ਕੁਖਿਆਤ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਮਾਮਲੇ ਵਿੱਚ ਅਮਰੀਕੀ ਨਿਆਂ ਵਿਭਾਗ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਦਸਤਾਵੇਜ਼ਾਂ ਵਿੱਚ ਸੰਯੁਕਤ ਅਰਬ ਅਮੀਰਾਤ ਦੀ ਇੱਕ ਸੀਨੀਅਰ ਰਾਜਨਾਇਕ ਹਿੰਦ ਅਲ-ਓਵੈਸ ਦਾ ਨਾਮ ਸਾਹਮਣੇ ਆਇਆ ਹੈ। ਦਸਤਾਵੇਜ਼ਾਂ ਅਨੁਸਾਰ, ਹਿੰਦ ਅਲ-ਓਵੈਸ ਨੇ ਜੈਫਰੀ ਐਪਸਟੀਨ ਨਾਲ ਸੈਂਕੜੇ ਈਮੇਲਾਂ ਦਾ ਆਦਾਨ-ਪ੍ਰਦਾਨ ਕੀਤਾ ਸੀ। ਜੈਫਰੀ ਐਪਸਟੀਨ ਨੂੰ ਕੀਤੀਆਂ ਗਈਆਂ ਇਹ ਈਮੇਲਾਂ ਅਲ-ਓਵੈਸ ਦੀ ਐਪਸਟੀਨ ਨਾਲ ਹੋਈਆਂ ਸਮਾਜਿਕ ਮੁਲਾਕਾਤਾਂ ਅਤੇ ਉਨ੍ਹਾਂ ਦੀ ਛੋਟੀ ਭੈਣ ਨਾਲ ਸਬੰਧਤ ਦੱਸੀਆਂ ਗਈਆਂ ਹਨ। ਇੱਕ ਈਮੇਲ ਵਿੱਚ ਅਲ-ਓਵੈਸ ਕਹਿੰਦੀ ਹੈ ਕਿ ਉਨ੍ਹਾਂ ਦੀ ਛੋਟੀ ਭੈਣ ਉਨ੍ਹਾਂ ਨਾਲੋਂ ਵੀ ਜ਼ਿਆਦਾ ਖ਼ੂਬਸੂਰਤ ਹੈ।

ਹਾਲਾਂਕਿ, ਦਸਤਾਵੇਜ਼ਾਂ ਵਿੱਚ ਅਲ-ਓਵੈਸ 'ਤੇ ਕਿਸੇ ਵੀ ਤਰ੍ਹਾਂ ਦੇ ਅਪਰਾਧਿਕ ਕਾਰਜ ਦਾ ਦੋਸ਼ ਨਹੀਂ ਲਗਾਇਆ ਗਿਆ ਹੈ। ਪਰ ਈਮੇਲਾਂ ਤੋਂ ਇਹ ਗੱਲ ਜ਼ਰੂਰ ਸਾਫ਼ ਹੋਈ ਹੈ ਕਿ ਉਨ੍ਹਾਂ ਅਤੇ ਐਪਸਟੀਨ ਦੇ ਵਿਚਕਾਰ ਲਗਾਤਾਰ ਗੱਲਬਾਤ ਹੁੰਦੀ ਸੀ।
ਜੈਫਰੀ ਐਪਸਟੀਨ ਨੇ ਖ਼ਰੀਦੇ ਸਨ 'ਹਿਡਨ ਕੈਮਰੇ'
ਦੱਸ ਦੇਈਏ ਕਿ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਨੇ ਛੋਟੇ ਅਤੇ ਆਸਾਨੀ ਨਾਲ ਛੁਪਾਏ ਜਾਣ ਵਾਲੇ ਕੈਮਰੇ ਖ਼ਰੀਦੇ ਸਨ। ਇਹ ਉਸੇ ਸਮੇਂ ਖ਼ਰੀਦੇ ਗਏ ਸਨ, ਜਦੋਂ ਉਸ ਦੇ ਘਰਾਂ ਵਿੱਚ ਹਾਈ-ਪ੍ਰੋਫਾਈਲ ਮਹਿਮਾਨ ਆਉਂਦੇ ਸਨ। ਦਸਤਾਵੇਜ਼ਾਂ ਵਿੱਚ ਐਪਸਟੀਨ ਦੇ ਫਾਰਮ ਹਾਊਸ ਦੀਆਂ ਦੀਵਾਰਾਂ ਅਤੇ ਫਾਲਸ ਸੀਲਿੰਗ ਦੇ ਅੰਦਰ ਕੈਮਰਿਆਂ ਅਤੇ ਆਟੋਮੇਟਿਡ ਰਿਕਾਰਡਿੰਗ ਸਿਸਟਮ ਦਾ ਵੀ ਜ਼ਿਕਰ ਹੈ।
ਅਮਰੀਕੀ ਨਿਆਂ ਵਿਭਾਗ ਵੱਲੋਂ ਜਾਰੀ ਦਸਤਾਵੇਜ਼ਾਂ ਅਨੁਸਾਰ, 2012 ਦੀ ਇੱਕ ਈਮੇਲ ਵਿੱਚ ਅਲ-ਓਵੈਸ ਨੇ ਐਪਸਟੀਨ ਨੂੰ ਲਿਖਿਆ, "ਇੱਕ ਕੁੜੀ ਨੂੰ ਤਿਆਰ ਕਰਨਾ ਹੀ ਕਾਫ਼ੀ ਮੁਸ਼ਕਲ ਹੈ, ਦੋ ਕੁੜੀਆਂ ਨਿਸ਼ਚਿਤ ਤੌਰ 'ਤੇ ਇੱਕ ਚੁਣੌਤੀ ਹਨ।"
'ਮੈਂ ਚਾਹੁੰਦੀ ਹਾਂ ਉਹ ਤੁਹਾਨੂੰ ਮਿਲੇ'
ਇਸ ਦੇ ਜਵਾਬ ਵਿੱਚ ਐਪਸਟੀਨ ਨੇ ਪੁੱਛਿਆ, "ਕੀ ਉਹ ਸਵੇਰੇ 11 ਵਜੇ ਦੇ ਕਰੀਬ ਆ ਸਕਦੇ ਹਨ ਤਾਂ ਜੋ ਉਸ ਨੂੰ 'ਦੋਵਾਂ ਨਾਲ ਜ਼ਿਆਦਾ ਸਮਾਂ' ਮਿਲ ਸਕੇ?" ਜਿਸ ਦੇ ਜਵਾਬ ਵਿੱਚ ਅਲ-ਓਵੈਸ ਨੇ ਆਪਣੀ ਭੈਣ ਨੂੰ ਐਪਸਟੀਨ ਨਾਲ ਮਿਲਵਾਉਣ ਦੀ ਗੱਲ ਵੀ ਕਹੀ। ਇੱਕ ਈਮੇਲ ਵਿੱਚ ਉਨ੍ਹਾਂ ਨੇ ਲਿਖਿਆ, "ਮੇਰੀ ਭੈਣ ਇੱਥੇ ਹੈ ਅਤੇ ਮੈਂ ਉਸ ਨੂੰ ਤੁਹਾਡੇ ਬਾਰੇ ਬਹੁਤ ਕੁਝ ਦੱਸਿਆ ਹੈ। ਮੈਂ ਚਾਹੁੰਦੀ ਹਾਂ ਕਿ ਉਹ ਤੁਹਾਨੂੰ ਮਿਲੇ।"
'ਉਹ ਮੇਰੇ ਨਾਲੋਂ ਵੀ ਜ਼ਿਆਦਾ ਖ਼ੂਬਸੂਰਤ ਹੈ'
ਇੱਕ ਹੋਰ ਈਮੇਲ ਵਿੱਚ ਹਿੰਦ ਅਲ-ਓਵੈਸ ਨੇ ਕਿਹਾ, "ਮੈਂ ਤੁਹਾਨੂੰ ਮਿਲਣ ਅਤੇ ਆਪਣੀ ਭੈਣ ਨਾਲ ਜਾਣ-ਪਛਾਣ ਕਰਵਾਉਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ, ਉਹ ਮੇਰੇ ਨਾਲੋਂ ਵੀ ਜ਼ਿਆਦਾ ਖ਼ੂਬਸੂਰਤ ਹੈ।"