ਖੇਤੀ ਖੇਤਰ ਦੇ ਹੋਏ ਮਸ਼ੀਨੀਕਰਨ ਦੀ ਬਦੌਲਤ ਅਲੋਪ ਹੋਏ ਬਹੁਤ ਸਾਰੇ ਖੇਤੀ ਸੰਦਾਂ ਵਿੱਚੋਂ ਇਕ ਹੈ ਦਾਤੀ। ਦਾਤੀ ਲੋਹੇ ਦੀ ਹਲਕੀ ਗੋਲਾਈ ਵਾਲੀ ਬਹੁਤ ਮਜ਼ਬੂਤ ਪੱਤੀ ਹੁੰਦੀ ਹੈ। ਪੱਤੀ ਦੇ ਇਕ ਪਾਸੇ ਆਰੀ ਵਾਂਗ ਤਿੱਖੇ ਦੰਦੇ ਹੁੰਦੇ ਹਨ। ਦਾਤੀ ਨੂੰ ਫੜਨ ਲਈ ਇਕ ਸਿਰੇ 'ਤੇ ਲੱਕੜ ਦਾ ਮੁੱਠਾ ਲਗਾਇਆ ਜਾਂਦਾ ਹੈ। ਇਸ ਮੁੱਠੇ ਤੋਂ ਫੜ ਕੇ ਕਣਕ ਜਾਂ ਹਰਾ ਚਾਰਾ ਵੱਢਣ ਲਈ ਦਾਤੀ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਖੇਤੀ ਖੇਤਰ ਦੇ ਹੋਏ ਮਸ਼ੀਨੀਕਰਨ ਦੀ ਬਦੌਲਤ ਅਲੋਪ ਹੋਏ ਬਹੁਤ ਸਾਰੇ ਖੇਤੀ ਸੰਦਾਂ ਵਿੱਚੋਂ ਇਕ ਹੈ ਦਾਤੀ। ਦਾਤੀ ਲੋਹੇ ਦੀ ਹਲਕੀ ਗੋਲਾਈ ਵਾਲੀ ਬਹੁਤ ਮਜ਼ਬੂਤ ਪੱਤੀ ਹੁੰਦੀ ਹੈ। ਪੱਤੀ ਦੇ ਇਕ ਪਾਸੇ ਆਰੀ ਵਾਂਗ ਤਿੱਖੇ ਦੰਦੇ ਹੁੰਦੇ ਹਨ। ਦਾਤੀ ਨੂੰ ਫੜਨ ਲਈ ਇਕ ਸਿਰੇ 'ਤੇ ਲੱਕੜ ਦਾ ਮੁੱਠਾ ਲਗਾਇਆ ਜਾਂਦਾ ਹੈ। ਇਸ ਮੁੱਠੇ ਤੋਂ ਫੜ ਕੇ ਕਣਕ ਜਾਂ ਹਰਾ ਚਾਰਾ ਵੱਢਣ ਲਈ ਦਾਤੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਕੋਈ ਸਮਾਂ ਸੀ ਜਦੋਂ ਕਣਕ ਦੀ ਵਾਢੀ ਮੌਕੇ ਦਾਤੀ ਦੀ ਪੂਰੀ ਸਰਦਾਰੀ ਹੁੰਦੀ ਸੀ। ਉਨ੍ਹਾਂ ਸਮਿਆਂ 'ਚ ਦਾਤੀ ਤੋਂ ਬਿਨਾਂ ਕਣਕ ਦੀ ਵਾਢੀ ਕੀਤੇ ਜਾਣ ਦੀ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ। ਦਾਤੀਆਂ ਦੀ ਤਿਆਰੀ ਕਣਕ ਦੀ ਵਾਢੀ ਦੀਆਂ ਅਗਾਊਂ ਤਿਆਰੀਆਂ ਵਿੱਚੋਂ ਇਕ ਹੁੰਦੀ ਸੀ। ਕਣਕ ਦੀ ਵਾਢੀ ਦੇ ਦਿਨਾਂ ਦੌਰਾਨ ਖੇਤੀਬਾੜੀ ਨਾਲ ਸਬੰਧਿਤ ਸੰਦ ਵੇਚਣ ਵਾਲੀਆਂ ਦੁਕਾਨਾਂ 'ਤੇ ਦਾਤੀਆਂ ਦੀ ਭਰਮਾਰ ਹੁੰਦੀ ਸੀ। ਕਿਸਾਨ ਬੜੇ ਚਾਅ ਅਤੇ ਉਤਸ਼ਾਹ ਨਾਲ ਦਾਤੀਆਂ ਦੀ ਖ਼ਰੀਦੋ-ਫ਼ਰੋਖਤ ਕਰਦੇ ਸਨ। ਕਣਕ ਦੀ ਫਸਲ ਦੀ ਆਮਦ ਦਾ ਨਾ ਸਿਰਫ਼ ਕਿਸਾਨਾਂ ਸਗੋਂ ਸਮੁੱਚੇ ਸਮਾਜ ਨੂੰ ਵਿਆਹ ਜਿੰਨਾ ਚਾਅ ਹੁੰਦਾ ਸੀ। ਇਸ ਸੀਜ਼ਨ ਦੌਰਾਨ ਹੀ ਕਿਸਾਨਾਂ ਸਮੇਤ ਸਮਾਜ ਦੇ ਹਰ ਵਰਗ ਨੇ ਖ਼ੁਦ ਲਈ ਤੇ ਡੰਗਰ ਪਸ਼ੂਆਂ ਲਈ ਅਨਾਜ ਦਾ ਬੰਦੋਬਸਤ ਕਰਨਾ ਹੁੰਦਾ ਸੀ।
ਹੱਥਾਂ ਨਾਲ ਕੀਤੀ ਜਾਂਦੀ ਸੀ ਵਾਢੀ
ਉਨ੍ਹਾਂ ਦਿਨਾਂ 'ਚ ਕਣਕ ਦੀ ਵਾਢੀ ਹੱਥਾਂ ਨਾਲ ਕੀਤੀ ਜਾਂਦੀ ਸੀ। ਇਸ ਲਈ ਹਰ ਕਿਸਾਨ ਪਰਿਵਾਰ ਨੂੰ ਵੱਡੀ ਗਿਣਤੀ 'ਚ ਦਾਤੀਆਂ ਦੀ ਜ਼ਰੂਰਤ ਪੈਂਦੀ ਸੀ। ਇਕ-ਦੂਜੇ ਤੋਂ ਦਾਤੀਆਂ ਮੰਗਣ ਦਾ ਵੀ ਰਿਵਾਜ਼ ਸੀ। ਜਿਸ ਪਰਿਵਾਰ ਦੇ ਵਾਢੀ ਵਾਲਿਆਂ ਦੀ ਗਿਣਤੀ ਜ਼ਿਆਦਾ ਹੁੰਦੀ, ਉਹ ਦੂਜੇ ਪਰਿਵਾਰ ਤੋਂ ਦਾਤੀਆਂ ਮੰਗ ਲੈਂਦਾ ਸੀ। ਆਵਤ ਪਾਉਣ ਸਮੇਂ ਬੇਸ਼ੱਕ ਹਰ ਮੈਂਬਰ ਕੋਲ ਆਪਣੀ ਦਾਤੀ ਹੁੰਦੀ ਸੀ ਪਰ ਫਿਰ ਵੀ ਕੁਝ ਦਾਤੀਆਂ ਵਾਧੂ ਜ਼ਰੂਰ ਰੱਖੀਆਂ ਜਾਂਦੀਆਂ ਸਨ। ਸਾਰਾ ਦਿਨ ਵਾਢੀ ਕਰਨ ਉਪਰੰਤ ਦਾਤੀ ਦੇ ਦੰਦੇ ਖੁੰਢੇ ਹੋ ਜਾਂਦੇ ਸਨ। ਇਨ੍ਹਾਂ ਖੁੰਢੇ ਹੋਏ ਦੰਦਿਆਂ ਨੂੰ ਮੁੜ ਤੋਂ ਤਿੱਖਾ ਕਰਨ ਦਾ ਕੰਮ ਲੁਹਾਰਾਂ ਤੇ ਤਰਖਾਣਾਂ ਦਾ ਸੀ। ਸਾਰਾ ਦਿਨ ਵਾਢੀ ਕਰਨ ਉਪਰੰਤ ਸ਼ਾਮ ਨੂੰ ਤਕਰੀਬਨ ਮੂੰਹ ਹਨੇਰੇ ਘਰ ਦਾ ਇਕ ਮੈਂਬਰ ਲੁਹਾਰ ਕੋਲ ਦਾਤੀਆਂ ਲੈ ਜਾਂਦਾ ਸੀ ਤੇ ਲੁਹਾਰ ਵਾਰੀ ਸਿਰ ਸਭ ਦੀਆਂ ਦਾਤੀਆਂ ਦੇ ਦੰਦੇ ਬਣਾ ਕੇ ਦੇ ਦੇਈ ਜਾਂਦਾ। ਲੁਹਾਰਾਂ ਤੇ ਤਰਖਾਣਾਂ ਦੇ ਅੱਡਿਆਂ 'ਤੇ ਦਾਤੀਆਂ ਦੇ ਦੰਦੇ ਕਢਵਾਉਣ ਆਏ ਕਿਸਾਨਾਂ ਦੀ ਭੀੜ ਵੱਖਰਾ ਹੀ ਦ੍ਰਿਸ਼ ਪੇਸ਼ ਕਰਦੀ ਸੀ। ਇੱਥੇ ਚਲਦਾ ਹਾਸਾ ਠੱਠਾ ਵੱਖਰਾ ਹੀ ਨਜ਼ਾਰਾ ਪੇਸ਼ ਕਰਦਾ ਸੀ। ਨਵੀਂ ਲਿਆਂਦੀ ਦਾਤੀ ਵਾਢੀ ਦੇ ਸੀਜ਼ਨ ਦੌਰਾਨ ਤਕਰੀਬਨ ਘਸ ਜਾਂਦੀ ਸੀ। ਫਿਰ ਇਸ ਘਸੀ ਹੋਈ ਦਾਤੀ ਨੂੰ ਹਰਾ ਚਾਰਾ ਆਦਿ ਵੱਢਣ ਦੇ ਕੰਮ ਲਈ ਰੱਖ ਲਿਆ ਜਾਂਦਾ ਸੀ।
ਮਜ਼ਦੂਰੀ ’ਤੇ ਕੀਤਾ ਜਾਵੇ ਘੱਟ ਖ਼ਰਚ
ਉਨ੍ਹਾਂ ਦਿਨਾਂ 'ਚ ਕਿਸਾਨ ਪਰਿਵਾਰਾਂ ਦੀਆਂ ਔਰਤਾਂ ਪੁਰਸ਼ਾਂ ਦੇ ਬਰਾਬਰ ਖੇਤੀ ਦੇ ਕੰਮ 'ਚ ਹੱਥ ਵਟਾਉਂਦੀਆਂ ਸਨ। ਹਰ ਪਰਿਵਾਰ ਦੀ ਕੋਸ਼ਿਸ਼ ਹੁੰਦੀ ਸੀ ਕਿ ਕਣਕ ਦੀ ਵਾਢੀ ਦੌਰਾਨ ਮਜ਼ਦੂਰੀ 'ਤੇ ਘੱਟ ਤੋਂ ਘੱਟ ਖ਼ਰਚਾ ਕੀਤਾ ਜਾਵੇ। ਔਰਤਾਂ ਪੁਰਸ਼ਾਂ ਦੇ ਬਰਾਬਰ ਕਣਕ ਦੀ ਵਾਢੀ ਕਰਵਾਉਂਦੀਆਂ ਸਨ। ਔਰਤਾਂ ਲਈ ਥੋੜ੍ਹੀਆਂ ਹਲਕੀਆਂ ਦਾਤੀਆਂ ਹੁੰਦੀਆਂ ਸਨ। ਇਸੇ ਲਈ ਤਾਂ ਕਿਸਾਨ ਦੀ ਘਰ ਵਾਲੀ ਆਪਣੇ ਪਤੀ ਨੂੰ ਦਾਤੀ ਨੂੰ ਘੁੰਗਰੂ ਲਵਾਉਣ ਲਈ ਕਹਿੰਦੀ ਹੈ:
ਦਾਤੀ ਨੂੰ ਲਵਾ ਦੇ ਘੁੰਗਰੂ,
ਹਾੜੀ ਵੱਢੂਗੀ ਬਰਾਬਰ ਤੇਰੇ।
ਹਾੜੀ ਦੀ ਵਾਢੀ ਦੌਰਾਨ ਪੈਰਾਂ ਨੂੰ ਕਰਚਿਆਂ ਤੋਂ ਬਚਾਉਣ ਲਈ ਪੱਕੇ ਕਿਸਾਨ ਤਾਂ ਮੋਟੀ ਧੌੜੀ ਦੀ ਜੁੱਤੀ ਪਹਿਨਦੇ ਸਨ। ਉਨ੍ਹਾਂ ਦਿਨਾਂ ’ਚ ਪੈਰਾਂ ਦੀ ਹਾਲਤ ਵੇਖਣ ਵਾਲੀ ਹੁੰਦੀ ਸੀ। ਕਰਚਿਆਂ ਵੱਲੋਂ ਲਹੂ-ਲੁਹਾਣ ਕੀਤੇ ਪੈਰਾਂ ਨਾਲ ਤੁਰਨਾ ਵੀ ਔਖਾ ਹੋ ਜਾਂਦਾ ਸੀ। ਜਿੱਥੇ ਪੈਰਾਂ 'ਚ ਕਰਚੇ ਵੱਜ-ਵੱਜ ਕੇ ਪੈਰਾਂ 'ਚ ਲਹੂ ਵਹਿ ਤੁਰਦਾ ਸੀ, ਉੱਥੇ ਹੀ ਹੱਥਾਂ 'ਤੇ ਦਾਤੀ ਦਾ ਵੱਜ ਜਾਣਾ ਵੀ ਆਮ ਸੀ। ਵਾਢੀ ਦੇ ਖੇਤ 'ਚ ਮੁੱਢਲੀ ਸਹਾਇਤਾ ਵੀ ਵੱਖਰੀ ਕਿਸਮ ਦੀ ਹੀ ਹੁੰਦੀ ਸੀ। ਜਿਸ ਦੇ ਦਾਤੀ ਵੱਜਣੀ ਉਸ ਨੂੰ ਕਹਿ ਦਿੰਦੇ ਜਾਂ ਦਾਤੀ ਵਾਲੇ ਜ਼ਖ਼ਮ 'ਤੇ ਪਿਸ਼ਾਬ ਕਰਕੇ ਪੋਣੇ ਜਾਂ ਪਰਨੇ ਨਾਲੋਂ ਪਾੜ ਕੇ ਪੱਟੀ ਬੰਨ੍ਹ ਲੈ।
ਕੰਬਾਈਨਾਂ ਨੇ ਸੰਭਾਲ ਲਿਆ ਕੰਮ
ਖੇਤੀ ਦੇ ਹੋਏ ਮਸ਼ੀਨੀਕਰਨ ਨੇ ਦਾਤੀ ਨੂੰ ਵਾਢੀ ਦੇ ਸੀਜ਼ਨ ਵਿੱਚੋਂ ਪੂਰੀ ਤਰ੍ਹਾਂ ਅਲੋਪ ਕਰ ਕੇ ਰੱਖ ਦਿੱਤਾ ਹੈ। ਕਿਰਤ ਸਭਿਆਚਾਰ ਤੋਂ ਦੂਰ ਹੋ ਰਹੇ ਕਿਸਾਨ ਨੇ ਪਹਿਲਾਂ ਘਰ ਦੀਆਂ ਔਰਤਾਂ ਨੂੰ ਖੇਤੀ ਕੰਮ ਤੋਂ ਦੂਰ ਕੀਤਾ। ਵਾਢੀ ਤੋਂ ਦੂਰ ਹੋਈ ਸੁਆਣੀ ਨੇ ਘੁੰਗਰੂਆਂ ਵਾਲੀ ਦਾਤੀ ਦੀ ਮੰਗ ਵਿਸਾਰ ਦਿੱਤੀ। ਫਿਰ ਮਜ਼ਦੂਰਾਂ ਤੋਂ ਠੇਕੇ 'ਤੇ ਵਾਢੀ ਕਰਵਾਉਣ ਦੇ ਪ੍ਰਚਲਨ ਨਾਲ ਕਿਸਾਨ ਖ਼ੁਦ ਵਾਢੀ ਤੋਂ ਦੂਰ ਹੋ ਗਿਆ। ਹੁਣ ਹੱਥੀਂ ਵਾਢੀ ਕਰਨ ਦਾ ਕੰਮ ਪੂਰਨ ਰੂਪ ਵਿੱਚ ਅਲੋਪ ਹੋ ਗਿਆ ਹੈ। ਵਾਢੀ ਦਾ ਸਾਰਾ ਕੰਮ ਕੰਬਾਈਨਾਂ ਨੇ ਸੰਭਾਲ ਲਿਆ ਹੈ। ਵੇਖਦੇ ਹੀ ਵੇਖਦੇ ਕੰਬਾਈਨ ਸਾਰਾ ਖੇਤ ਵੱਢ ਦਿੰਦੀ ਹੈ। ਇਕ ਪਾਸੇ ਤੋਂ ਕਣਕ ਦੀਆਂ ਟਰਾਲੀਆਂ ਭਰ ਭਰ ਮੰਡੀ ਅਤੇ ਘਰਾਂ ਤਕ ਪਹੁੰਚ ਜਾਂਦੀਆਂ ਹਨ। ਅਗਲੇ ਦਿਨ ਮਸ਼ੀਨ ਨਾਲ ਹੀ ਤੂੜੀ ਬਣਾਉਣ ਦਾ ਕੰਮ ਤਾਮਾਮ ਹੋ ਜਾਂਦਾ ਹੈ। ਤੇਜ਼ੀ ਨਾਲ ਨਿਪਟਦੇ ਵਾਢੀ ਸੀਜ਼ਨ 'ਚ ਦਾਤੀ ਦੀ ਹੋਂਦ ਪੂਰਨ ਰੂਪ 'ਚ ਹਾਸ਼ੀਏ 'ਤੇ ਚਲੀ ਗਈ ਹੈ।
- ਬਿੰਦਰ ਸਿੰਘ ਖੁੱਡੀ ਕਲਾਂ