ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਜਗਤਪੁਰ ’ਚ ਜਨਮੇ ਮਹਿੰਦਰ ਸਿੰਘ ਦੋਸਾਂਝ ਬਚਪਨ ਤੋਂ ਹੀ ਖੇਤੀਬਾੜੀ ਤੇ ਦਰੱਖ਼ਤਾਂ-ਬੂਟਿਆਂ ਨਾਲ ਜੁੜੇ ਰਹੇ ਹਨ। ਸਕੂਲ ’ਚ ਨਲਾਇਕ ਵਿਦਿਆਰਥੀਆਂ ਨੂੰ ਅਧਿਆਪਕਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਜ਼ਾਵਾਂ ਬਾਰੇ ਸੁਣ ਕੇ ਉਸ ਨੇ ਸਕੂਲ ਨਾ ਜਾਣ ਦਾ ਫ਼ੈਸਲਾ ਆਪਣੇ ਬਜ਼ੁਰਗਾਂ ਨੂੰ ਸੁਣਾ ਦਿੱਤਾ ਤੇ ਕਿਹਾ, ‘ਮੈਨੂੰ ਨਰਕ ’ਚ ਭਾਵੇਂ ਸੁੱਟ ਦਿਉ ਪਰ ਸਕੂਲ ਨਾ ਭੇਜੋ।’
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਜਗਤਪੁਰ ’ਚ ਜਨਮੇ ਮਹਿੰਦਰ ਸਿੰਘ ਦੋਸਾਂਝ ਬਚਪਨ ਤੋਂ ਹੀ ਖੇਤੀਬਾੜੀ ਤੇ ਦਰੱਖ਼ਤਾਂ-ਬੂਟਿਆਂ ਨਾਲ ਜੁੜੇ ਰਹੇ ਹਨ। ਸਕੂਲ ’ਚ ਨਲਾਇਕ ਵਿਦਿਆਰਥੀਆਂ ਨੂੰ ਅਧਿਆਪਕਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਜ਼ਾਵਾਂ ਬਾਰੇ ਸੁਣ ਕੇ ਉਸ ਨੇ ਸਕੂਲ ਨਾ ਜਾਣ ਦਾ ਫ਼ੈਸਲਾ ਆਪਣੇ ਬਜ਼ੁਰਗਾਂ ਨੂੰ ਸੁਣਾ ਦਿੱਤਾ ਤੇ ਕਿਹਾ, ‘ਮੈਨੂੰ ਨਰਕ ’ਚ ਭਾਵੇਂ ਸੁੱਟ ਦਿਉ ਪਰ ਸਕੂਲ ਨਾ ਭੇਜੋ।’ ਅਨਪੜ੍ਹ ਬਜ਼ੁਰਗਾਂ ਨੇ ਉਸ ਦਾ ਫ਼ੈਸਲਾ ਖ਼ੁਸ਼ੀ ਨਾਲ ਪ੍ਰਵਾਨ ਕਰ ਲਿਆ। ਵਿੱਦਿਆ ਨਾਲ ਮੋਹ ਦਾ ਸੋਮਾ ਉਸ ਦੇ ਮਨ ਵਿਚ ਉਦੋਂ ਉਜਾਗਰ ਹੋਇਆ, ਜਦੋਂ ਪਿੰਡ ਦੇ ਗੁਰਦੁਆਰੇ ’ਚ ਰਾਤ ਨੂੰ ਇਕ ਅਧਿਆਪਕ ਨੇ ਵੱਤੋਂ ਲੰਘ ਗਏ ਮੁੰਡਿਆਂ ਨੂੰ ਚਿੱਠ ਪੱਤਰ ਲਿਖਣ ਜੋਗੇ ਬਣਾਉਣ ਲਈ ਪੜ੍ਹਾਉਣ ਦਾ ਕੰਮ ਸ਼ੁਰੂ ਕੀਤਾ। ਉਸ ਨੇ ਦਿਨ ਨੂੰ ਆਪਣੇ ਖੇਤਾਂ ’ਚ ਬੂਟਿਆਂ ਦੀ ਸੰਭਾਲ ਕਰਨੀ ਤੇ ਖੇਤੀ ਦੇ ਕੰਮ ਕਰ ਕੇ ਗੁਰਦੁਆਰੇ ਪੜ੍ਹਨ ਲਈ ਪਹੁੰਚ ਜਾਂਦਾ। ਪੰਜਾਬੀ ਪੜ੍ਹਨ-ਲਿਖਣ ਦਾ ਕੰਮ ਤਾਂ ਉਸ ਨੇ ਚਾਰ ਦਿਨ ’ਚ ਹੀ ਨਿਬੇੜ ਲਿਆ ਸੀ। ਉਦੋਂ ਉਹ ਰੇਤੇ ਦੇ ਟਿਬਿਆਂ ਵਾਲੀ ਅੱਠ ਏਕੜ ਬੰਜਰ ਜ਼ਮੀਨ ਵਿਚ ਇਕ ਬਲਦ ਤੇ ਸਾਂਢ ਨਾਲ ਖੇਤੀ ਕਰਦਾ ਸੀ।
ਖੇਤਾਂ ’ਚ ਝੁੱਲ ਵਿਛਾ ਕੇ ਕੀਤੀ ਪੜ੍ਹਾਈ
ਉਸ ਨੇ ਦੁਪਹਿਰ ਨੂੰ ਹੱਲ ਵਾਹ ਕੇ ਸਾਰੀ-ਸਾਰੀ ਰਾਤ ਪਸ਼ੂਆਂ ਦੇ ਵਿਛਾਏ ਝੱਲ ’ਤੇ ਬੈਠ ਕੇ ਪੜ੍ਹਾਈ ਕਰਨੀ ਸ਼ੁਰੂ ਕੀਤੀ ਤੇ ਖੇਤਾਂ ਦੇ ਰੇਤੇ ਉੱਤੇ ਉਂਗਲੀ ਨਾਲ ਅੱਖਰ ਵਾਹੁਣੇ ਸਿੱਖੇ। ਪਿੰਡ ਦੇ ਪੜ੍ਹੇ-ਲਿਖੇ ਲੋਕਾਂ ਤੋਂ ਵਿਚ-ਵਿਚਾਲੇ ਸਹਿਯੋਗ ਲੈ ਕੇ ਦੇਵਨਾਗਰੀ, ਫ਼ਾਰਸੀ, ਅਰਬੀ ਤੇ ਰੋਮਨ ਲਿਪੀਆਂ ਦਾ ਗਿਆਨ ਹਾਸਿਲ ਕਰ ਕੇ ਪੰਜਾਬੀ, ਹਿੰਦੀ, ਉਰਦੂ ਤੇ ਇੰਗਲਿਸ਼ ਦੀਆਂ ਹਜ਼ਾਰਾਂ ਕਿਤਾਬਾਂ ਪੜ੍ਹ ਕੇ ਗਿਆਨ ਹਾਸਿਲ ਕੀਤਾ। ਆਪਣੀ ਲਾਇਬ੍ਰੇਰੀ ਦੇ ਨਾਲ-ਨਾਲ ਇਲਾਕੇ ਦੀਆਂ ਲਾਇਬ੍ਰੇਰੀਆਂ ਵਿਚੋਂ ਲਿਆ ਕੇ ਖ਼ੁਦ ਨੂੰ ਪੁਸਤਕਾਂ ਦੇ ਸੰਸਾਰ ਨਾਲ ਜੋੜ ਲਿਆ। ਸਾਲ 1952 ’ਚ ਪਿੰਡ ਦੀ ਪੰਚਾਇਤ ਦੀ ਲਾਇਬ੍ਰੇਰੀ ਵਿਚ ਚਾਰ ਭਾਸ਼ਾਵਾਂ ਵਿਚ ਆਈਆਂ ਸਾਰੀਆਂ ਕਿਤਾਬਾਂ ਉਸ ਨੇ ਕੇਵਲ ਚਾਰ ਮਹੀਨਿਆਂ ਵਿਚ ਪੜ੍ਹ ਲਈਆਂ। ਸ਼ੁਰੂ ਤੋਂ ਲੈ ਕੇ ਹੁਣ ਤਕ ਇਸ ਵਿਸ਼ਾਲ ਲਾਇਬ੍ਰੇਰੀ ਦਾ ਪਹਿਲਾ ਤੇ ਆਖ਼ਰੀ ਸਿਰਫ਼ ਉਹੀ ਬਣਿਆ।
ਬੂਟਿਆਂ ਦੀ ਕਾਸ਼ਤ ਨੂੰ ਵਿੱਦਿਆ ਨਾਲ ਜੋੜਿਆ
ਇਨ੍ਹਾਂ ਦਿਨਾਂ ’ਚ ਮਹਿੰਦਰ ਸਿੰਘ ਦੋਸਾਂਝ ਨੇ ਮਨ ਦੀ ਡੂੰਘਾਈ ਤਕ ਮਹਿਸੂਸ ਕੀਤਾ ਕਿ ਦਰੱਖ਼ਤਾਂ-ਬੂਟਿਆਂ ਨਾਲ ਉਸ ਦੀ ਦਿਲਚਸਪੀ ਤੇ ਉੱਨਤ ਖੇਤੀ ਦੇ ਰਾਹ ਵਿਚ ਅਨਪੜ੍ਹਤਾ ਬਹੁਤ ਵੱਡਾ ਰੋੜਾ ਹੈ। ਇਹ ਰੋੜਾ ਉਸ ਨੇ ਆਪਣੇ ਵਿਕਾਸ ਤੋਂ ਚੁੱਕ ਕੇ ਪਰੇ ਸੁੱਟ ਦਿੱਤਾ। ਅਜਿਹਾ ਸੋਚ ਕੇ ਉਸ ਨੇ ਖੇਤੀ ਨੂੰ ਨਵੀਂ ਦਿਸ਼ਾ ਦੇਣ ਤੇ ਖੇਤੀਬਾੜੀ ’ਚ ਨਵੀਆਂ ਖੋਜਾਂ ਲਈ ਅਤੇ ਖੇਤੀਬਾੜੀ ਗਿਆਨ ਵਿਗਿਆਨ ਨਾਲ ਜੁੜਨ ਲਈ ਪੁਸਤਕਾਂ ਨਾਲ ਪਿਆਰ ਤੋਂ ਹੀ ਕੰਮ ਲਿਆ। ਮਈ 1958 ’ਚ ਜ਼ਿਲ੍ਹਾ ਹੁਸਿਆਰਪੁਰ ਦੇ ਪਿੰਡ ਬਾੜੀਆਂ ਕਲਾਂ ਵਿਚ ਕਿਸਾਨ ਪਰਵਾਰ ਦੀ ਧੀ ਮਹਿੰਦਰ ਕੌਰ ਨਾਲ ਵਿਆਹ ਹੋਇਆ। ਵਿਆਹ ਤੋਂ ਬਾਅਦ ਉਸ ਦੀ ਜੀਵਨ ਸਾਥਣ ਮਹਿੰਦਰ ਕੌਰ ਨੇ ਆਉਂਦਿਆਂ ਹੀ ਦੋਸਾਂਝ ਦੇ ਬਰਾਬਰ ਖੇਤੀ ਦਾ ਜੁੰਗਲਾ ਚੁੱਕ ਲਿਆ। ਖੇਤੀ ਨਾਲ ਪਿਆਰ ਤੇ ਤਜਰਬਾ ਉਹ ਨਾਲ ਲੈ ਕੇ ਆਈ ਸੀ। ਖੇਤੀ ਬਾਰੇ ਪਿਛਲੇ ਸਾਰੇ ਅਨੁਭਵ ਉਸ ਨੇ ਸਹੁਰੇ ਪਿੰਡ ਆ ਕੇ ਖੇਤੀ ਵਿਚ ਕਰਨੇ ਸ਼ੁਰੂ ਕੀਤੇ ਤਾਂ ਦੂਰ-ਦੂਰ ਤਕ ਦੋਸਾਂਝ ਖੇਤੀ ਫਾਰਮ ਦੀ ਚਰਚਾ ਹੋਣ ਲੱਗੀ। ਮਹਿੰਦਰ ਕੌਰ ਦੀ ਪ੍ਰੇਰਨਾ ਤੇ ਸਲਾਹ ਨਾਲ ਉਸ ਨੇ ਸਾਰਾ ਸਾਲ ਕੋਈ
ਨਾ ਕੋਈ ਫਲ ਚੱਲਦਾ ਰੱਖਣ ਲਈ ਵੰਨ-ਸੁਵੰਨੇ ਫਲਾਂ ਤੇ ਹਰਬਲ ਬੂਟਿਆਂ ਦਾ ਸ਼ਾਨਦਾਰ ਬਾਗ਼ ਸਥਾਪਿਤ ਕੀਤਾ ਤੇ ਇਸ ਦੇ ਬੂਟਿਆਂ ਦਾ ਉਤਪਾਦਨ ਵਧਾਉਣ ਲਈ ਤੇ ਇਨ੍ਹਾਂ ਤੋਂ ਉਤਪੰਨ ਜਿਣਸਾਂ ਨੂੰ ਪ੍ਰੋਸੈਸ ਕਰਨ ਲਈ ਮਹਿੰਦਰ ਕੌਰ ਨੇ ਮੁਹਿੰਮ ਸ਼ੁਰੂ ਕਰ ਦਿੱਤੀ। ਅਜਿਹੀ ਮੁਹਿੰਮ ਦੀ ਸਫਲਤਾ ਲਈ ਬਾਗ਼ਵਾਨੀ ਵਿਭਾਗ ਨਾਲ ਸਬੰਧ ਕਾਇਮ ਕਰ ਕੇ ਪ੍ਰਾਪਤ ਸਿਖਲਾਈ ਰਾਹੀਂ ਆਧੁਨਿਕ ਗਿਆਨ ਤੇ ਅਨੁਭਵ ਪ੍ਰਾਪਤ ਕੀਤਾ। ਆਪਣੇ ਹਮਸਫ਼ਰ ਦੇ ਸਹਿਯੋਗ ਨਾਲ ਮਹਿੰਦਰ ਕੌਰ ਨੇ ਫਲਾਂ ਤੇ ਸਬਜ਼ੀਆਂ ਤੋਂ ਨਵੇਂ ਤੇ ਵਿਲੱਖਣ ਪਦਾਰਥ ਤਿਆਰ ਕਰਨ ਲਈ ਅਣਗਿਣਤ ਖੋਜਾਂ ਕੀਤੀਆਂ, ਜਿਵੇਂ ਹਨੇਰੀ ਨਾਲ ਕੱਚੇ ਟੁੱਟੇ ਆੜੂਆਂ ਤੋਂ ਅਚਾਰ ਤੇ ਕੱਚੀਆਂ ਨਾਖਾਂ ਤੋਂ ਜੈਮ ਤਿਆਰ ਕਰ ਕੇ ਡੱਬੇਬੰਦ ਕੀਤਾ, ਫਲਾਂ ਤੇ ਸਬਜ਼ੀਆਂ ਦੀਆਂ ਬੇਕਾਰ ਛਿੱਲਾਂ ਤੋਂ ਅਚਾਰ ਤੇ ਮੁਰੱਬਾ ਤਿਆਰ ਕੀਤਾ।
ਖੇਤੀ ਵੰਨ-ਸੁਵੰਨਤਾ ਦਾ ਵਿਲੱਖਣ ਨਮੂਨਾ ਕੀਤਾ ਵਿਕਸਿਤ
1962 ’ਚ ਲੁਧਿਆਣਾ ਵਿਖੇ ਸਥਾਪਿਤ ਹੋਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਰਵਾਰ ਵਿਚ ਸ਼ਾਮਿਲ ਕਰਨ ਵਾਸਤੇ ਦੋਸਾਂਝ ਜੋੜੇ ਲਈ ਪਹਿਲਾਂ ਉਪ ਕੁਲਪਤੀ ਡਾ. ਐੱਮਐੱਸ ਰੰਧਾਵਾ ਤੇ ਪਿੱਛੇ ਵੀਸੀ ਹੁੰਦਿਆਂ ਡਾ. ਅਮਰੀਕ ਸਿੰਘ ਚੀਮਾ ਨੇ ਵਿਸ਼ਾਲਤਾ ਨਾਲ ਬੂਹੇ ਖੋਲ੍ਹੇ। ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਨੇ ਦੋਸਾਂਝ ਜੋੜੇ ਨੂੰ ਸੇਧ ਤੇ ਪ੍ਰੇਰਨਾ ਵੀ ਦਿੱਤੀ ਤੇ ਉਨ੍ਹਾਂ ਦੇ ਮਨਾਂ ’ਚ ਖੇਤੀ ਬਾਰੇ ਗਿਆਨ ਵਿਗਿਆਨ ਦਾ ਚਾਨਣ ਵੀ ਕੀਤਾ। ਉਸੇ ਨੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਤੇ ਵਿਦੇਸ਼ਾਂ ਵਿਚ ਵਿਕਸਿਤ ਹੋ ਰਹੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਵੀ ਪੀਏਯੂ ਦੇ ਮਾਹਿਰਾਂ ਨਾਲ ਸਾਂਝੀ ਕਰਨੀ ਸ਼ੁਰੂ ਕੀਤੀ ਤੇ ਖੋਜ ਲਈ ਦੇਸ਼-ਵਿਦੇਸ਼ ਤੋਂ ਵਿਲੱਖਣ ਦਰੱਖ਼ਤਾਂ ਦੀ ਸਮੱਗਰੀ ਤੇ ਫ਼ਸਲਾਂ ਦੇ ਬੀਜ ਲਿਆ ਕੇ ਯੂਨੀਵਰਸਿਟੀ ਨੂੰ ਦੇਣ ਦਾ ਕੰਮ ਸ਼ੁਰੂ ਕੀਤਾ। ਖੋਜ ਦੇ ਕੰਮ ਵਿਚ ਅਜਿਹੀ ਭਾਈਵਾਲੀ ਨੇ ਦੋਸਾਂਝ ਨੂੰ ਭਰਪੂਰ ਹੌਸਲਾ ਪ੍ਰਦਾਨ ਕੀਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਲਾਹ ਤੇ ਸਹਿਯੋਗ ਨਾਲ ਆਪਣੇ ਫਾਰਮ ’ਤੇ ਛੋਟੇ ਕਿਸਾਨਾਂ ਦੀ ਖ਼ੁਸ਼ਹਾਲੀ ਨੂੰ ਸਥਿਰ ਕਰਨ ਲਈ ਖੇਤੀ ਵੰਨ-ਸੁਵੰਨਤਾ ਦਾ ਵਿਲੱਖਣ ਨਮੂਨਾ ਵਿਕਸਿਤ ਕੀਤਾ, ਜੋ ਦੂਰ-ਦੂਰ ਤਕ ਕਿਸਾਨਾਂ, ਵਿਦਿਆਰਥੀਆਂ, ਖਪਤਕਾਰਾਂ ਤੇ ਵਾਤਾਵਰਨ ਪ੍ਰੇਮੀਆਂ ਲਈ ਖਿੱਚ੍ ਦਾ ਕੇਂਦਰ ਬਣਿਆ। 2001 ’ਚ ਭਾਰਤ ਸਰਕਾਰ ਦੇ ਸਾਇੰਸ ਤੇ ਤਕਨਾਲੌਜੀ ਵਿਭਾਗ ਵੱਲੋਂ ਖੇਤੀ ਵੰਨ-ਸੁਵੰਨਤਾ ਵਾਲੇ ਇਸ ਨਮੂਨੇ ਦੇ ਆਧਾਰ ’ਤੇ ਇਕ ਘੰਟੇ ਦੀ ਫੀਚਰ ਫਿਲਮ ਵੀ ਖੇਤੀ ਵਿਚ ‘ਕਈ ਰਾਹ ਦਿਸੇ‘ ਸਿਰਲੇਖ ਹੇਠ ਬਣਾਈ ਗਈ।
ਖੇਤੀ ਜਿਣਸਾਂ ਦੀ ਮਾਰਕੀਟਿੰਗ
ਦੋਸਾਂਝ ਫਾਰਮ ਦੇ ਖਪਤਕਾਰਾਂ ਨੂੰ ਪੁੱਛ ਕੇ ਤੇ ਉਨ੍ਹਾਂ ਦੀ ਲੋੜ ਅਨੁਸਾਰ ਵੱਖ-ਵੱਖ ਖੇਤੀ ਜਿਣਸਾਂ ਪੈਦਾ ਕੀਤੀਆਂ ਜਾਂਦੀਆਂ ਹਨ। ਇਹ ਜਿਣਸਾਂ ਪਿੰਡ ਤੇ ਇਲਾਕੇ ਦੇ ਖਪਤਕਾਰਾਂ ਦੇ ਨਾਲ-ਨਾਲ ਜਲੰਧਰ, ਲੁਧਿਆਣਾ, ਚੰਡੀਗੜ੍ਹ ਤੇ ਹਿਮਾਚਲ ਦੇ ਸੋਲਨ ਤੇ ਕੰਡਾ ਘਾਟ ਤੱਕ ਪਹੁੰਚਦੀਆਂ ਕੀਤੀਆਂ ਜਾਂਦੀਆਂ ਹਨ। ਲੰਮਾ ਸਮਾਂ ਇਨ੍ਹਾਂ ਜਿਣਸਾਂ
ਨੂੰ ਪ੍ਰੋਸੈਸ ਤੇ ਡੱਬਾਬੰਦ ਕਰ ਕੇ ਖਪਤਕਾਰਾਂ ਤੱਕ ਪਹੁੰਚਦੀਆਂ ਕਰਨ ਦਾ ਕੰਮ ਵੀ ਚੱਲਦਾ ਰਿਹਾ ਹੈ ਪਰ 2014 ਤੋਂ ਮਹਿੰਦਰ ਕੌਰ ਦੀ ਜੀਵਨ ਯਾਤਰਾ ਪੂਰੀ ਹੋਣ ਤੋਂ ਬਾਅਦ ਪ੍ਰੋਸੈਸਿੰਗ ਦਾ ਇਹ ਪ੍ਰਾਜੈਕਟ ਬੰਦ ਹੋ ਗਿਆ।
ਠੁਕਰਾਈ ਸਰਕਾਰੀ ਨੌਕਰੀ ਦੀ ਪੇਸ਼ਕਸ਼
ਦੋਸਾਂਝ ਦੀ ਜੀਵਨ ਸਾਥਣ ਮਹਿੰਦਰ ਕੌਰ ਦੋਸਾਂਝ ਨੇ ਕਿਹਾ ਸੀ, ‘ਸਰਦਾਰ ਜੀ ਮੈਂ ਤਾਂ ਬਹੁਤਾ ਨਹੀਂ ਪੜ੍ਹ ਸਕੀ, ਤੁਸੀਂ ਤਾਂ ਹਜ਼ਾਰਾਂ ਕਿਤਾਬਾਂ ਪੜ੍ਹੀਆਂ ਹਨ ਪਰ ਕੋਈ ਡਿਗਰੀ, ਸਰਟੀਫਿਕੇਟ ਵੀ ਲੈ ਲਵੋ, ਕਿਤੇ ਲੋੜ ਪੈ ਸਕਦੀ ਹੈ।’ ਉਸ ਨੇ ਜਵਾਬ ਦਿੱਤਾ ਕਿ ਤੂੰ ਆਪਣੀ ਇਹ ਇੱਛਾ ਪਹਿਲਾਂ ਦੱਸਦੀ ਤਾਂ ਮੈਂ ਹੁਣ ਤਕ ਡਿਗਰੀਆਂ ਦੇ ਢੇਰ ਲਾ ਦੇਣੇ ਸਨ।’ ਉਸੇ ਵੇਲੇ ਇਮਤਿਹਾਨ ਦੀ ਤਿਆਰੀ ਲਈ ਖੇਤਾਂ ਵਿਚ ਹੀ ਸਿਲੇਬਸ ਦੀਆਂ ਪੁਸਤਕਾਂ ਲਿਆ ਕੇ ਪੜ੍ਹਾਈ ਸ਼ੁਰੂ ਹੋ ਗਈ। ਮਹਿੰਦਰ ਕੌਰ ਦੋਸਾਂਝ ਨੇ ਖੇਤੀ ਦੇ ਰੁਝੇਵਿਆਂ ਦਾ ਬੋਝ ਆਪਣੇ ਮੋਢਿਆਂ ’ਤੇ ਲੱਦ ਲਿਆ। ਪ੍ਰਾਈਵੇਟ ਪੱਧਰ ’ਤੇ ਇਮਤਿਹਾਨ ਦੇ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਚੰਗੇ ਨੰਬਰਾਂ ਨਾਲ ਪਹਿਲਾਂ ਬੁੱਧੀਮਾਨੀ, ਫਿਰ ਗਿਆਨੀ ਤੇ ਅਖ਼ੀਰ ’ਚ ਗ੍ਰੈਜੂਏਸ਼ਨ ਕੀਤੀ। ਸਾਲ 1966 ਵਿਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬੀ ਅਧਿਆਪਕ ਦੀ ਨੌਕਰੀ ਲਈ ਸੱਦਾ ਵੀ ਆ ਗਿਆ ਪਰ ਖੇਤੀ ਦੇ ਮੋਹ ਨੇ ਨੌਕਰੀ ਦਾ ਸੱਦਾ ਠੁਕਰਾ ਦਿੱਤਾ। 16 ਅਕਤੂਬਰ 1986 ਨੂੰ ਛੇਵੇਂ ਵਿਸ਼ਵ ਖ਼ੁਰਾਕ ਦਿਵਸ ਮੌਕੇ ਕਣਕ ਦੇ ਸ਼ਾਨਦਾਰ ਉਤਪਾਦਨ ਲਈ ਸੰਯੁਕਤ ਰਾਸ਼ਟਰ ਸੰਘ ਵੱਲੋਂ ਅੰਤਰਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਉਹ ਵਿਕਸਿਤ ਦੇਸ਼ਾਂ ਦੀ ਯਾਤਰਾ ਕਰਨ ਗਿਆ ਤੇ ਉੱਥੇ ਅਨੇਕਾਂ ਸੰਸਥਾਵਾਂ ਵੱਲੋਂ ਆਪਣੇ ਲਈ ਸਲਾਹਕਾਰ ਦੀ ਹੈਸੀਅਤ ’ਚ ਉਨ੍ਹਾਂ ਦੇਸ਼ਾਂ ਵਿਚ ਸੈੱਟ ਕਰਨ ਦੀਆਂ ਉਸ ਨੂੰ ਪੇਸ਼ਕਸ਼ਾਂ ਕੀਤੀਆਂ ਗਈਆਂ ਪਰ ਉਸ ਨੇ ਖੇਤਾਂ ਦੀ ਦੁਨੀਆ ’ਚ ਕੰਮ ਕਰਨ ਨੂੰ ਪਹਿਲ ਦਿੱਤੀ।
ਖੋਜਾਂ ਨੂੰ ਵਿਸ਼ਵ ਪੱਧਰ ’ਤੇ ਮਿਲੀ ਮਾਨਤਾ
ਯੂਨੀਵਰਸਿਟੀਆਂ ਤੋਂ ਬਾਹਰ ਕਿਸਾਨਾਂ ਦੇ ਖੇਤਾਂ ਵਿਚ ਹੋਣ ਵਾਲੀਆਂ ਖੋਜਾਂ ਨੂੰ ਮਾਨਤਾ ਦੇਣ ਲਈ ਹਰ ਪੰਜ ਸਾਲ ਬਾਅਦ ਇੰਗਲੈਂਡ ’ਚ ਈਲੀਆ ਪ੍ਰਕਾਸ਼ਨ ਵੱਲੋਂ ਛਪਣ ਵਾਲੀ ਪੁਸਤਕ 'ਫਾਰਮਰ ਰਿਸਰਚ ਇਨ ਪ੍ਰੈਕਟਿਸ' ਦੇ 1997 ਤੋਂ 2002 ਦੇ ਐਡੀਸ਼ਨ ਵਿਚ ਦੋਸਾਂਝ ਫਾਰਮ ’ਤੇ ਕੀਤੀਆਂ ਗਈਆਂ ਖੋਜਾਂ ਦਾ ਨੌਂ ਪੰਨਿਆਂ ’ਤੇ ਜ਼ਿਕਰ ਹੈ। ਉਸ ਨੂੰ ਪੰਜਾਬ ਸਰਕਾਰ ਨੇ ਵੱਖ-ਵੱਖ ਸਮੇਂ ਸਟੇਟ ਸੀਡ ਸਬ-ਕਮੇਟੀ ਅਤੇ ਪੰਜਾਬ ਸਟੇਟ ਸੀਡ ਸਰਟੀਫਿਕੇਸ਼ਨ ਅਥਾਰਟੀ ਦੇ ਗਵਰਨਿੰਗ ਬੋਰਡ ਦਾ ਮੈਂਬਰ ਨਾਮਜ਼ਦ ਕੀਤਾ। ਉਹ ਪਹਿਲਾਂ ਜਲੰਧਰ ਤੇ ਹੁਣ ਨਵਾਂਸ਼ਹਿਰ ਦੀ ਜ਼ਿਲ੍ਹਾ ਖੇਤੀਬਾੜੀ ਪੈਦਾਵਾਰ ਕਮੇਟੀ ਦਾ ਮੈਂਬਰ ਹੈ।
ਸਾਹਿਤਕ ਖੇਤਰ ’ਚ ਕੰਮ ਕੀਤਾ
ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ’ਚ ਛਪੀਆਂ 11 ਕਿਤਾਬਾਂ ਅਤੇ ਕੁਝ ਪੁਸਤਕਾਂ ਦੇ ਸੰਪਾਦਨ ਦਾ ਕੰਮ ਵੀ ਕੀਤਾ। ਇਨ੍ਹਾਂ ਪੁਸਤਕਾਂ ਵਿੱਚੋਂ ‘ਪੇਂਡੂ ਪੰਜਾਬ ਤੇ ਕਿਸਾਨੀ ਦਾ ਪੁਰਾਤਨ ਸੱਭਿਆਚਾਰ’ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਵੀ ਦੋ ਐਡੀਸ਼ਨਾਂ ਵਿਚ ਛਾਪੀ। ਖੇਤੀਬਾੜੀ ਵਾਤਾਵਰਨ ਤੇ ਸਾਹਿਤ ਬਾਰੇ ਸੱਤ ਖੋਜ ਪੱਤਰ ਵੀ ਲਿਖੇ, ਜੋ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੱਕ ਪੜ੍ਹੇ ਤੇ ਵਿਚਾਰੇ ਗਏ। ਉਨ੍ਹਾਂ ਨੂੰ ਸਥਾਨਕ ਪੱਧਰ ਤੋਂ ਅੰਤਰਰਾਸ਼ਟਰੀ ਪੱਧਰ ਤੱਕ ਅਨੇਕਾਂ ਮਾਣ-ਸਤਿਕਾਰ ਤੇ ਪੁਰਸਕਾਰ ਵੀ ਮਿਲੇ। ਪੰਜਾਬ ਸਰਕਾਰ ਵੱਲੋਂ 2011 ਵਿਚ ਸਟੇਟ ਐਵਾਰਡ ਮਿਲਿਆ। ਉੱਤਰ ਪੱਛਮੀ ਰਾਜਾਂ ਵਿਚ ਦਿਹਾਤੀ ਸਿੱਖਿਆ ਉੱਤਰ ਪੱਛਮੀ ਰਾਜਾਂ ਦੀ ਦੋ ਰੋਜ਼ਾ ਵਰਕਸ਼ਾਪ ਅੰਦਰ ਦਿਹਾਤੀ ਲੋਕਾਂ ਵਿਚ ਵਿੱਦਿਆ ਦਾ ਪਾਸਾਰ ਕਰਨ ਲਈ 1992 ਵਿਚ ਮਸ਼ੋਬਰਾ ਹਿਮਾਚਲ ਪ੍ਰਦੇਸ਼ ਵਿਖੇ ਹਰਿਆਣਾ ਦੇ ਰਾਜਪਾਲ ਧਨਿਕ ਲਾਲ ਮੰਡਲ ਵੱਲੋਂ ਪੁਰਸਕਾਰ ਦਿੱਤਾ ਗਿਆ। 2007 ਵਿਚ ਖੇਤੀ ਵੰਨ-ਸੁਵੰਨਤਾ ਲਈ ਪੀਏਯੂ ਵੱਲੋਂ ਮੁੱਖ ਮੰਤਰੀ ਪੁਰਸਕਾਰ ਪ੍ਰਾਪਤ ਹੋਇਆ ਅਤੇ ਫਰਵਰੀ 2011 ਵਿਚ ਹਮੀਰਪੁਰ ਵਿਖੇ ਉੱਤਰ ਪੱਛਮੀ ਰਾਜਾਂ ਦੀ ਖੇਤੀਬਾੜੀ ਬਾਰੇ ਵਰਕਸ਼ਾਪ ਵਿਚ ਉਸ ਨੂੰ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਅੱਜ ਵੀ ਕਰਦੇ ਖੇਤੀ
ਉਹ ਉਮਰ ਦੇ 88ਵੇਂ ਸਾਲ ਵਿੱਚੋਂ ਲੰਘ ਰਹੇ ਹਨ ਪਰ ਅਜੇ ਵੀ ਦੁਪਹਿਰ ਦੀ ਸਖ਼ਤ ਗਰਮੀ ਤੇ ਪੋਹ ਦੀਆਂ ਯੱਥ ਰਾਤਾਂ ਵਿਚ ਕਹੀ ਤੇ ਹੋਰ ਸੰਦ ਚੁੱਕ ਕੇ ਖੇਤਾਂ ਵਿਚ ਕੰਮ ਕਰ ਰਹੇ ਹਨ। ਜਦੋਂ ਖੇਤੀ ਦੇ ਰੁਝੇਵਿਆਂ ਤੋਂ ਵਿਹਲੇ ਹੁੰਦੇ ਹਨ ਤਾਂ ਕਲਮਾਂ-ਕਿਤਾਬਾਂ ਚੁੱਕ ਲੈਂਦੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਆਪਣੀ ਜ਼ਿੰਦਗੀ ਤੇ ਖੇਤੀ ਦੇ ਕਿੱਤੇ ਤੋਂ ਤੁਸੀਂ ਸੰਤੁਸ਼ਟ ਹੋ, ਤਾਂ ਮਾਣ ਨਾਲ ਦੱਸਿਆ ਕਿ ਜੋ ਕੁਝ ਮੈਨੂੰ ਖੇਤੀ ਨੇ ਬਖਸ਼ਿਆ, ਉਹ ਸ਼ਾਇਦ ਹੋਰ ਕਿਸੇ ਕਿੱਤੇ ਵਿੱਚੋਂ ਮੈਨੂੰ ਨਹੀਂ ਸੀ ਮਿਲ ਸਕਣਾ। ਜੇ ਮੈਂ ਵਿਕਸਿਤ ਦੇਸ਼ਾਂ ਦਾ ਵਾਸੀ ਵੀ ਬਣ ਜਾਂਦਾ ਤਾਂ ਆਪਣੇ ਖੇਤਾਂ ਦੀ ਖ਼ੁਸ਼ਹਾਲ ਤੇ ਖ਼ੂਬਸੂਰਤ ਦੁਨੀਆ ਤਿਆਗ ਕੇ ਮੈਂ ਮਾਨਸਿਕ ਰੋਗੀ ਬਣ ਜਾਣਾ ਸੀ।
ਸਬਸਿਡੀਆਂ ਲੈਣ ਤੋਂ ਕੀਤਾ ਇਨਕਾਰ
ਫ਼ਸਲਾਂ ਦੇ ਖ਼ਰਾਬੇ ਅਤੇ ਖੇਤੀ ਦੀਆਂ ਹੋਰ ਲੋੜਾਂ ਲਈ ਸਮੇਂ-ਸਮੇਂ ਸਬਸਿਡੀਆਂ ਲੈਣ ਲਈ ਵੀ ਉਸ ਨੇ ਅਕਸਰ ਇਨਕਾਰ ਕੀਤਾ। ਮਈ 1988 ਵਿਚ ਇਕ ਹਫ਼ਤਾ ਲਗਾਤਾਰ ਮੀਂਹ ਪੈਣ ਨਾਲ ਉਸ ਦੀ ਕਣਕ ਦਾ ਪੂਰਾ 100 ਫ਼ੀਸਦੀ ਨੁਕਸਾਨ ਹੋਇਆ ਗਿਆ ਸੀ ਤਾਂ ਸਰਕਾਰੀ ਹਦਾਇਤਾਂ ’ਤੇ ਮੁਆਵਜ਼ਾ ਦੇਣ ਲਈ ਪਟਵਾਰੀ ਉਨ੍ਹਾਂ ਦੇ ਖੇਤਾਂ ਦੀ ਗਿਰਦਾਵਰੀ ਕਰਨ ਲਈ ਆਇਆ ਤਾਂ ਉਸ ਨੇ ਪਟਵਾਰੀ ਨੂੰ ਰੋਕ ਦਿੱਤਾ ਤੇ ਕਿਹਾ ਕਿ ਅਸੀਂ ਮਿਹਨਤੀ ਕਿਸਾਨ ਹਾਂ। ਤੁਸੀਂ ਇਹ ਦੱਸੋ ਮੀਂਹ ਸਰਕਾਰ ਨੇ ਵਰ੍ਹਾਇਆ ਹੈ? ਇਹ ਤਾਂ ਕੁਦਰਤੀ ਆਫ਼ਤ ਸੀ ਤੇ ਵਾਪਰ ਗਈ। ਖੇਤੀ ਸਾਡੀ ਮਾਂ ਹੈ, ਅੱਜ ਜੇ ਇਹ ਬੇਵੱਸ ਹੋ ਗਈ ਹੈ ਤਾਂ ਮੁੜ ਕੇ ਖੇਤੀ ਨੇ ਹੀ ਸਾਨੂੰ ਕੁੱਛੜ ਚੁੱਕ ਕੇ ਅੱਗੇ ਲਿਜਾਣਾ ਹੈ। ਅਸੀਂ ਮਿਹਨਤ ਨਾਲ ਛੇਤੀ ਹੀ ਮੁੜ ਕੇ ਉਭਰਾਂਗੇ।
- ਪ੍ਰਦੀਪ ਭਨੋਟ