ਕੀ ਡਿਲੀਵਰੀ ਬੁਆਏ ਆਫਿਸ ਜਾਬ ਵਾਲਿਆਂ ਨਾਲੋਂ ਵੱਧ ਕਮਾਉਂਦੇ ਹਨ? ਜ਼ੋਮੈਟੋ ਦੇ CEO ਨੇ ਦਿੱਤਾ ਕਮਾਈ ਤੇ ਟਿਪਸ ਦਾ ਪੂਰਾ ਹਿਸਾਬ
ਭਾਰਤ ਵਿੱਚ 'ਗਿਗ ਇਕਾਨਮੀ' (Gig Economy), ਖਾਸ ਕਰਕੇ ਫੂਡ ਅਤੇ ਕਵਿੱਕ-ਕਾਮਰਸ ਡਿਲੀਵਰੀ ਕਾਮਿਆਂ ਦੀ ਕਮਾਈ ਅਤੇ ਸੁਰੱਖਿਆ ਨੂੰ ਲੈ ਕੇ ਚੱਲ ਰਹੀ ਬਹਿਸ ਦੇ ਵਿਚਕਾਰ ਜ਼ੋਮੈਟੋ ਦੇ ਸੀ.ਈ.ਓ. ਦੀਪੇਂਦਰ ਗੋਇਲ ਨੇ ਸੋਸ਼ਲ ਮੀਡੀਆ (X) 'ਤੇ ਅਹਿਮ ਅੰਕੜੇ ਸਾਂਝੇ ਕੀਤੇ ਹਨ
Publish Date: Sat, 03 Jan 2026 11:11 AM (IST)
Updated Date: Sat, 03 Jan 2026 11:24 AM (IST)
ਨਵੀਂ ਦਿੱਲੀ: ਭਾਰਤ ਵਿੱਚ 'ਗਿਗ ਇਕਾਨਮੀ' (Gig Economy), ਖਾਸ ਕਰਕੇ ਫੂਡ ਅਤੇ ਕਵਿੱਕ-ਕਾਮਰਸ ਡਿਲੀਵਰੀ ਕਾਮਿਆਂ ਦੀ ਕਮਾਈ ਅਤੇ ਸੁਰੱਖਿਆ ਨੂੰ ਲੈ ਕੇ ਚੱਲ ਰਹੀ ਬਹਿਸ ਦੇ ਵਿਚਕਾਰ ਜ਼ੋਮੈਟੋ ਦੇ ਸੀ.ਈ.ਓ. ਦੀਪੇਂਦਰ ਗੋਇਲ ਨੇ ਸੋਸ਼ਲ ਮੀਡੀਆ (X) 'ਤੇ ਅਹਿਮ ਅੰਕੜੇ ਸਾਂਝੇ ਕੀਤੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਇੱਕ ਡਿਲੀਵਰੀ ਪਾਰਟਨਰ ਅਸਲ ਵਿੱਚ ਕਿੰਨਾ ਕਮਾਉਂਦਾ ਹੈ ਅਤੇ ਉਨ੍ਹਾਂ ਦੇ ਕੰਮ ਕਰਨ ਦਾ ਤਰੀਕਾ ਕੀ ਹੈ।
ਗੋਇਲ ਅਨੁਸਾਰ ਸਾਲ 2025 ਵਿੱਚ ਜ਼ੋਮੈਟੋ ਡਿਲੀਵਰੀ ਪਾਰਟਨਰ ਦੀ ਔਸਤ ਪ੍ਰਤੀ ਘੰਟਾ ਕਮਾਈ (EPH) ₹102 ਰਹੀ, ਜੋ ਕਿ 2024 ਵਿੱਚ ₹92 ਸੀ। ਇਸ ਵਿੱਚ 11% ਦਾ ਵਾਧਾ ਹੋਇਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਆਰਡਰ ਦੇ ਇੰਤਜ਼ਾਰ ਦਾ ਸਮਾਂ ਵੀ ਸ਼ਾਮਲ ਹੈ।
ਮਹੀਨਾਵਾਰ ਕਮਾਈ ਦਾ ਗਣਿਤ (Monthly Income)
ਜੇਕਰ ਕੋਈ ਡਿਲੀਵਰੀ ਪਾਰਟਨਰ ਮਹੀਨੇ ਵਿੱਚ 26 ਦਿਨ ਅਤੇ ਰੋਜ਼ਾਨਾ 10 ਘੰਟੇ ਕੰਮ ਕਰਦਾ ਹੈ।
ਕੁੱਲ ਆਮਦਨ: ਲਗਪਗ ₹26,500
ਖਰਚੇ ਘਟਾ ਕੇ (ਤੇਲ ਅਤੇ ਰੱਖ-ਰਖਾਅ): ਲਗਭਗ ₹21,000 (ਨੈੱਟ ਕਮਾਈ)
ਟਿਪਸ ਤੇ ਵਾਧੂ ਆਮਦਨ
- ਡੇਟਾ ਮੁਤਾਬਕ ਗਾਹਕਾਂ ਵੱਲੋਂ ਮਿਲਣ ਵਾਲੀ ਟਿਪ ਦੀ ਔਸਤ ₹2.6 ਪ੍ਰਤੀ ਘੰਟਾ ਹੈ।
- ਜ਼ੋਮੈਟੋ 'ਤੇ 5% ਅਤੇ ਬਲਿੰਕਿਟ 'ਤੇ 2.5% ਆਰਡਰਾਂ 'ਤੇ ਟਿਪ ਮਿਲਦੀ ਹੈ।
- ਗੋਇਲ ਨੇ ਸਾਫ਼ ਕੀਤਾ ਕਿ ਟਿਪ ਦਾ 100% ਹਿੱਸਾ ਸਿੱਧਾ ਡਿਲੀਵਰੀ ਪਾਰਟਨਰ ਨੂੰ ਮਿਲਦਾ ਹੈ।
ਕੰਮ ਦੇ ਘੰਟੇ: ਪਾਰਟ-ਟਾਈਮ ਜਾਂ ਫੁੱਲ-ਟਾਈਮ
- ਜ਼ਿਆਦਾਤਰ ਲੋਕ ਇਸ ਕੰਮ ਨੂੰ ਪਾਰਟ-ਟਾਈਮ ਵਜੋਂ ਕਰਦੇ ਹਨ।
- 2025 ਵਿੱਚ ਔਸਤਨ ਇੱਕ ਪਾਰਟਨਰ ਨੇ ਸਾਲ ਵਿੱਚ ਸਿਰਫ 38 ਦਿਨ ਕੰਮ ਕੀਤਾ।
- ਸਿਰਫ 2.3% ਪਾਰਟਨਰ ਅਜਿਹੇ ਸਨ ਜਿਨ੍ਹਾਂ ਨੇ ਸਾਲ ਵਿੱਚ 250 ਦਿਨਾਂ ਤੋਂ ਵੱਧ ਕੰਮ ਕੀਤਾ।
- ਉਨ੍ਹਾਂ 'ਤੇ ਕੋਈ ਤੈਅ ਸ਼ਿਫਟ ਜਾਂ ਇਲਾਕੇ ਦੀ ਪਾਬੰਦੀ ਨਹੀਂ ਹੁੰਦੀ।
10 ਮਿੰਟ ਡਿਲੀਵਰੀ ਦਾ ਸੱਚ: ਕੀ ਵਧਦਾ ਹੈ ਦਬਾਅ
ਤੇਜ਼ ਡਿਲੀਵਰੀ ਦੀਆਂ ਚਿੰਤਾਵਾਂ 'ਤੇ ਗੋਇਲ ਨੇ ਕਿਹਾ ਕਿ ਇਸ ਨਾਲ ਰਾਈਡਰਾਂ 'ਤੇ ਤੇਜ਼ ਗੱਡੀ ਚਲਾਉਣ ਦਾ ਕੋਈ ਦਬਾਅ ਨਹੀਂ ਹੁੰਦਾ।
ਬਲਿੰਕਿਟ (Blinkit): ਔਸਤ ਡਰਾਈਵਿੰਗ ਸਪੀਡ 16 ਕਿਲੋਮੀਟਰ/ਘੰਟਾ।
ਜ਼ੋਮੈਟੋ (Zomato): ਔਸਤ ਡਰਾਈਵਿੰਗ ਸਪੀਡ 21 ਕਿਲੋਮੀਟਰ/ਘੰਟਾ। ਉਨ੍ਹਾਂ ਕਿਹਾ ਕਿ 10 ਮਿੰਟ ਵਿੱਚ ਡਿਲੀਵਰੀ ਸਟੋਰਾਂ ਦੀ ਨੇੜਤਾ (Logistics) ਕਰਕੇ ਸੰਭਵ ਹੁੰਦੀ ਹੈ, ਨਾ ਕਿ ਤੇਜ਼ ਰਫ਼ਤਾਰ ਕਰਕੇ।
ਸਮਾਜਿਕ ਸੁਰੱਖਿਆ ਤੇ ਬੀਮਾ (Social Security)
ਕੰਪਨੀ ਨੇ 2025 ਵਿੱਚ ਡਿਲੀਵਰੀ ਪਾਰਟਨਰਾਂ ਦੀ ਭਲਾਈ ਲਈ ₹100 ਕਰੋੜ ਤੋਂ ਵੱਧ ਖਰਚ ਕੀਤੇ ਹਨ, ਜਿਸ ਵਿੱਚ ਸ਼ਾਮਲ ਹਨ।
₹10 ਲੱਖ ਤੱਕ ਦਾ ਦੁਰਘਟਨਾ ਬੀਮਾ।
₹1 ਲੱਖ ਦਾ ਮੈਡੀਕਲ ਕਵਰ।
₹50,000 ਤੱਕ ਦਾ 'ਲੌਸ-ਆਫ-ਪੇ' (ਕੰਮ ਨਾ ਕਰ ਸਕਣ ਦੀ ਸੂਰਤ ਵਿੱਚ) ਬੀਮਾ।
ਮਹਿਲਾ ਪਾਰਟਨਰਾਂ ਲਈ ਮੈਟਰਨਿਟੀ ਲਾਭ ਅਤੇ ਰੈਸਟ ਡੇਅ ਦੀ ਸੁਵਿਧਾ।
ਬਹਿਸ ਦਾ ਕਾਰਨ: ਇਹ ਡੇਟਾ ਅਜਿਹੇ ਸਮੇਂ ਸਾਂਝਾ ਕੀਤਾ ਗਿਆ ਹੈ ਜਦੋਂ ਗਿਗ ਵਰਕਰਾਂ ਦੀ ਹੜਤਾਲ ਅਤੇ ਉਨ੍ਹਾਂ ਦੀਆਂ ਕੰਮਕਾਜੀ ਹਾਲਤਾਂ ਨੂੰ ਲੈ ਕੇ ਦੇਸ਼ ਭਰ ਵਿੱਚ ਚਰਚਾ ਹੋ ਰਹੀ ਹੈ।