ਜੇਕਰ ਤੁਹਾਨੂੰ ਐਪ ਜਾਂ ਕੋਡ 'ਤੇ ਭਰੋਸਾ ਨਹੀਂ ਹੈ ਤਾਂ ਤੁਸੀਂ ਤਕਨੀਕ ਦਾ ਸਹਾਰਾ ਲੈ ਸਕਦੇ ਹੋ। ਸਿੰਘਲ ਅਨੁਸਾਰ, ਅੱਜਕੱਲ੍ਹ ਲਗਪਗ ਸਾਰੇ ਵੱਡੇ ਸ਼ੋਅਰੂਮਾਂ 'ਚ 'ਕੈਰੇਟੋਮੀਟਰ' ਮਸ਼ੀਨ ਉਪਲਬਧ ਹੁੰਦੀ ਹੈ। ਤੁਸੀਂ ਆਪਣੀ ਪਸੰਦ ਦੀ ਜਵੈਲਰੀ ਨੂੰ ਇਸ ਮਸ਼ੀਨ 'ਚ ਰਖਵਾ ਕੇ ਮਾਤਰ 1 ਮਿੰਟ 'ਚ ਉਸ ਦੀ ਸ਼ੁੱਧਤਾ ਚੈੱਕ ਕਰਵਾ ਸਕਦੇ ਹੋ। ਇਹ ਸੇਵਾ ਜ਼ਿਆਦਾਤਰ ਜਵੈਲਰ ਮੁਫ਼ਤ 'ਚ ਦਿੰਦੇ ਹਨ।

ਨਵੀਂ ਦਿੱਲੀ: ਅਕਸ਼ੈ ਤ੍ਰਿਤੀਆ (Akshaya Tritiya 2026) ਨੇੜੇ ਆਉਂਦੇ ਹੀ ਸੋਨੇ ਦੀ ਖਰੀਦਦਾਰੀ ਵਧਣ ਵਾਲੀ ਹੈ, ਪਰ ਅਸਲੀ-ਨਕਲੀ ਦੀ ਪਛਾਣ ਕਰਨੀ ਬਹੁਤ ਜ਼ਰੂਰੀ ਹੈ। ਕਿਉਂਕਿ, ਜਦੋਂ ਤੁਸੀਂ ਆਪਣੀ ਮਿਹਨਤ ਦੀ ਕਮਾਈ ਨਾਲ ਸੋਨੇ ਦੀ ਜਵੈਲਰੀ ਖਰੀਦਣ ਸ਼ੋਰੂਮ ਜਾਂਦੇ ਹੋ, ਤਾਂ ਮਨ ਵਿੱਚ ਇੱਕ ਹੀ ਡਰ ਰਹਿੰਦਾ ਹੈ ਕਿ ਕਿਤੇ ਜਵੈਲਰੀ ਨਕਲੀ ਤਾਂ ਨਹੀਂ? ਕੀ ਇਹ ਵਾਕਈ 24 ਕੈਰੇਟ ਦੀ ਹੈ ਜਾਂ ਦੁਕਾਨਦਾਰ 18 ਕੈਰੇਟ ਨੂੰ 22 ਦੱਸ ਕੇ ਵੇਚ ਰਿਹਾ ਹੈ?
ਸੋਨੇ ਦੀ ਸ਼ੁੱਧਤਾ ਨੂੰ ਲੈ ਕੇ ਇਹ ਉਲਝਣ ਹਰ ਗਾਹਕ ਨੂੰ ਹੁੰਦੀ ਹੈ। ਤੁਹਾਡੀ ਇਸੇ ਚਿੰਤਾ ਨੂੰ ਦੂਰ ਕਰਨ ਲਈ ਦਿੱਲੀ ਸਰਰਾਫਾ ਬਾਜ਼ਾਰ ਦੇ ਪ੍ਰਧਾਨ ਯੋਗਸ਼ ਸਿੰਘਲ ਨੇ ਜਾਗਰਣ ਬਿਜ਼ਨਸ ਨਾਲ ਖਾਸ ਗੱਲਬਾਤ ਵਿੱਚ ਕੁਝ ਅਜਿਹੇ ਆਸਾਨ ਤਰੀਕੇ ਸਾਂਝੇ ਕੀਤੇ ਹਨ, ਜਿਨ੍ਹਾਂ ਨਾਲ ਤੁਸੀਂ ਮਿੰਟਾਂ ਵਿੱਚ ਸੋਨੇ ਦੀ 'ਕੁੰਡਲੀ' ਕੱਢ ਸਕਦੇ ਹੋ।
ਯੋਗਸ਼ ਸਿੰਘਲ ਦੱਸਦੇ ਹਨ ਕਿ ਸੋਨੇ ਦੀ ਪਛਾਣ ਦਾ ਸਭ ਤੋਂ ਪੁਖ਼ਤਾ ਜ਼ਰੀਆ HUID (Hallmark Unique Identification) ਨੰਬਰ ਹੈ। ਭਾਰਤੀ ਮਾਣਕ ਬਿਊਰੋ (BIS) ਵੱਲੋਂ ਹਰ ਜਵੈਲਰੀ 'ਤੇ 6 ਅੰਕਾਂ ਦਾ ਇੱਕ ਅਲਫ਼ਾਨਿਊਮੈਰਿਕ ਕੋਡ (ਜਿਵੇਂ- T73URL) ਦਰਜ ਕੀਤਾ ਜਾਂਦਾ ਹੈ।
BIS Care App ਜਾਂ ਉਨ੍ਹਾਂ ਦੀ ਵੈੱਬਸਾਈਟ 'ਤੇ ਜਾਓ। ਜਵੈਲਰੀ 'ਤੇ ਲਿਖੇ 6 ਅੰਕਾਂ ਦੇ HUID ਕੋਡ ਨੂੰ ਦਰਜ ਕਰੋ। ਸਰਚ ਕਰਦੇ ਹੀ ਤੁਹਾਡੇ ਸਾਹਮਣੇ ਪੂਰੀ ਡਿਟੇਲ ਆ ਜਾਵੇਗੀ ਕਿ ਇਹ ਜਵੈਲਰੀ ਕਿਸ ਸੈਂਟਰ 'ਤੇ ਹਾਲਮਾਰਕ ਹੋਈ ਹੈ, ਉਸ ਦਾ ਭਾਰ ਕੀ ਹੈ, ਆਰਟੀਕਲ ਦੀ ਕਿਸਮ (ਜਿਵੇਂ ਨੇਕਲੈਸ ਜਾਂ ਚੂੜੀ) ਕੀ ਹੈ ਅਤੇ ਉਸ ਦੀ ਸ਼ੁੱਧਤਾ (916 ਯਾਨੀ 22 ਕੈਰੇਟ) ਕਿੰਨੀ ਹੈ।
ਜੇਕਰ ਤੁਹਾਨੂੰ ਐਪ ਜਾਂ ਕੋਡ 'ਤੇ ਭਰੋਸਾ ਨਹੀਂ ਹੈ ਤਾਂ ਤੁਸੀਂ ਤਕਨੀਕ ਦਾ ਸਹਾਰਾ ਲੈ ਸਕਦੇ ਹੋ। ਸਿੰਘਲ ਅਨੁਸਾਰ, ਅੱਜਕੱਲ੍ਹ ਲਗਪਗ ਸਾਰੇ ਵੱਡੇ ਸ਼ੋਅਰੂਮਾਂ 'ਚ 'ਕੈਰੇਟੋਮੀਟਰ' ਮਸ਼ੀਨ ਉਪਲਬਧ ਹੁੰਦੀ ਹੈ। ਤੁਸੀਂ ਆਪਣੀ ਪਸੰਦ ਦੀ ਜਵੈਲਰੀ ਨੂੰ ਇਸ ਮਸ਼ੀਨ 'ਚ ਰਖਵਾ ਕੇ ਮਾਤਰ 1 ਮਿੰਟ 'ਚ ਉਸ ਦੀ ਸ਼ੁੱਧਤਾ ਚੈੱਕ ਕਰਵਾ ਸਕਦੇ ਹੋ। ਇਹ ਸੇਵਾ ਜ਼ਿਆਦਾਤਰ ਜਵੈਲਰ ਮੁਫ਼ਤ 'ਚ ਦਿੰਦੇ ਹਨ।
ਅਕਸਰ ਗਾਹਕਾਂ ਨੂੰ ਲੱਗਦਾ ਹੈ ਕਿ ਦਿੱਲੀ ਤੇ ਅੰਤਰਰਾਸ਼ਟਰੀ ਬਾਜ਼ਾਰ ਦੇ ਰੇਟ 'ਚ ਅੰਤਰ ਕਿਉਂ ਹੈ? ਇਸ 'ਤੇ ਯੋਗਸ਼ ਸਿੰਘਲ ਦੱਸਦੇ ਹਨ ਕਿ ਸੋਨੇ ਦਾ ਬੇਸ ਰੇਟ ਅੰਤਰਰਾਸ਼ਟਰੀ ਬਾਜ਼ਾਰ (ਕੋਮੈਕਸ) ਤੋਂ ਤੈਅ ਹੁੰਦਾ ਹੈ ਜਿਸ ਨੂੰ ਡਾਲਰ ਤੋਂ ਰੁਪਏ 'ਚ ਕਨਵਰਟ ਕੀਤਾ ਜਾਂਦਾ ਹੈ। ਇਸ ਵਿਚ ਕਸਟਮ ਡਿਊਟੀ ਅਤੇ 3% GST ਜੁੜਨ ਤੋਂ ਬਾਅਦ ਭਾਰਤ ਦਾ ਹਾਜ਼ਰ ਭਾਅ ਨਿਕਲਦਾ ਹੈ।
ਸਿੰਘਲ ਨੇ ਸਾਫ਼ ਕੀਤਾ ਕਿ ਜੇਕਰ ਤੁਸੀਂ MCX ਦੇ ਭਾਅ ਵਿੱਚ 3% GST ਜੋੜ ਦਿਓ, ਤਾਂ ਤੁਹਾਨੂੰ ਮਾਰਕੀਟ ਵੈਲਿਊ ਦਾ ਮੋਟਾ-ਮੋਟਾ ਅੰਦਾਜ਼ਾ ਮਿਲ ਜਾਵੇਗਾ। ਉਨ੍ਹਾਂ ਸਲਾਹ ਦਿੱਤੀ ਕਿ ਖਰੀਦਦਾਰੀ ਕਰਦੇ ਸਮੇਂ ਹਮੇਸ਼ਾ ਪੱਕਾ GST ਬਿੱਲ ਜ਼ਰੂਰ ਲਓ, ਕਿਉਂਕਿ ਇਹੀ ਤੁਹਾਡੀ ਸਭ ਤੋਂ ਵੱਡੀ ਸੁਰੱਖਿਆ ਹੈ।
ਯੋਗਸ਼ ਸਿੰਘਲ ਮੁਤਾਬਕ, ਅੱਜਕੱਲ੍ਹ ਵਪਾਰ ਬਹੁਤ ਪਾਰਦਰਸ਼ੀ ਹੋ ਗਿਆ ਹੈ। ਕੁਝ ਦੁਕਾਨਦਾਰ ਮੇਕਿੰਗ ਚਾਰਜ ਘੱਟ ਕਰ ਕੇ ਭਾਅ ਵਧਾ ਦਿੰਦੇ ਹਨ ਤਾਂ ਕੁਝ ਭਾਅ ਘੱਟ ਦਿਖਾ ਕੇ ਮੇਕਿੰਗ ਚਾਰਜ ਵਿਚ ਵਸੂਲੀ ਕਰਦੇ ਹਨ। ਇਸ ਲਈ ਗਾਹਕ ਨੂੰ ਜਾਗਰੂਕ ਰਹਿਣ ਦੀ ਲੋੜ ਹੈ। 24 ਕੈਰੇਟ ਦੇ ਭਾਅ ਨੂੰ ਆਧਾਰ ਮੰਨ ਕੇ ਤੁਸੀਂ ਖੁਦ ਵੀ 22 ਜਾਂ 18 ਕੈਰੇਟ ਦੀ ਕੀਮਤ ਕੈਲਕੂਲੇਟ ਕਰ ਸਕਦੇ ਹੋ।
ਅੰਤ 'ਚ ਸਿੰਘਲ ਕਹਿੰਦੇ ਹਨ ਕਿ "ਸੋਸ਼ਲ ਮੀਡੀਆ ਅਤੇ ਤਕਨੀਕ ਦੇ ਦੌਰ ਵਿੱਚ ਹੁਣ ਠੱਗੀ ਮੁਸ਼ਕਿਲ ਹੈ। ਬਸ ਖਰੀਦਦਾਰੀ ਦੇ ਵਕਤ HUID ਕੋਡ ਚੈੱਕ ਕਰੋ, ਕੈਰੇਟੋਮੀਟਰ 'ਤੇ ਸ਼ੁੱਧਤਾ ਪਰਖੋ ਅਤੇ ਪੱਕਾ ਬਿੱਲ ਮੰਗੋ।"