ਮੰਗਲਵਾਰ ਨੂੰ ਉੱਤਰ-ਪੱਛਮੀ ਪਾਕਿਸਤਾਨ ਵਿੱਚ ਬੰਦੂਕਧਾਰੀਆਂ ਨੇ ਇੱਕ ਪੁਲਿਸ ਗੱਡੀ 'ਤੇ ਹਮਲਾ ਕਰਕੇ ਪੰਜ ਅਧਿਕਾਰੀਆਂ ਨੂੰ ਮਾਰ ਦਿੱਤਾ। ਹਾਲਾਂਕਿ, ਅਜੇ ਤੱਕ ਕਿਸੇ ਵੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਹ ਹਮਲਾ ਅਫ਼ਗਾਨਿਸਤਾਨ ਦੀ ਸਰਹੱਦ 'ਤੇ ਸਥਿਤ ਕੋਹਾਟ ਸ਼ਹਿਰ ਵਿੱਚ ਹੋਇਆ ਹੈ। ਖ਼ਾਸ ਗੱਲ ਇਹ ਹੈ ਕਿ ਇਹ ਘਟਨਾ ਨੇੜਲੇ ਸ਼ਹਿਰ ਕਰਕ ਵਿੱਚ ਡਰੋਨ ਅਤੇ ਬੰਦੂਕਾਂ ਨਾਲ ਹੋਏ ਹਮਲੇ ਤੋਂ ਇੱਕ ਦਿਨ ਬਾਅਦ ਵਾਪਰੀ ਹੈ, ਜਿਸ ਵਿੱਚ ਤਿੰਨ ਪੈਰਾ-ਮਿਲਟਰੀ ਜਵਾਨ ਮਾਰੇ ਗਏ ਸਨ।

ਪਾਕਿਸਤਾਨ ਨੇ ਸ਼ਨੀਵਾਰ ਨੂੰ ਅਫ਼ਗਾਨਿਸਤਾਨ ਵਿੱਚ ਏਅਰ ਸਟ੍ਰਾਈਕ ਕੀਤੇ ਸਨ। ਇਸ ਬਾਰੇ ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਇਹ ਹਮਲੇ ਉਨ੍ਹਾਂ ਅੱਤਵਾਦੀ ਕੈਂਪਾਂ 'ਤੇ ਕੀਤੇ ਗਏ ਸਨ, ਜੋ ਪਾਕਿਸਤਾਨ ਵਿੱਚ ਹੋਏ ਆਤਮਘਾਤੀ ਬੰਬ ਧਮਾਕਿਆਂ ਲਈ ਜ਼ਿੰਮੇਵਾਰ ਸਨ। ਹਾਲਾਂਕਿ, ਕਾਬੁਲ (ਅਫ਼ਗਾਨਿਸਤਾਨ ਸਰਕਾਰ) ਅਤੇ ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ 13 ਆਮ ਨਾਗਰਿਕ ਮਾਰੇ ਗਏ ਹਨ।
ਇਸਲਾਮਾਬਾਦ ਦੇ ਅਨੁਸਾਰ, ਅੱਤਵਾਦੀ ਸਮੂਹਾਂ ਨੂੰ ਅਫ਼ਗਾਨਿਸਤਾਨ ਵਿੱਚ ਪਨਾਹ ਮਿਲੀ ਹੋਈ ਹੈ, ਜਿੱਥੋਂ ਉਹ ਸਰਹੱਦ ਪਾਰ ਹਮਲਿਆਂ ਦੀ ਯੋਜਨਾ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਅੰਜ਼ਾਮ ਦਿੰਦੇ ਹਨ। ਅਫ਼ਗਾਨਿਸਤਾਨ ਨੇ ਇਸ ਦੋਸ਼ ਨੂੰ ਨਕਾਰਦਿਆਂ ਕਿਹਾ ਹੈ ਕਿ ਅੱਤਵਾਦ ਪਾਕਿਸਤਾਨ ਦੀ ਅੰਦਰੂਨੀ ਸਮੱਸਿਆ ਹੈ।
ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਤਕਰਾਰ
ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ ਦਾ ਹਮਲਾ ਇੱਕ ਅੱਤਵਾਦੀ ਕਾਰਵਾਈ ਸੀ, ਜਿਸ ਵਿੱਚ ਅਫ਼ਗਾਨ ਜ਼ਮੀਨ 'ਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਅਫ਼ਗਾਨਿਸਤਾਨ ਦੀ ਆਜ਼ਾਦੀ ਦੀ ਉਲੰਘਣਾ ਕੀਤੀ ਗਈ।
ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹੇ ਲੰਬੇ ਸਮੇਂ ਤੋਂ ਪਾਕਿਸਤਾਨੀ ਤਾਲਿਬਾਨ ਸਮੇਤ ਕਈ ਇਸਲਾਮੀ ਅੱਤਵਾਦੀ ਸਮੂਹਾਂ ਦਾ ਗੜ੍ਹ ਰਹੇ ਹਨ। ਪਾਕਿਸਤਾਨੀ ਤਾਲਿਬਾਨ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਵਜੋਂ ਵੀ ਜਾਣਿਆ ਜਾਂਦਾ ਹੈ, ਜੋ 2007 ਤੋਂ ਪਾਕਿਸਤਾਨੀ ਹਕੂਮਤ ਖ਼ਿਲਾਫ਼ ਜੰਗ ਲੜ ਰਹੇ ਹਨ।