ਭਾਰਤ ਵਿਚ ਬਰੀਡਰ ਬੀਜਾਂ 'ਚ ਇਸ ਦੀ ਮੰਗ ਤੀਸਰੇ ਸਥਾਨ 'ਤੇ ਹੈ। ਇਸ ਕਿਸਮ ਨੂੰ ਹਰ ਤਰ੍ਹਾਂ ਦੀ ਜ਼ਮੀਨ 'ਚ ਉਗਾਇਆ ਜਾ ਸਕਦਾ ਹੈ। ਇਸ ਦੀ ਸਿਫ਼ਾਰਸ਼ ਪੰਜਾਬ ਸਮੇਤ ਸਮੁੱਚੇ ਉੱਤਰ-ਪੱਛਮੀ ਭਾਰਤ 'ਚ ਕੀਤੀ ਗਈ ਹੈ।

ਪੰਜਾਬ ਵਿਚ ਪਿਛਲੇ ਸਾਲ 35.20 ਲੱਖ ਹੈਕਟੇਅਰ ਰਕਬੇ 'ਚ ਕਣਕ ਬੀਜੀ ਗਈ ਤੇ 51.73 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਪ੍ਰਾਪਤ ਹੋਇਆ ਤੇ 182.09 ਲੱਖ ਟਨ ਪੈਦਾਵਾਰ ਹੋਈ। ਇਹ ਮਿਆਰੀ ਉਤਪਾਦਨ ਪ੍ਰਮਾਣਿਤ ਕਿਸਮਾਂ ਦੀ ਬਿਜਾਈ ਕਾਰਨ ਸੰਭਵ ਹੋ ਸਕਿਆ ਹੈ। ਅਪ੍ਰਮਾਣਿਤ ਤੇ ਗ਼ੈਰ ਮਿਆਰੀ ਕਿਸਮਾਂ ਬਿਮਾਰੀਆਂ ਦੇ ਹੱਲੇ ਦਾ ਵਧੇਰੇ ਸ਼ਿਕਾਰ ਹੁੰਦੀਆਂ ਹਨ ਤੇ ਇਨ੍ਹਾਂ ਤੋਂ ਝਾੜ ਵੀ ਘੱਟ ਮਿਲਦਾ ਹੈ। ਇਸ ਤੋਂ ਇਲਾਵਾ ਬਿਜਾਈ ਕਰਦੇ ਸਮੇਂ ਧਿਆਨ ਰੱਖੋ ਕਿ ਸਾਰੇ ਖੇਤਾਂ ਵਿਚ ਇਕ ਹੀ ਕਿਸਮ ਦੀ ਬਿਜਾਈ ਨਾ ਕੀਤੀ ਜਾਵੇ। ਕਣਕ ਦੀਆਂ ਵੱਖ-ਵੱਖ ਕਿਸਮਾਂ ਦੀ ਬਿਜਾਈ ਕੀਤੀ ਜਾਵੇ ਤੇ ਨਾਲ ਹੀ ਸਮੇਂ ਦਾ ਵੀ ਧਿਆਨ ਰੱਖਿਆ ਜਾਵੇ। ਅਜਿਹਾ ਕਰਨ ਨਾਲ ਝਾੜ ਦਾ ਨੁਕਸਾਨ ਨਹੀਂ ਹੁੰਦਾ।
ਪੀਬੀਡਬਲਿਊ-343 ਕਿਸਮ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪਿਛਲੇ ਦੋ ਸਾਲਾਂ 'ਚ ਸਮੇਂ ਸਿਰ ਬਿਜਾਈ ਲਈ ਕਣਕ ਦੀਆਂ ਤਿੰਨ ਕਿਸਮਾਂ ਦੀ ਸਿਫ਼ਾਰਸ਼ ਕੀਤੀ ਹੈ। ਇਨ੍ਹਾਂ ਵਿਚ ਉੱਨਤ ਪੀਬੀਡਬਲਿਊ-343 ਵੀ ਸ਼ਾਮਲ ਹੈ, ਇਹ ਪੁਰਾਣੀ ਕਿਸਮ ਪੀਬੀ ਡਬਲਿਊ-343 ਦਾ ਹੀ ਸੋਧਿਆ ਹੋਇਆ ਰੂਪ ਹੈ। ਪੁਰਾਣੀ ਕਿਸਮ 'ਚ ਕੁਝ ਨਵੇਂ ਜੀਨਜ਼ ਪਾ ਕੇ ਇਸ ਨੂੰ ਬਿਮਾਰੀ ਰਹਿਤ ਕੀਤਾ ਗਿਆ ਹੈ। ਇਹ ਕਰੀਬ 155 ਦਿਨਾਂ 'ਚ ਪੱਕਦੀ ਹੈ। ਇਸ ਦਾ ਕੱਦ 100 ਸੈਂਟੀਮੀਟਰ ਹੈ ਤੇ ਇਹ 23.2 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ।
ਕਣਕ ਦੀ ਇਸ ਕਿਸਮ ਨੂੰ ਕਾਫ਼ੀ ਹੁੰਗਾਰਾ ਮਿਲਿਆ ਹੈ। ਭਾਰਤ ਵਿਚ ਬਰੀਡਰ ਬੀਜਾਂ 'ਚ ਇਸ ਦੀ ਮੰਗ ਤੀਸਰੇ ਸਥਾਨ 'ਤੇ ਹੈ। ਇਸ ਕਿਸਮ ਨੂੰ ਹਰ ਤਰ੍ਹਾਂ ਦੀ ਜ਼ਮੀਨ 'ਚ ਉਗਾਇਆ ਜਾ ਸਕਦਾ ਹੈ। ਇਸ ਦੀ ਸਿਫ਼ਾਰਸ਼ ਪੰਜਾਬ ਸਮੇਤ ਸਮੁੱਚੇ ਉੱਤਰ-ਪੱਛਮੀ ਭਾਰਤ 'ਚ ਕੀਤੀ ਗਈ ਹੈ। ਇਸ ਦੀ ਬਿਜਾਈ ਅਕਤੂਬਰ ਦੇ ਚੌਥੇ ਹਫ਼ਤੇ ਤੋਂ ਕੀਤੀ ਜਾ ਸਕਦੀ ਹੈ ਤੇ ਪ੍ਰਤੀ ਏਕੜ 40 ਕਿੱਲੋ ਬੀਜ ਦੀ ਜ਼ਰੂਰਤ ਪੈਂਦੀ ਹੈ।
ਉੱਨਤ ਪੀਬੀਡਬਲਿਊ-550
ਜੇ ਕਣਕ ਦੀ ਬਿਜਾਈ ਨਵੰਬਰ ਦੇ ਦੂਜੇ ਹਫ਼ਤੇ ਤੋਂ ਕਰਨੀ ਹੋਵੇ ਤਾਂ ਪੀਏਯੂ ਵੱਲੋਂ ਉੱਨਤ ਪੀਬੀਡਬਲਿਊ-550 ਕਿਸਮ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਹ ਕਿਸਮ ਪੁਰਾਣੀ ਪੀਬੀਡਬਲਿਊ-550 ਦਾ ਸੋਧਿਆ ਹੋਇਆ ਰੂਪ ਹੈ। ਪੰਜਾਬ 'ਚ ਇਸ ਕਿਸਮ ਹੇਠ ਵੀ ਰਕਬਾ ਵਧ ਰਿਹਾ ਹੈ।
ਪੁਰਾਣੀ ਪੀਬੀਡਬਲਿਊ-500 ਕਿਸਮ ਨੂੰ ਪੀਲੀ ਕੁੰਗੀ ਕਾਫ਼ੀ ਲਗਦੀ ਸੀ, ਇਸ ਲਈ ਇਸ ਕਿਸਮ ਵਿਚ ਨਵੇਂ ਜੀਨਜ਼ ਪਾ ਕੇ ਇਸ ਨੂੰ ਬਿਮਾਰੀ ਰਹਿਤ ਕੀਤਾ ਗਿਆ ਹੈ। ਇਸ ਦਾ ਕੱਦ 86 ਸੈਂਟੀਮੀਟਰ ਹੈ ਤੇ ਇਹ 145 ਦਿਨਾਂ 'ਚ ਪੱਕਦੀ ਹੈ। ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ ਤੇ ਪ੍ਰਤੀ ਏਕੜ 45 ਕਿੱਲੋ ਬੀਜ ਦੀ ਜ਼ਰੂਰਤ ਹੈ।
ਪੀਬੀਡਬਲਿਊ-725
ਪੀਏਯੂ ਵੱਲੋਂ ਕਣਕ ਦੀ ਪ੍ਰਮਾਣਿਤ ਕਿਸਮ ਪੀਬੀਡਬਲਿਊ-725 ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਦਾ ਔਸਤ ਕੱਦ 105 ਸੈਂਟੀਮੀਟਰ ਹੈ। ਇਹ ਪੱਕਣ ਲਈ ਕਰੀਬ 154 ਦਿਨ ਲੈਂਦੀ ਹੈ ਤੇ ਔਸਤ ਝਾੜ 22.9 ਕੁਇੰਟਲ ਪ੍ਰਤੀ ਏਕੜ ਹੈ। ਇਹ ਪੀਲੀ ਤੇ ਭੂਰੀ ਕੁੰਗੀ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਇਸ ਵਿਚ ਕਾਫ਼ੀ ਮਾਤਰਾ 'ਚ ਪ੍ਰੋਟੀਨ ਹੁੰਦੀ ਹੈ। ਇਹ ਕਿਸਮ ਗਰਮੀ ਨੂੰ ਸਹਾਰ ਲੈਂਦੀ ਹੈ।
ਪੀਬੀਡਬਲਿਊ-677
ਕਣਕ ਦੀਆਂ ਪ੍ਰਮਾਣਿਤ ਕਿਸਮਾਂ ਵਿਚ ਪੀਬੀਡਬਲਿਊ-677 ਕਿਸਮ ਸਮੇਂ ਸਿਰ ਬੀਜੀ ਜਾਣ ਵਾਲੀ ਹੈ। ਇਹ ਕੱਦ 'ਚ ਦੂਸਰੀਆਂ ਕਿਸਮਾਂ ਨਾਲੋਂ ਥੋੜ੍ਹੀ ਵੱਡੀ ਹੁੰਦੀ ਹੈ ਪਰ ਤਣਾ ਮਜ਼ਬੂਤ ਹੋਣ ਕਰਕੇ ਡਿੱਗਦੀ ਨਹੀਂ। ਇਸ ਦਾ ਔਸਤ ਕੱਦ 107 ਸੈਂਟੀਮੀਟਰ ਹੈ। ਇਹ ਪੱਕਣ ਲਈ ਕਰੀਬ 157 ਦਿਨ ਲੈਂਦੀ ਹੈ ਤੇ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਵੀ ਪੀਲੀ ਤੇ ਭੂਰੀ ਕੁੰਗੀ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ।
ਸਿਹਤ ਲਈ ਅਹਿਮ ਹੈ ਪੀਬੀਡਬਲਿਊ-1 ਜ਼ਿੰਕ
ਜੇ ਕਿਸਮਾਂ ਦੀ ਗੁਣਵੱਤਾ ਦੀ ਗੱਲ ਕੀਤੀ ਜਾਵੇ ਤਾਂ ਪੀਬੀਡਬਲਿਊ-1 ਜ਼ਿੰਕ ਕਾਫ਼ੀ ਮਹੱਤਵਪੂਰਨ ਹੈ। ਇਹ ਆਪਣੀ ਤਰ੍ਹਾਂ ਦੀ ਪਹਿਲੀ ਕਿਸਮ ਹੈ, ਜਿਸ 'ਚ ਜ਼ਿੰਕ ਦੀ ਮਾਤਰਾ ਦੂਸਰੀਆਂ ਕਿਸਮਾਂ ਨਾਲੋਂ ਵੱਧ ਹੁੰਦੀ ਹੈ। ਜ਼ਿੰਕ ਸਾਡੇ ਸਰੀਰ ਲਈ ਇਕ ਜ਼ਰੂਰੀ ਤੱਤ ਹੈ ਤੇ ਸਰੀਰ ਵਿਚਲੀਆਂ ਕਈ ਗਤੀਵਿਧੀਆਂ 'ਚ ਅਹਿਮ ਯੋਗਦਾਨ ਪਾਉਂਦਾ ਹੈ। ਬੱਚਿਆਂ ਦੇ ਵਾਧੇ ਵਾਸਤੇ ਜ਼ਿੰਕ ਅਹਿਮ ਤੱਤ ਹੈ। ਪੀਬੀਡਬਲਿਊ-1 ਜ਼ਿੰਕ ਦੀ ਸਿਫਾਰਿਸ਼ ਪੰਜਾਬ ਸਮੇਤ ਸਾਰੇ ਉੱਤਰ-ਪੱਛਮੀ ਭਾਰਤ ਲਈ ਕੀਤੀ ਗਈ ਹੈ। ਇਸ ਦਾ ਔਸਤਨ ਕੱਦ 103 ਸੈਂਟੀਮੀਟਰ ਹੈ ਤੇ ਇਹ 151 ਦਿਨਾਂ 'ਚ ਪੱਕਦੀ ਹੈ। ਝਾੜ ਕਰੀਬ 22.5 ਕੁਇੰਟਲ ਪ੍ਰਤੀ ਏਕੜ ਹੈ।
ਬਿਮਾਰੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਪੀਬੀਡਬਲਿਊ-752
ਜਿਹੜੇ ਕਿਸਾਨ ਮਟਰ, ਆਲੂ ਤੇ ਕਮਾਦ ਤੋਂ ਬਾਅਦ ਕਣਕ ਦੀ ਬਿਜਾਈ ਕਰਦੇ ਹਨ, ਉਨ੍ਹਾਂ ਖੇਤਰਾਂ ਵਾਸਤੇ ਪੀਏਯੂ ਵੱਲੋਂ ਵੱਧ ਝਾੜ ਦੇਣ ਵਾਲੀ ਤੇ ਬਿਮਾਰੀਆਂ ਤੋਂ ਰਹਿਤ ਨਵੀਂ ਕਿਸਮ ਪੀਬੀਡਬਲਿਊ-752 ਦੀ ਸਿਫ਼ਾਰਸ਼ ਕੀਤੀ ਗਈ ਹੈ। ਪੀਬੀਡਬਲਿਊ-752 ਦੀ ਸਿਫ਼ਾਰਸ਼ ਸਾਰੇ ਉਤਰ-ਪੱਛਮੀ ਭਾਰਤ 'ਚ ਪਿਛੇਤੀ ਬਿਜਾਈ ਲਈ ਕੀਤੀ ਗਈ ਹੈ। ਇਸ ਕਿਸਮ ਦੇ ਸਾਰੇ ਭਾਰਤ ਵਿਚ ਕੁੱਲ 69 ਤਜਰਬੇ ਹੋਏ ਹਨ, ਜਿਨ੍ਹਾਂ ਵਿਚ ਇਸ ਤੋਂ 19.9 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਹੋਇਆ। ਪੰਜਾਬ 'ਚ ਇਸ ਕਿਸਮ ਦੇ 2013 ਤੋਂ 2019 ਤਕ 19 ਤਜਰਬੇ ਕੀਤੇ ਗਏ। ਤਜਰਬਿਆਂ ਵਿਚ ਇਸ ਦਾ ਔਸਤ ਝਾੜ 20.8 ਕੁਇੰਟਲ ਪ੍ਰਤੀ ਏਕੜ ਰਿਹਾ, ਜੋ ਪੀਬੀਡਬਲਿਊ-658 ਨਾਲੋਂ 13.3 ਫ਼ੀਸਦੀ ਵੱਧ ਹੈ। 2018-19 ਵਿਚ ਇਸ ਨਵੀਂ ਕਿਸਮ ਦੇ ਕਿਸਾਨਾਂ ਦੇ ਖੇਤਾਂ 'ਚ 78 ਤਜਰਬੇ ਕੀਤੇ ਗਏ। ਜੇਕਰ ਸਾਰੇ ਤਜਰਬਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਕਿਸਮ ਨੇ 19.2 ਕੁਇੰਟਲ ਪ੍ਰਤੀ ਏਕੜ ਝਾੜ ਦਿੱਤਾ। ਇਹ ਪੀਲੀ ਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਹ ਕਿਸਮ ਕਰੀਬ 130 ਦਿਨਾਂ 'ਚ ਪੱਕਦੀ ਹੈ ਤੇ ਇਸ ਦਾ ਔਸਤ ਕੱਦ 89 ਸੈਂਟੀਮੀਟਰ ਹੈ। ਇਸ ਨੂੰ ਦਸੰਬਰ ਵਿਚ ਬੀਜਿਆ ਜਾ ਸਕਦਾ ਹੈ। ਪ੍ਰਤੀ ਏਕੜ 40 ਕਿੱਲੋ ਬੀਜ ਦੀ ਲੋੜ ਪੈਂਦੀ ਹੈ।
ਪਿਛੇਤੀ ਬਿਜਾਈ ਲਈ ਕਿਸਮਾਂ
ਕਣਕ ਦੀ ਇਕ ਹੋਰ ਕਿਸਮ ਪੀਬੀਡਬਲਿਊ-658 ਦੀ ਪਿਛੇਤੀ ਬਿਜਾਈ ਲਈ ਸਿਫ਼ਾਰਸ਼ ਕੀਤੀ ਗਈ ਹੈ। ਇਹ ਕਿਸਮ 133 ਦਿਨਾਂ 'ਚ ਪੱਕਦੀ ਹੈ ਤੇ ਇਸ ਦਾ ਔਸਤ ਝਾੜ 17.6 ਕੁਇੰਟਲ ਪ੍ਰਤੀ ਏਕੜ ਹੈ। ਬਰਾਨੀ ਹਾਲਤਾਂ ਵਾਸਤੇ ਯੂਨੀਵਰਸਿਟੀ ਵੱਲੋਂ ਦੋ ਕਿਸਮਾਂ ਪੀਬੀਡਬਲਿਊ-660 ਤੇ ਪੀਬੀਡਬਲਿਊ-644 ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਦਾ ਔਸਤ ਝਾੜ 17.1 ਕੁਇੰਟਲ ਪ੍ਰਤੀ ਏਕੜ ਹੈ ਜਦਕਿ ਪੀਬੀਡਬਲਿਊ-644 ਦਾ ਝਾੜ 16.4 ਕੁਇੰਟਲ ਹੈ।
ਕੁਝ ਹੋਰ ਕਿਸਮਾਂ
ਇਨ੍ਹਾਂ ਕਿਸਮਾਂ ਤੋਂ ਇਲਾਵਾ ਸਮੇਂ ਸਿਰ ਬਿਜਾਈ ਲਈ ਪੀਏਯੂ ਵੱਲੋਂ ਐੱਚਡੀ-3086 ਤੇ ਐੱਚਡੀ-2967 ਵੀ ਪ੍ਰਮਾਣਿਤ ਕਿਸਮਾਂ ਹਨ। ਐੱਚਡੀ-3086 ਨੂੰ ਪੀਲੀ ਤੇ ਭੂਰੀ ਕੁੰਗੀ ਦਾ ਰੋਗ ਲੱਗ ਸਕਦਾ ਹੈ। ਇਹ 146 ਦਿਨਾਂ 'ਚ ਪੱਕਦੀ ਹੈ ਤੇ ਔਸਤ ਕੱਦ 86 ਸੈਂਟੀਮੀਟਰ ਹੈ। ਐੱਚਡੀ-2967 ਪਿਛਲੇ ਸਮੇਂ ਵਿਚ ਕਾਫ਼ੀ ਪ੍ਰਚਲਿਤ ਹੋਈ ਹੈ ਪਰ ਹੁਣ ਇਸ ਦੀ ਬਿਜਾਈ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਨੂੰ ਪੀਲੀ ਕੁੰਗੀ ਬਹੁਤ ਜ਼ਿਆਦਾ ਲਗਦੀ ਹੈ, ਜਿਸ ਨਾਲ ਝਾੜ ਕਾਫ਼ੀ ਘਟ ਜਾਂਦਾ ਹੈ। ਡਬਲਿਊਐੱਚ-1105 ਕਿਸਮ ਉੱਪਰ ਵੀ ਪੀਲੀ ਤੇ ਭੂਰੀ ਕੁੰਗੀ ਦਾ ਕਾਫ਼ੀ ਹਮਲਾ ਹੁੰਦਾ ਹੈ। ਇਕ ਹੋਰ ਕਿਸਮ ਪੀਬੀਡਬਲਿਊ-621 ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਇਸ ਦਾ ਔਸਤ ਕੱਦ 100 ਸੈਂਟੀਮੀਟਰ ਹੈ। ਇਹ 158 ਦਿਨਾਂ 'ਚ ਪੱਕਦੀ ਹੈ। ਇਹ ਕਿਸਮ ਭੂਰੀ ਕੁੰਗੀ ਦਾ ਟਾਕਰਾ ਕਰ ਸਕਦੀ ਹੈ ਪਰ ਪੀਲੀ ਕੁੰਗੀ ਦਾ ਟਾਕਰਾ ਘੱਟ ਕਰਦੀ ਹੈ। ਇਸ ਦਾ ਔਸਤਨ ਝਾੜ 21.1 ਕੁਇੰਟਲ ਪ੍ਰਤੀ ਏਕੜ ਹੈ। ਇਸ ਲਈ ਇਹ ਕਿਸਮਾਂ ਉਨ੍ਹਾਂ ਇਲਾਕਿਆਂ 'ਚ ਹੀ ਬੀਜਣੀਆਂ ਚਾਹੀਦੀਆਂ ਹਨ ਜਿੱਥੇ ਪੀਲੀ ਤੇ ਭੂਰੀ ਕੁੰਗੀ ਦਾ ਹਮਲਾ ਘੱਟ ਹੁੰਦਾ ਹੈ।
J ਵੀਰਇੰਦਰ ਸਿੰਘ ਸੋਹੂ
98761-34373