਹੁਣ ਤੱਕ ਸਾਡੇ ਉੱਤੇ ਮਹਿੰਗਾਈ ਦਾ 8 ਤੋਂ 10 ਫ਼ੀਸਦੀ ਦਾ ਬੋਝ ਪਿਆ ਹੈ। ਅਸੀਂ ਪੋਰਟਫੋਲੀਓ ਦੇ ਅਧਾਰ 'ਤੇ ਕੀਮਤਾਂ ਵਿੱਚ 2 ਤੋਂ 5 ਫ਼ੀਸਦੀ ਤੱਕ ਦਾ ਵਾਧਾ ਕੀਤਾ ਹੈ।"