‘ਪਰਦੇ ਦੇ ਪਿੱਛੇ’ ਬਣਿਆ ਸੀਜ਼ਫਾਇਰ ਦਾ ਪਲਾਨ... ਜੰਗ ਖ਼ਤਮ ਕਰਨ ਲਈ ਕਿਵੇਂ ਤਿਆਰ ਹੋਏ ਅਮਰੀਕਾ-ਈਰਾਨ? ਇਜ਼ਰਾਈਲ ਤੇ ਖਾੜੀ ਦੇਸ਼ਾਂ 'ਚ ਹਾਲੇ ਵੀ ਏਅਰ ਡਿਫੈਂਸ ਸਿਸਟਮ ਹਾਈ ਅਲਰਟ 'ਤੇ
ਪੱਛਮੀ ਏਸ਼ੀਆ ਵਿੱਚ ਲੰਬੇ ਸਮੇਂ ਤੋਂ ਜਾਰੀ ਅਮਰੀਕਾ-ਈਰਾਨ ਤਣਾਅ ਦਰਮਿਆਨ ਇੱਕ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਦੋਵਾਂ ਦੇਸ਼ਾਂ ਨੇ ਦੋ ਹਫ਼ਤਿਆਂ ਦੀ ਜੰਗਬੰਦੀ (ਸੀਜ਼ਫਾਇਰ) 'ਤੇ ਸਹਿਮਤੀ ਜਤਾਈ ਹੈ, ਜਿਸ ਨਾਲ ਫਿਲਹਾਲ ਹਮਲੇ ਰੁਕਣ ਦੀ ਉਮੀਦ ਹੈ। ਇਸ ਸਮਝੌਤੇ ਤਹਿਤ ਸਟਰੇਟ ਆਫ ਹੋਰਮੂਜ਼ (Straight of Hormuz) ਨੂੰ ਖੋਲ੍ਹਣ ਅਤੇ ਅੱਗੇ ਗੱਲਬਾਤ ਸ਼ੁਰੂ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਹਾਲਾਂਕਿ, ਜ਼ਮੀਨੀ ਹਾਲਾਤ ਅਜੇ ਵੀ ਪੂਰੀ ਤਰ੍ਹਾਂ ਆਮ ਨਹੀਂ ਹੋਏ ਹਨ।
Publish Date: Wed, 08 Apr 2026 10:39 AM (IST)
Updated Date: Wed, 08 Apr 2026 10:45 AM (IST)

ਡਿਜੀਟਲ ਡੈਸਕ, ਨਵੀਂ ਦਿੱਲੀ: ਪੱਛਮੀ ਏਸ਼ੀਆ ਵਿੱਚ ਲੰਬੇ ਸਮੇਂ ਤੋਂ ਜਾਰੀ ਅਮਰੀਕਾ-ਈਰਾਨ ਤਣਾਅ ਦਰਮਿਆਨ ਇੱਕ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਦੋਵਾਂ ਦੇਸ਼ਾਂ ਨੇ ਦੋ ਹਫ਼ਤਿਆਂ ਦੀ ਜੰਗਬੰਦੀ (ਸੀਜ਼ਫਾਇਰ) 'ਤੇ ਸਹਿਮਤੀ ਜਤਾਈ ਹੈ, ਜਿਸ ਨਾਲ ਫਿਲਹਾਲ ਹਮਲੇ ਰੁਕਣ ਦੀ ਉਮੀਦ ਹੈ। ਇਸ ਸਮਝੌਤੇ ਤਹਿਤ ਸਟਰੇਟ ਆਫ ਹੋਰਮੂਜ਼ (Straight of Hormuz) ਨੂੰ ਖੋਲ੍ਹਣ ਅਤੇ ਅੱਗੇ ਗੱਲਬਾਤ ਸ਼ੁਰੂ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਹਾਲਾਂਕਿ, ਜ਼ਮੀਨੀ ਹਾਲਾਤ ਅਜੇ ਵੀ ਪੂਰੀ ਤਰ੍ਹਾਂ ਆਮ ਨਹੀਂ ਹੋਏ ਹਨ।
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਅਤੇ ਈਰਾਨ ਨੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਤੁਰੰਤ ਪ੍ਰਭਾਵ ਤੋਂ ਦੋ ਹਫ਼ਤਿਆਂ ਦੀ ਜੰਗਬੰਦੀ 'ਤੇ ਸਹਿਮਤੀ ਬਣਾ ਲਈ ਹੈ। ਇਸ ਫੈਸਲੇ ਨਾਲ ਅਮਰੀਕੀ ਅਤੇ ਇਜ਼ਰਾਈਲੀ ਹਮਲਿਆਂ 'ਤੇ ਆਰਜ਼ੀ ਰੋਕ ਲੱਗਣ ਦੀ ਉਮੀਦ ਹੈ।
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਵੀ ਇਸ ਸੀਜ਼ਫਾਇਰ ਨੂੰ ਸਵੀਕਾਰ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਹੋਰਮੂਜ਼ ਸਟਰੇਟ ਤੋਂ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਸੰਭਵ ਹੋਵੇਗੀ, ਜੋ ਈਰਾਨੀ ਫੌਜ ਦੇ ਤਾਲਮੇਲ ਨਾਲ ਚਲਾਈ ਜਾਵੇਗੀ।
ਇਸ ਪੂਰੇ ਸਮਝੌਤੇ ਵਿੱਚ ਪਾਕਿਸਤਾਨ ਦੀ ਵੀ ਭੂਮਿਕਾ ਰਹੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਦੱਸਿਆ ਕਿ ਇਹ ਸੀਜ਼ਫਾਇਰ ਸਿਰਫ਼ ਈਰਾਨ ਅਤੇ ਅਮਰੀਕਾ ਤੱਕ ਸੀਮਤ ਨਹੀਂ ਹੈ, ਸਗੋਂ ਲੇਬਨਾਨ ਸਮੇਤ ਹੋਰ ਖੇਤਰਾਂ ਵਿੱਚ ਵੀ ਲਾਗੂ ਹੋਵੇਗਾ।
ਇਸਲਾਮਾਬਾਦ ਵਿੱਚ ਹੋਵੇਗੀ ਅਗਲੀ ਗੱਲਬਾਤ
ਜੰਗਬੰਦੀ ਦੇ ਨਾਲ ਹੀ ਹੁਣ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦਾ ਰਸਤਾ ਵੀ ਖੁੱਲ੍ਹ ਗਿਆ ਹੈ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ 10 ਅਪ੍ਰੈਲ ਨੂੰ ਦੋਵਾਂ ਧਿਰਾਂ ਵਿਚਾਲੇ ਵਾਰਤਾ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਸ਼ਹਿਬਾਜ਼ ਸ਼ਰੀਫ਼ ਨੇ ਕਿਹਾ ਕਿ ਇਹ ਗੱਲਬਾਤ ਸਥਾਈ ਸ਼ਾਂਤੀ ਲਈ ਬੇਹੱਦ ਜ਼ਰੂਰੀ ਹੈ ਅਤੇ ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਨੇਤਾਵਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਉਮੀਦ ਜਤਾਈ ਕਿ ਇਸਲਾਮਾਬਾਦ ਵਾਰਤਾ ਤੋਂ ਕੋਈ ਠੋਸ ਹੱਲ ਨਿਕਲ ਸਕਦਾ ਹੈ।
ਅਮਰੀਕਾ ਵੱਲੋਂ ਵੀ ਇਸ ਗੱਲਬਾਤ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਰਿਪੋਰਟਾਂ ਮੁਤਾਬਕ ਅਮਰੀਕਾ ਦੇ ਕਈ ਸੀਨੀਅਰ ਆਗੂ ਅਤੇ ਅਧਿਕਾਰੀ ਇਸ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਵ੍ਹਾਈਟ ਹਾਊਸ ਨੇ ਸਪੱਸ਼ਟ ਕੀਤਾ ਹੈ ਕਿ ਅੰਤਿਮ ਫੈਸਲਾ ਰਾਸ਼ਟਰਪਤੀ ਪੱਧਰ 'ਤੇ ਹੀ ਲਿਆ ਜਾਵੇਗਾ।
ਸੀਜ਼ਫਾਇਰ ਦੇ ਬਾਵਜੂਦ ਤਣਾਅ ਜਾਰੀ
ਹਾਲਾਂਕਿ ਕਾਗਜ਼ਾਂ 'ਤੇ ਸੀਜ਼ਫਾਇਰ ਹੋ ਗਿਆ ਹੈ, ਪਰ ਜ਼ਮੀਨ 'ਤੇ ਹਾਲਾਤ ਅਜੇ ਵੀ ਪੂਰੀ ਤਰ੍ਹਾਂ ਸ਼ਾਂਤ ਨਹੀਂ ਹਨ। ਖਾੜੀ ਦੇਸ਼ਾਂ ਅਤੇ ਇਜ਼ਰਾਈਲ ਵਿੱਚ ਮਿਜ਼ਾਈਲ ਹਮਲਿਆਂ ਦੇ ਅਲਰਟ ਜਾਰੀ ਰਹੇ। ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ, ਕੁਵੈਤ ਅਤੇ ਬਹਿਰੀਨ ਵਰਗੇ ਦੇਸ਼ਾਂ ਵਿੱਚ ਏਅਰ ਡਿਫੈਂਸ ਸਿਸਟਮ ਸਰਗਰਮ ਰਹੇ। ਇਸ ਤੋਂ ਸਾਫ਼ ਹੈ ਕਿ ਖੇਤਰ ਵਿੱਚ ਖ਼ਤਰਾ ਅਜੇ ਟਲਿਆ ਨਹੀਂ ਹੈ ਅਤੇ ਸਥਿਤੀ ਬੇਹੱਦ ਨਾਜ਼ੁਕ ਬਣੀ ਹੋਈ ਹੈ।
ਇਜ਼ਰਾਈਲ ਅਤੇ ਈਰਾਨ ਵਿਚਾਲੇ ਵੀ ਹਮਲੇ ਪੂਰੀ ਤਰ੍ਹਾਂ ਬੰਦ ਨਹੀਂ ਹੋਏ ਹਨ। ਦੋਵਾਂ ਪਾਸਿਆਂ ਤੋਂ ਜਵਾਬੀ ਕਾਰਵਾਈ ਜਾਰੀ ਰਹਿਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸੀਜ਼ਫਾਇਰ ਨੂੰ ਪੂਰੀ ਤਰ੍ਹਾਂ ਲਾਗੂ ਹੋਣ ਵਿੱਚ ਸਮਾਂ ਲੱਗ ਸਕਦਾ ਹੈ।
ਸਟਰੇਟ ਆਫ ਹੋਰਮੂਜ਼ ਬਣਿਆ ਸਭ ਤੋਂ ਵੱਡਾ ਮੁੱਦਾ
ਇਸ ਪੂਰੇ ਸੰਘਰਸ਼ ਦਾ ਸਭ ਤੋਂ ਵੱਡਾ ਕੇਂਦਰ ਸਟਰੇਟ ਆਫ ਹੋਰਮੂਜ਼ ਰਿਹਾ ਹੈ। ਦੁਨੀਆ ਦੇ ਵੱਡੇ ਹਿੱਸੇ ਵਿੱਚ ਤੇਲ ਅਤੇ ਗੈਸ ਦੀ ਸਪਲਾਈ ਇਸੇ ਰਸਤੇ ਰਾਹੀਂ ਹੁੰਦੀ ਹੈ। ਈਰਾਨ ਨੇ ਇਸ ਜਲਮਾਰਗ 'ਤੇ ਕੰਟਰੋਲ ਸਖ਼ਤ ਕਰ ਦਿੱਤਾ ਸੀ, ਜਿਸ ਨਾਲ ਵਿਸ਼ਵ ਅਰਥਵਿਵਸਥਾ 'ਤੇ ਅਸਰ ਪਿਆ।
ਇਸੇ ਦਬਾਅ ਕਾਰਨ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੇ ਸੀਜ਼ਫਾਇਰ ਵੱਲ ਕਦਮ ਵਧਾਇਆ। ਜੰਗਬੰਦੀ ਤਹਿਤ ਦੋ ਹਫ਼ਤਿਆਂ ਲਈ ਇਸ ਰਸਤੇ ਨੂੰ ਖੋਲ੍ਹਣ 'ਤੇ ਸਹਿਮਤੀ ਬਣੀ ਹੈ। ਹਾਲਾਂਕਿ ਇਹ ਪੂਰੀ ਤਰ੍ਹਾਂ ਖੁੱਲ੍ਹਾ ਰਹੇਗਾ ਜਾਂ ਸੀਮਤ ਕੰਟਰੋਲ ਹੇਠ, ਇਸ 'ਤੇ ਅਜੇ ਸਪੱਸ਼ਟਤਾ ਨਹੀਂ ਹੈ।
ਆਰਥਿਕ ਪ੍ਰਭਾਵ ਅਤੇ ਅੰਤਰਰਾਸ਼ਟਰੀ ਦਬਾਅ
ਸੀਜ਼ਫਾਇਰ ਦੇ ਐਲਾਨ ਤੋਂ ਬਾਅਦ ਵਿਸ਼ਵ ਬਾਜ਼ਾਰਾਂ ਵਿੱਚ ਹਾਂ-ਪੱਖੀ ਅਸਰ ਦੇਖਿਆ ਗਿਆ। ਅਮਰੀਕਾ ਦੇ ਤੇਲ ਦੀਆਂ ਕੀਮਤਾਂ ਵਿੱਚ 17 ਪ੍ਰਤੀਸ਼ਤ ਤੋਂ ਵੱਧ ਦੀ ਗਿਰਾਵਟ ਆਈ, ਜਦੋਂ ਕਿ ਜਾਪਾਨ ਅਤੇ ਦੱਖਣੀ ਕੋਰੀਆ ਦੇ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ ਰਹੀ।
ਮਾਹਿਰਾਂ ਦਾ ਮੰਨਣਾ ਹੈ ਕਿ ਜੰਗ ਕਾਰਨ ਵਧਦੇ ਆਰਥਿਕ ਦਬਾਅ ਨੇ ਅਮਰੀਕਾ ਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ। ਇਸ ਤੋਂ ਪਹਿਲਾਂ ਟਰੰਪ ਨੇ ਈਰਾਨ ਨੂੰ ਸਖ਼ਤ ਅਲਟੀਮੇਟਮ ਦਿੱਤੇ ਸਨ, ਪਰ ਅੰਤਿਮ ਸਮੇਂ 'ਤੇ ਉਨ੍ਹਾਂ ਨੇ ਨਰਮੀ ਦਿਖਾਈ। ਦੁਨੀਆ ਦੇ ਕਈ ਦੇਸ਼ਾਂ ਨੇ ਇਸ ਸੀਜ਼ਫਾਇਰ ਦਾ ਸਵਾਗਤ ਕੀਤਾ ਹੈ। ਮਿਸਰ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਨੇ ਇਸ ਨੂੰ ਸ਼ਾਂਤੀ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਦੱਸਿਆ ਹੈ।
ਕੀ ਹੈ ਅਗਲੀ ਰਾਹ?
ਸੀਜ਼ਫਾਇਰ ਦੇ ਬਾਵਜੂਦ ਕਈ ਵੱਡੇ ਮੁੱਦੇ ਅਜੇ ਵੀ ਅਣਸੁਲਝੇ ਹਨ। ਈਰਾਨ ਨੇ ਆਪਣੀਆਂ ਕੁਝ ਸ਼ਰਤਾਂ ਰੱਖੀਆਂ ਹਨ, ਜਿਨ੍ਹਾਂ ਵਿੱਚ ਅਮਰੀਕੀ ਫੌਜ ਦੀ ਵਾਪਸੀ, ਪਾਬੰਦੀਆਂ ਹਟਾਉਣਾ ਅਤੇ ਆਪਣੇ ਫਸੇ ਹੋਏ ਸਰੋਤਾਂ ਨੂੰ ਵਾਪਸ ਲੈਣਾ ਸ਼ਾਮਲ ਹੈ। ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਵੀ ਵਿਵਾਦ ਬਣਿਆ ਹੋਇਆ ਹੈ। ਅਮਰੀਕਾ ਅਤੇ ਇਜ਼ਰਾਈਲ ਇਸ ਪ੍ਰੋਗਰਾਮ ਨੂੰ ਖ਼ਤਮ ਕਰਨ ਦੀ ਮੰਗ ਕਰਦੇ ਰਹੇ ਹਨ।
ਹਾਲਾਂਕਿ ਦੋਵਾਂ ਦੇਸ਼ਾਂ ਨੇ ਗੱਲਬਾਤ ਲਈ ਸਹਿਮਤੀ ਜਤਾਈ ਹੈ, ਪਰ ਇਹ ਦੇਖਣਾ ਹੋਵੇਗਾ ਕਿ ਇਸਲਾਮਾਬਾਦ ਵਿੱਚ ਹੋਣ ਵਾਲੀ ਵਾਰਤਾ ਤੋਂ ਕੋਈ ਠੋਸ ਹੱਲ ਨਿਕਲਦਾ ਹੈ ਜਾਂ ਨਹੀਂ। ਫਿਲਹਾਲ, ਇਹ ਸੀਜ਼ਫਾਇਰ ਇੱਕ ਆਰਜ਼ੀ ਰਾਹਤ ਜ਼ਰੂਰ ਹੈ, ਪਰ ਸਥਾਈ ਸ਼ਾਂਤੀ ਅਜੇ ਦੂਰ ਨਜ਼ਰ ਆਉਂਦੀ ਹੈ।