ਅੱਜ-ਕੱਲ੍ਹ ਜਦੋਂ ਖੇਤ ਸੁਨਹਿਰੀ ਰੰਗ ਵਿਚ ਰੰਗੇ ਹੋਏ ਹਨ ਤੇ ਫ਼ਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੈ, ਤਾਂ ਛੋਟੀ ਜਿਹੀ ਲਾਪਰਵਾਹੀ ਸਾਰੀ ਮਿਹਨਤ ਨੂੰ ਪਲਾਂ ’ਚ ਸੁਆਹ ਕਰ ਸਕਦੀ ਹੈ। ਅਕਸਰ ਦੇਖਿਆ ਗਿਆ ਹੈ ਕਿ ਵਾਢੀ ਦੇ ਦਿਨਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਕਿਸਾਨਾਂ ਦਾ ਲੱਖਾਂ ਦਾ ਨੁਕਸਾਨ ਕਰ ਦਿੰਦੀਆਂ ਹਨ।

ਕਣਕ ਦੀ ਫ਼ਸਲ ਕਿਸਾਨ ਦੀ ਛੇ ਮਹੀਨਿਆਂ ਦੀ ਹੱਡ-ਭੰਨਵੀਂ ਮਿਹਨਤ ਤੇ ਉਮੀਦਾਂ ਦਾ ਪ੍ਰਤੀਕ ਹੁੰਦੀ ਹੈ। ਅੱਜ-ਕੱਲ੍ਹ ਜਦੋਂ ਖੇਤ ਸੁਨਹਿਰੀ ਰੰਗ ਵਿਚ ਰੰਗੇ ਹੋਏ ਹਨ ਤੇ ਫ਼ਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੈ, ਤਾਂ ਛੋਟੀ ਜਿਹੀ ਲਾਪਰਵਾਹੀ ਸਾਰੀ ਮਿਹਨਤ ਨੂੰ ਪਲਾਂ ’ਚ ਸੁਆਹ ਕਰ ਸਕਦੀ ਹੈ। ਅਕਸਰ ਦੇਖਿਆ ਗਿਆ ਹੈ ਕਿ ਵਾਢੀ ਦੇ ਦਿਨਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਕਿਸਾਨਾਂ ਦਾ ਲੱਖਾਂ ਦਾ ਨੁਕਸਾਨ ਕਰ ਦਿੰਦੀਆਂ ਹਨ, ਦਰੱਖ਼ਤਾਂ ਤੇ ਜੀਵ-ਜੰਤੂਆਂ ਦਾ ਵੀ ਅੱਗ ਨੁਕਸਾਨ ਕਰਦੀ ਹੈ। ਇਸ ਲਈ ਸਾਵਧਾਨੀ ਵਰਤਣਾ ਸਮੇਂ ਦੀ ਵੱਡੀ ਲੋੜ ਹੈ। ਅੱਗ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਖੇਤਾਂ ਵਿੱਚੋਂ ਲੰਘਦੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਦਾ ਆਪਸ ਵਿਚ ਟਕਰਾਉਣਾ, ਟ੍ਰਾਂਸਫਾਰਮਰਾਂ ਵਿੱਚੋਂ ਨਿਕਲਣ ਵਾਲੀਆਂ ਚੰਗਿਆੜੀਆਂ ਜਾਂ ਫਿਰ ਕਿਸੇ ਰਾਹਗੀਰ ਵੱਲੋਂ ਜਲਦੀ ਹੋਈ ਬੀੜੀ-ਸਿਗਰਟ ਨੂੰ ਖੇਤ ਵਿਚ ਸੁੱਟ ਦੇਣਾ। ਕਈ ਵਾਰ ਟਰੈਕਟਰਾਂ ਦੇ ਸਾਈਲੈਂਸਰਾਂ ਵਿੱਚੋਂ ਨਿਕਲਦੀ ਅੱਗ ਵੀ ਵੱਡੀ ਤਬਾਹੀ ਦਾ ਕਾਰਨ ਬਣ ਜਾਂਦੀ ਹੈ।
ਕਰਨੇ ਚਾਹੀਦੇ ਅਗਾਊਂ ਪ੍ਰਬੰਧ
ਇਨ੍ਹਾਂ ਹਾਦਸਿਆਂ ਤੋਂ ਬਚਣ ਲਈ ਕਿਸਾਨਾਂ ਨੂੰ ਅਗਾਊਂ ਪ੍ਰਬੰਧ ਕਰਨੇ ਚਾਹੀਦੇ ਹਨ। ਸਭ ਤੋਂ ਪਹਿਲਾਂ ਬਿਜਲੀ ਵਿਭਾਗ ਨਾਲ ਰਾਬਤਾ ਕਾਇਮ ਕਰ ਕੇ ਢਿੱਲੀਆਂ ਤਾਰਾਂ ਨੂੰ ਕਸਵਾਉਣਾ ਚਾਹੀਦਾ ਹੈ ਅਤੇ ਖੇਤਾਂ ਵਿਚ ਲੱਗੇ ਟ੍ਰਾਂਸਫਾਰਮਰਾਂ ਦੇ ਆਲੇ-ਦੁਆਲੇ ਦੀ ਜਗ੍ਹਾ ਨੂੰ ਪਹਿਲਾਂ ਹੀ ਕੱਟ ਕੇ ਸਾਫ਼ ਕਰ ਲੈਣਾ ਚਾਹੀਦਾ ਹੈ, ਤਾਂ ਜੋ ਕਿਸੇ ਚੰਗਿਆੜੀ ਨਾਲ ਅੱਗ ਨਾ ਫੈਲੇ। ਵਾਢੀ ਦੌਰਾਨ ਖੇਤਾਂ ਵਿਚ ਲੱਗੇ ਟਿਊਬਲਾਂ ਦੇ ਚਲ੍ਹੇ (ਚਬੱਚੇ) ਪਾਣੀ ਨਾਲ ਭਰ ਕੇ ਰੱਖਣੇ ਚਾਹੀਦੇ ਹਨ l ਟਰੈਕਟਰਾਂ ਵਾਲੇ ਸਪਰੇਅ ਪੰਪਾਂ ਨਾਲ ਵੀ ਅੱਗ ਲੱਗੀ ਕਣਕ ਉੱਤੇ ਪਾਣੀ ਦੀ ਸਪਰੇਅ ਕਰ ਕੇ ਕਾਬੂ ਪਾਉਣ ਦੀ ਕੋਸ਼ਿਸ਼ ਕਰੋ ਹਰ।
ਹੁਸ਼ਿਆਰੀ ਤੋਂ ਲੈਣਾ ਚਾਹੀਦਾ ਕੰਮ
ਜੇ ਕਿਸੇ ਪਿੰਡ, ਕਸਬੇ ਜਾਂ ਸ਼ਹਿਰ ਦੇ ਆਸ-ਪਾਸ ਦਿਨ ਸਮੇਂ ਬਹੁਤ ਜ਼ਿਆਦਾ ਧੂੰਆਂ ਜਾਂ ਰਾਤ ਸਮੇਂ ਬਹੁਤ ਜ਼ਿਆਦਾ ਲਾਲ ਜਿਹੇ ਰੰਗ ਦੀ ਅੱਗ ਵਰਗੀ ਰੋਸ਼ਨੀ ਦਿਖਾਈ ਦੇਵੇ ਤਾਂ ਆਪਣੇ ਘਰ ਦੀ ਛੱਤ ਜਾਂ ਕਿਸੇ ਉੱਚੀ ਜਗ੍ਹਾ ਉੱਪਰ ਚੜ੍ਹ ਕੇ ਦੇਖੋ ਕਿ ਕਿਤੇ ਕਣਕ ਦੀ ਫ਼ਸਲ ਜਾਂ ਕਿਸੇ ਹੋਰ ਸੁੱਕੇ ਹੋਏ ਮਾਦੇ ਨੂੰ ਅੱਗ ਤਾਂ ਨਹੀਂ ਲੱਗ ਗਈ। ਉਦੋਂ ਤੁਰੰਤ ਆਪਣੇ ਆਂਢੀਆਂ-ਗੁਆਂਢੀਆਂ, ਸਬੰਧਿਤ ਪੁਲਿਸ ਥਾਣੇ, ਫਾਇਰ ਬ੍ਰਿਗੇਡ ਤੇ ਬਿਜਲੀ ਬੋਰਡ ਨੂੰ ਸੂਚਿਤ ਕਰੋ। ਪਾਣੀ ਲਈ ਵਰਤਣ ਵਾਲੀਆਂ ਬਾਲਟੀਆਂ, ਪੀਪੇ, ਛੋਟੇ ਵੱਡੇ ਡਰੰਮ, ਪਾਣੀ ਵਾਲੇ ਟੈਂਕਰ ਆਦਿ ਲੈ ਕੇ ਅਤੇ ਟਰੈਕਟਰ ਪਿੱਛੇ ਤਵੀਆਂ, ਹਲ, ਰੂਟਾਵੇਟਰ ਜਾਂ ਵੱਡੇ ਸਪਰੇਅ ਪੰਪ ਲੈ ਕੇ ਅੱਗੇ ਉੱਤੇ ਕਾਬੂ ਪਾਉਣ ਲਈ ਤੁਰੰਤ ਚਲੇ ਜਾਓ। ਜੇ ਰਾਤ ਸਮੇਂ ਅੱਗ ਲੱਗੀ ਹੈ ਤਾਂ ਟਾਰਚਾਂ, ਬੈਟਰੀਆਂ ਆਪਣੇ ਨਾਲ ਜ਼ਰੂਰ ਲੈ ਕੇ ਜਾਓ। ਜੇ ਬਿਜਲੀ ਦੇ ਟ੍ਰਾਂਸਫਾਰਮਰ ਜਾਂ ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗੀ ਹੈ ਤਾਂ ਅੱਗ ਬੁਝਾਉਣ ਵਾਸਤੇ ਸੁੱਕਾ ਰੇਤ, ਭੁਰਭੁਰੀ ਸੁੱਕੀ ਮਿੱਟੀ ਜਾਂ ਅੱਗ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅੱਗ ਬੁਝਾਉਣ ਵੇਲੇ ਹਰ ਵਿਅਕਤੀ ਨੂੰ ਹੌਸੇਲ, ਸੂਝ-ਬੂਝ ਅਤੇ ਹੁਸ਼ਿਆਰੀ ਤੋਂ ਕੰਮ ਲੈਣਾ ਚਾਹੀਦਾ ਹੈ।
ਮਦਦ ਲਈ ਹੋਣਾ ਚਾਹੀਦਾ ਇਕੱਠੇ
ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਬੰਧਿਤ ਬਿਜਲੀ ਘਰ, ਪੁਲਿਸ ਥਾਣੇ, ਫਾਇਰ ਬ੍ਰਿਗੇਡ ਆਦਿ ਦੇ ਸੰਪਰਕ ਨੰਬਰ ਯਾਦ ਰੱਖਣ, ਤਾਂ ਜੋ ਤੁਰੰਤ ਫਾਇਰ ਬ੍ਰਿਗੇਡ, ਨੇੜੇ ਦੇ ਪੁਲਿਸ ਥਾਣੇ ਅਤੇ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ ਜਾਂ ਸਕੇ ਅਤੇ ਨਾਲ-ਨਾਲ ਪਿੰਡ ਦੇ ਧਾਰਮਿਕ ਸਥਾਨਾਂ ਤੋਂ ਮੁਨਾਦੀ ਕਰਵਾ ਕੇ ਲੋਕਾਂ ਨੂੰ ਮਦਦ ਲਈ ਇਕੱਠੇ ਕਰਨਾ ਚਾਹੀਦਾ ਹੈ। ਅੱਗ ਦੇ ਘੇਰੇ ਨੂੰ ਰੋਕਣ ਲਈ ਟਰੈਕਟਰ ਨਾਲ ਅਗਲੇ ਪਾਸਿਓਂ ਫ਼ਸਲ ਨੂੰ ਵਾਹ ਦੇਣਾ ਸੂਝਵਾਨ ਕਦਮ ਹੈ। ਸਾਡੀ ਸਾਰਿਆਂ ਦੀ ਥੋੜ੍ਹੀ ਜਿਹੀ ਸੁਚੇਤਤਾ ਕਿਸੇ ਦੇ ਪੂਰੇ ਸਾਲ ਦੇ ਅੰਨ ਅਤੇ ਖ਼ੁਸ਼ੀਆਂ ਨੂੰ ਸੁਰੱਖਿਅਤ ਰੱਖ ਸਕਦੀ ਹੈ।
- ਸੁਰਜੀਤ ਸਿੰਘ