ਪਾਕਿਸਤਾਨੀ ਅਦਾਲਤ ਦਾ ਵੱਡਾ ਫੈਸਲਾ : ਮਨੁੱਖੀ ਅਧਿਕਾਰ ਵਕੀਲਾਂ ਨੂੰ 17 ਸਾਲ ਦੀ ਜੇਲ੍ਹ, ਸੁਰੱਖਿਆ ਏਜੰਸੀਆਂ ਲਈ ਦੱਸਿਆ 'ਦੁਸ਼ਮਣ'
ਜੱਜ ਅਫਜ਼ਲ ਮਜੋਕਾ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਵਕੀਲ ਇਮਾਨ ਮਜ਼ਾਰੀ ਨੇ ਸੋਸ਼ਲ ਮੀਡੀਆ (Twitter/X) ਰਾਹੀਂ ਦੇਸ਼ ਦੇ ਸੁਰੱਖਿਆ ਅਦਾਰਿਆਂ ਨੂੰ ਬਦਨਾਮ ਕੀਤਾ ਅਤੇ ਪਾਬੰਦੀਸ਼ੁਦਾ ਸੰਗਠਨਾਂ (ਜਿਵੇਂ ਕਿ ਬਲੋਚ ਅਲਗਵਾਦੀ ਅਤੇ ਪਾਕਿਸਤਾਨੀ ਤਾਲਿਬਾਨ) ਦੇ ਏਜੰਡੇ ਨੂੰ ਹੱਲਾਸ਼ੇਰੀ ਦਿੱਤੀ
Publish Date: Sun, 25 Jan 2026 10:28 AM (IST)
Updated Date: Sun, 25 Jan 2026 10:36 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਪਾਕਿਸਤਾਨ ਦੀ ਇੱਕ ਅਦਾਲਤ ਨੇ ਸ਼ਨੀਵਾਰ (24 ਜਨਵਰੀ, 2026) ਨੂੰ ਦੋ ਪ੍ਰਮੁੱਖ ਮਨੁੱਖੀ ਅਧਿਕਾਰ ਵਕੀਲਾਂ—ਇਮਾਨ ਜ਼ੈਨਬ ਮਜ਼ਾਰੀ ਅਤੇ ਉਨ੍ਹਾਂ ਦੇ ਪਤੀ ਹਾਦੀ ਅਲੀ ਚੱਠਾ—ਨੂੰ ਦੇਸ਼ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਅਤੇ ਰਾਜ ਵਿਰੋਧੀ ਗਤੀਵਿਧੀਆਂ ਦੇ ਦੋਸ਼ ਵਿੱਚ 17 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਜੱਜ ਅਫਜ਼ਲ ਮਜੋਕਾ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਵਕੀਲ ਇਮਾਨ ਮਜ਼ਾਰੀ ਨੇ ਸੋਸ਼ਲ ਮੀਡੀਆ (Twitter/X) ਰਾਹੀਂ ਦੇਸ਼ ਦੇ ਸੁਰੱਖਿਆ ਅਦਾਰਿਆਂ ਨੂੰ ਬਦਨਾਮ ਕੀਤਾ ਅਤੇ ਪਾਬੰਦੀਸ਼ੁਦਾ ਸੰਗਠਨਾਂ (ਜਿਵੇਂ ਕਿ ਬਲੋਚ ਅਲਗਵਾਦੀ ਅਤੇ ਪਾਕਿਸਤਾਨੀ ਤਾਲਿਬਾਨ) ਦੇ ਏਜੰਡੇ ਨੂੰ ਹੱਲਾਸ਼ੇਰੀ ਦਿੱਤੀ। ਦੋਵਾਂ ਨੂੰ ਇਸਲਾਮਾਬਾਦ ਪੁਲਿਸ ਨੇ ਇੱਕ ਦਿਨ ਪਹਿਲਾਂ ਹੀ ਗ੍ਰਿਫਤਾਰ ਕੀਤਾ ਸੀ। ਅਦਾਲਤੀ ਕਾਰਵਾਈ ਦੌਰਾਨ ਉਨ੍ਹਾਂ ਨੇ ਵੀਡੀਓ ਲਿੰਕ ਰਾਹੀਂ ਪੇਸ਼ ਹੋਣ ਤੋਂ ਬਾਅਦ ਸੁਣਵਾਈ ਦਾ ਬਾਈਕਾਟ ਕਰ ਦਿੱਤਾ, ਜਿਸ ਤੋਂ ਬਾਅਦ ਜੱਜ ਨੇ ਟਰਾਇਲ ਖ਼ਤਮ ਕਰਦਿਆਂ ਸਜ਼ਾ ਦਾ ਐਲਾਨ ਕਰ ਦਿੱਤਾ। ਇਹ ਮਾਮਲਾ ਅਗਸਤ 2025 ਵਿੱਚ ਨੈਸ਼ਨਲ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ (NCCIA) ਕੋਲ ਦਰਜ ਕਰਵਾਈ ਗਈ ਇੱਕ ਸ਼ਿਕਾਇਤ 'ਤੇ ਆਧਾਰਿਤ ਹੈ। ਇਸ ਵਿੱਚ ਦੋਸ਼ ਸੀ ਕਿ ਉਨ੍ਹਾਂ ਨੇ 2021 ਤੋਂ 2025 ਦੇ ਵਿਚਕਾਰ ਕਈ ਅਜਿਹੀਆਂ ਪੋਸਟਾਂ ਪਾਈਆਂ ਜੋ ਦੇਸ਼ ਦੀ ਅਖੰਡਤਾ ਦੇ ਖਿਲਾਫ਼ ਸਨ।
ਸਜ਼ਾ ਦਾ ਵੇਰਵਾ
ਅਦਾਲਤ ਨੇ ਉਨ੍ਹਾਂ ਨੂੰ ਵੱਖ-ਵੱਖ ਧਾਰਾਵਾਂ ਤਹਿਤ ਸਜ਼ਾ ਸੁਣਾਈ ਹੈ। ਜਿਵੇਂ ਕਿ ਧਾਰਾ 9 (ਗੁਨਾਹ ਦੀ ਵਡਿਆਈ): 5 ਸਾਲ ਦੀ ਸਖ਼ਤ ਕੈਦ, ਧਾਰਾ 10 (ਸਾਈਬਰ ਅੱਤਵਾਦ): 10 ਸਾਲ ਦੀ ਸਖ਼ਤ ਕੈਦ, ਧਾਰਾ 26-A (ਗਲਤ ਜਾਣਕਾਰੀ): 2 ਸਾਲ ਦੀ ਕੈਦ।ਇਮਾਨ ਮਜ਼ਾਰੀ ਪਾਕਿਸਤਾਨ ਦੀ ਸਾਬਕਾ ਮਨੁੱਖੀ ਅਧਿਕਾਰ ਮੰਤਰੀ ਸ਼ੀਰੀਨ ਮਜ਼ਾਰੀ ਦੀ ਬੇਟੀ ਹੈ। ਸ਼ੀਰੀਨ ਮਜ਼ਾਰੀ ਨੇ ਇਸ ਫੈਸਲੇ ਨੂੰ 'ਫਾਸ਼ੀਵਾਦ' ਕਰਾਰ ਦਿੱਤਾ ਹੈ।