ਇਕ ਹੋਰ ਜੰਗ ਦੀ ਤਿਆਰੀ! ਪਾਕਿਸਤਾਨ ਨੇ ਕਰ 'ਤੀ AIRSTRIKE, ਬੱਚਿਆਂ ਸਣੇ ਕਈ ਨਾਗਰਿਕਾਂ ਦੀ ਮੌਤ; ਲੱਖਾਂ ਲੋਕ ਘਰ ਛੱਡਣ ਲਈ ਹੋਏ ਮਜ਼ਬੂਰ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਅਤੇ ਸਰਹੱਦ ਨਾਲ ਲੱਗਦੇ ਕਈ ਸੂਬਿਆਂ ਵਿੱਚ ਪਾਕਿਸਤਾਨ ਵੱਲੋਂ ਰਾਤ ਭਰ ਕੀਤੇ ਗਏ ਹਵਾਈ ਹਮਲਿਆਂ ਵਿੱਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 15 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਇਹ ਜਾਣਕਾਰੀ ਕਾਬੁਲ ਪੁਲਿਸ ਦੇ ਬੁਲਾਰੇ ਖਲੀਲ ਜ਼ਦਰਾਨ ਨੇ ਦਿੱਤੀ ਹੈ।
Publish Date: Fri, 13 Mar 2026 03:31 PM (IST)
Updated Date: Fri, 13 Mar 2026 03:33 PM (IST)

ਪਾਕਿਸਤਾਨ : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਅਤੇ ਸਰਹੱਦ ਨਾਲ ਲੱਗਦੇ ਕਈ ਸੂਬਿਆਂ ਵਿੱਚ ਪਾਕਿਸਤਾਨ ਵੱਲੋਂ ਰਾਤ ਭਰ ਕੀਤੇ ਗਏ ਹਵਾਈ ਹਮਲਿਆਂ ਵਿੱਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 15 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਇਹ ਜਾਣਕਾਰੀ ਕਾਬੁਲ ਪੁਲਿਸ ਦੇ ਬੁਲਾਰੇ ਖਲੀਲ ਜ਼ਦਰਾਨ ਨੇ ਦਿੱਤੀ ਹੈ।
ਐਨਡੀਟੀਵੀ (NDTV) ਦੀ ਰਿਪੋਰਟ ਅਨੁਸਾਰ, ਇੱਕ ਪਾਕਿਸਤਾਨੀ ਸੁਰੱਖਿਆ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਪੁਸ਼ਟੀ ਕੀਤੀ ਕਿ ਇਹ ਹਮਲਾ ਪਾਕਿਸਤਾਨ ਦੀ ਫ਼ੌਜ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਦਾ ਨਿਸ਼ਾਨਾ ਤਹਿਰੀਕ-ਏ-ਤਾਾਲਿਬਾਨ ਪਾਕਿਸਤਾਨ (TTP) ਸੀ, ਜਿਸ ਨੂੰ ਪਾਕਿਸਤਾਨ ਅੱਤਵਾਦੀ ਸੰਗਠਨ ਮੰਨਦਾ ਹੈ।
ਪਾਕਿਸਤਾਨ ਨੇ ਪਿਛਲੇ ਮਹੀਨੇ ਤੋਂ ਅਫ਼ਗਾਨਿਸਤਾਨ ਵਿੱਚ ਕਈ ਹਵਾਈ ਹਮਲੇ ਕੀਤੇ ਹਨ। ਇਸ ਮੁਹਿੰਮ ਦਾ ਮਕਸਦ ਪਾਕਿਸਤਾਨ ਵਿੱਚ ਵਧਦੇ ਅੱਤਵਾਦੀ ਹਮਲਿਆਂ ਵਿਰੁੱਧ ਕਾਰਵਾਈ ਦੱਸਿਆ ਗਿਆ ਹੈ। ਹਾਲਾਂਕਿ, ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਅਫ਼ਗਾਨ ਜ਼ਮੀਨ ਦੀ ਵਰਤੋਂ ਕਿਸੇ ਵੀ ਅੱਤਵਾਦੀ ਗਤੀਵਿਧੀ ਲਈ ਨਹੀਂ ਹੋਣ ਦਿੱਤੀ ਜਾਂਦੀ।
ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਦੱਸਿਆ ਕਿ ਪਾਕਿਸਤਾਨੀ ਹਮਲੇ ਸਿਰਫ਼ ਕਾਬੁਲ ਤੱਕ ਸੀਮਤ ਨਹੀਂ ਸਨ। ਉਨ੍ਹਾਂ ਕਿਹਾ ਕਿ ਇਹ ਹਮਲੇ ਕੰਧਾਰ, ਪਕਤੀਆ ਅਤੇ ਪਕਤੀਕਾ ਸੂਬਿਆਂ ਵਿੱਚ ਵੀ ਕੀਤੇ ਗਏ, ਜੋ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਹਨ। ਕੰਧਾਰ ਨੂੰ ਤਾਲਿਬਾਨ ਪ੍ਰਸ਼ਾਸਨ ਦੇ ਸਰਵਉੱਚ ਨੇਤਾ ਦਾ ਗੜ੍ਹ ਮੰਨਿਆ ਜਾਂਦਾ ਹੈ।
ਪਾਕਿਸਤਾਨ ਦਾ ਦਾਅਵਾ ਹੈ ਕਿ ਇਨ੍ਹਾਂ ਫ਼ੌਜੀ ਮੁਹਿੰਮਾਂ ਵਿੱਚ ਕਿਸੇ ਵੀ ਆਮ ਨਾਗਰਿਕ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਹਾਲਾਂਕਿ ਦੋਵਾਂ ਧਿਰਾਂ ਦੇ ਦਾਅਵਿਆਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਕਰਨਾ ਮੁਸ਼ਕਲ ਹੈ।
ਸਰਹੱਦ 'ਤੇ ਲਗਾਤਾਰ ਵਧ ਰਿਹਾ ਤਣਾਅ
ਪਿਛਲੇ ਕੁਝ ਹਫ਼ਤਿਆਂ ਵਿੱਚ ਅਫ਼ਗਾਨ ਅਤੇ ਪਾਕਿਸਤਾਨੀ ਸੁਰੱਖਿਆ ਬਲਾਂ ਵਿਚਕਾਰ ਸਰਹੱਦ 'ਤੇ ਕਈ ਵਾਰ ਝੜਪਾਂ ਵੀ ਹੋਈਆਂ ਹਨ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਪ੍ਰਭਾਵਿਤ ਹੋਇਆ ਹੈ ਅਤੇ ਸਰਹੱਦ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਹੈ।
ਸੰਯੁਕਤ ਰਾਸ਼ਟਰ ਦੇ ਅਫ਼ਗਾਨਿਸਤਾਨ ਮਿਸ਼ਨ (UNAMA) ਅਨੁਸਾਰ, 26 ਫ਼ਰਵਰੀ ਤੋਂ 5 ਮਾਰਚ ਦਰਮਿਆਨ ਪਾਕਿਸਤਾਨ ਦੀ ਫ਼ੌਜੀ ਕਾਰਵਾਈ ਵਿੱਚ ਅਫ਼ਗਾਨਿਸਤਾਨ ਵਿੱਚ 56 ਨਾਗਰਿਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚ 24 ਬੱਚੇ ਵੀ ਸ਼ਾਮਲ ਹਨ।
ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਮੁਤਾਬਕ ਇਨ੍ਹਾਂ ਹਮਲਿਆਂ ਅਤੇ ਸਰਹੱਦ 'ਤੇ ਤਣਾਅ ਕਾਰਨ ਕਰੀਬ 1.15 ਲੱਖ ਲੋਕ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਤਣਾਅ ਵਧਦਾ ਹੈ ਤਾਂ ਇਸ ਨਾਲ ਦੱਖਣੀ ਏਸ਼ੀਆ ਖੇਤਰ ਵਿੱਚ ਸੁਰੱਖਿਆ ਅਤੇ ਮਾਨਵਤਾਵਾਦੀ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ।