ਪੰਜਾਬ ਦੀ ਖੇਤੀ ਦਾ ਇਤਿਹਾਸ ਜਦੋਂ ਵੀ ਲਿਖਿਆ ਜਾਵੇਗਾ, ਉਸ ’ਚ ਮੂੰਗਫਲੀ ਦਾ ਨਾਂ ਅਜਿਹੀ ਫ਼ਸਲ ਵਜੋਂ ਦਰਜ ਰਹੇਗਾ, ਜਿਸ ਨੇ ਕਦੇ ਹਜ਼ਾਰਾਂ ਕਿਸਾਨਾਂ ਦੇ ਘਰਾਂ ਦੀ ਆਰਥਿਕਤਾ ਸੰਭਾਲੀ ਸੀ। ਅੱਜ ਭਾਵੇਂ ਮੂੰਗਫਲੀ ਪੰਜਾਬ ਦੇ ਖੇਤਾਂ ਵਿਚ ਪਹਿਲਾਂ ਵਾਂਗ ਵੱਡੇ ਪੱਧਰ ’ਤੇ ਨਹੀਂ ਦਿਸਦੀ ਪਰ ਇਕ ਸਮਾਂ ਸੀ, ਜਦੋਂ ਦੋਆਬੇ ਅਤੇ ਕੰਢੀ ਇਲਾਕੇ ਦੀ ਪਛਾਣ ਹੀ ਮੂੰਗਫਲੀ ਨਾਲ ਹੁੰਦੀ ਸੀ।

ਪੰਜਾਬ ਦੀ ਖੇਤੀ ਦਾ ਇਤਿਹਾਸ ਜਦੋਂ ਵੀ ਲਿਖਿਆ ਜਾਵੇਗਾ, ਉਸ ’ਚ ਮੂੰਗਫਲੀ ਦਾ ਨਾਂ ਅਜਿਹੀ ਫ਼ਸਲ ਵਜੋਂ ਦਰਜ ਰਹੇਗਾ, ਜਿਸ ਨੇ ਕਦੇ ਹਜ਼ਾਰਾਂ ਕਿਸਾਨਾਂ ਦੇ ਘਰਾਂ ਦੀ ਆਰਥਿਕਤਾ ਸੰਭਾਲੀ ਸੀ। ਅੱਜ ਭਾਵੇਂ ਮੂੰਗਫਲੀ ਪੰਜਾਬ ਦੇ ਖੇਤਾਂ ਵਿਚ ਪਹਿਲਾਂ ਵਾਂਗ ਵੱਡੇ ਪੱਧਰ ’ਤੇ ਨਹੀਂ ਦਿਸਦੀ ਪਰ ਇਕ ਸਮਾਂ ਸੀ, ਜਦੋਂ ਦੋਆਬੇ ਅਤੇ ਕੰਢੀ ਇਲਾਕੇ ਦੀ ਪਛਾਣ ਹੀ ਮੂੰਗਫਲੀ ਨਾਲ ਹੁੰਦੀ ਸੀ। ਖੇਤਾਂ ’ਚ ਖਿੜਦੇ ਪੀਲੇ ਫੁੱਲ, ਮਿੱਟੀ ਹੇਠਾਂ ਬਣਦੇ ਦਾਣੇ ਅਤੇ ਮੰਡੀਆਂ ਵਿਚ ਮੂੰਗਫਲੀ ਦੀ ਖ਼ੁਸ਼ਬੂ ਪੰਜਾਬ ਦੀ ਪੇਂਡੂ ਅਰਥ-ਵਿਵਸਥਾ ਦਾ ਅਟੁੱਟ ਹਿੱਸਾ ਸੀ। ਹੁਣ ਜਦੋਂ ਪੰਜਾਬ ਪਾਣੀ ਦੇ ਗੰਭੀਰ ਸੰਕਟ, ਮਿੱਟੀ ਦੀ ਥਕਾਵਟ ਅਤੇ ਰਵਾਇਤੀ ਫਸਲੀ ਚੱਕਰ ਦੀਆਂ ਮੁਸ਼ਕਲਾਂ ਨਾਲ ਜੂਝ ਰਿਹਾ ਹੈ ਤਾਂ ਮੂੰਗਫਲੀ ਇਕ ਵਾਰ ਫਿਰ ਭਵਿੱਖ ਦੀ ਉਮੀਦ ਵਜੋਂ ਉੱਭਰਦੀ ਨਜ਼ਰ ਆ ਰਹੀ ਹੈ।
ਵੱਡੀ ਗਿਣਤੀ ’ਚ ਲੋਕਾਂ ਨੂੰ ਮਿਲਦਾ ਸੀ ਰੁਜ਼ਗਾਰ
ਪੰਜਾਬ ’ਚ ਮੂੰਗਫਲੀ ਦੀ ਖੇਤੀ ਦਾ ਸੁਨਹਿਰੀ ਦੌਰ ਖ਼ਾਸ ਕਰਕੇ 1970 ਅਤੇ 1980 ਦੇ ਦਹਾਕਿਆਂ ਵਿੱਚ ਵੇਖਣ ਨੂੰ ਮਿਲਿਆ। ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਗੁਰਦਾਸਪੁਰ ਦੇ ਕਈ ਇਲਾਕਿਆਂ ਵਿਚ ਇਹ ਮੁੱਖ ਨਕਦੀ ਫ਼ਸਲ ਸੀ। ਦੋਆਬੇ ਦੀ ਹਲਕੀ ਅਤੇ ਰੇਤਲੀ ਜ਼ਮੀਨ ਮੂੰਗਫਲੀ ਲਈ ਬਹੁਤ ਉਚਿਤ ਮੰਨੀ ਜਾਂਦੀ ਸੀ। ਉਸ ਵੇਲੇ ਕਿਸਾਨ ਮੱਕੀ ਤੇ ਮੂੰਗਫਲੀ ਦੇ ਫ਼ਸਲੀ ਚੱਕਰ ਨਾਲ ਚੰਗੀ ਆਮਦਨ ਕਮਾ ਲੈਂਦੇ ਸਨ। ਪਿੰਡਾਂ ਵਿਚ ਛੋਟੇ ਪੱਧਰ ’ਤੇ ਤੇਲ ਕੱਢਣ ਵਾਲੀਆਂ ਘਾਣੀਆਂ ਤੇ ਭੁੰਨੀ ਮੂੰਗਫਲੀ ਦੇ ਵਪਾਰ ਨਾਲ ਵੀ ਵੱਡੀ ਗਿਣਤੀ ਲੋਕਾਂ ਨੂੰ ਰੁਜ਼ਗਾਰ ਮਿਲਦਾ ਸੀ। ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਦੀ ਖੇਤੀ ਹੌਲੀ-ਹੌਲੀ ਕਣਕ ਤੇ ਝੋਨੇ ਦੇ ਚੱਕਰ ਵਿਚ ਫਸਦੀ ਚਲੀ ਗਈ। ਸਰਕਾਰੀ ਖ਼ਰੀਦ ਦੀ ਗਾਰੰਟੀ, ਮੰਡੀ ਪ੍ਰਣਾਲੀ ਅਤੇ ਘੱਟ ਜੋਖ਼ਮ ਵਾਲੀ ਆਮਦਨ ਕਾਰਨ ਕਿਸਾਨਾਂ ਨੇ ਰਵਾਇਤੀ ਫ਼ਸਲਾਂ ਛੱਡਣੀਆਂ ਸ਼ੁਰੂ ਕਰ ਦਿੱਤੀਆਂ। ਮੂੰਗਫਲੀ ਵੀ ਇਸ ਬਦਲਾਅ ਦੀ ਭੇਟ ਚੜ੍ਹ ਗਈ। ਖੇਤੀ ਮਾਹਿਰਾਂ ਅਨੁਸਾਰ ਮੂੰਗਫਲੀ ਦੀ ਖੇਤੀ ਘੱਟ ਹੋਣ ਦੇ ਪਿੱਛੇ ਸਭ ਤੋਂ ਵੱਡੇ ਕਾਰਨ ਮੰਡੀਕਰਨ ਦੀ ਕਮੀ, ਮਸ਼ੀਨੀਕਰਨ ਦੀ ਘੱਟ ਸਹੂਲਤ ਤੇ ਉਚਿਤ ਭਾਅ ਨਾ ਮਿਲਣਾ ਰਹੇ। ਜਿੱਥੇ ਇੱਕ ਪਾਸੇ ਝੋਨਾ ਹਰ ਸਾਲ ਪੱਕੀ ਖਰੀਦ ਦੇ ਭਰੋਸੇ ਨਾਲ ਖੜ੍ਹਾ ਸੀ, ਉੱਥੇ ਮੂੰਗਫਲੀ ਦਾ ਕਿਸਾਨ ਬਾਜ਼ਾਰ ਦੀ ਮਾਰ ਨਾਲ ਇਕੱਲਾ ਰਹਿ ਗਿਆ।
ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ’ਚ ਕਰਦੀ ਮਦਦ
ਅੱਜ ਹਾਲਾਤ ਮੁੜ ਬਦਲ ਰਹੇ ਹਨ। ਪੰਜਾਬ ’ਚ ਜ਼ਮੀਨ ਹੇਠਲਾ ਪਾਣੀ ਖ਼ਤਰਨਾਕ ਪੱਧਰ ਤੱਕ ਡਿੱਗ ਚੁੱਕਿਆ ਹੈ। ਕਈ ਬਲਾਕ ‘ਡਾਰਕ ਜ਼ੋਨ’ ਵਿਚ ਸ਼ਾਮਿਲ ਹੋ ਚੁੱਕੇ ਹਨ। ਅਜਿਹੇ ਵਿਚ ਖੇਤੀ ਵਿਗਿਆਨੀ ਲਗਾਤਾਰ ਘੱਟ ਪਾਣੀ ਵਾਲੀਆਂ ਬਦਲਵੀਂ ਫਸਲਾਂ ਵੱਲ ਜਾਣ ਦੀ ਸਲਾਹ ਦੇ ਰਹੇ ਹਨ ਅਤੇ ਮੂੰਗਫਲੀ ਇਸ ਸੂਚੀ ’ਚ ਮਹੱਤਵਪੂਰਨ ਥਾਂ ਰੱਖਦੀ ਹੈ। ਮੂੰਗਫਲੀ ਨੂੰ ਝੋਨੇ ਦੇ ਮੁਕਾਬਲੇ ਕਾਫ਼ੀ ਘੱਟ ਪਾਣੀ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਇਹ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ’ਚ ਵੀ ਮਦਦ ਕਰਦੀ ਹੈ ਕਿਉਂਕਿ ਇਹ ਦਾਲਹਨੀ ਪ੍ਰਕਿਰਤੀ ਵਾਲੀ ਫ਼ਸਲ ਹੈ, ਜੋ ਮਿੱਟੀ ਵਿਚ ਨਾਈਟਰੋਜਨ ਫਿਕਸ ਕਰਨ ਦੀ ਸਮਰੱਥਾ ਰੱਖਦੀ ਹੈ।
ਸਮੇਂ ਦੀ ਵੱਡੀ ਲੋੜ
ਇਸ ਵੇਲੇ ਪੰਜਾਬ ਦੇ ਕਿਸਾਨਾਂ ਦੀ ਫ਼ਸਲੀ ਵਿਭਿੰਨਤਾ, ਪਾਣੀ ਦੀ ਬੱਚਤ ਅਤੇ ਵਧੇਰੇ ਮੁਨਾਫ਼ੇ ਵਾਲੀਆਂ ਫ਼ਸਲਾਂ ਵੱਲ ਧਿਆਨ ਦੇਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਬਣ ਚੁੱਕੀ ਹੈ। ਧਰਤੀ ਹੇਠਲੇ ਡਿੱਗ ਰਹੇ ਪਾਣੀ ਅਤੇ ਲਗਾਤਾਰ ਵੱਧ ਰਹੇ ਖ਼ਰਚਿਆਂ ਨੇ ਖੇਤੀ ਮਾਹਿਰਾਂ ਅਤੇ ਕਿਸਾਨਾਂ ਦੋਵਾਂ ਨੂੰ ਚਿੰਤਤ ਕੀਤਾ ਹੋਇਆ ਹੈ। ਅਜਿਹੇ ਹਾਲਾਤਾਂ ਵਿਚ ਬਹਾਰ ਰੁੱਤ ਦੀ ਮੂੰਗਫ਼ਲੀ ਅਜਿਹੀ ਬਦਲਵੀ ਫ਼ਸਲ ਵਜੋਂ ਸਾਹਮਣੇ ਆ ਰਹੀ ਹੈ, ਜੋ ਨਾ ਸਿਰਫ਼ ਘੱਟ ਪਾਣੀ ਨਾਲ ਤਿਆਰ ਹੋ ਜਾਂਦੀ ਹੈ ਸਗੋਂ ਕਿਸਾਨ ਨੂੰ ਬਸੰਤ ਰੁੱਤ ਦੀ ਮੱਕੀ ਨਾਲੋਂ ਵਧੇਰੇ ਆਮਦਨ ਵੀ ਦੇ ਸਕਦੀ ਹੈ। ਕਦੇ ਪੰਜਾਬ ਦੀਆਂ ਰੇਤਲੀਆਂ ਅਤੇ ਦਰਮਿਆਨੀ ਜ਼ਮੀਨਾਂ ਵਿਚ ਮੂੰਗਫਲੀ ਦੀ ਕਾਸ਼ਤ ਵੱਡੇ ਪੱਧਰ ’ਤੇ ਹੁੰਦੀ ਸੀ। ਹਰੀ ਕ੍ਰਾਂਤੀ ਤੋਂ ਪਹਿਲਾਂ ਸਾਲ 1967-68 ਦੌਰਾਨ ਪੰਜਾਬ ਵਿਚ ਲਗਪਗ 2.22 ਲੱਖ ਹੈਕਟੇਅਰ ਰਕਬੇ ਹੇਠ ਮੂੰਗਫਲੀ ਦੀ ਕਾਸ਼ਤ ਕੀਤੀ ਜਾਂਦੀ ਸੀ ਪਰ ਹਰੀ ਕ੍ਰਾਂਤੀ ਤੋਂ ਬਾਅਦ ਅਨਾਜ ਉਤਪਾਦਨ ਵੱਲ ਜ਼ੋਰ ਵਧਣ ਕਾਰਨ ਇਹ ਰਕਬਾ ਲਗਾਤਾਰ ਘਟਦਾ ਗਿਆ। ਕਪੂਰਥਲਾ ਜ਼ਿਲ੍ਹੇ ਵਿਚ ਵੀ ਇਕ ਸਮਾਂ ਅਜਿਹਾ ਸੀ, ਜਦੋਂ 12 ਹਜ਼ਾਰ ਹੈਕਟੇਅਰ ਤੋਂ ਵੱਧ ਰਕਬੇ ਵਿਚ ਮੂੰਗਫ਼ਲੀ ਦੀ ਬਿਜਾਈ ਹੁੰਦੀ ਸੀ ਪਰ ਮੋਟਰਾਂ ਦੇ ਕੁਨੈਕਸ਼ਨ, ਮਸ਼ੀਨਰੀ ਦੀ ਉਪਲੱਬਧਤਾ ਅਤੇ ਅਨਾਜੀ ਫ਼ਸਲਾਂ ਵੱਲ ਵਧਦੇ ਰੁਝਾਨ ਨੇ ਇਸ ਫ਼ਸਲ ਨੂੰ ਹੌਲੀ-ਹੌਲੀ ਪਿੱਛੇ ਧੱਕ ਦਿੱਤਾ।
ਹੁਣ ਹਾਲਾਤ ਬਦਲ ਰਹੇ ਹਨ। ਪੰਜਾਬ ਵਿਚ ਬਹਾਰ ਰੁੱਤ ਦੀ ਮੱਕੀ ਦਾ ਰਕਬਾ 2.5 ਤੋਂ 3 ਲੱਖ ਹੈਕਟੇਅਰ ਤੱਕ ਪਹੁੰਚਣਾ ਖੇਤੀ ਮਾਹਿਰਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਘੱਟ ਸਮੇਂ ਵਿਚ ਤਿਆਰ ਹੋਣ ਵਾਲੀਆਂ ਝੋਨੇ ਦੀਆਂ ਕਿਸਮਾਂ ਕਾਰਨ ਕਿਸਾਨ ਬਚੇ ਸਮੇਂ ਵਿਚ ਬਹਾਰ ਰੁੱਤ ਦੀ ਮੱਕੀ ਵੱਲ ਵਧੇ ਹਨ, ਜਿਸ ਨਾਲ ਪਾਣੀ ਦੀ ਖਪਤ ਹੋਰ ਵਧੀ ਹੈ। ਕਪੂਰਥਲਾ ਜ਼ਿਲ੍ਹੇ ਵਿਚ ਹੀ ਸਾਲ 2025 ਦੌਰਾਨ 16,200 ਹੈਕਟੇਅਰ ਰਕਬੇ ਵਿੱਚ ਬਸੰਤ ਰੁੱਤ ਦੀ ਮੱਕੀ ਦੀ ਕਾਸ਼ਤ ਕੀਤੀ ਗਈ। ਅਜਿਹੇ ਵਿੱਚ ਖੇਤੀ ਵਿਗਿਆਨੀ ਮੱਕੀ ਹੇਠੋਂ ਕੁਝ ਰਕਬਾ ਘਟਾ ਕੇ ਬਹਾਰ ਰੁੱਤ ਦੀ ਮੂੰਗਫਲੀ ਵੱਲ ਵਧਣ ਦੀ ਸਿਫਾਰਸ਼ ਕਰ ਰਹੇ ਹਨ। ਪੋਸ਼ਣ ਪੱਖੋਂ ਵੀ ਮੂੰਗਫਲੀ ਨੂੰ ਗ਼ਰੀਬਾਂ ਦਾ ਬਦਾਮ ਕਿਹਾ ਜਾਂਦਾ ਹੈ। ਪ੍ਰੋਟੀਨ, ਸਿਹਤਮੰਦ ਤੇਲ, ਫਾਈਬਰ ਅਤੇ ਖਣਿਜ ਤੱਤਾਂ ਨਾਲ ਭਰਪੂਰ ਮੂੰਗਫਲੀ ਭੋਜਨ ਸੁਰੱਖਿਆ ਲਈ ਮਹੱਤਵਪੂਰਨ ਮੰਨੀ ਜਾਂਦੀ ਹੈ। ਭੁੰਨੀ ਮੂੰਗਫਲੀ ਤੋਂ ਲੈ ਕੇ ਪੀਨਟ ਬਟਰ, ਤੇਲ, ਮਠਿਆਈਆਂ ਅਤੇ ਸਨੈਕ ਉਦਯੋਗ ਤੱਕ ਇਸ ਦੀ ਮੰਗ ਲਗਾਤਾਰ ਵੱਧ ਰਹੀ ਹੈ। ਬਦਲਦੇ ਖਾਣ-ਪੀਣ ਦੇ ਰੁਝਾਨ ਅਤੇ ਫਿਟਨੈਸ ਸੱਭਿਆਚਾਰ ਨੇ ਵੀ ਮੂੰਗਫਲੀ ਦੇ ਉਤਪਾਦਾਂ ਨੂੰ ਨਵਾਂ ਬਾਜ਼ਾਰ ਦਿੱਤਾ ਹੈ।
ਖੇਤਾਂ ’ਚ ਕਰ ਸਕਦੀ ਵਾਪਸੀ
ਖੇਤੀ ਮਾਹਿਰ ਮੰਨਦੇ ਹਨ ਕਿ ਜੇ ਪੰਜਾਬ ਵਿਚ ਮੂੰਗਫਲੀ ਲਈ ਨਿਸ਼ਚਿਤ ਮੰਡੀ ਪ੍ਰਣਾਲੀ, ਪ੍ਰੋਸੈਸਿੰਗ ਯੂਨਿਟ ਅਤੇ ਘੱਟੋ-ਘੱਟ ਸਮਰਥਨ ਮੁੱਲ ਵਰਗਾ ਭਰੋਸਾ ਮਿਲੇ ਤਾਂ ਇਹ ਫਸਲ ਮੁੜ ਵੱਡੇ ਪੱਧਰ ’ਤੇ ਖੇਤਾਂ ਵਿਚ ਵਾਪਸੀ ਕਰ ਸਕਦੀ ਹੈ। ਕਈ ਕਿਸਾਨ ਹੁਣ ਬਸੰਤ ਰੁੱਤ ਦੀ ਮੂੰਗਫਲੀ ਨੂੰ ਮੱਕੀ ਤੇ ਝੋਨੇ ਦੇ ਬਦਲ ਵਜੋਂ ਅਜ਼ਮਾਉਣ ਲੱਗੇ ਹਨ। ਖ਼ਾਸ ਕਰਕੇ ਕਪੂਰਥਲਾ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੇ ਕੁਝ ਇਲਾਕਿਆਂ ਵਿਚ ਨਵੀਆਂ ਕਿਸਮਾਂ ਅਤੇ ਆਧੁਨਿਕ ਤਕਨੀਕ ਨਾਲ ਇਸ ਦੀ ਖੇਤੀ ਮੁੜ ਪੈਰ ਪਸਾਰ ਰਹੀ ਹੈ। ਭਵਿੱਖ ਦੀ ਖੇਤੀ ਸਿਰਫ਼ ਵੱਧ ਪੈਦਾਵਾਰ ਦੀ ਨਹੀਂ ਸਗੋਂ ਘੱਟ ਲਾਗਤ, ਘੱਟ ਪਾਣੀ ਤੇ ਵੱਧ ਮੁਨਾਫ਼ੇ ਦੀ ਹੋਵੇਗੀ। ਇਸ ਦੌੜ ਵਿਚ ਮੂੰਗਫਲੀ ਵਰਗੀ ਫਸਲ ਪੰਜਾਬ ਲਈ ਨਵਾਂ ਰਸਤਾ ਖੋਲ੍ਹ ਸਕਦੀ ਹੈ। ਇਕ ਸਮਾਂ ਸੀ, ਜਦੋਂ ਮੂੰਗਫਲੀ ਪੰਜਾਬ ਦੀ ਪਛਾਣ ਸੀ ਤੇ ਹੁਣ ਫਿਰ ਸ਼ਾਇਦ ਸਮਾਂ ਉਸੇ ਮੋੜ ਵੱਲ ਵਾਪਸ ਆ ਰਿਹਾ ਹੈ, ਜਿੱਥੇ ਰੇਤਲੀ ਧਰਤੀ ਵਿਚ ਦੱਬਿਆ ਇਹ ਛੋਟਾ ਦਾਣਾ ਕਿਸਾਨ ਦੀ ਆਰਥਿਕਤਾ ਲਈ ਸੋਨਾ ਸਾਬਿਤ ਹੋ ਸਕਦਾ ਹੈ।
ਮੰਗ ਵਧਣ ਦੀ ਸੰਭਾਵਨਾ
ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਦੇ ਡਾਇਰੈਕਟਰ ਡਾ. ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਮੂੰਗਫਲੀ ਨੂੰ ਤੇਲ ਬੀਜਾਂ ਦਾ ਰਾਜਾ ਕਿਹਾ ਜਾਂਦਾ ਹੈ। ਇਸ ਦੇ ਬੀਜ ਵਿੱਚ ਲਗਪਗ 45 ਫ਼ੀਸਦੀ ਤੇਲ ਅਤੇ 26 ਫੀਸਦੀ ਪ੍ਰੋਟੀਨ ਹੁੰਦਾ ਹੈ। ਇਹ ਨਾ ਸਿਰਫ਼ ਪੌਸ਼ਟਿਕ ਹੈ ਸਗੋਂ ਪਸ਼ੂਆਂ ਦੀ ਖ਼ੁਰਾਕ ਲਈ ਵੀ ਇਸ ਦਾ ਉੱਪਰੀ ਹਿੱਸਾ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਭਾਰਤ ਵੱਲੋਂ ਸਾਲ 2023-24 ਵਿੱਚ 6.80 ਲੱਖ ਮੀਟ੍ਰਿਕ ਟਨ ਤੋਂ ਵੱਧ ਮੂੰਗਫ਼ਲੀ ਦਾ ਨਿਰਯਾਤ ਕੀਤਾ ਗਿਆ, ਜਿਸ ਦੀ ਕੀਮਤ 7135 ਕਰੋੜ ਰੁਪਏ ਰਹੀ। ਇਹ ਅੰਕੜੇ ਦਰਸਾਉਂਦੇ ਹਨ ਕਿ ਆਉਣ ਵਾਲੇ ਸਮੇਂ ਵਿਚ ਇਸ ਫ਼ਸਲ ਦੀ ਮੰਗ ਅਤੇ ਸੰਭਾਵਨਾ ਦੋਵੇਂ ਵਧਣ ਵਾਲੀਆਂ ਹਨ।
ਕੇਵੀਕੇ ਕਪੂਰਥਲਾ ਦੇ ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਡਾ. ਮਨਦੀਪ ਸਿੰਘ ਦੱਸਦੇ ਹਨ ਕਿ ਵਿਰਾਸਤੀ ਜ਼ਿਲ੍ਹੇ ’ਚ ਪਿਛਲੇ ਸਮੇ ਦੌਰਾਨ ਮੂੰਗਫਲੀ ਦੀ ਫ਼ਸਲ ਬਿਲਕੁਲ ਅਲੋਪ ਹੋ ਚੁੱਕੀ ਸੀ ਲੇਕਿਨ ਪਿਛਲੇ ਸਾਲ 2025 ’ਚ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਜ਼ਿਲ੍ਹੇ ’ਚ ਡੈਮੋ ਸ਼ੁਰੂ ਕੀਤੀ ਗਈ ਸੀ ਤੇ ਨੌਂ ਕਨਾਲ ’ਚ ਮੂੰਗਫਲੀ ਦੀ ਕਾਸ਼ਤ ਸ਼ੁਰੂ ਕਰਵਾਈ ਗਈ ਸੀ ਪਰ ਇਸ ਸਾਲ ਇਹ ਰਕਬਾ ਵੱਧ ਕੇ 70 ਏਕੜ ਤੱਕ ਪਹੁੰਚ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਕੇਵੀਕੇ ਵੱਲੋਂ ਕਿਸਾਨਾਂ ਨੂੰ ਬੀਜ ਤੇ ਬਿਜਾਈ ਲਈ ਮਸ਼ੀਨ ਮੁਹੱਈਆ ਕਰਵਾਈ ਗਈ ਸੀ। ਉਨ੍ਹਾਂ ਦੇ ਕੇਂਦਰ ਵੱਲੋਂ ਬਹਾਰ ਰੁੱਤ ਦੀ ਮੂੰਗਫਲੀ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪਿੰਡਾਂ ਵਿਚ ਜੇ-87 ਕਿਸਮ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਪਿੰਡ ਕਮਾਲਪੁਰ ਵਿਚ ਖੇਤ ਦਿਵਸ ਪ੍ਰਦਰਸ਼ਨੀਆਂ ਦੌਰਾਨ ਕਿਸਾਨਾਂ ਨੂੰ ਇਹ ਮਹਿਸੂਸ ਹੋਇਆ ਕਿ ਘੱਟ ਪਾਣੀ ਅਤੇ ਘੱਟ ਖ਼ਰਚ ਨਾਲ ਵੀ ਮੂੰਗਫਲੀ ਤੋਂ ਵਧੀਆ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਪਿੰਡ ਕਮਾਲਪੁਰ ਦੇ ਕਿਸਾਨ ਮਾਸਟਰ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 14 ਫਰਵਰੀ 2025 ਨੂੰ ਜੇ-87 ਕਿਸਮ ਦੀ ਬਿਜਾਈ ਕੀਤੀ ਅਤੇ ਪ੍ਰਤੀ ਏਕੜ 15 ਕੁਇੰਟਲ ਤੱਕ ਝਾੜ ਪ੍ਰਾਪਤ ਕੀਤਾ। ਉਨ੍ਹਾਂ ਅਨੁਸਾਰ ਮੂੰਗਫਲੀ ਵਾਤਾਵਰਣ ਮਿੱਤਰ ਫ਼ਸਲ ਹੈ, ਜੋ ਪਾਣੀ ਦੀ ਬੱਚਤ ਦੇ ਨਾਲ ਮਿੱਟੀ ਦੀ ਸਿਹਤ ਨੂੰ ਵੀ ਸੁਧਾਰਦੀ ਹੈ।
ਇਸੇ ਤਰ੍ਹਾਂ ਪਿੰਡ ਸਿਆਲ ਦੇ ਸਰਪੰਚ ਸਰਦੂਲ ਸਿੰਘ ਨੇ ਵੀ ਮੱਕੀ ਦਾ ਰਕਬਾ ਘਟਾ ਕੇ ਮੂੰਗਫਲੀ ਵਧਾਉਣ ਦੀ ਗੱਲ ਕਹੀ। ਉਨ੍ਹਾਂ ਦੱਸਿਆ ਕਿ ਇਸ ਫ਼ਸਲ ਵਿਚ ਕੀੜੇ-ਮਕੌੜਿਆਂ ਤੇ ਬਿਮਾਰੀਆਂ ਦਾ ਹਮਲਾ ਵੀ ਬਹੁਤ ਘੱਟ ਰਿਹਾ। ਜੇ ਆਰਥਿਕ ਪੱਖੋਂ ਤੁਲਨਾ ਕੀਤੀ ਜਾਵੇ ਤਾਂ ਬਹਾਰ ਰੁੱਤ ਦੀ ਮੱਕੀ ਨਾਲੋਂ ਮੂੰਗਫਲੀ ਕਈ ਪੱਖੋਂ ਵਧੇਰੇ ਲਾਭਕਾਰੀ ਸਾਬਿਤ ਹੋ ਰਹੀ ਹੈ। ਜਿੱਥੇ ਮੱਕੀ ਨੂੰ 15 ਤੋਂ 20 ਸਿੰਚਾਈਆਂ ਦੀ ਲੋੜ ਪੈਂਦੀ ਹੈ, ਉੱਥੇ ਮੂੰਗਫਲੀ ਸਿਰਫ਼ 4 ਤੋਂ 6 ਪਾਣੀਆਂ ਨਾਲ ਤਿਆਰ ਹੋ ਜਾਂਦੀ ਹੈ। ਮੱਕੀ ਦਾ ਖ਼ਰਚਾ 18 ਤੋਂ 22 ਹਜ਼ਾਰ ਰੁਪਏ ਪ੍ਰਤੀ ਏਕੜ ਤੱਕ ਪਹੁੰਚ ਜਾਂਦਾ ਹੈ, ਜਦੋਂਕਿ ਮੂੰਗਫਲੀ ’ਤੇ ਲਗਪਗ 13 ਤੋਂ 15 ਹਜ਼ਾਰ ਰੁਪਏ ਦਾ ਹੀ ਖ਼ਰਚ ਆਉਂਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮੂੰਗਫਲੀ ਤੋਂ ਪ੍ਰਤੀ ਏਕੜ 77 ਹਜ਼ਾਰ ਤੋਂ 89 ਹਜ਼ਾਰ ਰੁਪਏ ਤੱਕ ਦੀ ਬੱਚਤ ਸੰਭਵ ਹੈ, ਜੋ ਮੱਕੀ ਨਾਲੋਂ ਕਾਫ਼ੀ ਵਧੇਰੇ ਹੈ।
ਫ਼ਸਲੀ ਵਿਭਿੰਨਤਾ ਨੂੰ ਅਪਣਾਉਣਾ ਲਾਜ਼ਮੀ
ਖੇਤੀ ਮਾਹਿਰ ਤੇ ਕੇਵੀਕੇ ਦੇ ਡਾਇਰੈਕਟਰ ਡਾ. ਹਰਿੰਦਰ ਸਿੰਘ ਦਾ ਮੰਨਣਾ ਹੈ ਕਿ ਜੇ ਪੰਜਾਬ ਨੂੰ ਪਾਣੀ ਦੇ ਸੰਕਟ ਤੋਂ ਬਚਾਉਣਾ ਹੈ ਅਤੇ ਕਿਸਾਨ ਦੀ ਆਮਦਨ ਵਧਾਉਣੀ ਹੈ ਤਾਂ ਫ਼ਸਲੀ ਵਿਭਿੰਨਤਾ ਨੂੰ ਅਪਣਾਉਣਾ ਲਾਜ਼ਮੀ ਹੈ। ਬਹਾਰ ਰੁੱਤ ਦੀ ਮੂੰਗਫਲੀ ਨਾ ਸਿਰਫ਼ ਹਲਕੀਆਂ ਤੇ ਦਰਮਿਆਨੀ ਜ਼ਮੀਨਾਂ ਲਈ ਬਿਹਤਰ ਚੋਣ ਹੈ ਸਗੋਂ ਇਹ ਪੰਜਾਬ ਦੀ ਖੇਤੀ ਨੂੰ ਟਿਕਾਊ ਅਤੇ ਵਾਤਾਵਰਣ ਅਨੁਕੂਲ ਬਣਾਉਣ ਵੱਲ ਵੀ ਅਹਿਮ ਕਦਮ ਸਾਬਿਤ ਹੋ ਸਕਦੀ ਹੈ।
- ਹਰਨੇਕ ਸਿੰਘ ਜੈਨਪੁਰੀ