ਰੁਪਿਆ ਪਿਛਲੇ 12 ਮਹੀਨਿਆਂ 'ਚ ਕਰੀਬ 10 ਪ੍ਰਤੀਸ਼ਤ ਕਮਜ਼ੋਰ ਹੋਇਆ ਹੈ। ਇਸ ਤੋਂ ਪਹਿਲਾਂ ਜਨਵਰੀ 2022 ਤੋਂ ਦਸੰਬਰ 2022 ਦੌਰਾਨ ਵੀ ਅਜਿਹੀ ਗਿਰਾਵਟ ਦੇਖੀ ਗਈ ਸੀ। ਬੀਐਮਆਈ ਨੇ ਕਿਹਾ, "ਸਾਡਾ ਮੰਨਣਾ ਹੈ ਕਿ ਆਉਣ ਵਾਲੀਆਂ ਤਿਮਾਹੀਆਂ 'ਚ ਆਰਬੀਆਈ ਆਪਣੇ ਭੰਡਾਰ ਦੀ ਵਰਤੋਂ ਕਰਕੇ ਰੁਪਏ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਕਰੇਗਾ।"

ਭਾਸ਼ਾ, ਨਵੀਂ ਦਿੱਲੀ : ਭਾਰਤੀ ਰੁਪਿਆ ਈਰਾਨ ਸੰਘਰਸ਼ ਦੇ ਦਬਾਅ ਦੇ ਵਿਚਕਾਰ 2026 ਦੇ ਅੰਤ ਤਕ ਕਰੀਬ 95 ਰੁਪਏ ਪ੍ਰਤੀ ਅਮਰੀਕੀ ਡਾਲਰ ਦੇ ਆਸ-ਪਾਸ ਸੀਮਤ ਦਾਇਰੇ 'ਚ ਬਣਿਆ ਰਹਿ ਸਕਦਾ ਹੈ। ਵਰਤਮਾਨ 'ਚ ਰੁਪਿਆ ਕਰੀਬ 95.20 ਪ੍ਰਤੀ ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਅਮਰੀਕੀ ਫਿੱਚ ਸਮੂਹ ਦੀ ਕੰਪਨੀ ਬੀਐਮਆਈ (BMI) ਨੇ ਬੁੱਧਵਾਰ ਨੂੰ ਆਪਣੀ ਰਿਪੋਰਟ 'ਚ ਕਿਹਾ ਕਿ ਮੁਨਾਫੇ ਦੀ ਹੌਲੀ ਵਾਪਸੀ (ਰਿਪੈਟ੍ਰੀਏਸ਼ਨ) ਅਤੇ ਕੇਂਦਰੀ ਬੈਂਕ ਦੀ ਮੁਦਰਾ ਬਾਜ਼ਾਰ 'ਚ ਦਖ਼ਲਅੰਦਾਜ਼ੀ ਰੁਪਏ 'ਚ ਗਿਰਾਵਟ ਦੀ ਗਤੀ ਨੂੰ ਸੀਮਤ ਕਰੇਗੀ। ਅਮਰੀਕਾ-ਈਰਾਨ ਸੰਘਰਸ਼ ਨੇ ਉਭਰਦੇ ਬਾਜ਼ਾਰਾਂ ਦੀਆਂ ਮੁਦਰਾਵਾਂ 'ਤੇ ਦਬਾਅ ਪਾਇਆ ਹੈ, ਖ਼ਾਸ ਕਰਕੇ ਭਾਰਤ ਵਰਗੇ ਵੱਡੇ ਊਰਜਾ ਦਰਾਮਦਕਾਰ ਦੇਸ਼ਾਂ 'ਤੇ।
ਮਾਰਚ-ਅਪ੍ਰੈਲ 2026 ਦੌਰਾਨ ਰੁਪਿਆ ਚਾਰ ਪ੍ਰਤੀਸ਼ਤ ਕਮਜ਼ੋਰ ਹੋਇਆ ਤੇ ਫਿਲਹਾਲ 95.20 ਪ੍ਰਤੀ ਡਾਲਰ ਦੇ ਪੱਧਰ 'ਤੇ ਹੈ। ਬੀਐਮਆਈ ਅਨੁਸਾਰ, ਚਾਲੂ ਵਿੱਤੀ ਸਾਲ 2026-27 'ਚ ਭਾਰਤ ਦੀ ਆਰਥਿਕ ਵਿਕਾਸ ਦਰ 7.6 ਪ੍ਰਤੀਸ਼ਤ ਅਤੇ ਮਹਿੰਗਾਈ ਦਰ 3.4 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ।
ਰੁਪਏ ਦੀ ਕਮਜ਼ੋਰੀ ਕਾਰਨ ਭਾਰਤੀ ਰਿਜ਼ਰਵ ਬੈਂਕ (आरबीआई) ਨੇ ਮੁਦਰਾ ਬਾਜ਼ਾਰ 'ਚ ਦਖ਼ਲ ਦੇ ਕੇ ਇਸ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਕੀਤੀ। ਬੀਐਮਆਈ ਨੇ ਕਿਹਾ, "ਅੱਗੇ ਜਾ ਕੇ ਸਾਡਾ ਅਨੁਮਾਨ ਹੈ ਕਿ ਰੁਪਿਆ ਸੀਮਤ ਦਾਇਰੇ ਵਿੱਚ ਰਹੇਗਾ ਅਤੇ ਸਾਲ ਦੇ ਅੰਤ ਤਕ ਕਰੀਬ 95 ਰੁਪਏ ਪ੍ਰਤੀ ਡਾਲਰ 'ਤੇ ਰਹੇਗਾ। ਇਹ ਅਨੁਮਾਨ ਨਕਾਰਾਤਮਕ ਅਤੇ ਸਕਾਰਾਤਮਕ ਕਾਰਕਾਂ ਦੇ ਸੰਤੁਲਨ ਨੂੰ ਦਰਸਾਉਂਦਾ ਹੈ।"
ਬੀਐਮਆਈ ਦਾ ਮੰਨਣਾ ਹੈ ਕਿ ਜੰਗ ਕਾਰਨ ਭਾਰਤ ਦਾ ਚਾਲੂ ਖਾਤਾ ਘਾਟਾ 0.4 ਪ੍ਰਤੀਸ਼ਤ ਵਧ ਕੇ ਵਿੱਤ ਸਾਲ 2026-27 ਵਿੱਚ ਜੀਡੀਪੀ ਦਾ 1.3 ਪ੍ਰਤੀਸ਼ਤ ਤਕ ਪਹੁੰਚ ਸਕਦਾ ਹੈ। ਇਹ ਮੁੱਖ ਤੌਰ 'ਤੇ ਊਰਜਾ ਆਯਾਤ 'ਤੇ ਭਾਰਤ ਦੀ ਨਿਰਭਰਤਾ ਨੂੰ ਦਰਸਾਉਂਦਾ ਹੈ, ਜੋ 2025-26 'ਚ ਕੁੱਲ ਦਰਾਮਦ ਦਾ 22 ਪ੍ਰਤੀਸ਼ਤ ਸੀ। 2026-27 ਵਿੱਚ ਇਸ ਦੇ ਹੋਰ ਵਧਣ ਦੇ ਆਸਾਰ ਹਨ।
ਰਿਪੋਰਟ ਅਨੁਸਾਰ, ਸੰਘਰਸ਼ ਕਾਰਨ ਧਨ ਪ੍ਰੇਸ਼ਣ (Remittance) ਆਮਦਨ 'ਚ ਕਮੀ ਨਾਲ ਵੀ ਘਾਟਾ ਵਧ ਸਕਦਾ ਹੈ। 2025 'ਚ ਭਾਰਤ ਵਿਚ ਆਉਣ ਵਾਲੇ ਕੁੱਲ ਧਨ ਪ੍ਰੇਸ਼ਣ ਦਾ 38 ਪ੍ਰਤੀਸ਼ਤ ਖਾੜੀ ਦੇਸ਼ਾਂ ਤੋਂ ਆਇਆ ਸੀ, ਜੋ ਜੀਡੀਪੀ ਦਾ ਲਗਪਗ ਇੱਕ ਪ੍ਰਤੀਸ਼ਤ ਹੈ।
ਬੀਐਮਆਈ ਅਨੁਸਾਰ, "ਜੇਕਰ ਖਾੜੀ ਦੇਸ਼ਾਂ ਵਿੱਚ ਭਾਰਤੀ ਕਾਮਿਆਂ ਦੀ ਆਮਦਨ 'ਤੇ ਗੰਭੀਰ ਅਸਰ ਪੈਂਦਾ ਹੈ ਤਾਂ ਚਾਲੂ ਖਾਤਾ ਘਾਟਾ ਸਾਡੇ ਅਨੁਮਾਨ ਤੋਂ ਵੀ ਵੱਧ ਹੋ ਸਕਦਾ ਹੈ।" ਇਸ ਵਿੱਚ ਕਿਹਾ ਗਿਆ ਕਿ 2026-27 'ਚ ਵਿੱਤੀ ਖੇਤਰ ਦੇ ਨਿਵੇਸ਼ ਦਾ ਬਾਹਰ ਜਾਣਾ (ਆਊਟਫਲੋ) ਜਾਰੀ ਰਹਿ ਸਕਦਾ ਹੈ ਜਿਸ ਨਾਲ ਰੁਪਏ 'ਤੇ ਦਬਾਅ ਬਣਿਆ ਰਹੇਗਾ ਕਿਉਂਕਿ ਉਭਰਦੇ ਬਾਜ਼ਾਰਾਂ ਪ੍ਰਤੀ ਜੋਖ਼ਮ ਤੋਂ ਬਚਣ ਦੀ ਰੁਚੀ ਵਧ ਰਹੀ ਹੈ।
ਬੀਐਮਆਈ ਨੇ ਕਿਹਾ, 'ਈਰਾਨ ਜੰਗ ਅਤੇ ਟੈਰਿਫ (ਸ਼ੁਲਕ) ਕਾਰਨ ਵਧੀ ਨੀਤੀਗਤ ਅਨਿਸ਼ਚਿਤਤਾ ਨੂੰ ਦੇਖਦੇ ਹੋਏ ਸਾਡਾ ਮੰਨਣਾ ਹੈ ਕਿ ਸ਼ੁੱਧ ਨਿਵੇਸ਼ ਪ੍ਰਵਾਹ ਕਮਜ਼ੋਰ ਰਹੇਗਾ। ਮਾਰਚ 'ਚ ਦੇਸ਼ ਵਿੱਚੋਂ 13.4 ਅਰਬ ਡਾਲਰ ਦੀ ਪੂੰਜੀ ਨਿਕਾਸੀ ਹੋਈ ਜੋ ਵਿਸ਼ਵਵਿਆਪੀ ਮਹਾਂਮਾਰੀ ਤੋਂ ਬਾਅਦ ਸਭ ਤੋਂ ਵੱਧ ਮਾਸਿਕ ਨਿਕਾਸੀ ਹੈ।'
ਰੁਪਿਆ ਪਿਛਲੇ 12 ਮਹੀਨਿਆਂ 'ਚ ਕਰੀਬ 10 ਪ੍ਰਤੀਸ਼ਤ ਕਮਜ਼ੋਰ ਹੋਇਆ ਹੈ। ਇਸ ਤੋਂ ਪਹਿਲਾਂ ਜਨਵਰੀ 2022 ਤੋਂ ਦਸੰਬਰ 2022 ਦੌਰਾਨ ਵੀ ਅਜਿਹੀ ਗਿਰਾਵਟ ਦੇਖੀ ਗਈ ਸੀ। ਬੀਐਮਆਈ ਨੇ ਕਿਹਾ, "ਸਾਡਾ ਮੰਨਣਾ ਹੈ ਕਿ ਆਉਣ ਵਾਲੀਆਂ ਤਿਮਾਹੀਆਂ 'ਚ ਆਰਬੀਆਈ ਆਪਣੇ ਭੰਡਾਰ ਦੀ ਵਰਤੋਂ ਕਰਕੇ ਰੁਪਏ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਕਰੇਗਾ।"