ਖੰਡ ਦੀ ਘਟ ਰਹੀ ਵਰਤੋਂ ਤੇ ਸ਼ਹਿਦ ਦੇ ਵੱਧ ਰਹੇ ਰੁਝਾਨ ਕਾਰਨ ਸ਼ਹਿਦ ਨੂੰ ਹੁਣ ਕੁਦਰਤੀ ਅਤੇ ਸਿਹਤਮੰਦ ਮਿੱਠੇ ਪਦਾਰਥ ਵਜੋਂ ਮਾਨਤਾ ਮਿਲ ਰਹੀ ਹੈ, ਜਿਸ ਦੀ ਮਾਰਕੀਟ ’ਚ ਬੇਹੱਦ ਸੰਭਾਵਨਾ ਹੈ। ਸਿਹਤ ਲਾਭਾਂ ਬਾਰੇ ਉਪਭੋਗਤਾਵਾਂ ਵਿਚ ਵਧਦੀ ਜਾਗਰੂਕਤਾ ਤੇ ਕੁਦਰਤੀ ਉਤਪਾਦਾਂ ਵੱਲ ਰੁਝਾਨ ਦੇ ਕਾਰਨ ਸ਼ਹਿਦ ਦੀ ਮੰਗ ਲਗਾਤਾਰ ਵੱਧ ਰਹੀ ਹੈ।

ਖੰਡ ਦੀ ਘਟ ਰਹੀ ਵਰਤੋਂ ਤੇ ਸ਼ਹਿਦ ਦੇ ਵੱਧ ਰਹੇ ਰੁਝਾਨ ਕਾਰਨ ਸ਼ਹਿਦ ਨੂੰ ਹੁਣ ਕੁਦਰਤੀ ਅਤੇ ਸਿਹਤਮੰਦ ਮਿੱਠੇ ਪਦਾਰਥ ਵਜੋਂ ਮਾਨਤਾ ਮਿਲ ਰਹੀ ਹੈ, ਜਿਸ ਦੀ ਮਾਰਕੀਟ ’ਚ ਬੇਹੱਦ ਸੰਭਾਵਨਾ ਹੈ। ਸਿਹਤ ਲਾਭਾਂ ਬਾਰੇ ਉਪਭੋਗਤਾਵਾਂ ਵਿਚ ਵਧਦੀ ਜਾਗਰੂਕਤਾ ਤੇ ਕੁਦਰਤੀ ਉਤਪਾਦਾਂ ਵੱਲ ਰੁਝਾਨ ਦੇ ਕਾਰਨ ਸ਼ਹਿਦ ਦੀ ਮੰਗ ਲਗਾਤਾਰ ਵੱਧ ਰਹੀ ਹੈ। ਸਥਾਨਕ ਤੌਰ ’ਤੇ ਪ੍ਰੋਸੈਸ ਤੇ ਪੈਕ ਕੀਤਾ ਗਿਆ ਸ਼ਹਿਦ ਨੇੜਲੇ ਬਾਜ਼ਾਰਾਂ ਵਿਚ ਖਪਤਕਾਰਾਂ ਵੱਲੋਂ ਵਧੇਰੇ ਪਸੰਦ ਕੀਤਾ ਜਾਂਦਾ ਹੈ, ਜਿਸ ਨਾਲ ਇਸ ਨੂੰ ਵਧੀਆ ਕੀਮਤ ਮਿਲਦੀ ਹੈ ਅਤੇ ਉਤਪਾਦਕਾਂ ਅਤੇ ਪ੍ਰੋਸੈਸਰਾਂ ਨੂੰ ਚੰਗਾ ਮੁਨਾਫ਼ਾ ਪ੍ਰਾਪਤ ਹੁੰਦਾ ਹੈ। ਇਸ ਸੰਭਾਵਨਾ ਨੂੰ ਧਿਆਨ ’ਚ ਰੱਖਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਨੇ ਛੋਟੇ ਉਦਯੋਗਪਤੀਆਂ ਤੇ ਮਧੂਮੱਖੀ ਪਾਲਕਾਂ ਦੀ ਲੋੜ ਅਤੇ ਸਮਰੱਥਾ ਅਨੁਸਾਰ ਇਕ ਸੰਕੁਚਿਤ (ਕੰਪੈਕਟ) ਸ਼ਹਿਦ ਪ੍ਰੋਸੈਸਿੰਗ ਪ੍ਰਣਾਲੀ ਵਿਕਸਿਤ ਕੀਤੀ ਹੈ, ਜਿਸ ਨੂੰ ਸ਼ਹਿਦ ਪ੍ਰੋਸੈਸਿੰਗ ਤੇ ਫਿਲਟ੍ਰੇਸ਼ਨ ਯੂਨਿਟ ਦਾ ਨਾਂ ਦਿੱਤਾ ਗਿਆ ਹੈ। ਇਹ ਯੂਨਿਟ ਮੱਖੀ ਪਾਲਕਾਂ ਅਤੇ ਛੋਟੇ ਕਿਸਾਨਾਂ ਨੂੰ ਸਾਫ਼, ਗੁਣਵੱਤਾ ਵਾਲਾ ਅਤੇ ਲੰਬੇ ਸਮੇਂ ਤੱਕ ਸੰਭਾਲਿਆ ਜਾਣ ਵਾਲਾ ਸ਼ਹਿਦ ਤਿਆਰ ਕਰਨ ’ਚ ਮਦਦ ਕਰਦਾ ਹੈ। ਇਹ ਪੂਰੀ ਤਰ੍ਹਾਂ ਨਾਲ ਮਕੈਨਾਈਜ਼ਡ ਫਿਲਟਰੇਸ਼ਨ ਯੂਨਿਟ ਹੈ, ਜਿਸ ਵਿਚ ਸ਼ਹਿਦ ਅਤੇ ਪਾਣੀ ਦਾ ਤਾਪਮਾਨ ਕਾਬੂ ਕਰਨ ਲਈ ਵੱਖ-ਵੱਖ ਸੈਂਸਰ ਲੱਗੇ ਹੋਏ ਹਨ। ਇਸ ਯੂਨਿਟ ਦੇ ਲਾਉਣ ਨਾਲ ਇਹ ਮਸ਼ੀਨ ਪ੍ਰਤੀ ਦਿਨ ਕਰੀਬ ਦੋ ਕੁਇੰਟਲ ਸ਼ਹਿਦ ਪ੍ਰੋਸੈਸ ਕਰ ਸਕਦੀ ਹੈ। ਇੰਨਾ ਹੀ ਨਹੀਂ, ਇਸ ਨਾਲ ਰੰਗ, ਸੁਗੰਧ ਤੇ ਸੁਆਦ ’ਚ ਵੀ ਸੁਧਾਰ ਹੁੰਦਾ ਹੈ।
ਚਲਾਉਣਾ ਹੈ ਸੌਖਾ
ਡਾ. ਮੁਹੰਮਦ ਸ਼ਫ਼ੀਕ ਆਲਮ, ਪ੍ਰਿੰਸੀਪਲ ਸਾਇੰਟਿਸਟ, ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ, ਪੀਏਯੂ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਇਹ ਸਿਸਟਮ ਚਲਾਉਣ ਵਿਚ ਆਸਾਨ, ਸਾਫ਼-ਸੁਥਰਾ ਤੇ ਸਿਹਤਮੰਦ ਮਿਆਰਾਂ ਅਨੁਸਾਰ ਤਿਆਰ ਕੀਤਾ ਗਿਆ ਹੈ। ਇਕ ਵਿਅਕਤੀ ਇਸ ਨੂੰ ਆਸਾਨੀ ਨਾਲ ਚਲਾ ਸਕਦਾ ਹੈ। ਇਸ ਦੀ ਪ੍ਰੋਸੈਸਿੰਗ ਸਮਰੱਥਾ 50 ਕਿਲੋਗ੍ਰਾਮ ਪ੍ਰਤੀ ਬੈਚ ਹੈ, ਜਿਸ ਕਰਕੇ ਇਹ ਛੋਟੇ ਪੱਧਰ ਦੇ ਪ੍ਰੋਸੈਸਰਾਂ ਲਈ ਬਹੁਤ ਉਚਿਤ ਹੈ। ਇਸ ਲਈ ਸਿਫ਼ਾਰਸ਼ੀ ਪ੍ਰੋਸੈਸਿੰਗ ਸਥਿਤੀ 50 ਡਿਗਰੀ ਸੈਲਸੀਅਸ ਤਾਪਮਾਨ ਦੀ ਹੈ ਅਤੇ ਇਸ ਦਾ ਹੋਲਡਿੰਗ ਸਮਾਂ 40 ਮਿੰਟ ਦਾ ਹੈ, ਜੋ ਉੱਚ ਗੁਣਵੱਤਾ ਅਤੇ ਸੁਰੱਖਿਅਤ ਸ਼ਹਿਦ ਨੂੰ ਯਕੀਨੀ ਬਣਾਉਂਦਾ ਹੈ। ਇਸ ਵਿਚ ਸ਼ਹਿਦ ਹੀਟਿੰਗ-ਕਮ-ਫਿਲਟ੍ਰੇਸ਼ਨ ਸਿਸਟਮ (ਨਮੀ ਘਟਾਉਣ ਵਾਲੀ ਇਕਾਈ ਤੋਂ ਬਿਨਾਂ) ਅਤੇ ਸ਼ਹਿਦ ਹੀਟਿੰਗ-ਕਮ-ਫਿਲਟ੍ਰੇਸ਼ਨ ਸਿਸਟਮ (ਨਮੀ ਘਟਾਉਣ ਵਾਲੀ ਇਕਾਈ ਸਮੇਤ) ਦੋ ਮਾਡਲ ਹਨ।
ਕੀ ਹੈ ਮਾਡਲ ਇਕ
ਡਾ.ਆਲਮ ਨੇ ਮਾਡਲ ਦੀ ਸ਼ਹਿਦ ਹੀਟਿੰਗ-ਕਮ-ਫਿਲਟ੍ਰੇਸ਼ਨ ਸਿਸਟਮ (ਨਮੀ ਘਟਾਉਣ ਵਾਲੀ ਇਕਾਈ ਤੋਂ ਬਿਨਾਂ) ਬਾਰੇ ਦੱਸਿਆ ਕਿ ਇਹ ਪੂਰੀ ਤਰ੍ਹਾਂ ਮਕੈਨੀਕਲ ਇਕਾਈ ਹੀਟਿੰਗ ਅਤੇ ਫਿਲਟ੍ਰੇਸ਼ਨ ਪ੍ਰਕਿਰਿਆ ਨੂੰ ਇਕੱਠੇ ਜੋੜਦਾ ਹੈ। ਇਸ ਵਿਚ ਪਾਣੀ ਅਤੇ ਸ਼ਹਿਦ ਦੇ ਤਾਪਮਾਨ ਨੂੰ ਨਿਯੰਤ੍ਰਿਤ ਕਰਨ ਲਈ ਵੱਖ-ਵੱਖ ਸੈਂਸਰ ਲੱਗੇ ਹੋਏ ਹਨ। ਇਸ ਦਾ ਆਕਾਰ (686 x 533.5 1524 ਮਿਲੀਮੀਟਰ) ਇਸ ਨੂੰ ਸੰਕੁਚਿਤ ਅਤੇ ਛੋਟੀਆਂ ਵਰਕਸ਼ਾਪਾਂ ਲਈ ਉਚਿਤ ਬਣਾਉਂਦਾ ਹੈ। ਇਸ ਵਿਚ ਅਪਰੋਕਸ਼ (ਇਨਡਾਇਰੈਕਟ) ਹੀਟਿੰਗ ਪ੍ਰਣਾਲੀ ਵਰਤੀ ਗਈ ਹੈ, ਜਿਸ ਵਿਚ ਪਾਣੀ ਦੀ ਸਰਕੂਲੇਸ਼ਨ ਪੰਪ ਰਾਹੀਂ ਕੀਤੀ ਜਾਂਦੀ ਹੈ ਤਾਂ ਜੋ ਤਾਪਮਾਨ ਇਕਸਾਰ ਬਣਿਆ ਰਹੇ। 0.25 ਹਾਰਸ ਪਾਵਰ ਮੋਟਰ ਨਾਲ ਚੱਲਣ ਵਾਲਾ ਛੇ-ਫਿਨ ਸਟਿਰਰ (ਹਿਲਾਉਣ ਵਾਲਾ ਪੱਖਾ) ਸ਼ਹਿਦ ਨੂੰ ਇਕਸਾਰ ਗਰਮ ਕਰਦਾ ਹੈ। ਫਿਲਟ੍ਰੇਸ਼ਨ ਚੈਂਬਰ ਸਟੇਨਲੈਸ ਸਟੀਲ ਦਾ ਬਣਿਆ ਹੈ, ਜਿਸ ਵਿਚ 200 ਮਾਈਕ੍ਰੋਨ ਦੀ ਛਾਈ ਲੱਗੀ ਹੈ ਅਤੇ ਇਹ 10 ਲੀਟਰ ਪ੍ਰਤੀ ਮਿੰਟ ਦੀ ਦਰ ਨਾਲ ਸ਼ਹਿਦ ਨੂੰ ਫਿਲਟਰ ਕਰਦਾ ਹੈ। ਇਹ ਮਾਡਲ ਸਿਰਫ਼ ਇਕ ਆਪਰੇਟਰ ਨਾਲ ਚੱਲ ਸਕਦਾ ਹੈ, ਜਿਸ ਕਾਰਨ ਇਹ ਕਿਸਾਨਾਂ ਲਈ ਬਹੁਤ ਹੀ ਸੁਵਿਧਾਜਨਕ ਹੈ।
ਸ਼ਹਿਦ ਦੀ ਗੁਣਵੱਤਾ ਨੂੰ ਵਧਾਉਂਦੈ ਮਾਡਲ ਦੋ
ਸ਼ਹਿਦ ਦੀ ਗੁਣਵੱਤਾ ਹੋਰ ਵਧਾਉਣ ਲਈ ਪੀਏਯੂ ਨੇ ਅਧੁਨਿਕ ਮਾਡਲ ਵਿਕਸਿਤ ਕੀਤਾ ਹੈ, ਜਿਸ ਨੂੰ ਸ਼ਹਿਦ ਹੀਟਿੰਗ-ਕਮ-ਫਿਲਟ੍ਰੇਸ਼ਨ ਸਿਸਟਮ (ਨਮੀ ਘਟਾਉਣ ਵਾਲੀ ਇਕਾਈ ਸਮੇਤ) ਜਾਣਿਆ ਜਾਂਦਾ ਹੈ, ਇਸ ਵਿਚ ਨਮੀ ਘਟਾਉਣ ਵਾਲੀ ਇਕਾਈ ਸ਼ਾਮਲ ਹੈ। ਇਸ ਸਿਸਟਮ ਵਿਚ ਬੈਫਲਜ਼, ਡ੍ਰਾਈ ਹੀਟਰ ਅਤੇ ਦੋ ਪੱਖੇ ਲੱਗੇ ਹਨ, ਜੋ ਹਰ 20 ਮਿੰਟ ਵਿੱਚ ਲਗਪਗ 1 ਫ਼ੀਸਦੀ ਨਮੀ ਘਟਾਉਣ ਦੀ ਸਮਰੱਥਾ ਰੱਖਦੇ ਹਨ। ਇਸ ਪ੍ਰੋਸੈਸਿੰਗ ਇਕਾਈ ਵਿਚ 3 ਫਿਲਟਰ ਹਨ, ਇਕ ਮੈਕਰੋ ਅਤੇ ਦੋ ਮਾਈਕ੍ਰੋ ਫਿਲਟਰ। ਬਿਹਤਰ ਫਿਲਟ੍ਰੇਸ਼ਨ ਦੇ ਨਾਲ ਇਹ ਸਿਸਟਮ ਇਹ ਯਕੀਨੀ ਬਣਾਉਂਦਾ ਹੈ ਕਿ ਸ਼ਹਿਦ ਸੁਰੱਖਿਅਤ ਸਟੋਰੇਜ ਅਤੇ ਲੰਬੀ ਸ਼ੈਲਫ ਲਾਈਫ਼ ਲਈ ਲੋੜੀਂਦੇ ਮਿਆਰਾਂ ’ਤੇ ਖ਼ਰਾ ਉਤਰਦਾ ਹੈ।
ਪ੍ਰੋਸੈਸਿੰਗ ਤੇ ਮਾਰਕੀਟਿੰਗ ਕਰ ਸਕਦੇ ਕਿਸਾਨ
ਸ਼ਹਿਦ ਹੀਟਿੰਗ-ਕਮ-ਫਿਲਟ੍ਰੇਸ਼ਨ ਮਸ਼ੀਨ (ਦੋਵੇਂ ਮਾਡਲ) ਦੀ ਕੀਮਤ ਵਾਜਬ ਰੱਖੀ ਗਈ ਹੈ ਜੋ ਹਰ ਕਿਸਾਨ ਦੀ ਪਹੁੰਚ ਵਿੱਚ ਹੈ, ਫਿਰ ਵੀ ਜੇ ਕਿਸਾਨ ਚਾਹੁਣ ਤਾਂ ਸਾਂਝੇ ਤੌਰ ’ਤੇ ਵੀ ਯੂਨਿਟ ਲਗਾ ਸਕਦੇ ਹਨ। ਲਗਪਗ 200 ਕਿਲੋਗ੍ਰਾਮ ਪ੍ਰਤੀ ਦਿਨ ਦੀ ਪ੍ਰੋਸੈਸਿੰਗ ਸਮਰੱਥਾ ਨਾਲ ਕਿਸਾਨ ਹੀਟਿੰਗ ਤੇ ਫਿਲਟ੍ਰੇਸ਼ਨ ਨੂੰ ਇਕੱਠੇ ਸਾਫ਼-ਸੁਥਰੇ ਢੰਗ ਨਾਲ ਕਰਕੇ ਕਾਫ਼ੀ ਸਮਾਂ ਬਚਾ ਸਕਦੇ ਹਨ। ਸ਼ਹਿਦ ਦੀ ਵਿਗਿਆਨਕ ਢੰਗ ਨਾਲ ਪ੍ਰੋਸੈਸਿੰਗ ਅਤੇ ਪੈਕਿੰਗ ਕਰ ਕੇ ਕਿਸਾਨ ਕੱਚਾ ਸ਼ਹਿਦ ਵੇਚਣ ਨਾਲੋਂ 100-150 ਪ੍ਰਤੀ ਕਿਲੋਗ੍ਰਾਮ ਵਧੀਕ ਮੁਨਾਫ਼ਾ ਕਮਾ ਸਕਦੇ ਹਨ। ਇਹ ਛੋਟੇ ਪੱਧਰ ’ਤੇ ਵੀ ਕਾਫ਼ੀ ਵਾਧੂ ਆਮਦਨ ਪ੍ਰਦਾਨ ਕਰ ਸਕਦਾ ਹੈ। ਇਸ ਸਿਸਟਮ ਨੂੰ ਲਾਇਸੈਂਸ ਕੀਤਾ ਗਿਆ ਹੈ। ਪੀਏਯੂ ਦੇ ਸ਼ਹਿਦ ਹੀਟਿੰਗ-ਕਮ-ਫਿਲਟ੍ਰੇਸ਼ਨ ਸਿਸਟਮ ਨੂੰ ਅਪਣਾ ਕੇ ਕਿਸਾਨ ਅਤੇ ਛੋਟੇ ਉਦਯੋਗਪਤੀ ਉੱਚ ਗੁਣਵੱਤਾ ਵਾਲੇ ਸ਼ਹਿਦ ਦੀ ਕੁਸ਼ਲਤਾਪੂਰਵਕ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਕਰ ਸਕਦੇ ਹਨ।
ਕਿਸੇ ਵੀ ਸਲਾਹ ਲਈ ਪੀਏਯੂ ਨਾਲ ਕੀਤਾ ਜਾਵੇ ਸੰਪਰਕ
ਜੇ ਕਿਸਾਨ ਛੋਟੇ ਪੱਧਰ ਦੀ ਸ਼ਹਿਦ ਦੀ ਪ੍ਰੋਸੈਸਿੰਗ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ ਤਾਂ ਪੀਏਯੂ ਦਾ ਸ਼ਹਿਦ ਪ੍ਰੋਸੈਸਿੰਗ ਅਤੇ ਫਿਲਟ੍ਰੇਸ਼ਨ ਯੂਨਿਟ ਉਨ੍ਹਾਂ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋ ਸਕਦਾ ਹੈ, ਜਿਸ ਦੀ ਕੀਮਤ ਵੀ ਬਹੁਤ ਘੱਟ ਹੈ। ਡਾ.ਆਲਮ ਨੇ ਇਹ ਵੀ ਕਿਹਾ ਕਿ ਇਸ ਸਿਸਟਮ ਨਾਲ ਕਿਸਾਨ ਇਕ ਮਹੀਨੇ ਵਿਚ ਹੀ ਇੰਨੀ ਕਮਾਈ ਕਰ ਲੈਣਗੇ ਕਿ ਮਸ਼ੀਨ ਮੁਫ਼ਤ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਖੰਡ ਦੀ ਵਰਤੋਂ ਦਾ ਘਟ ਰਿਹਾ ਰੁਝਾਨ ਕਿਸਾਨਾਂ ਲਈ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸ਼ਹਿਦ ਦਾ ਭਵਿੱਖ ਬਹੁਤ ਹੀ ਚਮਕਦਾਰ ਹੈ। ਸ਼ਹਿਦ ਦੇ ਛੋਟੇ-ਛੋਟੇ ਪੈਕੇਟ ਬਣਾ ਕੇ ਵੀ ਉਨ੍ਹਾਂ ਦੀ ਵਿਕਰੀ ਕੀਤੀ ਜਾ ਸਕਦੀ ਹੈ। ਕਿਸੇ ਵੀ ਸਲਾਹ ਲਈ ਕਿਸਾਨ ਪੀਏਯੂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਦ ਨਾਲ ਸਬੰਧਿਤ ਹੀ ਨਹੀਂ ਸਗੋਂ ਪੀਏਯੂ ਦੀ ਹਰ ਤਕਨੀਕ ਨੂੰ ਜਾਣਨ ਤੇ ਅਪਣਾਉਣ ਦਾ ਯਤਨ ਕਰਨ ਕਿਉਂਕਿ ਪੀਏਯੂ ਦਾ ਇੱਕੋ ਇਕ ਮਕਸਦ ਕਿਸਾਨਾਂ ਦੀ ਭਲਾਈ ਹੈ। ਉਨ੍ਹਾਂ ਕਿਹਾ ਕਿ ਪੀਏਯੂ ਦਾ ਉਦੇਸ਼ ਇਸ ਤਕਨੀਕ ਰਾਹੀਂ ਮੱਖੀ ਪਾਲਣ ਨੂੰ ਉਤਸ਼ਾਹਿਤ ਕਰਨਾ, ਕਿਸਾਨਾਂ ਦੀ ਆਮਦਨ ਵਧਾਉਣਾ ਅਤੇ ਪਿੰਡਾਂ ਵਿਚ ਛੋਟੇ ਐਗਰੋ ਪ੍ਰੋਸੈਸਿੰਗ ਉਦਯੋਗ ਖੜ੍ਹੇ ਕਰਨ ਵਿਚ ਮਦਦ ਕਰਨਾ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਮਾਡਲ ਇਕੱਠੇ ਲੈਣੇ ਜ਼ਰੂਰੀ ਨਹੀਂ। ਕੰਮ ਦੇ ਹਿਸਾਬ ਨਾਲ ਇਕ ਮਾਡਲ ਨਾਲ ਵੀ ਕਿਸਾਨ ਦਾ ਕੰਮ ਚੱਲ ਸਕਦਾ ਹੈ।
- ਪਲਵਿੰਦਰ ਸਿੰਘ ਢੁੱਡੀਕੇ