ਜਮੀਨਦੋਜ਼ ਪਾਣੀ ਉੱਤੇ ਕੰਮ ਕਰ ਰਹੀਆਂ ਸਮੂਹ ਸੰਸਥਾਵਾਂ ਨੇ ਪ੍ਰਮਾਣਾਂ ਦੇ ਆਧਾਰ ’ਤੇ ਇਹ ਗੱਲ ਸਪੱਸ਼ਟ ਤੌਰ ’ਤੇ ਕਹਿ ਦਿੱਤੀ ਹੈ ਕਿ ਜੇ ਪੰਜਾਬ ਵਿਚ ਨਿਰੰਤਰ 179 ਫ਼ੀਸਦੀ ਦੀ ਦਰ ਨਾਲ ਜਮੀਨਦੋਜ਼ ਪਾਣੀ ਨਿਕਲਦਾ ਰਿਹਾ ਤਾਂ ਸਾਲ 2039 ਤੱਕ ਪੰਜਾਬ ਦੇ ਹਰ ਪਿੰਡ ਦੇ ਜਮੀਨਦੋਜ਼ ਪਾਣੀ ਦਾ ਪੱਧਰ 300 ਫ਼ੀਸਦੀ ਦੀ ਦਰ ਤੱਕ ਜਾ ਅੱਪੜੇਗਾ, ਜਿਸ ਨਾਲ ਬਹੁਤ ਹੀ ਖ਼ਤਰਨਾਕ ਸਿੱਟੇ ਸਾਹਮਣੇ ਆਉਣਗੇ।

ਪੰਜਾਬ ਰਾਜ ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਦੀ ਰਹਿਨੁਮਾਈ ਵਿਚ ‘ਐਡਵਾਂਸਿਸ ਇਨ ਈਕੋਲੌਜੀਕਲੀ ਸਸਟੇਨੇਬਲ ਰਾਈਸ ਕਲਟੀਵੇਸ਼ਨ ਐਂਡ ਨੈਸ਼ਨਲ ਫੂਡ ਸਕਿਓਰਿਟੀ-ਅਨਲਾਕਿੰਗ ਪੋਟੈਂਸ਼ਲ ਆਫ ਡੀਐੱਸਆਰ ਇਨ ਪੰਜਾਬ’ ਵਿਸ਼ੇ ’ਤੇ ਇਕ ਕੌਮਾਂਤਰੀ ਸੰਮੇਲਨ ਚੰਡੀਗੜ੍ਹ ਵਿਖੇ ਕਰਵਾਇਆ ਗਿਆ, ਜਿਸ ਦਾ ਆਗਾਜ਼ ਪਦਮਸ਼੍ਰੀ ਡਾ. ਗੁਰਦੇਵ ਸਿੰਘ ਖੁਸ਼ ਦੇ ਭਾਸ਼ਣ ਨਾਲ ਹੋਇਆ। ਇਸ ਵਿਚ ਉਨ੍ਹਾਂ ਤੋਂ ਇਲਾਵਾ ਝੋਨੇ ਨਾਲ ਸਬੰਧਿਤ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਲਿਹਾਜ਼ਾ ਇਹ ਕੌਮਾਂਤਰੀ ਸੰਮੇਲਨ ਇਸ ਸਾਂਝੀ ਰਾਏ ਨਾਲ ਸਮਾਪਤ ਹੋਇਆ ਕਿ ਸੁਚੱਜੇ ਮੰਡੀਕਰਨ, ਵਧੀਆ ਕਿਸਮਾਂ ਦੀ ਉਪਲੱਬਤਾ, ਮੁਕੰਮਲ ਮਸ਼ੀਨੀਕਰਨ, ਅਨੁਕੂਲ ਵਾਤਾਵਰਣੀ ਪ੍ਰਸਥਿਤੀਆਂ ਦੇ ਨਾਲ-ਨਾਲ ਮੌਜੂਦਾ ਵੱਖ-ਵੱਖ ਫ਼ਸਲਾਂ ਦੇ ਅਮਰੀਕਾ ਤੇ ਯੂਰਪੀ ਦੇਸ਼ਾਂ ਨਾਲ ਹੋਣ ਵਾਲੇ ਖੇਤੀ ਵਪਾਰ ਸਮਝੌਤੇ ਤਹਿਤ ਦਰਾਮਦ-ਬਰਾਮਦ ਦੀਆਂ ਅਨਿਸ਼ਚਿਤ ਨੀਤੀਆਂ ਸਦਕਾ ਪੰਜਾਬ ਨੂੰ ਝੋਨੇ ਦੇ ਬਦਲ ਵਜੋਂ ਅਜੇ ਕੋਈ ਹੋਰ ਢੁੱਕਵੇਂ ਬਦਲ ਦਿਖਾਈ ਨਹੀਂ ਦੇ ਰਹੇ। ਪਿਛਲੇ ਸਾਲ ਦੇਸ਼ ਵੱਲੋਂ 40 ਫ਼ੀਸਦੀ ਬਰਾਮਦ 12.5 ਬਿਲੀਅਨ ਡਾਲਰ ਦੀ 20 ਮਿਲੀਅਨ ਟਨ ਕੀਤੀ ਗਈ, ਜਿਸ ’ਚ ਕੇਂਦਰ ਦੀ ਨਿਰਭਰਤਾ ਪੰਜਾਬ ਦੇ 26 ਫ਼ੀਸਦੀ ਝੋਨੇ ਦੇ ਕੇਂਦਰੀ ਅੰਨ-ਭੰਡਾਰਨ ਪਾਉਣ ’ਤੇ ਵੀ ਹੈ ਪਰ ਰਾਜ ਦੇ ਜ਼ਮੀਨਦੋਜ਼ ਸੋਮਿਆਂ ਦਾ ਨਿਰੰਤਰ ਤੇਜ਼ੀ ਨਾਲ ਹੇਠਾਂ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਪਾਣੀ ਦੇ ਸੁਚੱਜੇ ਪ੍ਰਬੰਧਨ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਅਪਣਾਉਣਾ ਹੀ ਸਮੇਂ ਦੀ ਫੌਰੀ ਜ਼ਰੂਰਤ ਹੈ।
ਖ਼ਤਰਨਾਕ ਸਿੱਟੇ ਆਉਣਗੇ ਸਾਹਮਣੇ
ਜਮੀਨਦੋਜ਼ ਪਾਣੀ ਉੱਤੇ ਕੰਮ ਕਰ ਰਹੀਆਂ ਸਮੂਹ ਸੰਸਥਾਵਾਂ ਨੇ ਪ੍ਰਮਾਣਾਂ ਦੇ ਆਧਾਰ ’ਤੇ ਇਹ ਗੱਲ ਸਪੱਸ਼ਟ ਤੌਰ ’ਤੇ ਕਹਿ ਦਿੱਤੀ ਹੈ ਕਿ ਜੇ ਪੰਜਾਬ ਵਿਚ ਨਿਰੰਤਰ 179 ਫ਼ੀਸਦੀ ਦੀ ਦਰ ਨਾਲ ਜਮੀਨਦੋਜ਼ ਪਾਣੀ ਨਿਕਲਦਾ ਰਿਹਾ ਤਾਂ ਸਾਲ 2039 ਤੱਕ ਪੰਜਾਬ ਦੇ ਹਰ ਪਿੰਡ ਦੇ ਜਮੀਨਦੋਜ਼ ਪਾਣੀ ਦਾ ਪੱਧਰ 300 ਫ਼ੀਸਦੀ ਦੀ ਦਰ ਤੱਕ ਜਾ ਅੱਪੜੇਗਾ, ਜਿਸ ਨਾਲ ਬਹੁਤ ਹੀ ਖ਼ਤਰਨਾਕ ਸਿੱਟੇ ਸਾਹਮਣੇ ਆਉਣਗੇ। ਜਿੱਥੇ ਧਰਤੀ ਹੇਠਲਾ ਪਾਣੀ ਖ਼ਤਮ ਹੋਣ ਦੀ ਕੰਗਾਰ ’ਤੇ ਪਹੁੰਚ ਜਾਵੇਗਾ, ਉੱਥੇ ਹੀ ਜਿਵੇਂ-ਜਿਵੇਂ ਅਸੀਂ ਜਮੀਨਦੋਜ਼ ਪਾਣੀ ਦੀ ਪ੍ਰਾਪਤੀ ਲਈ ਪਾਣੀ ਦੀਆਂ ਡੂੰਘੀਆਂ ਪਰਤਾਂ ਵੱਲ ਨੂੰ ਵਧਾਂਗੇ, ਫਲਸਰੂਪ ਜਿੱਥੇ ਆਏ ਸਾਲ ਕਿਸਾਨਾਂ ਨੂੰ ਆਪਣੀਆਂ ਮੋਟਰਾਂ ਡੂੰਘੀਆਂ ਕਰਨ ਕਾਰਨ ਵੱਧ ਖ਼ਰਚਾ ਕਰਨਾ ਤਾਂ ਪਵੇਗਾ ਹੀ, ਉਥੇ ਸਭ ਤੋਂ ਖ਼ਤਰਨਾਕ ਗੱਲ ਇਹ ਵੀ ਹੈ ਕਿ ਜਿੰਨੀ ਡੂੰਘੀ ਸਤ੍ਹਾ ਤੋਂ ਅਸੀਂ ਪਾਣੀ ਕੱਢਦੇ ਜਾਵਾਂਗੇ, ਓਨਾ ਹੀ ਉਸ ਪਾਣੀ ’ਚ ਮੌਜੂਦ ਭਾਰੇ ਤੱਤਾਂ ਨੂੰ ਵੀ ਅਸੀਂ ਡੂੰਘੀ ਸਤ੍ਹਾ ’ਤੇ ਪਏ ਹੋਇਆਂ ਨੂੰ ਧਰਤੀ ਦੇ ਬਾਹਰ ਕੱਢ ਕੇ ਉਨ੍ਹਾਂ ਦੀ ਇੱਕ ਪਰਤ ਧਰਤੀ ਉੱਤੇ ਬਣਾ ਦੇਵਾਂਗੇ, ਜਿਨ੍ਹਾਂ ਵਿਚ ਆਰਸੈਨਿਕ, ਕੈਡਮੀਅਮ, ਫਲੋਰਾਈਡ, ਲੈਡ ਦੇ ਨਾਲ ਹੋਰ ਰੇਡੀਓ ਐਕਟਿਵ ਤੱਤ ਜਿਵੇਂ ਯੂਰੇਨੀਅਮ ਆਦਿ ਸ਼ਾਮਿਲ ਹੋਣਗੇ। ਇਨ੍ਹਾਂ ਦੀ ਮੌਜੂਦਗੀ ਵਧਣ ਨਾਲ ਸਾਡੀਆਂ ਜ਼ਮੀਨਾਂ ਜ਼ਹਿਰੀਲੀਆਂ ਤੇ ਬੰਜਰ ਹੋਣ ਵੱਲ ਵਧਣਗੀਆਂ ਅਤੇ ਜੋ ਇਹ ਅਨਾਜ ਪੈਦਾ ਵੀ ਕਰਨਗੀਆਂ, ਉਹ ਵੀ ਖ਼ਤਰਨਾਕ ਜ਼ਹਿਰਾਂ ਤੋਂ ਘੱਟ ਨਹੀਂ ਹੋਵੇਗਾ। ਰੇਡੀਓ ਐਕਟਿਵ ਤੱਤਾਂ ਦੀਆਂ ਕਿਰਣਾਂ ਦੇ ਰਿਸਾਅ ਨਾਲ ਜੀਵ-ਜੰਤੂਆਂ, ਫ਼ਸਲਾਂ ਅਤ ਮਨੁੱਖੀ ਸਿਹਤ ਉੱਤੇ ਵੀ ਮਾੜੇ ਪ੍ਰਭਾਵ ਪੈਣ ਦੀਆਂ ਸੰਭਾਵਨਾਵਾਂ ਜਤਾਈਆਂ ਜਾਂਦੀਆਂ ਰਹੀਆਂ ਹਨ।
ਨਦੀਨਨਾਸ਼ਕਾਂ ਦੀ ਵਰਤੋਂ
ਝੋਨੇ ਦੀ ਸਿੱਧੀ ਬਿਜਾਈ ਵਿਧੀ ਦੇ ਕੁਝ ਅੰਦੇਸ਼ੇ ਨਦੀਨਨਾਸ਼ਕਾਂ ਦੀ ਵਰਤੋਂ ਦੇ ਹਨ ਕਿ ਖੇਤਾਂ ’ਚ ਨਦੀਨਨਾਸ਼ਕ ਜ਼ਹਿਰਾਂ ਦੀ ਵਰਤੋਂ ਕਰਨ ਨਾਲ ਜ਼ਮੀਨਾਂ ਦੀ ਸਿਹਤ ਖ਼ਰਾਬ ਹੋਵੇਗੀ, ਜੋ ਇਕਦਮ ਵਿਚਾਰਨ ਨਾਲ ਕੁਝ ਹੱਦ ਤੱਕ ਗੱਲ ਵਾਜਿਬ ਲੱਗਦੀ ਹੈ ਪਰ ਉਸ ਵੱਲ ਵਿਚਾਰ ਪੂਰਵਕ ਝਾਤ ਮਾਰੀਏ ਤਾਂ ਉਸ ਸ਼ੰਕਾ ਬਾਬਤ ਇਕ ਪ੍ਰਸ਼ਨ ਇਹ ਖੜ੍ਹਾ ਹੁੰਦਾ ਹੈ ਕਿ ਕੀ ਕੱਦੂ ਕੀਤੇ ਝੋਨੇ ਦੇ ਵਾਹਣਾਂ ਵਿਚ ਨਦੀਨਨਾਸ਼ਕਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ? ਜੋ ਹੋਰ ਵੀ ਖ਼ਤਰਨਾਕ ਹੈ ਕਿਉਂਕਿ ਕੱਦੂ ਵਾਲੇ ਵਾਹਣਾਂ ਵਿਚ ਕੱਦੂ ਕਰਨ ਕਾਰਨ ਸਖ਼ਤ ਪਰਤ ਦਾ ਨਿਰਮਾਣ ਹੁੰਦਾ ਹੈ, ਤਾਂ ਜੋ ਪਾਣੀ ਨੂੰ ਨਿਰੰਤਰ ਖੜ੍ਹਾ ਰੱਖਿਆ ਜਾ ਸਕੇ। ਇਸ ਸਦਕਾ ਇਸ ਉੱਪਰਲੀ ਪਰਤ ਵਿਚ ਇਨ੍ਹਾਂ ਕੱਦੂ ਵਾਲੇ ਖੇਤਾਂ ਵਿਚ ਵਰਤੋਂ ਕੀਤੇ ਗਏ ਨਦੀਨਨਾਸ਼ਕ ਤਾਂ ਡੂੰਘੀ ਪਰਤ ਵੱਲ ਵੀ ਨਹੀਂ ਰਿਸਦੇ। ਇਸ ਤੋਂ ਉਲਟ ਜਦੋਂ ਅਸੀਂ ਝੋਨੇ ਦੀ ਸਿੱਧੀ ਬਿਜਾਈ ਵੱਲ ਵਧਾਂਗੇ ਤਾਂ ਇਸ ਨਾਲ ਹੌਲੀ-ਹੌਲੀ ਲਗਾਤਾਰ ਕੱਦੂ ਕਰਨ ਨਾਲ ਜਿਹੜੀ ਧਰਤੀ ਹੇਠ ਸਖ਼ਤ ਤਹਿ ਬਣ ਚੁੱਕੀ ਹੈ, ਉਸ ਵਿਚ ਸੁਧਾਰ ਆਵੇਗਾ ਤੇ ਹੌਲੀ ਹੌਲੀ ਜ਼ਮੀਨ ਦੀ ਸਿਹਤਯਾਬੀ ਵੱਲ ਨੂੰ ਵਧੇਗੀ। ਇਸ ਦੇ ਨਾਲ-ਨਾਲ ਉੱਪਰਲੀ ਸਤ੍ਹਾ ’ਤੇ ਪਏ ਖ਼ਤਰਨਾਕ ਤੱਤ ਜਿਹੜੇ ਪਿਛਲੇ ਸਮੇਂ ਵਿਚ ਡੂੰਘੀ ਸਤ੍ਹਾ ਤੋਂ ਪਾਣੀ ਕੱਢਣ ਨਾਲ ਉੱਪਰ ਆਏ ਵੀ ਹਨ, ਉਨ੍ਹਾਂ ਦਾ ਵੀ ਰਿਸਾਅ ਥੱਲੇ ਵੱਲ ਵਧੇਗਾ। ਇਸ ਤੋਂ ਇਲਾਵਾ ਮੀਂਹ ਦੇ ਪਾਣੀ ਦਾ ਵੀ ਰਿਸਾਅ ਡੂੰਘੀਆਂ ਤਹਿਆਂ ਵੱਲ ਨੂੰ ਆਸਾਨੀ ਨਾਲ ਹੋਣ ਕਾਰਨ ਜ਼ਮੀਨਦੋਜ਼ ਪਾਣੀ ਸਰੋਤਾਂ ਦੇ ਪਾਣੀ ਦੀ ਹਾਲਤ ਤੇ ਪੱਧਰ ਵਿਚ ਵੀ ਸੁਧਾਰ ਆਵੇਗਾ। ਇਸ ਲਈ ਸਾਨੂੰ ਸਿਰਫ਼ ਇਸ ਅੰਦੇਸ਼ੇ ਕਾਰਨ ਝੋਨੇ ਦੀ ਸਿੱਧੀ ਬਿਜਾਈ ਵਿਧੀ ਨੂੰ ਨਕਾਰਨਾ ਉਚਿਤ ਨਹੀਂ ਹੋਵੇਗਾ।
ਕੱਦੂ ਕੀਤਾ ਝੋਨਾ ਮੰਨਿਆ ਜਾਂਦਾ ਕਸੂਰਵਾਰ
ਇਕ ਹੋਰ ਪੱਖ ਵੀ ਇਥੇ ਵਿਚਾਰਨਾ ਬਹੁਤ ਹੀ ਲਾਜ਼ਮੀ ਬਣ ਜਾਂਦਾ ਹੈ ਕਿ ਪੰਜਾਬ ’ਚ ਲਗਪਗ 41 ਲੱਖ ਹੈਕਟੇਅਰ ਵਾਹੀਯੋਗ ਜ਼ਮੀਨ ਵਿੱਚੋਂ ਸਾਉਣੀ ਰੁੱਤ ਵਿਚ ਇਕ ਵੱਡਾ ਘਾਪਾ ਲਗਪਗ 32 ਲੱਖ ਹੈਕਟੇਅਰ ਜ਼ਮੀਨ ਹਰ ਸਾਲ ਝੋਨੇ ਦੀ ਕਾਸ਼ਤ ਥੱਲੇ ਆਉਂਦੀ ਹੈ, ਜਿਸ ਨਾਲ ਲਗਪਗ ਇਕ ਮਹੀਨਾ ਪਾਣੀ ਨਾਲ ਭਰੇ ਖੇਤਾਂ ਵਿੱਚੋਂ ਹੋ ਰਹੇ ਵਾਸ਼ਪੀਕਰਨ ਕਾਰਨ ਸੂਬੇ ’ਚ ਅਜਿਹਾ ਵਧੇਰੇ ਨਮੀ ਵਾਲਾ ਮੌਸਮ ਪੈਦਾ ਹੁੰਦਾ ਹੈ, ਜੋ ਮੌਨਸੂਨ ਪੌਣਾਂ ਦੀ ਆਮਦ ਦੀ ਗਤੀ ਨੂੰ ਘੱਟ ਹੀ ਨਹੀਂ ਕਰਦਾ ਸਗੋਂ ਉਨ੍ਹਾਂ ਨੂੰ ਮਜਬੂਰਨ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ’ਚ ਵਰ੍ਹਨ ਲਈ ਮਜਬੂਰ ਕਰਦਾ ਹੈ। ਲਿਹਾਜ਼ਾ ਪੰਜਾਬ ਨੂੰ ਮੌਨਸੂਨ ਪੌਣਾਂ ਦੀ ਪ੍ਰਾਪਤੀ ਵੀ ਆਏ ਸਾਲ ਘੱਟਦੀ ਜਾ ਰਹੀ ਹੈ। ਇਸ ਦੀ ਪੁਸ਼ਟੀ ਇਸ ਤੱਥ ਤੋਂ ਹੁੰਦੀ ਹੈ ਕਿ ਸਾਲ 1980-81 ਦੌਰਾਨ ਪੰਜਾਬ ਵਿਚ ਮੌਨਸੂਨ ਪੌਣਾਂ ਦੀ ਆਮਦ ਨਾਲ ਔਸਤਨ 780 ਐੱਮਐੱਮ ਵਰਖਾ ਹੁੰਦੀ ਰਹੀ ਹੈ, ਜੋ ਸਾਲ 2000-01 ਦੌਰਾਨ ਔਸਤਨ ਵਰਖਾ 392 ਐੱਮਐੱਮ, ਸਾਲ 2010-11 ਦੌਰਾਨ ਔਸਤਨ ਵਰਖਾ 480 ਐੱਮਐੱਮ ਅਤੇ ਸਾਲ 2020-21 ਦੌਰਾਨ ਔਸਤਨ ਵਰਖਾ 528 ਐੱਮਐੱਮ ਹੀ ਰਹਿ ਗਈ ਹੈ, ਜਿਸ ਦਾ ਕੱਦੂ ਕੀਤਾ ਝੋਨਾ ਵੀ ਕਾਫ਼ੀ ਹੱਦ ਤੱਕ ਕਸੂਰਵਾਰ ਮੰਨਿਆ ਜਾਂਦਾ ਹੈ।
ਗੰਭੀਰ ਸਮੱਸਿਆਵਾਂ ਦੇ ਹੱਲ ਕਰਦੀ ਪੇਸ਼
ਇਸ ਲਈ ਸਾਨੂੰ ਇੱਥੇ ਇਹ ਵਿਚਾਰਨ ਦੀ ਵੀ ਬਹੁਤ ਵੱਡੀ ਜ਼ਰੂਰਤ ਹੈ ਕਿ ਪੰਜਾਬ ਨੂੰ ਕਿਹੜੀ ਵੱਡੀ ਸਮੱਸਿਆ ਦਾ ਸਭ ਤੋਂ ਪਹਿਲਾਂ ਹੱਲ ਕਰਨ ਬਾਰੇ ਵਿਚਾਰ ਤੇ ਕਦਮ ਪੁੱਟਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਸਾਨੂੰ ਦਰਪੇਸ਼ ਇਨ੍ਹਾਂ ਸਮੂਹ ਗੰਭੀਰ ਸਮੱਸਿਆਵਾਂ ਦੇ ਹੱਲ ਪੇਸ਼ ਕਰਦੀ ਹੈ। ਸਾਡੇ ਖੇਤੀ ਵਿਗਿਆਨੀ ਇਸ ਗੱਲ ਤੋਂ ਭਲੀਭਾਂਤੀ ਵਾਕਿਫ਼ ਹਨ ਕਿ ਕਿਹੜੀ ਜ਼ਹਿਰ ਕਿੰਨੀ ਅਤੇ ਕਦੋਂ ਵਰਤਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦੁਆਰਾ ਇਨ੍ਹਾਂ ਨਦੀਨਨਾਸ਼ਕ ਜ਼ਹਿਰਾਂ ਦੀ ਸਿਫ਼ਾਰਸ਼ ਅਜਿਹੀਆਂ ਸਾਰੀਆਂ ਪੁਸ਼ਟੀਆਂ ਕਰਨ ਉਪਰੰਤ ਹੀ ਕੀਤੀ ਜਾਂਦੀ ਹੈ। ਇਸ ਲਈ ਉਕਤ ਅੰਕਿਤ ਕੀਤੇ ਸਾਰੇ ਤੱਥਾਂ ਨੂੰ ਵਿਚਾਰਦਿਆਂ ਸਾਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਸਾਲ 2026-27 ਲਈ ਰੱਖੇ 5.0 ਲੱਖ ਏਕੜ ਦੇ ਟੀਚੇ ਦੀ ਪੂਰਤੀ ਨੂੰ ਤੇਜ਼ੀ ਨਾਲ ਅਪਣਾਉਣ ਲਈ ਕਿਸਾਨਾਂ ਨੂੰ ਮੁਹਿੰਮ ਤਹਿਤ ਜਾਗਰੂਕ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਮਾਇਕ ਸਹਾਇਤਾ 1500 ਪ੍ਰਤੀ ਏਕੜ ਦਾ ਐਲਾਨ ਕੀਤਾ ਹੈ। ਇਸੇ ਸਾਲ ਲਈ ਕੀਤੇ 40 ਕਰੋੜ ਰੁਪਏ ਦੇ ਬਜਟ ਉਪਬੰਧ ਨੂੰ ਵੀ ਵਧਾ ਕੇ ਕਿਸਾਨਾਂ ਦੀ ਹੋਰ ਮਾਇਕ ਸਹਾਇਤਾ ਵਧਾਉਣ ਲਈ ਭਾਰਤ ਸਰਕਾਰ ਜਾਂ ਹੋਰ ਵਿੱਤੀ ਸੰਸਥਾਵਾਂ ਨਾਲ ਤਾਲਮੇਲ ਬਿਠਾ ਕੇ ਫੰਡਾਂ ਦੀ ਪ੍ਰਾਪਤੀ ਲਈ ਰਾਬਤਾ ਕਾਇਮ ਕਰਨਾ ਚਾਹੀਦਾ ਹੈ। ਜੇ ਇਸ ਵਿਧੀ ਨੂੰ ਕਿਸਾਨਾਂ ਵਿਚ ਪ੍ਰਚੱਲਿਤ ਕਰਨ ਲਈ ਕਿਸਾਨਾਂ ਨੂੰ ਮੁਹਿੰਮ ਤਹਿਤ ਪ੍ਰੇਰਿਤ ਕਰਨ ਅਤੇ ਕੁਝ ਮਾਇਕ ਸਹਾਇਤਾ ਵਧਾਉਣੀ ਵੀ ਪੈਂਦੀ ਹੈ, ਤਾਂ ਵੀ ਪੰਜਾਬ ਸਰਕਾਰ ਨੂੰ ਇਸ ਵਿਧੀ ਦੇ ਫ਼ਾਇਦਿਆਂ ਸਨਮੁੱਖ ਇਸ ਦੇ ਪਸਾਰ ਲਈ ਪਹਿਲਕਦਮੀ ਦਿਖਾਉਣ ਦੀ ਫੌਰੀ ਜ਼ਰੂਰਤ ਜਾਪਦੀ ਹੈ।
- ਡਾ. ਮਨਿੰਦਰ ਕੌਰ