ਕੁਦਰਤੀ ਜਾਂ ਜੈਵਿਕ ਖੇਤੀ 'ਚ ਰਸਾਇਣਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਫ਼ਸਲ ਦੇ ਵਿਕਾਸ ਤੇ ਤੱਤਾਂ ਦੀ ਪੂਰਤੀ ਲਈ ਕੁਦਰਤੀ ਵਸਤਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਕੁਝ ਚੀਜ਼ਾਂ ਦਾ ਇਸਤੇਮਾਲ ਖੇਤ ਵਿਚ ਜੈਵਿਕ ਖਾਦ, ਗਰੋਥ ਪ੍ਰਮੋਟਰ, ਜੈਵਿਕ ਸਪਰੇਅ ਦੇ ਤੌਰ 'ਤੇ ਕੀਤਾ ਜਾ ਸਕਦਾ ਹੈ।

ਗੁੜ-ਜਲ ਅੰਮ੍ਰਿਤ

ਗੁੜ-ਜਲ ਅੰਮ੍ਰਿਤ ਫ਼ਸਲ ਨੂੰ ਪਾਣੀ ਲਗਾਉਂਦੇ ਸਮੇਂ ਪਾਇਆ ਜਾਂਦਾ ਹੈ। ਜਿਸ ਫ਼ਸਲ ਨੂੰ ਗੁੜ-ਜਲ ਅੰਮ੍ਰਿਤ ਦਿੱਤਾ ਜਾਂਦਾ ਹੈ, ਉਹ ਪੀਲੀ ਨਹੀਂ ਪੈਂਦੀ। ਪ੍ਰਤੀ ਏਕੜ ਇਕ ਡਰੰਮ ਗੁੜ-ਜਲ ਅੰਮ੍ਰਿਤ ਹਰ ਪਾਣੀ ਨਾਲ ਫ਼ਸਲ ਨੂੰ ਦੇਣਾ ਜ਼ਰੂਰੀ ਹੈ। ਇਸ ਦੇ ਲਈ ਗਾਂ ਜਾਂ ਮੱਝ ਦਾ 60 ਕਿੱਲੋ ਤਾਜਾ ਗੋਹਾ, ਪੁਰਾਣਾ ਗੁੜ 3 ਕਿੱਲੋ, ਵੇਸਣ ਇਕ ਕਿੱਲੋ, ਸਰ੍ਹੋਂ ਦਾ ਤੇਲ 200 ਗ੍ਰਾਮ ਤੇ 150 ਲੀਟਰ ਪਾਣੀ ਦੀ ਲੋੜ ਪੈਂਦੀ ਹੈ। 3-4 ਕਿੱਲੋ ਗੋਹੇ ਨੂੰ ਮਲਦੇ ਹੋਏ ਸਰ੍ਹੋਂ ਦਾ ਤੇਲ ਤੇ ਵੇਸਣ ਇਸ 'ਚ ਚੰਗੀ ਤਰ੍ਹਾਂ ਮਿਲਾਓ। ਫਿਰ ਇਸ ਮਿਸ਼ਰਣ ਨੂੰ ਬਾਕੀ ਗੋਹੇ 'ਚ ਮਿਲਾ ਕੇ ਗੁੜ ਸਮੇਤ 150 ਲੀਟਰ ਪਾਣੀ 'ਚ ਘੋਲੋ। ਇਸ ਘੋਲ ਨੂੰ ਢਕ ਕੇ ਛਾਵੇਂ ਰੱਖ ਦਿਓ। ਤਿੰਨ ਦਿਨਾਂ 'ਚ ਗੁੜ-ਜਲ ਅੰਮ੍ਰਿਤ ਤਿਆਰ ਹੋ ਜਾਵੇਗਾ।

ਗੁੜ-ਜਲ ਅੰਮ੍ਰਿਤ ਕੰਪੋਸਟ

ਗੁੜ-ਜਲ ਅੰਮ੍ਰਿਤ ਕੰਪੋਸਟ ਅਸਰਦਾਰ ਦੇਸੀ ਖਾਦ ਹੈ। ਇਹ ਧਰਤੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੀ ਹੈ ਤੇ ਫ਼ਸਲਾਂ ਨੂੰ ਖ਼ੁਰਾਕੀ ਤੱਤਾਂ ਦੀ ਪੂਰਤੀ ਕਰਦੀ ਹੈ। ਡੀਏਪੀ ਤੇ ਯੂਰੀਆ ਖਾਦ ਦੇ ਬਦਲ ਵਜੋਂ ਇਹ ਬਹੁਤ ਲਾਭਕਾਰੀ ਹੈ। ਇਹ ਕੰਪੋਸਟ ਤਿਆਰ ਕਰਨ ਲਈ 10 ਲੀਟਰ ਗੁੜ-ਜਲ ਅੰਮ੍ਰਿਤ ਤੇ 50 ਕਿੱਲੋ ਖ਼ੁਸ਼ਕ ਰੂੜੀ ਦੀ ਲੋੜ ਹੈ। ਗੁੜ-ਜਲ ਅੰਮ੍ਰਿਤ ਨੂੰ ਕੱਚੀ ਰੂੜੀ ਵਿਚ ਚੰਗੀ ਤਰ੍ਹਾਂ ਮਿਲਾਓ। ਇਸ ਮਿਸ਼ਰਣ ਨੂੰ 15 ਦਿਨਾਂ ਲਈ ਧੁੱਪ-ਛਾਂ ਵਿਚ ਰੱਖੋ। 15 ਦਿਨਾਂ ਬਾਅਦ ਇਹ ਕੰਪੋਸਟ ਤਿਆਰ ਹੋ ਜਾਂਦਾ ਹੈ। ਹਰੇਕ ਪਾਣੀ ਮੂਹਰੇ ਬਗ਼ੀਚੀ ਦੇ ਆਕਾਰ ਦੇ ਹਿਸਾਬ ਨਾਲ 5 ਤੋਂ 10 ਕਿੱਲੋ ਗੁੜ-ਜਲ ਅੰਮ੍ਰਿਤ ਕੰਪੋਸਟ ਦਾ ਛੱਟਾ ਦਿਓ, ਭਰਪੂਰ ਫ਼ਾਇਦਾ ਹੋਵੇਗਾ।

ਘਰੇਲੂ ਕੀਟਨਾਸ਼ਕ

ਕੁਦਰਤੀ ਖੇਤੀ 'ਚ ਫ਼ਸਲਾਂ ਦੀਆਂ ਬਿਮਾਰੀਆਂ, ਕੀੜਿਆਂ ਤੇ ਫ਼ਸਲਾਂ ਦੇ ਵਿਕਾਸ ਲਈ ਵੀ ਘਰ 'ਚ ਵਰਤੀਆਂ ਜਾਣ ਵਾਲੀਆਂ ਆਮ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਲੋਹਾ ਤੇ ਤਾਂਬਾ ਯੁਕਤ ਪਸ਼ੂ-ਮੂਤਰ

ਇਹ ਫ਼ਸਲ ਵਿਚ ਨਾਈਟਰੋਜਨ ਦੀ ਕਮੀ ਦੂਰ ਕਰਨ ਦੇ ਨਾਲ-ਨਾਲ ਕੀਟਾਂ ਤੇ ਰੋਗਾਂ ਤੋਂ ਬਚਾਉਂਦਾ ਹੈ। ਇਹ ਘੋਲ ਤਿਆਰ ਕਰਨ ਲਈ ਪਸ਼ੂਆਂ ਦੇ ਮੂਤਰ ਨੂੰ ਪਲਾਸਟਿਕ ਦੇ ਡਰੰਮ 'ਚ ਪਾ ਕੇ ਉਸ ਵਿਚ ਲੋਹੇ ਤੇ ਤਾਂਬੇ ਦੇ ਛੋਟੇ-ਛੋਟੇ ਟੁਕੜੇ ਪਾ ਦੇਵੋ। ਇਹ ਘੋਲ ਜਿੰਨਾ ਪੁਰਾਣਾ ਹੁੰਦਾ ਜਾਵੇਗਾ, ਇਸ ਦੀ ਮਾਰਕ ਸ਼ਕਤੀ ਵਧਦੀ ਜਾਵੇਗੀ। ਕੀਟਾਂ ਦੇ ਹਮਲੇ ਤੋਂ ਫ਼ਸਲ ਨੂੰ ਬਚਾਉਣ ਲਈ ਫ਼ਸਲ ਉੱਤੇ ਪ੍ਰਤੀ ਪੰਪ ਅੱਧੇ ਤੋਂ ਇਕ ਲੀਟਰ ਲੋਹਾ+ਤਾਂਬਾ ਯੁਕਤ ਪਸ਼ੂ-ਮੂਤਰ ਦਾ ਛਿੜਕਾਅ ਕਰੋ।

ਲੋਹਾ ਤੇ ਤਾਂਬਾ ਯੁਕਤ ਲੱਸੀ

ਇਹ ਫ਼ਸਲ ਨੂੰ ਕੀਟਾਂ ਤੇ ਉੱਲੀ ਰੋਗਾਂ ਤੋਂ ਬਚਾਉਂਦੀ ਹੈ ਤੇ ਫ਼ਸਲ ਦੇ ਵਾਧੇ 'ਚ ਅਹਿਮ ਯੋਗਦਾਨ ਦਿੰਦੀ ਹੈ। ਇਹ ਘੋਲ ਤਿਆਰ ਕਰਨ ਲਈ ਪੁਰਾਣੀ ਖੱਟੀ ਲੱਸੀ ਨੂੰ ਪਲਾਸਟਿਕ ਦੇ ਬਰਤਨ 'ਚ ਇਕੱਠੀ ਕਰ ਕੇ ਉਸ 'ਚ ਤਾਂਬੇ ਤੇ ਲੋਹੇ ਦਾ ਟੁਕੜਾ ਪਾ ਦੇਵੋ। ਇਸ ਲੱਸੀ ਨੂੰ ਢਕ ਕੇ ਘੱਟੋ-ਘੱਟ 15 ਦਿਨ ਛਾਵੇਂ ਰੱਖੋ। ਲੋੜ ਮੁਤਾਬਿਕ ਪ੍ਰਤੀ ਪੰਪ ਇਕ ਤੋਂ ਡੇਢ ਲੀਟਰ ਇਸ ਘੋਲ ਦਾ ਛਿੜਕਾਅ ਕਰੋ। ਲੋਹਾ+ਤਾਂਬਾ ਯੁਕਤ ਖੱਟੀ ਲੱਸੀ ਬੇਹੱਦ ਪ੍ਰਭਾਵਸ਼ਾਲੀ ਉੱਲੀਨਾਸ਼ਕ ਹੋਣ ਦੇ ਨਾਲ-ਨਾਲ ਕੁਦਰਤੀ ਗਰੋਥ ਹਾਰਮੋਨ ਦੇ ਤੌਰ 'ਤੇ ਕੰਮ ਕਰਦੀ ਹੈ। 15 ਦਿਨ ਪੁਰਾਣਾ ਮਿਸ਼ਰਣ ਰਸ-ਚੂਸਣ ਤੇ ਪੱਤੇ ਖਾਣ ਵਾਲੇ ਕੀੜਿਆਂ ਨੂੰ ਖ਼ਤਮ ਕਰਦਾ ਹੈ।

ਕੱਚਾ ਦੁੱਧ

ਕੱਚਾ ਦੁੱਧ ਬਿਹਤਰੀਨ ਐਂਟੀ ਵਾਇਰਸ ਹੈ। ਪ੍ਰਤੀ ਪੰਪ 250 ਗ੍ਰਾਮ ਕੱਚਾ ਦੁੱਧ ਪਾਣੀ 'ਚ ਮਿਲਾ ਕੇ ਹਫ਼ਤੇ 'ਚ ਤਿੰਨ ਵਾਰ ਛਿੜਕਣ ਨਾਲ ਵਾਇਰਸ ਰੋਗ (ਠੂਠੀ ਰੋਗ) ਖ਼ਤਮ ਹੋ ਜਾਂਦਾ ਹੈ।

ਚਿੱਟੀ ਫਟਕੜੀ

ਫਟਕੜੀ ਬਿਹਤਰੀਨ ਜੰਤੂ ਤੇ ਉੱਲੀਨਾਸ਼ਕ ਹੈ। ਇਹ ਜੜ੍ਹਾਂ ਦੀਆਂ ਉੱਲੀਆਂ ਖ਼ਤਮ ਕਰਦੀ ਹੈ। ਦੇ ਬੂਟਿਆਂ ਦੀਆਂ ਜੜ੍ਹਾਂ ਗਲਣ ਦੀ ਸਮੱਸਿਆ ਹੋਵੇ ਤਾਂ ਪਾਣੀ ਲਾਉਂਦੇ ਸਮੇਂ ਚਿੱਟੀ ਫਟਕੜੀ ਖੇਤ ਦੇ ਨੱਕੇ 'ਤੇ ਰੱਖ ਦਿਓ। ਸੌ ਫ਼ੀਸਦੀ ਫ਼ਾਇਦਾ ਹੋਵੇਗਾ।

ਹਿੰਗ

ਖੇਤ ਵਿਚ ਹਿੰਗ ਦੀ ਵਰਤੋਂ ਕਰ ਕੇ ਸਿਓਂਕ ਤੋਂ ਛੁਟਕਾਰਾ ਮਿਲ ਜਾਂਦਾ ਹੈ। ਸਿਓਂਕ ਪ੍ਰਭਾਵਿਤ ਖੇਤ ਵਿਚ ਫ਼ਸਲ ਨੂੰ ਪਾਣੀ ਦਿੰਦੇ ਸਮੇਂ 20 ਗ੍ਰਾਮ ਹਿੰਗ ਤੇ ਥੋੜ੍ਹੀ ਜਿਹੀ ਚਿੱਟੀ ਫਟਕੜੀ ਪਤਲੇ ਕੱਪੜੇ 'ਚ ਲਪੇਟ ਕੇ ਪਾਣੀ ਦੇਣ ਵੇਲੇ ਖੇਤ ਦੇ ਨੱਕੇ 'ਤੇ ਰੱਖ ਦਿਓ। ਸਿਓਂਕ ਤੋਂ ਛੁਟਕਾਰਾ

ਮਿਲ ਜਾਵੇਗਾ।

ਪਾਥੀਆਂ ਤੇ ਲੱਕੜੀ ਦੀ ਰਾਖ

ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਬਗ਼ੀਚੀ ਜਾਂ ਖੇਤ ਵਿਚ ਦੋ ਤੋਂ ਤਿੰਨ ਕਿੱਲੋ ਪਾਥੀਆਂ ਤੇ ਲੱਕੜੀ ਦੀ ਰਾਖ ਪਾਓ। ਇਸ ਵਿਚ ਭਰਪੂਰ ਮਾਤਰਾ 'ਚ ਪੋਟਾਸ਼ ਸਮੇਤ ਫ਼ਸਲ ਲਈ ਲੋੜੀਂਦੇ ਤੱਤ ਲੋਹਾ, ਤਾਂਬਾ, ਜਿੰਕ, ਮੈਗਨੀਜ਼ ਸਮੇਤ 30 ਤੋਂ ਵੱਧ ਸੂਖ਼ਮ ਤੇ ਪੋਸ਼ਕ ਤੱਤ ਹੁੰਦੇ ਹਨ, ਜੋ ਫ਼ਸਲ ਦੇ ਵਾਧੇ ਲਈ ਸਹਾਇਕ ਹੁੰਦੇ ਹਨ।

ਗੋਹੇ ਦਾ ਘੋਲ

ਗਊ ਦੇ ਗੋਹੇ ਨੂੰ ਪਤਲਾ ਘੋਲ ਕੇ ਟਮਾਟਰ ਤੇ ਬੈਂਗਣ ਦੇ ਬੂਟਿਆਂ ਦੀਆਂ ਜੜ੍ਹਾਂ ਕੋਲ ਪਾਓ। ਚਿੱਤੀ (ਪੱਤਿਆਂ 'ਤੇ ਪੈਣ ਵਾਲੇ ਧੱਬਿਆਂ) ਰੋਗ ਤੋਂ ਛੁਟਕਾਰਾ ਮਿਲੇਗਾ।

ਅਰਿੰਡ ਤੇ ਗੇਂਦੇ ਦੇ ਬੂਟੇ

ਖੇਤ ਵਿਚ ਅਰਿੰਡ ਦਾ ਇਕ ਪੌਦਾ ਹੀ ਕਾਫ਼ੀ ਹੈ। ਅਰਿੰਡ ਲਗਾਉਣ ਨਾਲ ਪੱਤੇ ਖਾਣ ਵਾਲੀਆਂ ਸੁੰਡੀਆਂ, ਖ਼ਾਸ ਕਰਕੇ ਤੰਬਾਕੂ ਦੀ ਸੁੰਡੀ (ਕਾਲੀ ਸੁੰਡੀ) ਤੇ ਵਾਲਾਂ ਵਾਲੀ ਸੁੰਡੀ ਦੇ ਮਾਦਾ ਪਤੰਗੇ ਮੁੱਖ ਫ਼ਸਲ ਉੱਤੇ ਆਂਡੇ ਦੇਣ ਦੀ ਬਜਾਏ ਅਰਿੰਡ ਦੇਪੱਤਿਆਂ ਦੇ ਉਲਟੇ ਪਾਸੇ ਆਂਡੇ ਦਿੰਦੇ ਹਨ। ਖੇਤ ਦੀ ਦੇਖ-ਰੇਖ ਕਰਦੇ ਸਮੇਂ ਅਰਿੰਡ ਦੇ ਪੱਤਿਆਂ ਨੂੰ ਚੈੱਕ ਕਰਦੇ ਰਹੋ। ਜਿਸ ਪੱਤੇ 'ਤੇ ਤੁਹਾਨੂੰ ਕਿਸੇ ਵੀ ਸੁੰਡੀ ਦੇ ਆਂਡੇ ਨਜ਼ਰ ਆਉਣ, ਉਸ ਪੱਤੇ ਦਾ ਓਨਾਂ ਹਿੱਸਾ ਤੋੜ ਕੇ ਜ਼ਮੀਨ ਵਿਚ ਦਬਾ ਦੇਵੋ। ਇਸੇ ਤਰ੍ਹਾਂ ਖੇਤ ਦੇ ਚਾਰੇ ਪਾਸੇ ਗੇਂਦੇ ਦੇ ਜਾਂ ਹੋਰ ਪੀਲੇ ਰੰਗ ਦੇ ਫੁੱਲ ਲਗਾ ਕੇ ਅਮਰੀਕਨ ਸੁੰਡੀ ਦੇ ਹਮਲੇ ਨੂੰ 20 ਫ਼ੀਸਜੀ ਤਕ ਘੱਟ ਕੀਤਾ ਜਾ ਸਕਦਾ ਹੈ।

ਪਾਥੀਆਂ ਦਾ ਪਾਣੀ (ਜਿਬਰੈਲਿਕ ਘੋਲ)

ਪਾਥੀਆਂ ਦਾ ਪਾਣੀ ਬਹੁਤ ਅਸਰਦਾਰ ਗਰੋਥ ਪ੍ਰਮੋਟਰ ਹੈ। ਪਾਥੀਆਂ ਦਾ ਪਾਣੀ ਛਿੜਕਨ ਨਾਲ ਫ਼ਸਲ ਬਹੁਤ ਤੇਜੀ ਨਾਲ ਵਿਕਾਸ ਕਰਦੀ ਹੈ, ਸਿੱਟੇ ਵਜੋਂ ਕਿਸਾਨਾਂ ਨੂੰ ਹਰੇਕ ਫ਼ਸਲ ਦਾ ਮਨਚਾਹਿਆ ਝਾੜ ਮਿਲਦਾ ਹੈ। ਇਹ ਘੋਲ ਤਿਆਰ ਕਰਨ ਲਈ ਇਕ ਸਾਲ ਪੁਰਾਣੀਆਂ ਇਕ ਕਿੱਲੋ ਪਾਥੀਆਂ ਨੂੰ 5 ਲੀਟਰ ਪਾਣੀ ਵਿਚ ਪਾ ਕੇ ਚਾਰ ਦਿਨ ਤਕ ਛਾਵੇਂ ਰੱਖਣ ਨਾਲ ਜ਼ਿਬਰੈਲਿਕ ਘੋਲ ਵਰਤੋਂ ਲਈ ਤਿਆਰ ਹੋ ਜਾਵੇਗਾ। ਪ੍ਰਤੀ ਪੰਪ 250 ਮਿਲੀਲਿਟਰ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰੋ। ਇਹ ਇਕ ਬਿਹਤਰੀਨ ਗਰੋਥ ਪ੍ਰਮੋਟਰ ਹੈ। ਫ਼ਸਲ ਤੇਜੀ ਨਾਲ ਵਿਕਾਸ ਕਰਦੀ ਹੈ ਤੇ ਝਾੜ 'ਚ 10-20 ਫ਼ੀਸਦੀ ਵਾਧਾ ਹੁੰਦਾ ਹੈ।

- ਸੰਦੀਪ ਕੰਬੋਜ

97810-00909

Posted By: Harjinder Sodhi