ਇਸ ਸਮੇਂ ਪੰਜਾਬ ਦੀ ਸਾਉਣੀ ਦੀ ਮੁੱਖ ਫ਼ਸਲ ਝੋਨੇ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ, ਜੋ ਆਉਣ ਵਾਲੇ ਦਿਨਾਂ ’ਚ ਜਲਦ ਮੁਕੰਮਲ ਹੋ ਜਾਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਹਾੜੀ ਦੀ ਮੁੱਖ ਫ਼ਸਲ ਕਣਕ ਦੀਆਂ ਲੰਬਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਅਕਤੂਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਕਰਨ ਦੀ ਸਿਫਾਰਸ਼ ਕੀਤੀ ਗਈ ਹੈ

ਇਸ ਸਮੇਂ ਪੰਜਾਬ ਦੀ ਸਾਉਣੀ ਦੀ ਮੁੱਖ ਫ਼ਸਲ ਝੋਨੇ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ, ਜੋ ਆਉਣ ਵਾਲੇ ਦਿਨਾਂ ’ਚ ਜਲਦ ਮੁਕੰਮਲ ਹੋ ਜਾਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਹਾੜੀ ਦੀ ਮੁੱਖ ਫ਼ਸਲ ਕਣਕ ਦੀਆਂ ਲੰਬਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਅਕਤੂਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਜਿਸ ਦੇ ਅਨਕੂਲ ਸਾਰੇ ਕਿਸਾਨ ਵੀਰਾਂ ਦੇ ਮਨ ’ਚ ਹਾੜੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਸਬੰਧੀ ਪ੍ਰਮੁੱਖ ਸਵਾਲ ਤੇ ਦੁਚਿੱਤੀ ਬਣੀ ਹੋਈ ਹੈ ਕਿ
ਇਸ ਸਾਲ ਕਣਕ ਦੀ ਕਿਹੜੀ ਕਿਸਮ ਬੀਜੀ ਜਾਵੇ?
ਕਿਸਾਨ ਵੀਰੋ! ਇਸ ਲੇਖ ਜ਼ਰੀਏ ਤੁਹਾਡੇ ਇਸ ਸਵਾਲ ਅਤੇ ਦੁਚਿੱਤੀ ਸਬੰਧੀ ਮੁਕੰਮਲ ਜਾਣਕਾਰੀ ਦਿੱਤੀ ਜਾਵੇਗੀ। ਹਾੜੀ ਦੀਆਂ ਫ਼ਸਲਾਂ ਦੀ ਗੱਲ ਕਰੀਏ ਤਾਂ ਕਣਕ ਪੰਜਾਬ ਸੂਬੇ ਦੀ ਪ੍ਰਮੁੱਖ ਫ਼ਸਲ ਹੈ। ਪਿਛਲੇ ਸਾਲਾਂ ਦੌਰਾਨ ਪੰਜਾਬ ਸੂਬੇ ’ਚ ਕਣਕ ਦੀ ਪੈਦਾਵਾਰ ਬਹੁਤ ਵਧੀਆ ਰਹੀ ਹੈ ਅਤੇ ਇਸ ਦਾ ਔਸਤਨ ਝਾੜ ਲਗਭਗ 48-50 ਕੁਇੰਟਲ ਪ੍ਰਤੀ ਹੈਕਟੇਅਰ ਰਿਹਾ ਹੈ। ਬੇਸ਼ੱਕ ਕਣਕ ਦੀ ਫ਼ਸਲ ਦੀ ਪੈਦਾਵਾਰ ਮੌਸਮ ’ਤੇ ਵੀ ਨਿਰਭਰ ਕਰਦੀ ਹੈ ਪਰ ਇਸ ’ਚ ਇਹ ਤੱਥ ਵੀ ਮਾਇਨੇ ਰੱਖਦਾ ਹੈ ਕਿ ਕਣਕ ਦੀ ਕਿਸ ਕਿਸਮ ਦੀ ਬਿਜਾਈ ਕੀਤੀ ਗਈ ਹੈ ਤੇ ਕਿਸ ਸਮੇਂ ਦੌਰਾਨ ਕੀਤੀ ਗਈ ਹੈ।
ਵਧੀਆ ਪੈਦਾਵਾਰ ਲੈਣ ਲਈ ਵਧੇਰੇ ਝਾੜ ਦੇਣ ਵਾਲੀਆ ਕਿਸਮਾਂ ਦੀ ਚੋਣ ਖੇਤਰ, ਬਿਜਾਈ ਦੇ ਸਮੇਂ, ਫ਼ਸਲੀ ਚੱਕਰ ਅਤੇ ਫਾਰਮ ’ਤੇ ਮੁਹੱਈਆ ਸਰੋਤਾਂ ਅਨੁਸਾਰ ਕਰਨੀ ਚਾਹੀਦੀ ਹੈ। ਹੁਣ ਗੱਲ ਕਰਦੇ ਹਾਂ ਕਿ ਆਉਣ ਵਾਲੇ ਹਾੜੀ ਦੇ ਮੌਸਮ ’ਚ ਕਣਕ ਦੀਆਂ ਕਿਹੜੀਆਂ ਕਿਸਮਾਂ ਦੀ ਬਿਜਾਈ ਕੀਤੀ ਜਾਵੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਨਿਰਯਾਤ ਕੀਤੀਆਂ ਕਣਕ ਦੀਆਂ ਨਵੀਆਂ ਕਿਸਮਾਂ ਅਤੇ ਪਿਛਲੇ ਸਮੇ ਦੌਰਾਨ ਸਿਫ਼ਾਰਸ਼ ਕੀਤੀਆਂ ਕਿਸਮਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :
ਸੇਜੂ ਹਾਲਤਾਂ ’ਚ ਸਮੇਂ ਸਿਰ ਬਿਜਾਈ ਲਈ
ਪੀਬੀਡਬਲਯੂ 826 2022
ਇਸ ਕਿਸਮ ਦੀ ਸਿਫ਼ਾਰਸ਼ ਸੇਂਜੂ ਹਾਲਤਾਂ ’ਚ ਸਮੇਂ ਸਿਰ ਬਿਜਾਈ ਲਈ ਕੀਤੀ ਜਾਦੀ ਹੈ। ਇਸ ਦਾ ਔਸਤਨ ਕੱਦ 100 ਸੈਂਟੀਮੀਟਰ ਹੈ ਤੇ ਇਹ ਕਿਸਮ ਪੱਕਣ ਲਈ ਤਕਰੀਬਨ 148 ਦਿਨ ਲੈਂਦੀ ਹੈ। ਇਹ ਕਿਸਮ ਭੂਰੀ ਅਤੇ ਪੀਲੀ ਕੁੰਗੀ ਦਾ ਕਾਫ਼ੀ ਹੱਦ ਤੱਕ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤਨ ਝਾੜ 24.0 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਦਾਣੇ ਚਮਕੀਲੇ ਅਤੇ ਮੋਟੇ ਹੁੰਦੇ ਹਨ।
ਪੀਬੀਡਬਲਯੂ 869 2021
ਇਹ ਕਿਸਮ ਝੋਨੇ ਦੇ ਵੱਢਾਂ ’ਚ ਹੈਪੀ ਸੀਡਰ/ਸੁਪਰ ਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਕਰਨ ਹਿੱਤ ਸਭ ਤੋਂ ਢੁੱਕਵੀਂ ਹੈ। ਇਸ ਦਾ ਔਸਤਨ ਕੱਦ 101 ਸੈਂਟੀਮੀਟਰ ਹੈ ਅਤੇ ਇਹ ਕਿਸਮ ਪੱਕਣ ਲਈ ਤਕਰੀਬਨ 158 ਦਿਨ ਲੈਂਦੀ ਹੈ। ਇਹ ਭੂਰੀ ਕੁੰਗੀ ਤੋਂ ਰਹਿਤ ਹੈ ਅਤੇ ਇਹ ਪੀਲੀ ਕੁੰਗੀ ਦਾ ਟਾਕਰਾ ਕਰਨ ਲਈ ਦਰਮਿਆਨੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤਨ ਝਾੜ 23.2 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਦਾਣੇ ਬਾਕੀ
ਸਾਰੀਆਂ ਕਿਸਮਾਂ ਨਾਲੋਂ ਮੋਟੇ ਹੁੰਦੇ ਹਨ । ਇਸ ਦੀ ਬਿਜਾਈ ਲਈ 45 ਕਿੱਲੋ ਬੀਜ ਪ੍ਰਤੀ ਏਕੜ ਵਰਤਣ ਦੀ ਸਿਫ਼ਾਰਸ਼ ਕੀਤੀ ਗਈ ਹੈ।
ਪੀਬੀਡਬਲਯੂ 803 2021
ਇਹ ਕਿਸਮ ਪੰਜਾਬ ਦੇ ਦੱਖਣੀ ਪੱਛਮੀ ਇਲਾਕੇ (ਬਠਿੰਡਾ, ਫ਼ਰੀਦਕੋਟ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ) ਲਈ ਸਿਫ਼ਾਰਸ਼ ਕੀਤੀ ਗਈ ਹੈ। ਇਸ ਦਾ ਔਸਤਨ ਕੱਦ 100 ਸੈਂਟੀਮੀਟਰ ਹੈ ਅਤੇ ਇਹ ਕਿਸਮ ਪੱਕਣ ਲਈ ਤਕਰੀਬਨ 151 ਦਿਨ ਲੈਂਦੀ ਹੈ। ਇਹ ਭੂਰੀ ਕੁੰਗੀ ਤੋਂ ਰਹਿਤ ਹੈ ਅਤੇ ਇਹ ਪੀਲੀ ਕੁੰਗੀ ਦਾ ਟਾਕਰਾ ਕਰਨ ਲਈ ਦਰਮਿਆਨੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤਨ ਝਾੜ 22.7 ਕੁਇੰਟਲ ਪ੍ਰਤੀ ਏਕੜ ਹੈ।
ਪੀਬੀਡਬਲਯੂ 824 2021
ਇਸ ਦਾ ਔਸਤਨ ਕੱਦ 104 ਸੈਂਟੀਮੀਟਰ ਹੈ ਤੇ ਇਹ ਕਿਸਮ ਪੱਕਣ ਲਈ ਤਕਰੀਬਨ 156 ਦਿਨ ਲੈਂਦੀ ਹੈ। ਇਹ ਭੂਰੀ ਕੁੰਗੀ ਤੋਂ ਰਹਿਤ ਹੈ ਅਤੇ ਇਹ ਪੀਲੀ ਕੁੰਗੀ ਦਾ ਟਾਕਰਾ ਕਰਨ ਲਈ ਦਰਮਿਆਨੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤਨ ਝਾੜ 23.3 ਕੁਇੰਟਲ ਪ੍ਰਤੀ ਏਕੜ ਹੈ।
ਸੁਨਹਿਰੀ ਪੀਬੀਡਬਲਯੂ 766 2020
ਇਸ ਦਾ ਔਸਤਨ ਕੱਦ 106 ਸੈਂਟੀਮੀਟਰ ਹੈ ਅਤੇ ਇਹ ਕਿਸਮ ਪੱਕਣ ਲਈ ਤਕਰੀਬਨ 155 ਦਿਨ ਲੈਂਦੀ ਹੈ। ਇਹ ਭੂਰੀ ਕੁੰਗੀ ਤੋਂ ਰਹਿਤ ਹੈ ਅਤੇ ਇਹ ਪੀਲੀ ਕੁੰਗੀ ਦਾ
ਕਾਫ਼ੀ ਹੱਦ ਤੱਕ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 23.1 ਕੁਇੰਟਲ ਪ੍ਰਤੀ ਏਕੜ ਹੈ।
ਡੀਬੀਡਬਲਯੂ 187 2020
ਇਸ ਦਾ ਔਸਤਨ ਕੱਦ 104 ਸੈਂਟੀਮੀਟਰ ਹੈ ਅਤੇ ਇਹ ਕਿਸਮ ਤਕਰੀਬਨ 153 ਦਿਨਾਂ ’ਚ ਪੱਕਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਕਾਫ਼ੀ ਹੱਦ ਤੱਕ ਅਤੇ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 22.6 ਕੁਇੰਟਲ ਪ੍ਰਤੀ ਏਕੜ ਹੈ।
ਡੀਬੀਡਬਲਯੂ 222 2020
ਇਸ ਕਿਸਮ ਦੀ ਸਿਫ਼ਾਰਸ਼ ਨੀਮ ਪਹਾੜੀ ਇਲਾਕਿਆਂ ਨੂੰ ਛੱਡ ਕੇ ਬਾਕੀ ਸਾਰੇ ਪੰਜਾਬ ਲਈ ਕੀਤੀ ਗਈ ਹੈ। ਇਸ ਦਾ ਔਸਤਨ ਕੱਦ 103 ਸੈਂਟੀਮੀਟਰ ਹੈ ਅਤੇ ਇਹ ਕਿਸਮ ਤਕਰੀਬਨ 152 ਦਿਨਾਂ ’ਚ ਪੱਕਦੀ ਹੈ। ਇਹ ਭੂਰੀ ਕੁੰਗੀ ਦਾ ਟਾਕਰਾ ਕਰਦੀ ਹੈ ਅਤੇ ਪੀਲੀ ਕੁੰਗੀ ਦਾ ਟਾਕਰਾ ਕਰਨ ਲਈ ਦਰਮਿਆਨੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤਨ ਝਾੜ 22.3 ਕੁਇੰਟਲ ਪ੍ਰਤੀ ਏਕੜ ਹੈ।
ਪੀਬੀਡਬਲਯੂ 1 ਚਪਾਤੀ 2020
ਇਹ ਉੱਤਮ ਗੁਣਵੱਤਾ ਵਾਲੀ ਰੋਟੀ ਬਣਾਉਣ ਲਈ ਵਧੀਆ ਕਿਸਮ ਹੈ। ਇਸ ਦੀ ਬਣੀ ਰੋਟੀ ਰੰਗ ’ਚ ਚਿੱਟੀ, ਸੁਆਦ ’ਚ
ਮਿੱਠੀ, ਲੰਬੇ ਸਮੇ ਤੱਕ ਨਰਮ ਅਤੇ ਤਾਜ਼ੀ ਰਹਿੰਦੀ ਹੈ। ਇਸ ਦਾ ਔਸਤਨ ਕੱਦ 103 ਸੈਂਟੀਮੀਟਰ ਹੈ ਅਤੇ ਇਹ ਕਿਸਮ 154 ਦਿਨਾਂ ’ਚ ਪੱਕਦੀ ਹੈ। ਇਹ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ ਅਤੇ ਪੀਲੀ ਕੁੰਗੀ ਦਾ ਕਾਫ਼ੀ ਹੱਦ ਤੱਕ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 17.2 ਕੁਇੰਟਲ ਪ੍ਰਤੀ ਏਕੜ ਹੈ।
ਐੱਚਡੀ 3226 2020
ਇਸ ਦਾ ਔਸਤਨ ਕੱਦ 106 ਸੈਂਟੀਮੀਟਰ ਹੈ ਅਤੇ ਇਹ ਕਿਸਮ ਤਕਰੀਬਨ 155 ਦਿਨਾਂ ’ਚ ਪੱਕਦੀ ਹੈ। ਇਹ ਕਿਸਮ ਪੀਲੀ ਅਤੇ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 21.9 ਕੁਇੰਟਲ ਪ੍ਰਤੀ ਏਕੜ ਹੈ।
ਉੱਨਤ ਪੀਬੀਡਬਲਯੂ 343 2017
ਇਸ ਦਾ ਔਸਤਨ ਕੱਦ 100 ਸੈਂਟੀਮੀਟਰ ਹੈ ਅਤੇ ਇਹ ਕਿਸਮ ਤਕਰੀਬਨ 155 ਦਿਨਾਂ ’ਚ ਪੱਕਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਕਾਫ਼ੀ ਹੱਦ ਤੱਕ ਅਤੇ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 23.2 ਕੁਇੰਟਲ ਪ੍ਰਤੀ ਏਕੜ ਹੈ।
ਉੱਨਤ ਪੀਬੀਡਬਲਯੂ 550 2017
ਇਸ ਦਾ ਔਸਤਨ ਕੱਦ 86 ਸੈਂਟੀਮੀਟਰ ਹੈ ਅਤੇ ਇਹ ਕਿਸਮ ਤਕਰੀਬਨ 145 ਦਿਨਾਂ ’ਚ ਪੱਕਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਕਾਫ਼ੀ ਹੱਦ ਤੱਕ ਅਤੇ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 23.0 ਕੁਇੰਟਲ ਪ੍ਰਤੀ ਏਕੜ ਹੈ। ਇਸ ਦੀ ਬਿਜਾਈ ਨਵੰਬਰ ਦੇ ਦੂਜੇ ਹਫ਼ਤੇ ਤੋਂ ਲੈ ਕੇ ਚੌਥੇ ਹਫ਼ਤੇ ਤੱਕ 45 ਕਿੱਲੋ ਬੀਜ ਪ੍ਰਤੀ ਏਕੜ
ਵਰਤ ਕੇ ਬਿਜਾਈ ਦੀ ਸਿਫ਼ਾਰਸ਼ ਕੀਤੀ ਗਈ ਹੈ।
ਪੀਬੀਡਬਲਯੂ 1 ਜ਼ਿੰਕ 2017
ਇਸ ਕਿਸਮ ਦੇ ਦਾਣਿਆਂ ’ਚ ਜ਼ਿੰਕ ਦੀ ਮਾਤਰਾ ਵੱਧ ਹੈ, ਜੋ ਮਨੁੱਖੀ ਖ਼ੁਰਾਕ ਲਈ ਬਹੁਤ ਜ਼ਰੂਰੀ ਤੱਤ ਹੈ। ਇਸ ਦਾ
ਔਸਤਨ ਕੱਦ 103 ਸੈਂਟੀਮੀਟਰ ਹੈ ਅਤੇ ਇਹ ਕਿਸਮ ਤਕਰੀਬਨ 151 ਦਿਨਾਂ ’ਚ ਪੱਕਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਦਰਮਿਆਨੇ
ਪੱਧਰ ’ਤੇ ਅਤੇ ਭੂਰੀ ਕੁੰਗੀ ਦਾ
ਪੂਰੀ ਤਰ੍ਹਾਂ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੈ।
ਪੀਬੀਡਬਲਯੂ 725 2015
ਇਸ ਦਾ ਔਸਤਨ ਕੱਦ 105 ਸੈਂਟੀਮੀਟਰ ਹੈ ਅਤੇ ਇਹ ਕਿਸਮ ਤਕਰੀਬਨ 154 ਦਿਨਾਂ ’ਚ ਪੱਕਦੀ ਹੈ। ਇਹ ਕਿਸਮ ਪੀਲੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 22.9 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪਾਪੂਲਰ ਹੇਠ ਬੀਜਣ
ਲਈ ਢੁੱਕਵੀਂ ਹੈ।
ਪੀਬੀਡਬਲਯੂ 677 2015
ਇਸ ਦਾ ਔਸਤਨ ਕੱਦ 107 ਸੈਂਟੀਮੀਟਰ ਹੈ ਅਤੇ ਇਹ ਕਿਸਮ ਤਕਰੀਬਨ 157 ਦਿਨਾਂ ਵਿਚ ਪੱਕਦੀ ਹੈ। ਇਹ ਕਿਸਮ ਪੀਲੀ ਅਤੇ ਭੂਰੀ ਕੁੰਗੀ ਦਾ ਦਰਮਿਆਨਾ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪਾਪੂਲਰ ਹੇਠ ਬੀਜਣ ਲਈ ਢੁੱਕਵੀਂ ਹੈ।
ਐੱਚਡੀ 3086 2015
ਇਸ ਦਾ ਔਸਤਨ ਕੱਦ 96 ਸੈਂਟੀਮੀਟਰ ਹੈ ਅਤੇ ਇਹ ਕਿਸਮ ਤਕਰੀਬਨ 156 ਦਿਨਾਂ ’ਚ ਪੱਕਦੀ ਹੈ। ਇਹ ਕਿਸਮ ਪੀਲੀ ਕੁੰਗੀ
ਅਤੇ ਭੂਰੀ ਕੁੰਗੀ ਦਾ ਦਰਮਿਆਨਾ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 23.0 ਕੁਇੰਟਲ ਪ੍ਰਤੀ ਏਕੜ ਹੈ।
ਡਬਲਯੂਐੱਚ 1105 2014
ਇਸ ਦਾ ਔਸਤਨ ਕੱਦ 97 ਸੈਂਟੀਮੀਟਰ ਹੈ ਅਤੇ ਇਹ ਕਿਸਮ ਤਕਰੀਬਨ 157 ਦਿਨਾਂ ’ਚ ਪੱਕਦੀ ਹੈ। ਇਹ ਕਿਸਮ ਪੀਲੀ ਕੁੰਗੀ ਅਤੇ ਭੂਰੀ ਕੁੰਗੀ ਦਾ ਦਰਮਿਆਨਾ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 23.1 ਕੁਇੰਟਲ ਪ੍ਰਤੀ ਏਕੜ ਹੈ
ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਣਕ ਦੀਆਂ ਜ਼ਿਆਦਾ ਪੁਰਾਣੀਆਂ ਕਿਸਮਾਂ ਜਿਨ੍ਹਾਂ ’ਤੇ ਪੀਲੀ ਕੁੰਗੀ ਦਾ ਹਮਲਾ
ਵਧੇਰੇ ਹੁੰਦਾ ਹੈ ਜਿਵੇਂ ਐੱਚਡੀ 2967। ਇਸ ਕਿਸਮ ਦੀ ਬਿਜਾਈ ਤੋਂ ਗੁਰੇਜ਼ ਕੀਤਾ ਜਾਵੇ ਅਤੇ ਕੇਵਲ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਕਿਸਮਾਂ ਹੀ ਬੀਜੀਆਂ ਜਾਣ। ਗ਼ੈਰ-ਪ੍ਰਮਾਣਿਤ ਕਿਸਮਾਂ ਦੀ ਬਿਜਾਈ ਤੋਂ ਗੁਰੇਜ਼ ਕੀਤਾ ਜਾਵੇ। ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਕਣਕ ਦੀਆਂ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫ਼ਾਰਸ਼ਸ਼ੁਦਾ ਕਿਸਮਾਂ ਦਾ ਸਰਟੀਫਾਈਡ ਬੀਜ ਖ਼ਰੀਦਿਆ ਜਾਵੇ ਤੇੇ ਬੀਜ ਖ਼ਰੀਦਣ ਸਮੇਂ ਪੱਕਾ ਖ਼ਰੀਦ ਬਿੱਲ ਜ਼ਰੂਰ ਲਿਆ ਜਾਵੇ।
ਇੱਕੋ ਕਿਸਮ ਥੱਲੇ ਨਾ ਲਿਆਓ ਸਮੁੱਚਾ ਰਕਬਾ
ਕਿਸਾਨ ਵੀਰਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਕਣਕ ਦੀ ਨਵੀਂ ਕਿਸਮ (ਪੀਬੀਡਬਲਯੂ 825) ਦਾ ਬੀਜ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬੀਜ ਸੇਲ ਸੈਂਟਰ ਜਾਂ ਕਿ੍ਰਸ਼ੀ ਵਿਗਿਆਨ ਕੇਂਦਰਾਂ ਤੋਂ ਹੀ ਸੀਮਤ ਮਾਤਰਾ ’ਚ ਖ਼ਰੀਦ ਕੀਤਾ ਜਾਵੇ। ਇਸ ਬੀਜ ਤੋਂ ਕਾਸ਼ਤ ਦੌਰਾਨ ਫ਼ਸਲ ਦੀ ਵਧੀਆ ਤਰੀਕੇ ਨਾਲ ਸਾਂਭ-ਸੰਭਾਲ ਕਰ ਕੇ ਕਿਸਾਨ ਵੀਰ ਆਪਣਾ ਘਰ ਦਾ ਖ਼ਾਲਸ ਬੀਜ ਤਿਆਰ ਕਰ ਸਕਦੇ ਹਨ। ਕਿਸਾਨ ਵੀਰ ਇਹ ਧਿਆਨ ਜ਼ਰੂਰ ਰੱਖਣ ਕਿ ਸਾਰਾ ਰਕਬਾ ਇੱਕੋ ਕਿਸਮ ਥੱਲੇ ਨਾ ਲਿਆਂਦਾ ਜਾਵੇ, ਜੋ ਪੀਲੀ ਕੁੰਗੀ ਵਰਗੀਆਂ ਬਿਮਾਰੀਆਂ ਦੇ ਵਾਧੇ ਦਾ ਕਾਰਨ ਬਣਦਾ ਹੈ। ਪੁਰਾਣੀਆਂ ਕਿਸਮਾਂ ਪੀਬੀਡਬਲਯੂ 343 ਤੇ ਪੀਬੀਡਬਲਯੂ 550 ਦੇ ਖ਼ਤਮ ਹੋਣ ਦਾ ਮੁੱਖ ਕਾਰਨ ਕਣਕ ਦੀ ਕਾਸ਼ਤ ਦੇ ਕੁੱਲ ਰਕਬੇ ’ਚੋਂ ਇਨ੍ਹਾਂ ਦੋ ਕਿਸਮਾਂ ਹੇਠ (ਮੋਨੋਕਲਚਰ) ਜ਼ਿਆਦਾ ਰਕਬੇ ਦਾ ਹੋਣਾ ਸੀ। ਇਸ ਲਈ ਕਿਸਾਨ ਵੀਰ ਆਪਣੇ ਕੁੱਲ ਵਾਹੀਯੋਗ ਰਕਬੇ ’ਚੋਂ ਕਣਕ ਦੀ ਕਾਸ਼ਤ ਅਧੀਨ ਰਕਬੇ ’ਚ ਵੰਡ ਵਰਤ ਕੇ ਵੱਖ-ਵੱਖ ਕਿਸਮਾਂ ਦੀ ਬਿਜਾਈ ਕਰਨਾ ਯਕੀਨੀ ਬਣਾਉਣ।
- ਡਾ. ਰਸ਼ਪਾਲ ਸਿੰਘ ਬੰਡਾਲਾ