ਤਲਾਬ ਵਿਚ ਸਿਫਾਰਸ਼ ਦਰ ਤੋਂ ਵੱਧ ਮੱਛੀ ਸਟਾਕ ਕਰਨ ਤੋਂ ਅਤੇ ਵੱਧ ਖਾਦਾ/ਖ਼ੁਰਾਕ ਦੀ ਵਰਤੋਂ ਤੋਂ ਪਰਹੇਜ਼ ਕਰੋ । ਇਸ ਨਾਲ ਮੱਛੀ ਉਤਪਾਦਨ ਲਾਗਤ ਵਿਚ ਵਾਧਾ ਹੂੰਦਾ ਹੈ, ਪਾਣੀ ਦੀ ਕੁਆਲਿਟੀ ਖ਼ਰਾਬ ਹੋ ਜਾਂਦੀ ਹੈ ਅਤੇ ਤਲਾਬ ਵਿਚ ਹਾਨੀਕਾਰਕ ਗੈਸਾਂ ਪੈਦਾ ਹੋ ਜਾਂਦੀਆਂ ਹਨ। ਇਨ੍ਹਾਂ ਕਾਰਨਾਂ ਕਰਕੇ ਮੱਛੀ ਤਣਾਅ ’ਚ ਆ ਜਾਂਦੀ ਹੈ, ਬਿਮਾਰੀ ਫੈਲਣ ਦੀ ਸੰਭਾਵਨਾ ਵੱਧ ਜਾਂਦੀ ਹੈ ਤੇ ਮੱਛੀ ਮਰ ਵੀ ਸਕਦੀ ਹੈ।

ਉੱਤਰ ਭਾਰਤ ’ਚ ਗਰਮੀਆਂ ਦਾ ਮੌਸਮ (ਮਾਰਚ/ਅਪ੍ਰੈਲ ਤੋਂ ਅਕਤੂਬਰ/ਨਵੰਬਰ) ਦੇ ਵਾਧੇ ਵਿਕਾਸ ਲਈ ਸਭ ਤੋਂ ਅਨੁਕੂਲ ਮੌਸਮ ਹੈ ਅਤੇ ਕੁਝ ਸੂਝਵਾਨ ਪ੍ਰਬੰਧਕੀ ਉਪਰਾਲੇ ਮੱਛੀ ਉਤਪਾਦਨ ਵਧਾ ਕੇ ਕਿਸਾਨ ਦੀ ਆਮਦਨੀ ਵਿਚ ਮੱਹਤਵਪੂਰਨ ਵਾਧਾ ਕਰ ਸਕਦੇ ਹਨ। ਇਸ ਸੰਦਰਭ ’ਚ ਗੁਰੂ ਅੰਗਦ ਦੇਵ ਵੈਟਨਰੀ ਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਦੇ ਫਿਸ਼ਰੀਜ਼ ਕਾਲਜ ਦੇ ਡੀਨ ਡਾ. ਮੀਰਾ ਡੀ. ਆਂਸਲ ਅਨੁਸਾਰ ਮੱਛੀ ਦੇ ਅਨੁਕੂਲ ਵਾਧੇ-ਵਿਕਾਸ ਲਈ ਜ਼ਰੂਰੀ ਹੈ ਕਿ ਮੱਛੀ ਨੂੰ ਤਣਾਅ-ਮੁਕਤ ਵਾਤਾਵਰਣ ’ਚ ਪਾਲਿਆ ਜਾਵੇ, ਖ਼ਾਸ ਕਰਕੇ ਜਦੋਂ ਪਾਣੀ ਦਾ ਤਾਪਮਾਨ 35 ਡਿਗਰੀ ਤੋਂ ਵੱਧ ਜਾਵੇ। ਇਸ ਲਈ ਗਰਮੀ ਦੇ ਸਿਖ਼ਰਲੇ ਮਹੀਨਿਆਂ ਦੌਰਾਨ ਮੱਛੀ ਨੂੰ ਪਾਣੀ ਦੀ ਗਰਮ ਸਤ੍ਹਾ ਤੋਂ ਬਚਣ ਲਈ ਭਰਪੂਰ ਜਗ੍ਹਾ ਮੁਹੱਈਆ ਕਰਵਾਉਣ, ਕਿਸਾਨ ਤਲਾਬ ’ਚ ਪਾਣੀ ਦੀ ਡੂੰਘਾਈ 5-6 ਫੁੱਟ ਬਰਕਰਾਰ ਰੱਖਣ।
ਆਕਸੀਜਨ ਦੀ ਕਮੀ ਦਾ ਸੰਕੇਤ
ਗਰਮੀਆਂ ਦੌਰਾਨ ਮੱਛੀ ਤਲਾਬ ’ਚ ਆਕਸੀਜਨ ਦੀ ਮਾਤਰਾ ਖ਼ਤਰਨਾਕ ਪੱਧਰ ਤੱਕ ਘੱਟ ਸਕਦੀ ਹੈ, ਖ਼ਾਸ ਕਰਕੇ ਤੜਕੇ ਵੇਲੇ। ਅਜਿਹੇ ਅਣਚਾਹੇ ਬਦਲਾਅ ਤੋਂ ਬਚਣ ਲਈ ਮਾਹਿਰ ਮੱਛੀ ਤਲਾਬ ’ਚ ਤੜਕੇ ਸੂਰਜ ਚੜ੍ਹਨ ਤੋਂ ਪਹਿਲਾਂ ਤਾਜ਼ਾ ਪਾਣੀ ਪਾ ਕੇ ਜਾਂ ਏਰੀਏਟਰ ਦੀ ਮਦਦ ਨਾਲ ਏਰੀਏਸ਼ਨ ਕਰਨ ਦੀ ਸਲਾਹ ਦਿੰਦੇ ਹਨ, ਤਾਂ ਜੋ ਪਾਣੀ ਵਿਚਲੀ ਆਕਸੀਜਨ ਦੀ ਮਾਤਰਾ ਨੂੰ 5 ਮਿ. ਗ੍ਰਾਮ ਪ੍ਰਤੀ ਲੀਟਰ ਕਾਇਮ ਰੱਖਿਆ ਜਾ ਸਕੇ। ਇਸ ਤੋਂ ਇਲਾਵਾ ਜੇ ਮੱਛੀ ਪਾਣੀ ਦੀ ਸਤ੍ਹਾ ਦੇ ਨੇੜੇ ਤਰਦੀ ਦਿਸੇ ਜਾਂ ਪਾਣੀ ’ਚੋਂ ਮੂੰਹ ਬਾਹਰ ਕੱਡ ਕੇ ਸਾਹ ਲੈਂਦੀ ਦਿਸੇ ਤਾਂ ਇਹ ਪਾਣੀ ਵਿਚ ਆਕਸੀਜਨ ਦੀ ਕਮੀ ਦਾ ਸੰਕੇਤ ਹੈ। ਅਜਿਹੀ ਸਥਿਤੀ ’ਚ ਕਿਸਾਨ ਨੂੰ ਤੁਰੰਤ ਤਲਾਬ ਦੀ ਏਰੀਏਸ਼ਨ ਕਰਨੀ ਚਾਹੀਦੀ ਹੈ। ਉਸ ਵਿਚ ਤਾਜ਼ਾ ਪਾਣੀ ਪਾਉਣਾ ਚਹਿਦਾ ਹੈ ਤੇ ਤਲਾਬ ’ਚ ਖਾਦ ਅਤੇ ਖ਼ੁਰਾਕ ਦੀ ਵਰਤੋਂ ਸਥਿਤੀ ਸੁਧਰਨ ਤੱਕ ਮੁਅੱਤਲ ਕਰ ਦੇਣੀ ਚਾਹਿਦੀ ਹੈ।
ਪਾਣੀ ਦੀ ਤਾਜ਼ੇ ਪਾਣੀ ਨਾਲ ਅਦਲਾ-ਬਦਲੀ
ਇਸ ਤੋਂ ਇਲਾਵਾ ਸਮੇਂ-ਸਮੇਂ ਸਿਰ ਤਲਾਬ ਦੇ 25-50 ਫ਼ੀਸਦੀ ਪਾਣੀ ਦੀ ਤਾਜ਼ੇ ਪਾਣੀ ਨਾਲ ਅਦਲਾ-ਬਦਲੀ ਵੀ ਮੱਛੀ ਸਿਹਤ ਤੇ ਉਤਪਾਦਨ ਲਈ ਲਾਭਦਾਇਕ ਹੈ। ਇਸ ਮਕਸਦ ਲਈ ਤਲਾਬ ਦੇ ਪੋਸ਼ਕ ਤੱਤਾਂ (N, P & K) ਨਾਲ ਭਰਪੂਰ ਪਾਣੀ ਨੂੰ ਝੋਨੇ ਅਤੇ ਹੋਰ ਮੌਸਮੀ ਫ਼ਸਲਾਂ ਦੀ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ, ਜਿਸ ਨਾਲ ਨਾ ਸਿਰਫ਼ ਤਲਾਬ ਦੇ ਪਾਣੀ ਦੀ ਕੁਆਲਿਟੀ ਬਰਕਰਾਰ ਰਹੇਗੀ ਸਗੋਂ ਖੇਤੀਬਾੜੀ ਫ਼ਸਲਾਂ ’ਚ ਵੀ ਅਜੈਵਿਕ ਖਾਦਾਂ ਦੀ ਲੋੜ ਵੀ 50-75 ਫ਼ੀਸਦੀ ਘੱਟ ਜਾਵੇਗੀ।
ਕੁਦਰਤੀ ਖ਼ੁਰਾਕ ਦਾ ਟਿਕਾਊ ਉਤਪਾਦਨ
ਮੱਛੀ ਦੇ ਅਨੁਕੂਲ ਵਾਧੇ-ਵਿਕਾਸ ਲਈ ਇਹ ਵੀ ਜ਼ਰੂਰੀ ਹੈ ਕਿ ਤਲਾਬ ’ਚ ਮੱਛੀ ਦੀ ਕੁਦਰਤੀ ਖ਼ੁਰਾਕ (ਪਲੈਂਕਟਨ ਨਾਮਕ ਸੂਖ਼ਮ ਜਲ-ਜੀਵ) ਦਾ ਟਿਕਾਊ ਉਤਪਾਦਨ ਯਕੀਨੀ ਬਣਾਇਆ ਜਾਵੇ ਅਤੇ ਲੋੜੀਂਦੇ ਮਾਪਦੰਡਾਂ ਅਨੁਸਾਰ ਮੱਛੀ ਨੂੰ ਓਪਰੀ ਖ਼ੁਰਾਕ ਵੀ ਦਿੱਤੀ ਜਾਵੇ। ਪਲੈਂਕਟਨ ਦੇ ਟਿਕਾਊ ਵਿਕਾਸ ਲਈ ਤਲਾਬ ’ਚ ਪੜਾਅਵਾਰ ਢੰਗ ਨਾਲ ਮਾਹਿਰ ਸਿਫਾਰਸ਼ ਅਨੁਸਾਰ ਕਿਸੇ ਵੀ ਜੈਵਿਕ ਖਾਦ, ਜਿਵੇਂ ਮੱਝਾਂ/ਗਾਵਾਂ ਦਾ ਗੋਹਾ, ਵਰਮੀ ਖਾਦ, ਮੁਰਗੀਆਂ ਦੀਆਂ ਬਿੱਠਾਂ, ਸੂਰ ਦਾ ਮਲ-ਮੂਤਰ ਆਦਿ ਦੀ ਪੰਦਰਵਾੜਾ ਜਾਂ ਮਹੀਨੇਵਾਰ ਕਿਸ਼ਤਾਂ ’ਚ ਵਰਤੋਂ ਕਰੋ। ਇਸ ਤੋਂ ਇਲਾਵਾ ਓਪਰੀ ਖ਼ੁਰਾਕ ਦੀ ਬਰਬਾਦੀ ਅਤੇ ਪ੍ਰਤੀ ਕਿੱਲੋ ਮੱਛੀ ਉਤਪਾਦਨ ਲਾਗਤ ਨੂੰ ਘਟਾਉਣ ਲਈ ਪੈਲੇਟ ਫੀਡ/ਖ਼ੁਰਾਕ (ਖ਼ੁਰਾਕ ਗੋਲੀਆਂ/ਸੇਵੀਆਂ) ਦੀ ਵਰਤੋਂ ਕਰੋ। ਮੱਛੀ ਨੂੰ ਖ਼ੁਰਾਕ ਉਸ ਦੇ ਭਾਰ ਦੇ 1.5-2.0 ਫ਼ੀਸਦੀ (100 ਕਿਲੋ ਮੱਛੀ ਨੂੰ 1.5-2.0 ਕਿਲੋ ਖ਼ੁਰਾਕ) ਦੇ ਹਿਸਾਬ ਨਾਲ, ਸੂਰਜ ਚੜ੍ਹਨ ਤੋਂ ਬਾਅਦ 5-6 ਘੰਟੇ ਦੇ ਅੰਤਰਾਲ ਨਾਲ 2 ਕਿਸ਼ਤਾਂ ਵਿਚ ਵੰਡ ਕੇ ਦਿਓ। ਇਸ ਨਾਲ ਮੱਛੀ ਖ਼ੁਰਾਕ ਦਾ ਖ਼ਰਚਾ, ਜੋ ਮੱਛੀ ਉਤਪਾਦਨ ਦੀ ਕੁੱਲ ਲਾਗਤ ਦਾ 50-60 ਫ਼ੀਸਦੀ ਹੈ, ਨੂੰ 10-20 ਫ਼ੀਸਦੀ ਤੱਕ ਘਟਾਉਣ ਵਿਚ ਸਹਾਇਤਾ ਮਿਲੇਗੀ ਅਤੇ ਤਲਾਬ ਦਾ ਵਾਤਾਵਰਣ ਵੀ ਲੰਬੇ ਸਮੇਂ ਲਈ ਸਿਹਤਮੰਦ ਰਹੇਗਾ।
ਪਾਣੀ ਦੇ ਪੀਐੱਚ ਦਾ ਨਿਰੀਖਣ
ਜੇਕਰ ਪਾਣੀ ਦਾ ਰੰਗ ਗੂੜ੍ਹਾ ਹਰਾ/ ਭੂਰਾ/ਹਰਾ-ਭੂਰਾ ਹੋ ਜਾਵੇ ਜਾਂ ਪਾਣੀ ਉੱਪਰ ਕਾਈ ਦੀ ਪਰਤ ਬਣ ਜਾਵੇ ਤਾਂ ਤਲਾਬ ਵਿਚ ਖਾਦ ਅਤੇ ਖ਼ੁਰਾਕ ਦੀ ਵਰਤੋਂ ਸਥਿਤੀ ਸੁਧਰਨ ਤੱਕ ਮੁਅੱਤਲ ਕਰ ਦਿਓ। ਇਸ ਦੇ ਨਾਲ-ਨਾਲ ਇਹ ਵੀ ਬਹੁਤ ਜ਼ਰੂਰੀ ਹੈ ਕਿ ਗਰਮੀਆਂ ਦੌਰਾਨ ਪਾਣੀ ਦੇ ਦਿਨ-ਰਾਤ ਪੀਐੱਚ (pH) ਵਿਚਲੇ ਬਦਲਾਅ ’ਤੇ ਨਿਗਰਾਨੀ ਰੱਖੋ, ਜੋ ਸਿਖ਼ਰ ਦੁਪਹਿਰ ਨੂੰ 9.5 ਤੋਂ ਪਾਰ ਜਾ ਸਕਦਾ ਹੈ ਅਤੇ ਰਾਤ ਵੇਲੇ 7.0 ਤੋਂ ਘੱਟ ਸਕਦਾ ਹੈ। ਪਾਣੀ ਦੇ pH ’ਚ ਅਜਿਹਾ ਅਤਿਅੰਤ ਉਤਰਾਅ-ਚੜ੍ਹਾਅ ਮੱਛੀ ਵਿਚ ਤਣਾਅ ਪੈਦਾ ਕਰਦਾ ਹੈ, ਜਿਸ ਨਾਲ ਉਸ ਦੇ ਵਾਧੇ-ਵਿਕਾਸ ਤੇ ਉਤਪਾਦਨ ’ਤੇ ਮਾੜਾ ਅਸਰ ਪੈੱਦਾ ਹੈ। ਇਸ ਲਈ ਪਾਣੀ ਦੇ pH ਦਾ ਨਿਯਮਿਤ ਤੌਰ ’ਤੇ ਨਿਰੀਖਣ ਕਰ ਕੇ ਅਨੁਕੂਲ ਸੀਮਾ (7.5-8.5) ਅਧੀਨ ਰੱਖਣ ਲਈ ਮਾਹਿਰ ਸਲਾਹ ਨਾਲ ਲੋੜ ਅਨੁਸਾਰ ਚੂਨੇ (pH ਵਧਾਉਣ ਲਈ) ਜਾਂ ਫਟਕਰੀ/ਜਿਪਸਮ (pH ਘਟਾਉਣ ਲਈ) ਦੀ ਵਰਤੋਂ ਕਰੋ।
ਸਿਫਾਰਸ਼ ਦਰ ਤੋਂ ਵੱਧ ਮੱਛੀ ਸਟਾਕ ਕਰਨ ਤੋਂ ਕਰੋ ਪਰਹੇਜ਼
ਤਲਾਬ ਵਿਚ ਸਿਫਾਰਸ਼ ਦਰ ਤੋਂ ਵੱਧ ਮੱਛੀ ਸਟਾਕ ਕਰਨ ਤੋਂ ਅਤੇ ਵੱਧ ਖਾਦਾ/ਖ਼ੁਰਾਕ ਦੀ ਵਰਤੋਂ ਤੋਂ ਪਰਹੇਜ਼ ਕਰੋ । ਇਸ ਨਾਲ ਮੱਛੀ ਉਤਪਾਦਨ ਲਾਗਤ ਵਿਚ ਵਾਧਾ ਹੂੰਦਾ ਹੈ, ਪਾਣੀ ਦੀ ਕੁਆਲਿਟੀ ਖ਼ਰਾਬ ਹੋ ਜਾਂਦੀ ਹੈ ਅਤੇ ਤਲਾਬ ਵਿਚ ਹਾਨੀਕਾਰਕ ਗੈਸਾਂ ਪੈਦਾ ਹੋ ਜਾਂਦੀਆਂ ਹਨ। ਇਨ੍ਹਾਂ ਕਾਰਨਾਂ ਕਰਕੇ ਮੱਛੀ ਤਣਾਅ ’ਚ ਆ ਜਾਂਦੀ ਹੈ, ਬਿਮਾਰੀ ਫੈਲਣ ਦੀ ਸੰਭਾਵਨਾ ਵੱਧ ਜਾਂਦੀ ਹੈ ਤੇ ਮੱਛੀ ਮਰ ਵੀ ਸਕਦੀ ਹੈ। ਅਜਿਹੀ ਸੂਰਤ ’ਚ ਕਿਸੇ ਵੀ ਅਣਕਿਆਸੇ ਨੁਕਸਾਨ ਤੋਂ ਬਚਣ ਲਈ ਤਲਾਬ ਵਿਚ ਏਰੀਏਸ਼ਨ ਪੂਰੀ ਰੱਖੋ ਤੇ ਮਾਹਿਰ ਸਲਾਹ ਅਨੁਸਾਰ ਨਮਕ ਅਤੇ ਜਿਪਸਮ/ਫਟਕਰੀ ਦਾ ਇਸਤੇਮਾਲ ਕਰੋ।
ਇਲਾਜ ਤੋਂ ਬਿਹਤਰ ਹੈ ਰੋਕਥਾਮ
ਮੱਛੀ ਪਾਲਣ ਵਿਚ ਰੋਗ ਪ੍ਰਬੰਧਨ ਲਈ ‘ਇਲਾਜ ਤੋਂ ਬਿਹਤਰ ਹੈ ਰੋਕਥਾਮ’ ਹੀ ਵਧੀਆ ਰਣਨੀਤੀ ਹੈ ਕਿਉਂਕਿ ਜ਼ਮੀਨੀ ਪਸ਼ੂਆਂ ਦੇ ਮੁਕਾਬਲੇ ਮੱਛੀ ਤਲਾਬ ਵਿਚ ਪਾਣੀ ਦੇ ਵਿਸ਼ਾਲ ਭੰਡਾਰ ਨੂੰ ਰੋਗਾਣੂ ਰਹਿਤ ਕਰਨਾ ਮਹਿੰਗੀ ਪ੍ਰਕਿਰਿਆ ਹੈ ਅਤੇ ਹਰ ਮੱਛੀ ਨੂੰ ਨਿੱਜੀ ਪੱਧਰ ’ਤੇ ਇਲਾਜ ਵੀ ਸੰਭਵ ਨਹੀਂ। ਇਸ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਤਕਨੀਕੀ ਸਿਫਾਰਸ਼ ਅਨੁਸਾਰ ਸਮੇਂ ਸਿਰ ਚੂਨੇ, ਲਾਲ ਦਵਾਈ ਜਾਂ CIFAX ਦਵਾਈ ਦੇ ਇਸਤਮਾਲ ਨਾਲ ਤਲਾਬ ਨੂੰ ਰੋਗਾਣੂ ਰਹਿਤ ਰੱਖਣ, ਹਾਨੀਕਾਰਕ ਜੀਵਾਣੂਆਂ ਦੀ ਰੋਕਥਾਮ ਲਈ ਤਲਾਬ ਦੀ ਜੈਵਿਕ ਸੁਰੱਖਿਆ ਯਕੀਨੀ ਬਣਾਉਣ ਤੇ ਬਿਮਾਰੀ ਦੀ ਸੂਰਤ ਵਿਚ ਉਸ ਦੀ ਸਹੀ ਪਛਾਣ ਅਤੇ ਇਲਾਜ ਲਈ ਮਾਹਿਰ ਨਾਲ ਸੰਪਰਕ ਕਰਨ। ਗਰਮੀਆਂ ਦੇ ਮੌਸਮ ਦੌਰਾਨ ਉਪਰੋਕਤ ਸੂਚੀਬੱਧ ਵਧੀਆ ਪ੍ਰਬੰਧਨ ਅਭਿਆਸ ਨੂੰ ਅਪਣਾ ਕੇ ਕਿਸਾਨ ਵਾਤਾਵਰਣ ਅਨੁਕੂਲ ਤਰੀਕੇ ਨਾਲ 25-50% ਵੱਧ ਮੱਛੀ ਪੈਦਾ ਕਰ ਕੇ ਵੱਧ ਮੁਨਾਫ਼ਾ ਕਮਾ ਸਕਦਾ ਹੈ।
- ਡਾ. ਮੀਰਾ ਡੀ. ਆਂਸਲ