ਮੈਕਸੀਕੋ ਦੀ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਉਸ ਦੀ ਫੌਜ ਨੇ 'ਐਲ ਮੈਂਚੋ' ਦੇ ਨਾਂ ਨਾਲ ਜਾਣੇ ਜਾਂਦੇ ਖ਼ਤਰਨਾਕ ਡਰੱਗ ਮਾਫੀਆ ਨੂੰ ਮਾਰ ਮੁਕਾਇਆ ਹੈ। ਨੇਮੇਸੀਓ ਓਸੇਗੁਏਰਾ ਰੂਬੇਨ ਸਰਵੈਂਟਸ ਨੂੰ 'ਐਲ ਮੈਂਚੋ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਉਹ 'ਜਲਿਸਕੋ ਨਿਊ ਜਨਰੇਸ਼ਨ ਕਾਰਟੇਲ' ਦਾ ਸਭ ਤੋਂ ਵੱਡਾ ਆਗੂ ਸੀ। ਉਸ ਦੇ ਸਿਰ 'ਤੇ 1.5 ਕਰੋੜ ਡਾਲਰ (ਲਗਪਗ 125 ਕਰੋੜ ਰੁਪਏ) ਦਾ ਇਨਾਮ ਸੀ।

ਮੈਂਚੋ ਕਿੱਥੇ ਰਹਿੰਦਾ ਸੀ?
ਐਲ ਮੈਂਚੋ ਜਲਿਸਕੋ ਦੇ ਲਗਪਗ 20,000 ਦੀ ਆਬਾਦੀ ਵਾਲੇ ਸ਼ਹਿਰ ਟਾਪਾਲਪਾ ਵਿੱਚ ਸੀ। ਇਹ ਐਲ ਮੈਂਚੋ ਦੇ ਕਾਰਟੇਲ ਦਾ ਮੁੱਖ ਟਿਕਾਣਾ ਹੈ। ਐਲ ਮੈਂਚੋ ਸੈਨਿਕਾਂ ਨਾਲ ਹੋਏ ਸ਼ੂਟਆਊਟ ਵਿੱਚ ਜ਼ਖਮੀ ਹੋ ਗਿਆ ਸੀ ਅਤੇ ਇਲਾਜ ਲਈ ਮੈਕਸੀਕੋ ਸਿਟੀ ਲਿਜਾਂਦੇ ਸਮੇਂ ਉਸਦੀ ਮੌਤ ਹੋ ਗਈ।
ਚਾਰ ਲੋਕ ਮਾਰੇ ਗਏ, ਤਿੰਨ ਸੈਨਿਕ ਜ਼ਖਮੀ
ਫੌਜ ਨੇ ਦੱਸਿਆ, "ਆਪ੍ਰੇਸ਼ਨ ਦੌਰਾਨ ਸੈਨਿਕਾਂ 'ਤੇ ਗੋਲੀਆਂ ਚੱਲੀਆਂ ਅਤੇ ਉਸ ਜਗ੍ਹਾ 'ਤੇ ਚਾਰ ਲੋਕ ਮਾਰੇ ਗਏ। ਓਸੇਗੁਏਰਾ ਸਰਵੈਂਟਸ ਸਮੇਤ ਤਿੰਨ ਹੋਰ ਲੋਕ ਜ਼ਖਮੀ ਹੋ ਗਏ ਅਤੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ।" ਦੋ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਫੌਜ ਨੇ ਬਖਤਰਬੰਦ ਗੱਡੀਆਂ, ਰੌਕੇਟ ਲਾਂਚਰ ਅਤੇ ਹੋਰ ਹਥਿਆਰ ਜ਼ਬਤ ਕਰ ਲਏ ਹਨ। ਇਸ ਕਾਰਵਾਈ ਵਿੱਚ ਤਿੰਨ ਸੈਨਿਕ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਅਮਰੀਕਾ ਨੇ ਦਿੱਤੀ ਖੁਫੀਆ ਜਾਣਕਾਰੀ
ਹਾਲਾਂਕਿ ਇਹ ਆਪ੍ਰੇਸ਼ਨ ਮੈਕਸੀਕੋ ਦੀ ਫੌਜ ਨੇ ਕੀਤਾ ਸੀ, ਪਰ ਇਸ ਦੀ ਖੁਫੀਆ ਜਾਣਕਾਰੀ ਅਮਰੀਕੀ ਸਰਕਾਰ ਨੇ ਦਿੱਤੀ ਸੀ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਐਲ ਮੈਂਚੋ ਨੂੰ ਦੁਨੀਆ ਦੇ ਚੋਟੀ ਦੇ ਤਸਕਰਾਂ ਵਿੱਚੋਂ ਇੱਕ ਦੱਸਿਆ ਅਤੇ ਮੈਕਸੀਕੋ ਦੀ ਫੌਜ ਦੀ ਸ਼ਲਾਘਾ ਕੀਤੀ।
ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਕ੍ਰਿਸਟੋਫਰ ਲੈਂਡੌ ਨੇ ਮੈਂਚੋ ਨੂੰ ਸਭ ਤੋਂ ਖੂਨੀ ਅਤੇ ਬੇਰਹਿਮ ਡਰੱਗ ਕਿੰਗਪਿਨ ਵਿੱਚੋਂ ਇੱਕ ਦੱਸਦਿਆਂ ਕਿਹਾ, "ਇਹ ਮੈਕਸੀਕੋ, ਅਮਰੀਕਾ, ਲਾਤੀਨੀ ਅਮਰੀਕਾ ਅਤੇ ਪੂਰੀ ਦੁਨੀਆ ਲਈ ਇੱਕ ਬਹੁਤ ਵੱਡੀ ਗੱਲ ਹੈ। ਚੰਗੇ ਲੋਕ ਬੁਰੇ ਲੋਕਾਂ ਨਾਲੋਂ ਜ਼ਿਆਦਾ ਤਾਕਤਵਰ ਹੁੰਦੇ ਹਨ।"