ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਆਪਣੇ ਸ਼ਾਨਾਮੱਤੇ 60 ਸਾਲ ਪੂਰੇ ਕਰ ਲਏ ਹਨ। ਇਸ ਵਰ੍ਹੇ ਇਸ ਸੰਸਥਾ ਦੀ ਡਾਇਮੰਡ ਜੁਬਲੀ ਮਨਾਈ ਜਾ ਰਹੀ ਹੈ। ਇਹ ਸੰਸਥਾ ਸੰਸਾਰ ਦੀਆਂ ਉਨ੍ਹਾਂ ਕੁਝ ਕੁ ਚੋਟੀ ਦੀਆਂ ਖੇਤੀ ਸੰਸਥਾਵਾਂ ਵਿੱਚੋਂ ਇਕ ਹੈ ਜਿਨ੍ਹਾਂ ਨੇ ਖੇਤੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਆਪਣੇ ਸ਼ਾਨਾਮੱਤੇ 60 ਸਾਲ ਪੂਰੇ ਕਰ ਲਏ ਹਨ। ਇਸ ਵਰ੍ਹੇ ਇਸ ਸੰਸਥਾ ਦੀ ਡਾਇਮੰਡ ਜੁਬਲੀ ਮਨਾਈ ਜਾ ਰਹੀ ਹੈ। ਇਹ ਸੰਸਥਾ ਸੰਸਾਰ ਦੀਆਂ ਉਨ੍ਹਾਂ ਕੁਝ ਕੁ ਚੋਟੀ ਦੀਆਂ ਖੇਤੀ ਸੰਸਥਾਵਾਂ ਵਿੱਚੋਂ ਇਕ ਹੈ ਜਿਨ੍ਹਾਂ ਨੇ ਖੇਤੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ ਹੈ। ਯੂਨੀਵਰਸਿਟੀ ਨੇ ਕੇਵਲ ਖੋਜ ਵਿਚ ਹੀ ਮੱਲਾਂ ਨਹੀਂ ਮਾਰੀਆਂ ਸਗੋਂ ਇਸ ਨੂੰ ਕਿਸਾਨਾਂ ਤਕ ਪਹੁੰਚਾਇਆ ਅਤੇ ਇਸ ਨੂੰ ਅਪਨਾਉਣ ਲਈ ਉਤਸ਼ਾਹਿਤ ਕੀਤਾ ਅਤੇ ਹਰ ਤਰ੍ਹਾਂ ਦੀ ਸਹਾਇਤਾ ਵੀ ਕੀਤੀ। ਭਾਰਤ ਵਿਚ ਤਾਂ ਕੀ ਸੰਸਾਰ ਵਿਚ ਵੀ ਕੋਈ ਹੋਰ ਅਜਿਹੀ ਸੰਸਥਾ ਨਹੀਂ ਹੋਵੇਗੀ ਜਿਸ ਦੇ ਕਿਸਾਨਾਂ ਨਾਲ ਇਸ ਵਾਂਗ ਨੇੜਲੇ ਸਬੰਧ ਹੋਣ।
ਪੰਜਾਬ ਦਾ ਕੋਈ ਅਜਿਹਾ ਕਿਸਾਨ ਨਹੀਂ ਹੈ ਜਿਹੜਾ ਇਸ ਤੋਂ ਜਾਣੂ ਨਾ ਹੋਵੇ ਅਤੇ ਇੱਥੋਂ ਵਿਕਸਤ ਹੋਏ ਢੰਗ ਤਰੀਕਿਆਂ ਨੂੰ ਨਾ ਅਪਣਾਇਆ ਹੋਵੇ। ਹਰੇਕ ਸਾਲ ਲੱਖਾਂ ਕਿਸਾਨ ਤੇ ਕਿਸਾਨ ਬੀਬੀਆਂ ਇਸ ਦੇ ਖੇਤਾਂ ਵਿਚ ਗੇੜਾ ਲਾਉਦੇ ਹਨ। ਵਿੱਦਿਆ ਦੇ ਖੇਤਰ ਵਿਚ ਇੱਥੋਂ ਦੇ ਵਿਦਿਆਰਥੀਆਂ ਦੀਆਂ ਅਹਿਮ ਪ੍ਰਾਪਤੀਆਂ ਹਨ। ਸੰਸਾਰ ਦੀਆਂ ਪ੍ਰਮੁੱਖ ਖੇਤੀ ਸੰਸਥਾਵਾਂ ਵਿਚ ਇੱਥੋਂ ਦੇ ਪਾੜੇ੍ਹ ਬਤੌਰ ਵਿਗਿਆਨੀ ਕੰਮ ਕਰ ਰਹੇ ਹਨ। ਖੇਡਾਂ, ਸਾਹਿਤ, ਪ੍ਰਬੰਧਕੀ ਅਫ਼ਸਰੀਆਂ ਤੇ ਫ਼ੌਜ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਯੂਨੀਵਰਸਿਟੀ ਦੀਆਂ ਪ੍ਰਾਪਤੀ ਦਾ ਸਿਹਰਾ ਜਿੱਥੇ ਇੱਥੋਂ ਦੇ ਮਿਹਨਤੀ ਅਤੇ ਸੂਝਵਾਨ ਵਿਗਿਆਨੀਆਂ ਨੂੰ ਜਾਂਦਾ ਹੈ ਉੱਥੇ ਇਸ ਦੇ ਪ੍ਰਬੰਧਕਾਂ ਦਾ ਵੀ ਵਿਸ਼ੇਸ਼ ਯੋਗਦਾਨ ਹੈ।
ਇਸ ਯੂਨੀਵਰਸਿਟੀ ਦੀ ਸਥਾਪਨਾ 1962 ਵਿਚ ਹੋਈ ਪਰ ਰਸਮੀ ਉਦਘਾਟਨ ਉਦੋਂ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਹੋਰਾਂ ਅੱਠ ਜੁਲਾਈ 1963 ਨੂੰ ਕੀਤਾ ਸੀ। ਦੇਸ਼ ਵਿਚ ਬਣਨ ਵਾਲੀ ਇਹ ਦੂਜੀ ਖੇਤੀ ਯੂਨੀਵਰਸਿਟੀ ਸੀ। ਪਿਛਲੇ 60 ਸਾਲਾਂ ਵਿਚ ਦੇਸ਼ ਦੀਆਂ ਸਾਰੀਆਂ ਖੇਤੀ ਯੂਨੀਵਰਸਿਟੀਜ਼ ਵਿਚ ਇਸ ਨੇ ਆਪਣਾ ਪਹਿਲਾ ਸਥਾਨ ਬਣਾਈ ਰੱਖਿਆ ਹੈ। ਯੂਨੀਵਰਸਿਟੀ ਦੀ ਸਫਲਤਾ ਦਾ ਸਭ ਤੋਂ ਵੱਧ ਹਿੱਸਾ ਉਦੋਂ ਦੇ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਨੂੰ ਜਾਂਦਾ ਹੈ। ਉਨ੍ਹਾਂ ਬਿਨਾਂ ਕਿਸੇ ਰਾਜਸੀ ਦਖ਼ਲਅੰਦਾਜ਼ੀ ਦੇ ਇਸ ਦੀ ਸਥਾਪਤੀ ਲਈ ਹਰ ਤਰ੍ਹਾਂ ਨਾਲ ਖੁੱਲ੍ਹ ਕੇ ਸਹਾਇਤਾ ਕੀਤੀ। ਉਨ੍ਹਾਂ ਨੇ ਸ੍ਰੀ ਪੀ ਐੱਨ ਥਾਪਰ ਆਈ ਸੀ ਐੱਸ ਨੂੰ ਪਹਿਲਾ ਵਾਈਸ ਚਾਂਸਲਰ ਬਣਾਇਆ।
ਥਾਪਰ ਸਾਹਿਬ, ਕਾਬਲ, ਦੂਰਅੰਦੇਸ਼ ਤੇ ਅਨੁਸ਼ਾਸਨ ਵਿਚ ਵਿਸ਼ਵਾਸ ਰੱਖਣ ਵਾਲੇ ਅਧਿਕਾਰੀ ਸਨ। ਵਾਈਸ ਚਾਂਸਲਰ ਦਾ ਦਫ਼ਤਰ ਚੰਡੀਗੜ੍ਹ ਸੀ ਕਿਉਕਿ ਉਦੋਂ ਯੂਨੀਵਰਸਿਟੀ ਦੇ ਤਿੰਨ ਕੈਂਪਸ ਲੁਧਿਆਣਾ, ਹਿਸਾਰ ਅਤੇ ਪਾਲਮਪੁਰ ਸਨ ਅਤੇ ਸਾਰੇ ਸੂਬੇ ਵਿਚ ਹੀ ਖੋਜ ਤੇ ਪਸਾਰ ਕੇਂਦਰ ਹਨ। ਉਨ੍ਹਾਂ ਦਾ ਦਬਦਬਾ ਇੰਨਾ ਸੀ ਕਿ ਕਦੇ ਕਿਸੇ ਅਧਿਆਪਕ ਜਾਂ ਕਰਮਚਾਰੀ ਨੇ ਪੰਜ ਮਿੰਟ ਵੀ ਪੱਛੜ ਕੇ ਆਉਣ ਦਾ ਹੌਸਲਾ ਨਹੀਂ ਕੀਤਾ। ਸਾਰੇ ਹੀ ਪੂਰੀ ਇਮਾਨਦਾਰੀ ਨਾਲ ਵਧ ਚੜ੍ਹ ਕੇ ਕੰਮ ਕਰਦੇ ਸਨ। ਥਾਪਰ ਨੇ ਨਿਰੋਲ ਮੈਰਿਟ ਦੇ ਆਧਾਰ ਉਤੇ ਸਾਰੇ ਦੇਸ਼ ਵਿੱਚੋਂ ਲੱਭ ਕੇ ਵਧੀਆ ਮਾਹਿਰ ਭਰਤੀ ਕੀਤੇ। ਇੰਝ ਇਕ ਮਜ਼ਬੂਤ ਸੰਸਥਾ ਦੀ ਨੀਂਹ ਰੱਖੀ ਗਈ। ਡਾ. ਥਾਪਰ ਪਿੱਛੋਂ ਡਾ. ਮਹਿੰਦਰ ਸਿੰਘ ਰੰਧਾਵਾ ਆਈ ਸੀ ਐੱਸ ਦੂਜੇ ਵਾਈਸ ਚਾਂਸਲਰ ਬਣੇ ਅਤੇ ਇਸੇ ਪ੍ਰੰਪਰਾ ਨੂੰ ਜਾਰੀ ਰੱਖਿਆ ਜਿਸ ਕਰਕੇ ਯੂਨੀਵਰਸਿਟੀ ਨੇ ਨਵੀਆਂ ਬੁਲੰਦੀਆਂ ਛੁਹੀਆਂ।
ਉਨ੍ਹਾਂ ਕੇਵਲ ਵਧੀਆ ਕੰਮਕਾਰੀ ਮਾਹੌਲ ਹੀ ਨਹੀਂ ਬਣਾਈ ਰੱਖਿਆ ਸਗੋਂ ਚੌਗਿਰਦੇ ਨੂੰ ਵੀ ਸੁੰਦਰ ਬਣਾਇਆ। ਇਸ ਸੰਸਥਾ ਦੀ ਕੀਰਤੀ ਸਾਰੇ ਸੰਸਾਰ ਵਿਚ ਫ਼ੈਲੀ ਅਤੇ ਦੂਰੋਂ-ਦੂਰੋਂ ਲੋਕੀ ਇਸ ਨੂੰ ਵੇਖਣ ਆਉਣ ਲੱਗੇ। ਯੂਨੀਵਰਸਿਟੀ ਨੇ ਪੰਜਾਬ ਦੇ ਕਿਸਾਨਾਂ ਵਿਚ ਕੇਵਲ ਵਿਗਿਆਨਕ ਸੋਚ ਨੂੰ ਹੀ ਵਿਕਸਤ ਨਹੀਂ ਕੀਤਾ ਸਗੋਂ ਵਿਗਿਆਨਕ ਖੋਜਾਂ ਉਤੇ ਭਰੋਸਾ ਵੀ ਕਰਵਾਇਆ। ਜਿਸ ਤੇਜ਼ੀ ਨਾਲ ਸੱਤਰਵਿਆਂ ਵਿਚ ਪੰਜਾਬ ਦਾ ਖੇਤੀ ਵਿਕਾਸ ਹੋਇਆ ਉਸੇ ਤੇਜ਼ੀ ਨਾਲ ਸੰਸਾਰ ਦੇ ਹੋਰ ਕਿਸੇ ਖਿੱਤੇ ਵਿਚ ਖੇਤੀ ਵਿਕਾਸ ਨਹੀਂ ਹੋਇਆ।
ਇਸੇ ਕਰਕੇ ਇਸ ਨੂੰ ਹਰੇ ਇਨਕਲਾਬ ਦਾ ਨਾਂ ਦਿੱਤਾ ਗਿਆ। ਇਹ ਵੀ ਮਾਣ ਵਾਲੀ ਗੱਲ ਹੈ ਕਿ ਰੰਧਾਵਾ ਸਾਹਿਬ ਪਿੱਛੋਂ ਜਿੰਨੇ ਵੀ ਵਾਇਸ ਚਾਂਸਲਰ ਬਣੇ ਉਹ ਸਾਰੇ ਇੱਥੋਂ ਦੇ ਖੇਤੀ ਕਾਲਜ ਦੇ ਵਿਦਿਆਰਥੀ ਹੀ ਰਹੇ ਹਨ। ਸਾਰਿਆਂ ਨੇ ਹੀ ਆਪਣੀ ਸਮਰੱਥਾ ਅਤੇ ਲੋੜ ਅਨੁਸਾਰ ਅਹਿਮ ਯੋਗਦਾਨ ਪਾਇਆ ਹੈ।
ਮੌਜੂਦਾ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਜਿੱਥੇ ਆਪ ਉੱਚ ਕੋਟੀ ਦੇ ਵਿਗਿਆਨੀ ਹਨ ਉੱਥੇ ਇਕ ਇਮਾਨਦਾਰ, ਮਿੱਠਬੋਲੜੇ ਅਤੇ ਕੁਸ਼ਲ ਪ੍ਰਬੰਧਕ ਵੀ ਹਨ। ਉਨ੍ਹਾਂ ਆਉਦਿਆਂ ਹੀ ਯੂਨੀਵਰਸਿਟੀ ਦਾ ਮੂੰਹ ਮੱਥਾ ਮੁੜ ਸ਼ਿੰਗਾਰਨਾ ਸ਼ੁਰੂ ਕੀਤਾ ਹੈ ਅਤੇ ਖੋਜ ਦੇ ਪ੍ਰੋਗਰਾਮ ਨੂੰ ਸੂਬੇ ਦੀਆਂ ਮੌਜੂਦਾ ਲੋੜਾਂ ਅਨੁਸਾਰ ਢਾਲਣ ਦਾ ਯਤਨ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਸੂਬੇ ਦੀ ਨਵੀਂ ਖੇਤੀ ਵਿਕਾਸ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਜਿਸ ਵਿਚ ਯੂਨੀਵਰਸਿਟੀ ਅਹਿਮ ਭੂਮਿਕਾ ਨਿਭਾ ਰਹੀ ਹੈ।
ਡਾਇਮੰਡ ਜੁਬਲੀ ਮੌਕੇ ਸੰਚਾਰ ਕੇਂਦਰ ਵਲੋਂ ਇਕ ਖ਼ੂਬਸੂਰਤ ਕੌਫ਼ੀ ਟੇਬਲ ਬੁਕ ‘ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਦਾ ਅਟੁੱਟ ਰਿਸ਼ਤਾ-ਪੀ ਏ ਯੂ ਦੀ ਅਹਿਮ ਪ੍ਰਾਪਤੀ’ ਨਾਮ ਹੇਠ ਅੰਗੇ੍ਰਜ਼ੀ ਅਤੇ ਪੰਜਾਬੀ ਵਿਚ ਛਾਪੀ ਗਈ ਹੈ ਜਿਸ ਨੂੰ ਸ਼ੀਤਲ ਚਾਵਲਾ ਸਹਾਇਕ ਨਿਰਦੇਸ਼ਕ ਵਲੋਂ ਬਹੁਤ ਮਿਹਨਤ ਨਾਲ ਤਿਆਰ ਕੀਤਾ ਹੈ। ਇਸ ਵਿਚ ਜਿੱਥੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦੀ ਝਲਕ ਮਿਲਦੀ ਹੈ ਉਥੇ ਪੰਜਾਬ ਦੇ 22 ਜ਼ਿਲ੍ਹਿਆਂ ਵਿਚ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਵੀ ਦਰਸਾਉਦੀ ਹੈ। ਦੇਸ਼ ਦੀ ਆਜ਼ਾਦੀ ਸਮੇਂ ਪੰਜਾਬ ਦੀ ਵੰਡ ਤੋਂ ਲੈ ਕੇ ਹਰੇ ਇਨਕਲਾਬ ਦੀ ਸਿਰਜਣਾ ਤੱਕ ਦਾ ਸਚਿੱਤਰ ਇਤਿਹਾਸ ਇਸ ਵਿਚ ਅੰਕਿਤ ਕਰਨ ਦਾ ਸਫ਼ਲ ਯਤਨ ਕੀਤਾ ਗਿਆ ਹੈ। ਯੂਨੀਵਰਸਿਟੀ ਵਲੋਂ ਹੁਣ ਤਕ ਕਣਕ ਦੀਆਂ 78 ਕਿਸਮਾਂ ਕਾਸ਼ਤ ਲਈ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ 39 ਕੌਮੀ ਪੱਧਰ ਉਤੇ ਸਾਰੇ ਦੇਸ਼ ਵਿਚ ਕਾਸ਼ਤ ਦੀ ਸਿਫਾਰਸ਼ ਵਾਲੀਆਂ ਹਨ। ਇਸੇ ਤਰ੍ਹਾਂ ਝੋਨੇ ਦੀਆਂ 30 ਅਤੇ ਬਾਸਮਤੀ ਦੀ 18 ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ। ਮੱਕੀ ਵਿਚ ਵਧੀਆ ਕੰਮ ਹੋਇਆ ਹੈ। ਹੁਣ ਤਕ 51 ਕਿਸਮਾਂ ਦੀ ਕਾਸ਼ਤ ਦੀ ਸਿਫਾਰਸ਼ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 25 ਕੌਮੀ ਪੱਧਰ ਉਤੇ ਰਿਲੀਜ਼ ਕੀਤੀਆਂ ਗਈਆਂ ਹਨ। ਕਪਾਹ ਵਿਚ ਵੀ ਵਧੀਆ ਖੋਜਾਂ ਹੋਈਆਂ ਹਨ। ਨਰਮੇ ਅਤੇ ਦੇਸੀ ਕਪਾਹ ਦੀਆਂ 40 ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਦੋਗਲੀਆਂ ਕਿਸਮਾਂ ਵੀ ਸ਼ਾਮਿਲ ਹਨ। ਦਾਲਾਂ ਹੇਠ ਭਾਵੇਂ ਪੰਜਾਬ ਵਿਚ ਰਕਬਾ ਘਟ ਹੈ ਪਰ ਯੂਨੀਵਰਸਿਟੀ ਵੱਲੋਂ 64 ਕਿਸਮਾਂ ਦੀ ਕਾਸ਼ਤ ਲਈ ਸਿਫਾਰਸ਼ ਕੀਤੀ ਗਈ ਹੈ। ਤੇਲ ਬੀਜਾਂ ਸਬੰਧੀ ਵੀ ਵਧੀਆ ਕੰਮ ਹੋਇਆ ਹੈ। ਹੁਣ ਤਕ ਕੋਈ 59 ਕਿਸਮਾਂ ਦੀ ਸਿਫਾਰਸ਼ ਹੋਈ ਹੈ। ਗੰਨੇ ਦੀ ਕਾਸ਼ਤ ਸਬੰਧੀ ਵੀ ਵਧੀਆ ਖੋਜ ਹੋਈ। ਕਾਸ਼ਤ ਦੇ ਢੰਗ ਤਰੀਕਿਆਂ ਦੇ ਨਾਲੋ ਨਾਲ 31 ਨਵੀਆਂ ਕਿਸਮਾਂ ਵੀ ਕਾਸ਼ਤ ਲਈ ਜਾਰੀ ਕੀਤੀਆਂ ਗਈਆਂ ਹਨ।
ਪੀ ਏ ਯੂ ਵਿਚ ਪਹਿਲੀ ਵੇਰ ਦੋਗਲੇ ਬਾਜਰੇ ਦੀ ਕਿਸਮ ਤਿਆਰ ਕੀਤੀ ਗਈ ਸੀ। ਹੁਣ ਤਕ ਬਾਜਰੇ ਦੀਆਂ 15 ਕਿਸਮਾਂ ਤਿਆਰ ਹੋਈਆਂ ਹਨ ਪਰ ਸੂਬੇ ਵਿਚ ਹੁਣ ਬਾਜਰੇ ਦੀ ਕਾਸ਼ਤ ਆਮ ਕਰਕੇ ਚਾਰੇ ਲਈ ਹੀ ਕੀਤੀ ਜਾਂਦੀ ਹੈ। ਚਾਰੇ ਦੀਆਂ ਦੂਜੀਆਂ ਫ਼ਸਲਾਂ ਜਿਵੇਂ ਬਰਸੀਮ, ਜਵੀਂ, ਚਰੀ੍ਹ, ਰਾਈ ਗ੍ਰਾਸ, ਮੱਕੀ ਆਦਿ ਦੀਆਂ ਵੱਧ ਝਾੜ ਦੇਣ ਵਾਲੀਆਂ 64 ਨਵੀਆਂ ਕਿਸਮਾਂ ਤਿਆਰ ਗਈਆਂ ਹਨ। ਸੂਬੇ ਵਿਚ ਬਾਗ਼ਬਾਨੀ ਨੂੰ ਉਤਸਾਹਿਤ ਕਰਨ ਦੇ ਵੀ ਯਤਨ ਜਾਰੀ ਹਨ। ਪੰਜਾਬ ਵਿਚ ਕਾਸ਼ਤ ਕੀਤੇ ਜਾ ਸਕਣ ਵਾਲੇ ਸਾਰੇ ਫ਼ਲਾਂ ਲਈ ਉਨਤ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਕਿੰਨੋ, ਅਮਰੂਦ, ਅੰਬ, ਬੇਰ, ਨਾਖ਼ ਹੇਠ ਰਕਬੇ ਵਿਚ ਵਾਧਾ ਹੋਇਆ ਹੈ।
ਪੰਜਾਬ ਵਿਚ ਬਹੁਗਿਣਤੀ ਛੋਟੇ ਕਿਸਾਨਾਂ ਦੀ ਅਤੇ ਸਾਰੀ ਧਰਤੀ ਸੇਂਜੂ ਹੋਣ ਕਰਕੇ ਸਬਜ਼ੀਆਂ ਦੀ ਕਾਸ਼ਤ ਨੂੰ ਉਤਸਾਹਿਤ ਕਰਨ ਵਲ ਵਧੇਰੇ ਧਿਆਨ ਦੇਣ ਦੀ ਲੋੜ ਹੈ। ਇਸੇ ਲਈ ਬਾਗ਼ਬਾਨੀ ਦਾ ਇਕ ਨਵਾਂ ਕਾਲਜ ਖੋਲ੍ਹਿਆ ਗਿਆ ਹੈ। ਯੂਨੀਵਰਸਿਟੀ ਨੇ ਟਮਾਟਰ, ਖਰਬੂਜਾ, ਮਿਰਚਾਂ, ਮਟਰ, ਪਿਆਜ਼, ਗਾਜਰ ਆਦਿ ਦੀਆਂ ਵਧੀਆ ਕਿਸਮਾਂ ਤਿਆਰ ਕੀਤੀਆਂ ਹਨ। ਪੰਜਾਬ ਵਿਚ ਫ਼ੁਲਾਂ ਦੀ ਕਾਸ਼ਤ ਨੂੰ ਪ੍ਰਚਲਿਤ ਕਰਨ ਲਈ ਵੱਖਰਾ ਵਿਭਾਗ ਬਣਾਇਆ ਗਿਆ ਹੈ। ਖੇਤੀ ਜੰਗਲਾਤ ਦੇ ਵਿਕਾਸ ਲਈ ਵੀ ਵੱਖਰਾ ਵਿਭਾਗ ਬਣਾਇਆ ਗਿਆ ਹੈ। ਰੁੱਖਾਂ ਹੇਠ ਧਰਤੀ ਵਿਚ ਵਾਧਾ ਕਰਨ ਲਈ ਇਸ ਵਿਭਾਗ ਵੱਲੋਂ ਢੁੱਕਵੇਂ ਰੁੱਖਾਂ ਦੀਆਂ ਕਿਸਮਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਸ਼ਹਿਦ ਦੀਆਂ ਮੱਖੀਆਂ ਦਾ ਪਾਲਣ ਅਤੇ ਖੁੰਬਾਂ ਦੀ ਕਾਸ਼ਤ ਵਿਚ ਹੁਣ ਪੰਜਾਬ ਮੋਹਰੀ ਸੂਬਾ ਬਣ ਗਿਆ ਹੈ। ਪਾਣੀ ਦੀ ਬਚਤ, ਜੈਵਿਕ ਖੇਤੀ ਅਤੇ ਧਰਤੀ ਦੀ ਉਪਜਾਊ ਸ਼ਕਤੀ ਦੀ ਰਖਵਾਲੀ ਲਈ ਵਿਸ਼ੇਸ਼ ਯਤਨ ਹੋ ਰਹੇ ਹਨ। ਪੰਜਾਬ ਵਿਚ ਖੇਤੀ ਦਾ ਪੂਰਾ ਮਸ਼ੀਨੀਕਰਨ ਹੋ ਚੁੱਕਿਆ ਹੈ।
ਸੂਬੇ ਦੀ ਲੋੜ ਅਨੁਸਾਰ ਮਸ਼ੀਨਾਂ ਵਿਕਸਤ ਕਰਨ ਵਿਚ ਯੂਨੀਵਰਸਿਟੀ ਦੀ ਅਹਿਮ ਭੂਮਿਕਾ ਹੈ। ਖੇਤੀ ਉਪਜ ਦੇ ਪਦਾਰਥੀਕਰਨ ਸਬੰਧੀ ਵਿਭਾਗ ਵਧੀਆ ਖੋਜ ਕਰ ਰਹੇ ਹਨ ਅਤੇ ਨਵੀਆਂ ਤਕਨੀਕਾਂ ਵਿਕਸਤ ਕੀਤੀਆਂ ਗਈਆਂ ਹਨ। ਯੂਨੀਵਰਸਿਟੀ ਦੇ ਖੇਤੀ ਸਨਅਤ ਨਾਲ ਵੀ ਵਧੀਆ ਸਬੰਧ ਹਨ। ਇੱਥੋਂ ਦੀਆਂ ਵਿਕਸਤ ਤਕਨੀਕਾਂ ਨੂੰ ਅਪਨਾਉਣ ਲਈ ਬਹੁਤ ਸਾਰੀਆਂ ਫ਼ਰਮਾਂ ਨਾਲ ਸਮਝੌਤੇ ਕੀਤੇ ਗਏ ਹਨ। ਕਿਸਾਨਾਂ, ਕਿਸਾਨ ਬੀਬੀਆਂ ਅਤੇ ਪਸਾਰ ਕਰਮਚਾਰੀਆਂ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਚਲਾਏ ਜਾ ਰਹੇ ਹਨ। ਮੁੱਖ ਕੈਂਪਸ ਦੇ ਨਾਲੋ ਨਾਲ 18 ਜ਼ਿਲ੍ਹਿਆਂ ਵਿਚ ਿਸ਼ੀ ਵਿਗਿਆਨ ਕੇਂਦਰ ਖੋਲ੍ਹੇ ਗਏ ਹਨ। ਸੂਬੇ ਵਿਚ ਸਤ ਖੇਤਰੀ ਖੋਜ ਕੇਂਦਰ, ਤਿੰਨ ਫ਼ਲ ਖੋਜ ਕੇਂਦਰ, ਇਕ ਸਬਜ਼ੀ ਖੋਜ ਕੇਂਦਰ, ਚਾਰ ਬੀਜ ਫ਼ਾਰਮ ਅਤੇ ਫਾਰਮ ਸਲਾਹਕਾਰ ਸੇਵਾ ਦੇ 15 ਕੇਂਦਰ ਹਨ। ਸੂਬੇ ਦੀ ਖੇਤੀ ਨਾਲ ਸਬੰਧਿਤ ਸਮੁੱਚੀ ਖੋਜ ਦੀ ਜ਼ਿੰੁਮੇਵਾਰੀ ਯੂਨੀਵਰਸਿਟੀ ਕੋਲ ਹੈ। ਪਸ਼ੂ ਪਾਲਣ ਯੂਨੀਵਰਸਿਟੀ ਵੱਖਰੀ ਬਣਨ ਤੋਂ ਪਹਿਲਾਂ ਪਸ਼ੂਆਂ ਸਬੰਧੀ ਖੋਜ ਵੀ ਇਸੇ ਯੂਨੀਵਰਸਿਟੀ ਕੋਲ ਸੀ। ਯੂਨੀਵਰਸਿਟੀ ਵੱਲੋਂ ਵਧੀਆ ਮੱਝਾਂ, ਗਾਵਾਂ, ਮੁਰਗੀਆਂ, ਸੂਰ, ਬਕਰੀਆਂ ਆਦਿ ਦੇ ਵੱਗ ਵਿਕਸਤ ਕੀਤੇ ਗਏ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਪ੍ਰਾਪਤੀਆਂ ਉਤੇ ਮਾਣ ਕਰਨਾ ਚਾਹੀਦਾ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਭਵਿੱਖ ਦੀਆਂ ਚੁਣੌਤੀਆਂ ਬਾਰੇ ਵੀ ਵਿਚਾਰ ਕੀਤਾ ਜਾਵੇ। ਪੰਜਾਬ ਦੀ ਖੇਤੀ ਵਿਚ ਕਈ ਵਰ੍ਹਿਆਂ ਤੋਂ ਖੜੋਤ ਆ ਗਈ ਹੈ। ਸਮੇਂ ਦੇ ਬੀਤਣ ਨਾਲ ਮਾਲਕੀ ਜ਼ਮੀਨਾਂ ਬਹੁਤ ਘਟ ਗਈਆਂ ਹਨ ਮਹਿੰਗਾਈ ਵਿਚ ਵਾਧੇ ਨਾਲ ਗੁਜ਼ਾਰਾ ਔਖਾ ਹੋ ਗਿਆ ਹੈ ਕਿਉਕਿ ਉਪਜ ਦੀਆਂ ਕੀਮਤਾਂ ਵਿਚ ਉਸੇ ਦਰ ਨਾਲ ਵਾਧਾ ਨਹੀਂ ਹੋਇਆ ਹੈ। ਧਰਤੀ ਹੇਠਲਾ ਪਾਣੀ ਘਟ ਰਿਹਾ ਹੈ। ਖੇਤੀ ਵਿਚ ਰਸਾਇਣਾਂ ਦੀ ਵਰਤੋਂ ਘਟ ਕਰਨ ਦੀ ਲੋੜ ਹੈ। ਮੌਜੂਦਾ ਫ਼ਸਲ ਚੱਕਰ ਵਿਚ ਵਿਹਲ ਬਹੁਤ ਹੈ। ਇਸੇ ਵਿਹਲ ਕਰਕੇ ਸਮਾਜਿਕ ਬੁਰਾਈਆਂ ਵਿਚ ਵਾਧਾ ਹੋ ਰਿਹਾ ਹੈ। ਨਵੀਂ ਪੀੜ੍ਹੀ ਖੇਤੀ ਤੋਂ ਦੂਰ ਹੋ ਰਹੀ ਹੈ। ਨਵੀਂ ਪੀੜ੍ਹੀ ਨੂੰ ਖੇਤੀ ਨਾਲ ਜੋੜਨਾ ਜ਼ਰੂਰੀ ਹੈ ਕਿਉਕਿ ਭਵਿੱਖ ਵਿਚ ਉਹ ਕੌਮਾਂ ਹੀ ਖ਼ੁਸ਼ਹਾਲ ਹੋਣਗੀਆਂ ਜਿਨ੍ਹਾਂ ਦੀ ਖੇਤੀ ਵਧੀਆ ਹੋਵੇਗੀ। ਯੂਨੀਵਰਸਿਟੀ ਨੂੰ ਇਨ੍ਹਾਂ ਮਸਲਿਆਂ ਦੇ ਹਲ ਲੱਭਣ ਲਈ ਸਮਾਂਬੱਧ ਖੋਜ ਨੀਤੀ ਬਣਾਉਣ ਦੀ ਲੋੜ ਹੈ। ਕਿਸਾਨ ਦੀ ਆਮਦਨ ਵਿਚ ਵਾਧਾ ਕਰਨਾ, ਅਜਿਹੇ ਫ਼ਸਲ ਚੱਕਰ ਵਿਕਸਤ ਕਰਨੇ ਜਿਸ ਅਨੁਸਾਰ ਸਾਰਾ ਸਾਲ ਹੀ ਸਾਰਾ ਟੱਬਰ ਕੰਮਾਂ ਵਿਚ ਰੱੁਝਿਆ ਰਹੇ, ਕਿਸਾਨਾਂ ਨੂੰ ਉਪਜ ਦੇ ਪਦਾਰਥੀਕਰਨ ਲਈ ਉਤਸਾਹਿਤ ਕਰਨਾ ਅਤੇ ਮੰਡੀ ਸਬੰਧੀ ਜਾਣਕਾਰੀ ਦੇਣਾ ਜ਼ਰੂਰੀ ਹੈ। ਅਜਿਹੀਆਂ ਕਿਸਮਾਂ ਵਿਕਸਤ ਕਰਨਾ ਜਿਨ੍ਹਾਂ ਦੀਆਂ ਪਾਣੀ ਲੋੜਾਂ ਘਟ ਹੋਣ ਅਤੇ ਬਿਮਾਰੀਆਂ ਤੇ ਕੀੜਿਆਂ ਦਾ ਟਾਕਰਾ ਕਰਨ ਦੀ ਸਮਰੱਥਾ ਹੋਵੇ।
ਮੀਂਹ ਦੇ ਪਾਣੀ ਦੀ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਵਿਚ ਵਾਧੇ ਲਈ ਢੰਗ ਤਰੀਕੇ ਵਿਕਸਤ ਕਰਨੇ। ਜੈਵਿਕ ਖੇਤੀ, ਨਦੀਨ ਨਾਸ਼ਕਾਂ ਦੀ ਵਰਤੋਂ ਬਗ਼ੈਰ ਨਦੀਨਾਂ ਦੀ ਰੋਕਥਾਮ ਬਾਰੇ ਵਿਚ ਖੋਜ ਦੀ ਲੋੜ ਹੈ। ਕਿਸਾਨ ਸਿਖਲਾਈ ਪ੍ਰੋਗਰਾਮ ਨੂੰ ਨਵੀਂ ਸੇਧ ਦਿੱਤੀ ਜਾਵੇ। ਕਲਾਸ ਰੂਮ ਤੋਂ ਬਾਹਰ ਆ ਕੇ ਖੇਤਾਂ ਵਿਚ ਅਮਲੀ ਸਿਖਲਾਈ ਵੱਲ ਵਧੇਰੇ ਧਿਆਨ ਦਿੱਤਾ ਜਾਵੇ। ਯੂਨੀਵਰਸਿਟੀ ਅੰਦਰ ਨਵੀਂ ਹਿਲਜੁਲ ਸ਼ੁਰੂ ਹੋਈ ਹੈ ਪਰ ਇਸ ਦੀ ਗਤੀ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ। ਵਿਦਿਆਰਥੀ ਖੋਜ ਨੂੰ ਵਿਭਾਗੀ ਖੋਜ ਨਾਲ ਜੋੜਿਆ ਜਾਵੇ ਤਾਂ ਜੋ ਇਸ ਦਾ ਲਾਹਾ ਲਿਆ ਜਾ ਸਕੇ। ਉਮੀਦ ਹੈ ਪਹਿਲਾਂ ਵਾਂਗ ਹੀ ਪੀ ਏ ਯੂ ਦੇ ਵਿਗਿਆਨੀ ਆਪਣੀ ਜ਼ਿੰਮੇਵਾਰੀ ਨੂੰ ਮਹਿਸੂਸ ਕਰਦੇ ਹੋਏ ਪੰਜਾਬ ਦੀ ਖੇਤੀ ਨੂੰ ਨਵਾਂ ਮੋੜ ਦੇਣ ਵਿਚ ਜ਼ਰੂਰ ਸਫ਼ਲ ਹੋਣਗੇ।
ਖੇਤੀ ਇਕੋ ਥਾਂ ਖੜ੍ਹੀ ਹੈ,
ਉਦਾਸੀ ਦੀ ਗਹਿਰ ਚੜ੍ਹੀ ਹੈ।
ਨਵੀਂ ਕ੍ਰਾਂਤੀ ਲੋੜੇ ਖੇਤੀ
ਜ਼ੁੰਮੇਵਾਰੀ ਮੁੜ ਬੜੀ ਹੈ।
ਆਵੋ ਰਲ ਮਿਹਨਤ ਕਰੀਏ
ਪਰਖ ਦੀ ਘੜੀ ਹੈ ਆਈ।
ਉਸੇ ਨੂੰ ਸੁਰਜੀਤ ਕਰੀਏ,
ਪਹਿਲਾਂ ਜਿਹੜੀ ਪਿਰਤ ਹੈ ਪਾਈ।
- ਡਾ. ਰਣਜੀਤ ਸਿੰਘ