ਰਸਾਇਣ ਅਤੇ ਖਾਦ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਹਾਲ ਹੀ 'ਚ ਖਾਦ ਦੀ ਕਮੀ ਦੇ ਜੋ ਦਾਅਵੇ ਕੀਤੇ ਜਾ ਰਹੇ ਹਨ, ਉਹ ਤੱਥਾਂ 'ਤੇ ਅਧਾਰਿਤ ਨਹੀਂ ਹਨ। ਮੰਤਰਾਲੇ ਨੇ ਇਹ ਵੀ ਦੱਸਿਆ ਕਿ ਹਾਲ ਹੀ 'ਚ ਖ਼ਤਮ ਹੋਏ ਹਾੜ੍ਹੀ 2025-26 ਸੀਜ਼ਨ ਅਤੇ ਮੌਜੂਦਾ ਸਮੇਂ ਦੇ ਅੰਕੜੇ ਦੇਸ਼ ਭਰ ਵਿਚ ਖਾਦ ਦੀ ਸਪਲਾਈ ਦੀ ਚੰਗੀ ਸਥਿਤੀ ਨੂੰ ਦਰਸਾਉਂਦੇ ਹਨ।

ਨਵੀਂ ਦਿੱਲੀ : ਪਿਛਲੇ ਸਾਉਣੀ ਬਿਜਾਈ ਸੀਜ਼ਨ ਦੌਰਾਨ ਦੇਸ਼ ਭਰ ਵਿੱਚੋਂ ਖਾਦ ਦੀ ਕਮੀ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਖਾਦ ਵੰਡ ਕੇਂਦਰਾਂ 'ਤੇ ਕਿਸਾਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਸਨ। ਇਕ ਵਾਰ ਫਿਰ ਖ਼ਰੀਫ਼ ਫ਼ਸਲਾਂ ਦੀ ਬਿਜਾਈ ਦਾ ਸਮਾਂ ਆਉਣ ਵਾਲਾ ਹੈ ਜਿਸ ਤੋਂ ਪਹਿਲਾਂ ਦੇਸ਼ ਵਿਚ ਖਾਦ ਦੀ ਮੰਗ ਫਿਰ ਵਧਣ ਵਾਲੀ ਹੈ। ਦੂਜੇ ਪਾਸੇ, ਈਰਾਨ ਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਕਾਰਨ ਖਾਦ ਦੀ ਦਰਾਮਦ (ਇੰਪੋਰਟ) 'ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਹਾਲਾਂਕਿ, ਖਾਦ ਵਿਭਾਗ ਨੇ ਖਾਦ ਦੀ ਉਪਲਬਧਤਾ ਬਾਰੇ ਸਪੱਸ਼ਟੀਕਰਨ ਦਿੱਤਾ ਹੈ।
ਖਾਦ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਦੀ ਖਾਦ ਸੁਰੱਖਿਆ ਮਜ਼ਬੂਤ, ਸਥਿਰ ਤੇ ਸੁਚਾਰੂ ਬਣੀ ਹੋਈ ਹੈ। ਨਾਲ ਹੀ, ਸਾਰੀਆਂ ਮੁੱਖ ਖਾਦਾਂ ਦੀ ਉਪਲਬਧਤਾ ਕਿਸਾਨਾਂ ਦੀ ਮੰਗ ਨਾਲੋਂ ਕਿਤੇ ਜ਼ਿਆਦਾ ਹੈ। ਰਸਾਇਣ ਅਤੇ ਖਾਦ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਹਾਲ ਹੀ 'ਚ ਖਾਦ ਦੀ ਕਮੀ ਦੇ ਜੋ ਦਾਅਵੇ ਕੀਤੇ ਜਾ ਰਹੇ ਹਨ, ਉਹ ਤੱਥਾਂ 'ਤੇ ਅਧਾਰਿਤ ਨਹੀਂ ਹਨ। ਮੰਤਰਾਲੇ ਨੇ ਇਹ ਵੀ ਦੱਸਿਆ ਕਿ ਹਾਲ ਹੀ 'ਚ ਖ਼ਤਮ ਹੋਏ ਹਾੜ੍ਹੀ 2025-26 ਸੀਜ਼ਨ ਅਤੇ ਮੌਜੂਦਾ ਸਮੇਂ ਦੇ ਅੰਕੜੇ ਦੇਸ਼ ਭਰ ਵਿਚ ਖਾਦ ਦੀ ਸਪਲਾਈ ਦੀ ਚੰਗੀ ਸਥਿਤੀ ਨੂੰ ਦਰਸਾਉਂਦੇ ਹਨ।
ਰਿਪੋਰਟਾਂ ਅਨੁਸਾਰ, ਇਸ ਸਾਲ 1 ਅਪ੍ਰੈਲ ਤੋਂ 23 ਅਪ੍ਰੈਲ ਤਕ ਦੇਸ਼ ਵਿਚ ਖਾਦਾਂ ਦੀ ਉਪਲਬਧਤਾ ਲੋੜ ਨਾਲੋਂ ਕਿਤੇ ਵੱਧ ਰਹੀ ਹੈ। ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ:
ਹੁਣ ਸਵਾਲ ਇਹ ਹੈ ਕਿ ਮੌਨਸੂਨ ਆਉਣ ਤੋਂ ਬਾਅਦ ਸ਼ੁਰੂ ਹੋਣ ਵਾਲੀ ਬਿਜਾਈ ਦੌਰਾਨ ਦੇਸ਼ ਵਿਚ ਖਾਦ ਦੀ ਉਪਲਬਧਤਾ ਕਿਹੋ ਜਿਹੀ ਰਹੇਗੀ? ਮੰਤਰਾਲੇ ਨੇ ਦੱਸਿਆ ਕਿ ਤਿਆਰੀਆਂ ਨੂੰ ਹੋਰ ਮਜ਼ਬੂਤ ਕਰਦੇ ਹੋਏ ਸਾਉਣੀ 2026 ਲਈ ਖਾਦ ਦੀ ਲੋੜ 390.54 ਲੱਖ ਮੀਟ੍ਰਿਕ ਟਨ ਆਂਕੀ ਗਈ ਹੈ, ਜਿਸ ਵਿੱਚੋਂ ਲਗਪਗ 180 ਲੱਖ ਮੀਟ੍ਰਿਕ ਟਨ (46%) ਪਹਿਲਾਂ ਹੀ ਸਟਾਕ ਵਜੋਂ ਉਪਲਬਧ ਹੈ, ਜੋ ਕਿ ਆਮ ਪੱਧਰ (ਲਗਪਗ 33%) ਤੋਂ ਕਿਤੇ ਜ਼ਿਆਦਾ ਹੈ।
ਮੰਤਰਾਲੇ ਨੇ ਕਿਹਾ ਕਿ ਵਿਸ਼ਵ ਪੱਧਰ 'ਤੇ ਖਾਦ ਦੀਆਂ ਕੀਮਤਾਂ 'ਚ ਭਾਰੀ ਵਾਧੇ ਦੇ ਬਾਵਜੂਦ—ਜਿੱਥੇ ਯੂਰੀਆ ਦੀਆਂ ਅੰਤਰਰਾਸ਼ਟਰੀ ਕੀਮਤਾਂ ₹4,000 ਪ੍ਰਤੀ ਬੋਰੀ ਤੋਂ ਵੱਧ ਗਈਆਂ ਹਨ—ਸਰਕਾਰ ਕਿਸਾਨਾਂ ਨੂੰ ₹266.5 ਪ੍ਰਤੀ 45 ਕਿਲੋ ਬੋਰੀ ਦੀ ਭਾਰੀ ਸਬਸਿਡੀ ਵਾਲੀ ਦਰ 'ਤੇ ਯੂਰੀਆ ਦੀ ਸਪਲਾਈ ਜਾਰੀ ਰੱਖ ਰਹੀ ਹੈ। ਇਹ ਕਦਮ ਕਿਸਾਨਾਂ ਨੂੰ ਵਿਸ਼ਵਵਿਆਪੀ ਕੀਮਤਾਂ ਦੇ ਉਤਰਾਅ-ਚੜ੍ਹਾਅ ਤੋਂ ਬਚਾਉਣ ਦੇ ਨਾਲ-ਨਾਲ ਖਾਦਾਂ ਦੀ ਕਿਫ਼ਾਇਤੀ ਦਰਾਂ 'ਤੇ ਉਪਲਬਧਤਾ ਯਕੀਨੀ ਬਣਾਉਣ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।