ਅਮਰੀਕਾ ਅਤੇ ਈਰਾਨ ਵਿਚਾਲੇ ਪਰਮਾਣੂ ਮੁੱਦੇ 'ਤੇ ਤਣਾਅ ਇੱਕ ਵਾਰ ਫਿਰ ਸਿਖਰ 'ਤੇ ਪਹੁੰਚ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੇਹਰਾਨ ਨੂੰ ਨਵਾਂ ਪਰਮਾਣੂ ਸਮਝੌਤਾ ਕਰਨ ਲਈ 10 ਤੋਂ 15 ਦਿਨਾਂ ਦੀ ਸਮਾਂ ਸੀਮਾ ਦਿੱਤੀ ਹੈ। ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਇਸ ਮਿਆਦ ਦੇ ਅੰਦਰ ਕੋਈ ਠੋਸ ਹੱਲ ਨਹੀਂ ਨਿਕਲਦਾ, ਤਾਂ ਉਹ ਈਰਾਨ 'ਤੇ ਸੀਮਤ ਫੌਜੀ ਹਮਲਿਆਂ 'ਤੇ ਵਿਚਾਰ ਕਰ ਰਹੇ ਹਨ।

ਈਰਾਨ ਦੀ ਪ੍ਰਤੀਕਿਰਿਆ
ਅੱਬਾਸ ਅਰਾਘਚੀ ਨੇ ਦੱਸਿਆ ਕਿ ਦੋਵੇਂ ਪੱਖ ਕੁਝ ਮੁੱਖ ਸਿਧਾਂਤਾਂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚਰਚਾ ਕਰਨ ਵਿੱਚ ਸਫਲ ਰਹੇ ਹਨ, ਹਾਲਾਂਕਿ ਉਨ੍ਹਾਂ ਨੇ ਇਹ ਵੀ ਸਾਫ਼ ਕੀਤਾ ਕਿ ਇਸਦਾ ਮਤਲਬ ਅੰਤਿਮ ਸਮਝੌਤਾ ਹੋਣਾ ਨਹੀਂ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਕਿਸੇ ਵੀ ਤਰ੍ਹਾਂ ਦੀ ਫ਼ੌਜੀ ਕਾਰਵਾਈ ਕੂਟਨੀਤਕ ਯਤਨਾਂ ਵਿੱਚ ਰੁਕਾਵਟ ਪਾਵੇਗੀ। ਜੇਕਰ ਅਮਰੀਕਾ ਨੇ ਹਮਲਾ ਕੀਤਾ, ਤਾਂ ਤੇਹਰਾਨ ਸ਼ਾਇਦ ਨਿਊਕਲੀਅਰ ਗੱਲਬਾਤ ਵਿੱਚ ਹਿੱਸਾ ਲੈਣਾ ਬੰਦ ਕਰ ਦੇਵੇਗਾ।
ਈਰਾਨ 'ਤੇ ਟਰੰਪ ਦਾ ਰੁਖ
ਵ੍ਹਾਈਟ ਹਾਊਸ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਕੀ ਉਹ ਸਮਝੌਤੇ ਲਈ ਦਬਾਅ ਬਣਾਉਣ ਵਾਸਤੇ ਫੌਜੀ ਹਮਲਿਆਂ 'ਤੇ ਵਿਚਾਰ ਕਰ ਰਹੇ ਹਨ, ਤਾਂ ਉਨ੍ਹਾਂ ਨੇ ਕਿਹਾ, "ਮੈਂ ਕਹਿ ਸਕਦਾ ਹਾਂ ਕਿ ਮੈਂ ਇਸ 'ਤੇ ਵਿਚਾਰ ਕਰ ਰਿਹਾ ਹਾਂ।"
ਰੋਇਟਰਜ਼ (Reuters) ਅਨੁਸਾਰ, ਅਮਰੀਕੀ ਅਧਿਕਾਰੀਆਂ ਨੇ ਸੰਕੇਤ ਦਿੱਤੇ ਹਨ ਕਿ ਫੌਜੀ ਕਾਰਵਾਈ ਦੀ ਤਿਆਰੀ ਤੇਜ਼ ਕਰ ਦਿੱਤੀ ਗਈ ਹੈ, ਜਿਸ ਵਿੱਚ ਖ਼ਾਸ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣਾ ਅਤੇ ਲੀਡਰਸ਼ਿਪ ਤਬਦੀਲੀ ਵਰਗੇ ਵਿਕਲਪ ਵੀ ਸ਼ਾਮਲ ਹੋ ਸਕਦੇ ਹਨ।
ਦੂਜੇ ਪਾਸੇ, ਟਰੰਪ ਦੀਆਂ ਇਨ੍ਹਾਂ ਫੌਜੀ ਧਮਕੀਆਂ 'ਤੇ ਅਮਰੀਕੀ ਸੰਸਦ ਵਿੱਚ ਵੀ ਹਲਚਲ ਤੇਜ਼ ਹੈ। ਅਗਲੇ ਹਫ਼ਤੇ ਇੱਕ ਮਹੱਤਵਪੂਰਨ ਵੋਟਿੰਗ ਹੋ ਸਕਦੀ ਹੈ, ਜਿਸਦਾ ਉਦੇਸ਼ ਰਾਸ਼ਟਰਪਤੀ ਨੂੰ ਸੰਸਦ ਮੈਂਬਰਾਂ ਦੀ ਮਨਜ਼ੂਰੀ ਤੋਂ ਬਿਨਾਂ ਈਰਾਨ ਵਿਰੁੱਧ ਫੌਜੀ ਹਮਲਾ ਸ਼ੁਰੂ ਕਰਨ ਤੋਂ ਰੋਕਣਾ ਹੈ।
ਈਰਾਨ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ
ਇਹ ਤਣਾਅ ਅਜਿਹੇ ਸਮੇਂ ਵਿੱਚ ਵਧਿਆ ਹੈ ਜਦੋਂ ਈਰਾਨ ਪਹਿਲਾਂ ਹੀ ਅੰਦਰੂਨੀ ਵਿਦਰੋਹ ਅਤੇ ਪਿਛਲੇ ਸਾਲ ਜੂਨ ਵਿੱਚ ਹੋਏ ਇਜ਼ਰਾਈਲੀ-ਅਮਰੀਕੀ ਹਮਲਿਆਂ ਦੇ ਪ੍ਰਭਾਵ ਨਾਲ ਜੂਝ ਰਿਹਾ ਹੈ। ਮਨੁੱਖੀ ਅਧਿਕਾਰ ਸਮੂਹ HRANA ਅਨੁਸਾਰ, ਈਰਾਨ ਵਿੱਚ ਹੋਏ ਹਾਲੀਆ ਵਿਰੋਧ ਪ੍ਰਦਰਸ਼ਨਾਂ ਵਿੱਚ ਹੁਣ ਤੱਕ 7,114 ਮੌਤਾਂ ਹੋ ਚੁੱਕੀਆਂ ਹਨ, ਜਦੋਂ ਕਿ ਈਰਾਨੀ ਪ੍ਰਸ਼ਾਸਨ ਇਸ ਸੰਖਿਆ ਨੂੰ 3,117 ਦੱਸ ਰਿਹਾ ਹੈ।