ਮੁੱਢ ਕਦੀਮ ਤੋਂ ਸਾਡੀ ਖੇਤੀ ਸਾਡੀਆਂ ਆਰਥਿਕ ਲੋੜਾਂ ਨੂੰ ਪੂਰਾ ਕਰਦੀ ਆਈ ਹੈ। ਰੋਟੀ, ਕੱਪੜਾ ਅਤੇ ਮਕਾਨ ਦੀ ਜੱਦੋ-ਜਹਿਦ ਕਰਦੇ-ਕਰਦੇ ਸਾਡੀਆਂ ਬੁਨਿਆਦੀ ਜ਼ਰੂਰਤਾਂ ਬਹੁਤ ਜ਼ਿਆਦਾ ਵੱਧ ਗਈਆਂ ਅਤੇ ਅਸੀਂ ਆਪਣੀ ਖੇਤੀ ਤੋਂ ਕਈ ਗੁਣਾਂ ਵਧੇਰੇ ਮੁਨਾਫ਼ਾ ਲੈਣ ਦੀਆਂ ਤਰਕੀਬਾਂ ਬਣਾਉਣ ਲੱਗ ਪਏ। ਇਨ੍ਹਾਂ ਤਰਕੀਬਾਂ ’ਚ ਸਬ ਤੋਂ ਵੱਧ ਪ੍ਰਭਾਵਸ਼ਾਲੀ ਸੀ ਖੇਤਾਂ ’ਚ ਰਸਾਇਣਕ ਖਾਦਾਂ ਤੇ ਜ਼ਹਿਰਾਂ ਦੀ ਬਹੁਤਾਤ।

ਮੁੱਢ ਕਦੀਮ ਤੋਂ ਸਾਡੀ ਖੇਤੀ ਸਾਡੀਆਂ ਆਰਥਿਕ ਲੋੜਾਂ ਨੂੰ ਪੂਰਾ ਕਰਦੀ ਆਈ ਹੈ। ਰੋਟੀ, ਕੱਪੜਾ ਅਤੇ ਮਕਾਨ ਦੀ ਜੱਦੋ-ਜਹਿਦ ਕਰਦੇ-ਕਰਦੇ ਸਾਡੀਆਂ ਬੁਨਿਆਦੀ ਜ਼ਰੂਰਤਾਂ ਬਹੁਤ ਜ਼ਿਆਦਾ ਵੱਧ ਗਈਆਂ ਅਤੇ ਅਸੀਂ ਆਪਣੀ ਖੇਤੀ ਤੋਂ ਕਈ ਗੁਣਾਂ ਵਧੇਰੇ ਮੁਨਾਫ਼ਾ ਲੈਣ ਦੀਆਂ ਤਰਕੀਬਾਂ ਬਣਾਉਣ ਲੱਗ ਪਏ। ਇਨ੍ਹਾਂ ਤਰਕੀਬਾਂ ’ਚ ਸਬ ਤੋਂ ਵੱਧ ਪ੍ਰਭਾਵਸ਼ਾਲੀ ਸੀ ਖੇਤਾਂ ’ਚ ਰਸਾਇਣਕ ਖਾਦਾਂ ਤੇ ਜ਼ਹਿਰਾਂ ਦੀ ਬਹੁਤਾਤ। ਆਪਣੇ ਆਰਥਿਕ ਟੀਚੇ ਨੂੰ ਪੂਰਾ ਕਰਨ ਲਈ ਅਸੀਂ ਆਪਣੀ ਸਿਹਤ ਨੂੰ ਵੀ ਖ਼ਤਰੇ ’ਚ ਪਾਉਣ ਤੋਂ ਜ਼ਰਾ ਵੀ ਗੁਰੇਜ਼ ਨਾ ਕੀਤਾ।
ਚੁੱਕਣੇ ਪੈਣਗੇ ਠੋਸ ਕਦਮ
ਕੀੜਿਆਂ ਤੇ ਬਿਮਾਰੀਆਂ ਦੀ ਰੋਕਥਾਮ ਵਜੋਂ ਵਰਤੇ ਜਾਂਦੇ ਵੱਡੀ ਮਾਤਰਾ ’ਚ ਜ਼ਹਿਰ ਅਤੇ ਰਸਾਇਣ ਪਤਾ ਹੀ ਨਹੀਂ ਲੱਗਾ ਕਿ ਕਦੋਂ ਸਾਡੀ ਧਰਤੀ, ਪਾਣੀ ਅਤੇ ਹਵਾ ਨੂੰ ਵੀ ਪੂਰੀ ਤਰ੍ਹਾਂ ਨਾਲ ਜ਼ਹਿਰੀਲੇ ਕਰਨ ਲੱਗੇ ਪਏ। ਹੁਣ ਜਦੋਂ ਸਾਨੂੰ ਹਰ ਪਾਸੇ ਬਸ ਜ਼ਹਿਰ ਹੀ ਜ਼ਹਿਰ ਮਹਿਸੂਸ ਹੋਣ ਲੱਗ ਪਿਆ ਹੈ ਤਾਂ ਸਾਨੂੰ ਹੁਣ ਇਸ ਸਮਸਿਆ ਤੋਂ ਬਚਣ ਲਈ ਕੁਝ ਠੋਸ ਕਦਮ ਚੁੱਕਣੇ ਪੈਣਗੇ। ਅੱਜ ਸਮੇਂ ਦੀ ਇਹ ਮੁੱਖ ਲੋੜ ਹੈ ਕਿ ਅਸੀਂ ਹੁਣ ਇਨ੍ਹਾਂ ਜ਼ਹਿਰਾਂ ਅਤੇ ਰਸਾਇਣਾਂ ਤੋਂ ਆਪਣੀ ਖੇਤੀ ਨੂੰ ਦੂਰ ਕਰੀਏ ਤੇ ਮਨੁੱਖੀ ਸਿਹਤ ਨੂੰ ਖ਼ਤਰਨਾਕ ਅਲਾਮਤਾਂ ਤੋਂ ਬਚਾਈਏ। ਇਸ ਸਭ ਲਈ ਜੇ ਕੋਈ ਯੋਗ ਉਪਰਾਲਾ ਕੀਤਾ ਜਾ ਸਕਦਾ ਹੈ ਤਾਂ ਉਹ ਇਹ ਹੈ ਕਿ ਅਸੀਂ ਆਪਣੀ ਖੇਤੀ ਦੇ ਢੰਗਾਂ ਵਿਚ ਵੱਡੀ ਤਬਦੀਲੀ ਲਿਆਈਏ ਤੇ ਜੈਵਿਕ ਖੇਤੀ ਵੱਲ ਆਪਣੇ ਕਦਮਾਂ ਨੂੰ ਮੋੜੀਏ।
ਖੇਤੀਬਾੜੀ ਮਾਹਿਰਾਂ ਦੀ ਲਈ ਜਾ ਸਕਦੀ ਸਲਾਹ
ਜੈਵਿਕ ਖੇਤੀ ਤੋਂ ਭਾਵ ਬਿਨਾਂ ਖਾਦਾਂ ਤੇ ਜ਼ਹਿਰਾਂ ਦੀ ਖੇਤੀ। ਆਪਣੀ ਖੇਤੀ ਤੋਂ ਭਾਵੇਂ ਘੱਟ ਉਪਜ ਲਈ ਜਾਵੇ ਪਰ ਉਹ ਉਪਜ ਸਾਡੀ ਸਿਹਤ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚਾਵੇ। ਜ਼ਮੀਨ ਦੀ ਸਿਹਤ ਲਈ ਖਾਦਾਂ ਤਾਂ ਪਾਈਆਂ ਜਾਣ ਪਰ ਉਹ ਖਾਦਾਂ ਜੈਵਿਕ ਜਾਂ ਕੁਦਰਤੀ ਹੋਣ ਭਾਵ ਪਸ਼ੂਆਂ ਦੇ ਗੋਹੇ ਅਤੇ ਪਿਸ਼ਾਬ ਤੋਂ ਤਿਆਰ ਕੀਤੀ ਖਾਦ। ਇਸ ਤੋਂ ਇਲਾਵਾ ਸਾਡੀ ਜ਼ਮੀਨ ਦੇ ਮਿੱਤਰ ਜੀਵ ਯਾਨੀ ਗੰਡੋਇਆਂ ਤੋਂ ਵੀ ਖ਼ਾਸ ਕਿਸਮ ਦੀ ਖਾਦ ਤਿਆਰ ਕੀਤੀ ਜਾਂਦੀ ਹੈ, ਜਿਸ ਨਾਲ ਵੀ ਖੇਤੀ ਯੋਗ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ। ਜਿਥੋਂ ਤੱਕ ਫ਼ਸਲਾਂ ਨੂੰ ਲੱਗਣ ਵਾਲੇ ਕੀੜੇ-ਮਕੌੜੇ ਤੇ ਭਿਆਨਕ ਬਿਮਾਰੀਆਂ ਤੋਂ ਬਚਾਅ ਦੀ ਗੱਲ ਹੈ, ਕੁਝ ਦੇਸੀ ਭਾਵ ਜੈਵਿਕ ਢੰਗਾਂ ਨਾਲ ਹੀ ਬੜੇ ਆਸਾਨ ਅਤੇ ਪ੍ਰਭਾਵਸ਼ਾਲੀ ਨਤੀਜੇ ਵੇਖੇ ਜਾ ਸਕਦੇ ਹਨ। ਕਈ ਵਾਰ ਕੁਝ ਜ਼ਹਿਰੀਲੇ ਪੌਦਿਆਂ, ਜਿਵੇਂ ਅੱਕ, ਧਤੂਰਾ, ਨਿੰਮ, ਲਸਣ ਆਦਿ ਦੀ ਵਰਤੋਂ ਨਾਲ ਵੀ ਫ਼ਸਲਾਂ ਦੇ ਕੀੜਿਆਂ ਤੇ ਬਿਮਾਰੀਆਂ ਤੋਂ ਫ਼ਸਲਾਂ ਨੂੰ ਰਾਹਤ ਮਿਲ ਜਾਂਦੀ ਹੈ। ਅਜਿਹੇ ਜੈਵਿਕ ਢੰਗਾਂ ਬਾਰੇ ਖੇਤੀਬਾੜੀ ਮਾਹਿਰਾਂ ਦੀ ਸਲਾਹ ਲਈ ਜਾ ਸਕਦੀ ਹੈ। ਜੋ ਕਿਸਾਨ ਅਜਿਹੀ ਖੇਤੀ ਕਰਨ ਲੱਗੇ ਹਨ, ਉਨ੍ਹਾਂ ਦੀ ਰਾਏ ਵੀ ਲਈ ਜਾ ਸਕਦੀ ਹੈ।
ਪੌਸ਼ਟਿਕ ਤੱਤ ਰਹਿੰਦੇ ਬਰਕਰਾਰ
ਕੁਝ ਛੋਟੇ ਤੇ ਉੱਦਮੀ ਕਿਸਾਨ ਜੈਵਿਕ ਖੇਤੀ ਦੇ ਇਸ ਸਫ਼ਰ ਵੱਲ ਆਪਣੇ ਕਦਮ ਵਧਾ ਰਹੇ ਹਨ ਤੇ ਜੈਵਿਕ ਖੇਤੀ ਅਤੇ ਰਸਾਇਣਿਕ ਖੇਤੀ ’ਚ ਵੱਡਾ ਅੰਤਰ ਦੇਖ ਰਹੇ ਹਨ। ਜੈਵਿਕ ਖੇਤੀ ਕਰਦੇ ਕੁਝ ਕਿਸਾਨਾਂ ਦਾ ਮੰਨਣਾ ਹੈ ਕਿ ਖੇਤਾਂ ’ਚ ਜੈਵਿਕ ਢੰਗ ਨਾਲ ਪੈਦਾ ਕੀਤੀਆਂ ਵਸਤੂਆਂ ਸਿਹਤ ਲਈ ਤਾਂ ਸੁਰੱਖਿਅਤ ਹਨ ਹੀ, ਇਸ ਦੇ ਨਾਲ-ਨਾਲ ਇਨ੍ਹਾਂ ਵਿਚ ਪੌਸ਼ਟਿਕ ਤੱਤ ਬਰਕਰਾਰ ਰਹਿੰਦੇ ਹਨ। ਕੁਝ ਵੱਡੇ ਕਿਸਾਨ ਆਪਣੇ ਖਾਣ ਲਈ ਜੈਵਿਕ ਢੰਗ ਨਾਲ ਤਿਆਰ ਜਿਣਸਾਂ ਦੀ ਵਰਤੋਂ ਕਰਨ ਲੱਗ ਪਏ ਹਨ ਪਰ ਅਜਿਹੇ ਕਿਸਾਨਾਂ ਨੂੰ ਬੇਨਤੀ ਹੈ ਕਿ ਉਹ ਸਿਰਫ਼ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਲਈ ਹੀ ਚਿੰਤਾਸ਼ੀਲ ਨਾ ਹੋਣ ਸਗੋਂ ਸਮਾਜ ਦੇ ਸਾਰੇ ਲੋਕਾਂ ਲਈ ਵੀ ਚੰਗੀ ਸਿਹਤ ਦੀ ਕਾਮਨਾ ਕਰਨ ਅਤੇ ਆਪਣੀ ਖੇਤੀ ਦਾ ਕੁਝ ਹਿੱਸਾ ਨਹੀਂ ਸਗੋਂ ਸਾਰੀ ਖੇਤੀ ਨੂੰ ਹੀ ਜੈਵਿਕ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰਨ।
ਕਿਸਾਨਾਂ ’ਤੇ ਹੈ ਅਹਿਮ ਜ਼ਿੰਮੇਵਾਰੀ
ਪੰਜਾਬ ਦੇ ਕੁਝ ਅਜਿਹੇ ਜ਼ਿਲ੍ਹੇ ਹਨ, ਜਿਨ੍ਹਾਂ ਨੂੰ ਖੇਤੀ ਜ਼ਹਿਰਾਂ ਕਰਕੇ ਕੈਂਸਰ ਜਿਹੀਆਂ ਜਾਨਲੇਵਾ ਬਿਮਾਰੀਆਂ ਲੱਗ ਚੁੱਕੀਆਂ ਹਨ। ਜਿੱਥੋਂ ਦੀ ਨਾ ਕੇਵਲ ਜ਼ਮੀਨ ਸਗੋਂ ਪਾਣੀ ਅਤੇ ਹਵਾ ਤੱਕ ਵੀ ਪੂਰੀ ਤਰ੍ਹਾਂ ਨਾਲ ਜ਼ਹਿਰੀਲੇ ਹੋ ਚੁੱਕੇ ਹਨ। ਇਸ ਸਾਰੀ ਸਥਿਤੀ ਨੂੰ ਤਾਂ ਹੀ ਕਾਬੂ ’ਚ ਕੀਤਾ ਜਾ ਸਕਦਾ ਹੈ, ਜੇ ਅਸੀਂ ਹੁਣ ਤੋਂ ਹੀ ਜ਼ਮੀਨ ਨੂੰ ਲਗਾਤਾਰ ਜ਼ਹਿਰਾਂ ਪਾਉਣ ਤੋਂ ਸਦਾ ਲਈ ਹਟ ਜਾਈਏ। ਭਾਵੇਂ ਅਸੀਂ ਰਸਾਇਣਕ ਖਾਦਾਂ ਤੇ ਜ਼ਹਿਰਾਂ ਦੀ ਦਲਦਲ ’ਚ ਬਹੁਤ ਜ਼ਿਆਦਾ ਧੱਸ ਚੁੱਕੇ ਹਾਂ ਪਰ ਅਜੇ ਵੀ ਸੰਭਲਿਆ ਜਾ ਸਕਦਾ ਹੈ। ਅਜੇ ਵੀ ਖੇਤੀ ਨੂੰ ਜੈਵਿਕ ਜਾਂ ਕੁਦਰਤੀ ਢੰਗ ਨਾਲ ਕੀਤਾ ਜਾ ਸਕਦਾ ਹੈ। ਕੁਦਰਤ ਨੇ ਸਾਨੂੰ ਕਦੇ ਵੀ ਜ਼ਹਿਰਾਂ ਦੀ ਵਰਤੋਂ ਕਰਨ ਲਈ ਸੱਦਾ ਨਹੀਂ ਦਿੱਤਾ। ਅਸੀਂ ਖ਼ੁਦ ਨੂੰ ਇੰਨਾ ਲਾਲਚੀ ਕਰ ਲਿਆ ਹੈ ਕਿ ਪੈਸੇ ਲਈ ਅਸੀਂ ਆਪਣੀ ਸਿਹਤ ਨਾਲ ਖੇਡਣ ਲੱਗੇ ਹਾਂ। ਇਕ ਤਾਂ ਕਿਸਾਨ ਇਨ੍ਹਾਂ ਜ਼ਹਿਰਾਂ ਦੀ ਵਰਤੋਂ ਕਰ ਕੇ ਆਪਣੇ ਖੇਤੀ ਖ਼ਰਚੇ ਵਧਾਉਂਦੇ ਹਨ ਅਤੇ ਦੂਜਾ ਇਨ੍ਹਾਂ ਨਾਲ ਪੈਦਾ ਹੋਈਆਂ ਖੇਤੀ ਜਿਣਸਾਂ ਨਾਲ ਹੋਰ ਦੂਜੇ ਲੋਕਾਂ ਨੂੰ ਵੀ ਜ਼ਹਿਰ ਖਾਣ ਲਈ ਮਜਬੂਰ ਕਰ ਰਹੇ ਹਾਂ। ਪਿਆਰੇ ਕਿਸਾਨ ਵੀਰੋ, ਆਓ ਅਸੀਂ ਕੁਦਰਤੀ ਢੰਗਾਂ ਨਾਲ ਕੀਤੀ ਖੇਤੀ ਯਾਨੀ ਜੈਵਿਕ ਖੇਤੀ ਕਰ ਕੇ ਆਪਣੀ ਕਿਸਾਨੀ ਨੂੰ ਪਹਿਲਾਂ ਤੋਂ ਵੀ ਵੱਧ ਪਵਿੱਤਰ ਬਣਾਈਏ। ਪਹਿਲਾਂ ਸਾਡੇ ਕਿਸਾਨ ਦੇ ਜ਼ਿੰਮੇ ਹਰ ਨਾਗਰਿਕ ਦਾ ਢਿੱਡ ਭਰਨ ਦਾ ਟੀਚਾ ਸੀ ਤੇ ਅੱਜ ਕਿਸਾਨ ਦੇ ਸਿਰ ਉਤੇ ਆਪਣੇ ਸੂਬੇ ਅਤੇ ਆਪਣੇ ਦੇਸ਼ ਦੇ ਲੋਕਾਂ ਦੀ ਸਿਹਤ ਪ੍ਰਤੀ ਆਪਣੀ ਪੂਰਨ ਵਫ਼ਾਦਾਰੀ ਨਿਭਾਉਣ ਦੀ ਅਹਿਮ ਜ਼ਿੰਮੇਵਾਰੀ ਹੈ। ਨਾ ਕਿਸਾਨ ਉਦੋਂ ਪਿੱਛੇ ਹਟਿਆ ਸੀ ਤੇ ਉਮੀਦ ਹੈ, ਨਾ ਹੀ ਕਿਸਾਨ ਅੱਜ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟੇਗਾ। ਅੱਜ ਸਾਨੂੰ ਸਭ ਨੂੰ ਰਸਾਇਣਕ ਖੇਤੀ ਤੋਂ ਜੈਵਿਕ ਜਾਂ ਕੁਦਰਤੀ ਖੇਤੀ ਵੱਲ ਆਉਣ ਦੀ ਲੋੜ ਹੈ, ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਭਵਿੱਖ ਦਾ ਨਿਰਮਾਣ ਕਰ ਸਕੀਏ।
- ਦਿਨੇਸ਼ ਦਮਾਥੀਆ