ਫਿਨਟੈਕ ਪਲੇਟਫਾਰਮ 'ਜ਼ੈੱਟ ਐਪ' (ZET App) ਦੇ ਸੀ.ਈ.ਓ. ਮੁਤਾਬਕ ਭਾਰਤ ਵਿੱਚ OTP ਫਰਾਡ ਤੇਜ਼ੀ ਨਾਲ ਵੱਧ ਰਹੇ ਹਨ। ਜਦੋਂ ਤੁਸੀਂ ਵਾਰ-ਵਾਰ ਦੂਜਿਆਂ ਲਈ OTP ਸਾਂਝਾ ਕਰਦੇ ਹੋ ਤਾਂ ਤੁਹਾਡੀ ਸੁਰੱਖਿਆ ਪ੍ਰਤੀ ਸਾਵਧਾਨੀ ਘਟ ਜਾਂਦੀ ਹੈ

ਨਵੀਂ ਦਿੱਲੀ : ਕੀ ਤੁਸੀਂ ਕਿਸੇ ਦੋਸਤ ਜਾਂ ਰਿਸ਼ਤੇਦਾਰ ਦੀ ਮਦਦ ਲਈ ਆਪਣਾ OTP ਸਾਂਝਾ ਕਰ ਦਿੱਤਾ ਹੈ ਜਾਂ ਕ੍ਰੈਡਿਟ ਕਾਰਡ ਵਰਤਣ ਲਈ ਦੇ ਦਿੱਤਾ ਹੈ? ਇਹ ਛੋਟੀ ਜਿਹੀ ਮਦਦ ਤੁਹਾਡੇ ਕ੍ਰੈਡਿਟ ਸਕੋਰ (Credit Score) ਅਤੇ ਵਿੱਤੀ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਸਕਦੀ ਹੈ। ਅੱਜ ਦੇ ਦੌਰ ਵਿੱਚ ਕ੍ਰੈਡਿਟ ਕਾਰਡ ਸਿਰਫ਼ ਖ਼ਰੀਦਦਾਰੀ ਦਾ ਸਾਧਨ ਨਹੀਂ, ਬਲਕਿ ਤੁਹਾਡੀ ਵਿੱਤੀ ਪਛਾਣ ਹੈ।
ਕਾਰਡ ਸਾਂਝਾ ਕਰਨ ਦੇ ਛੁਪੇ ਹੋਏ ਖ਼ਤਰੇ
1. ਸਾਰੀ ਜ਼ਿੰਮੇਵਾਰੀ ਤੁਹਾਡੀ : ਕ੍ਰੈਡਿਟ ਕਾਰਡ 'ਤੇ ਹੋਣ ਵਾਲਾ ਹਰ ਲੈਣ-ਦੇਣ ਕਾਨੂੰਨੀ ਤੌਰ 'ਤੇ ਤੁਹਾਡੇ ਨਾਮ ਦਰਜ ਹੁੰਦਾ ਹੈ। ਜੇਕਰ ਤੁਹਾਡਾ ਦੋਸਤ ਖ਼ਰਚਾ ਕਰਕੇ ਭੁਗਤਾਨ (Payment) ਵਿੱਚ ਦੇਰੀ ਕਰਦਾ ਹੈ ਜਾਂ ਲਿਮਟ ਪਾਰ ਕਰਦਾ ਹੈ ਤਾਂ ਵਿਆਜ, ਲੇਟ ਫੀਸ ਅਤੇ ਕ੍ਰੈਡਿਟ ਸਕੋਰ ਵਿੱਚ ਗਿਰਾਵਟ ਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ, ਉਸਦੀ ਨਹੀਂ।
2. ਕ੍ਰੈਡਿਟ ਸਕੋਰ ਨੂੰ ਝਟਕਾ : ਕਿਸੇ ਹੋਰ ਵੱਲੋਂ ਕੀਤਾ ਗਿਆ ਅਚਾਨਕ ਖ਼ਰਚਾ ਤੁਹਾਡੇ ਕ੍ਰੈਡਿਟ ਯੂਟੀਲਾਈਜ਼ੇਸ਼ਨ ਰੇਸ਼ੋ (Credit Utilization Ratio) ਨੂੰ ਵਧਾ ਦਿੰਦਾ ਹੈ। ਭਾਵੇਂ ਦੋਸਤ ਦੀ ਨੀਅਤ ਸਾਫ਼ ਹੋਵੇ ਪਰ ਭੁਗਤਾਨ ਵਿੱਚ ਇੱਕ ਦਿਨ ਦੀ ਦੇਰੀ ਵੀ ਤੁਹਾਡੇ ਸਾਲਾਂ ਤੋਂ ਬਣਾਏ ਗਏ ਸਕੋਰ ਨੂੰ ਵਿਗਾੜ ਸਕਦੀ ਹੈ।
3. OTP ਫਰਾਡ (OTP Scams) : ਫਿਨਟੈਕ ਪਲੇਟਫਾਰਮ 'ਜ਼ੈੱਟ ਐਪ' (ZET App) ਦੇ ਸੀ.ਈ.ਓ. ਮੁਤਾਬਕ ਭਾਰਤ ਵਿੱਚ OTP ਫਰਾਡ ਤੇਜ਼ੀ ਨਾਲ ਵੱਧ ਰਹੇ ਹਨ। ਜਦੋਂ ਤੁਸੀਂ ਵਾਰ-ਵਾਰ ਦੂਜਿਆਂ ਲਈ OTP ਸਾਂਝਾ ਕਰਦੇ ਹੋ ਤਾਂ ਤੁਹਾਡੀ ਸੁਰੱਖਿਆ ਪ੍ਰਤੀ ਸਾਵਧਾਨੀ ਘਟ ਜਾਂਦੀ ਹੈ। ਠੱਗ ਆਪਣੇ ਆਪ ਨੂੰ ਬੈਂਕ ਅਧਿਕਾਰੀ ਦੱਸ ਕੇ ਤੁਹਾਡੇ ਤੋਂ OTP ਲੈ ਕੇ ਸੈਕਿੰਡਾਂ ਵਿੱਚ ਖਾਤਾ ਖਾਲੀ ਕਰ ਸਕਦੇ ਹਨ।
4. ਡਾਟਾ ਲੀਕ ਹੋਣ ਦਾ ਡਰ : ਜੇਕਰ ਤੁਸੀਂ ਕਾਰਡ ਨੰਬਰ, CVV ਜਾਂ OTP ਮੈਸੇਜਿੰਗ ਐਪਸ (ਜਿਵੇਂ WhatsApp) 'ਤੇ ਸਾਂਝਾ ਕਰਦੇ ਹੋ ਤਾਂ ਸਕ੍ਰੀਨਸ਼ਾਟ ਜਾਂ ਚੈਟ ਰਾਹੀਂ ਇਹ ਵੇਰਵੇ ਲੀਕ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਬੈਂਕ ਨਹੀਂ ਕਰੇਗਾ ਮਦਦ
ਜੇਕਰ ਤੁਸੀਂ ਖ਼ੁਦ ਕਾਰਡ ਦੇ ਵੇਰਵੇ ਸਾਂਝੇ ਕੀਤੇ ਹਨ ਅਤੇ ਬਾਅਦ ਵਿੱਚ ਕੋਈ ਗ਼ਲਤ ਲੈਣ-ਦੇਣ ਹੁੰਦਾ ਹੈ ਤਾਂ ਬੈਂਕ ਇਸਨੂੰ ਤੁਹਾਡੀ ਲਾਪਰਵਾਹੀ (Negligence) ਮੰਨ ਸਕਦਾ ਹੈ। ਅਜਿਹੇ ਮਾਮਲਿਆਂ ਵਿੱਚ ਰਿਫੰਡ ਮਿਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
ਕੀ ਹਨ ਸੁਰੱਖਿਅਤ ਆਪਸ਼ਨ
ਐਡ-ਆਨ ਕਾਰਡ (Add-on Card) : ਜੇਕਰ ਪਰਿਵਾਰਕ ਮੈਂਬਰ ਨੂੰ ਕਾਰਡ ਚਾਹੀਦਾ ਹੈ ਤਾਂ ਐਡ-ਆਨ ਕਾਰਡ ਲਓ ਜਿਸ ਵਿੱਚ ਤੁਸੀਂ ਲਿਮਟ ਸੈੱਟ ਕਰ ਸਕਦੇ ਹੋ।
ਆਪਣਾ ਕ੍ਰੈਡਿਟ ਬਣਾਉਣ ਲਈ ਪ੍ਰੇਰਿਤ ਕਰੋ : ਸਾਹਮਣੇ ਵਾਲੇ ਨੂੰ ਆਪਣਾ ਕ੍ਰੈਡਿਟ ਕਾਰਡ ਬਣਾਉਣ ਲਈ ਕਹੋ ਤਾਂ ਜੋ ਉਹ ਆਪਣੀ ਕ੍ਰੈਡਿਟ ਹਿਸਟਰੀ ਖ਼ੁਦ ਬਣਾ ਸਕੇ।
ਸਿੱਟਾ: ਕ੍ਰੈਡਿਟ ਕਾਰਡ ਤੁਹਾਡੀ ਨਿੱਜੀ ਪਛਾਣ ਅਤੇ ਡਿਜੀਟਲ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਥੋੜ੍ਹੀ ਜਿਹੀ ਸਹੂਲਤ ਲਈ ਆਪਣੀ ਵਿੱਤੀ ਸਿਹਤ ਨੂੰ ਖ਼ਤਰੇ ਵਿੱਚ ਨਾ ਪਾਓ।