ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਜਾਰੀ ਜੰਗ ਨੇ ਮੱਧ ਪੂਰਬ ਦੇ ਦੇਸ਼ਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਇਸ ਦੌਰਾਨ ਗੁਆਂਢੀ ਦੇਸ਼ਾਂ ਨਾਲ ਕੂਟਨੀਤਕ ਕੁੜੱਤਣ ਵਧਾਉਂਦੇ ਹੋਏ ਇਰਾਨ ਨੇ ਹੁਣ ਸੰਯੁਕਤ ਅਰਬ ਅਮੀਰਾਤ (UAE) ਤੋਂ ਅਮਰੀਕੀ ਹਮਲਿਆਂ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

ਸੰਯੁਕਤ ਰਾਸ਼ਟਰ (UN) ਵਿੱਚ ਈਰਾਨ ਦੇ ਰਾਜਦੂਤ ਆਮਿਰ ਸਈਦ ਇਰਵਾਨੀ ਨੇ UN ਸਕੱਤਰ ਜਨਰਲ ਨੂੰ ਦਿੱਤੇ ਪੱਤਰ ਵਿੱਚ ਦੋਸ਼ ਲਾਉਂਦਿਆਂ ਲਿਖਿਆ ਕਿ ਇਹ ਅੰਤਰਰਾਸ਼ਟਰੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਈਰਾਨ ਨੂੰ ਹੋਏ ਸਾਰੇ ਭੌਤਿਕ ਅਤੇ ਨੈਤਿਕ ਨੁਕਸਾਨ ਦੀ ਭਰਪਾਈ ਕਰੇ।
ਈਰਾਨ ਨੇ ਪਹਿਲਾਂ ਵੀ ਕੀਤੀ ਸੀ ਕਾਰਵਾਈ
ਦੱਸ ਦੇਈਏ ਕਿ ਯੂਐਨ ਵਿੱਚ ਈਰਾਨ ਵੱਲੋਂ ਇਹ ਪੱਤਰ 7 ਸ਼ਿਕਾਇਤਾਂ ਤੋਂ ਬਾਅਦ ਦਿੱਤਾ ਗਿਆ ਹੈ। ਇਨ੍ਹਾਂ 7 ਸ਼ਿਕਾਇਤਾਂ ਵਿੱਚ ਈਰਾਨ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਵਿਰੁੱਧ ਕੀਤੀਆਂ ਫੌਜੀ ਕਾਰਵਾਈਆਂ ਵਿੱਚ ਖੇਤਰੀ ਦੇਸ਼ਾਂ ਦੇ ਹਵਾਈ ਖੇਤਰ ਅਤੇ ਜ਼ਮੀਨ ਦੀ ਗੈਰ-ਕਾਨੂੰਨੀ ਵਰਤੋਂ ਕੀਤੀ ਸੀ।
ਇੱਕ ਹੋਰ ਪੱਤਰ ਵਿੱਚ ਈਰਾਨ ਨੇ ਲਿਖਿਆ ਕਿ 28 ਫਰਵਰੀ ਨੂੰ ਅਮਰੀਕੀ ਸੈਨਾਵਾਂ ਨੇ ਈਰਾਨ 'ਤੇ ਹਮਲਾ ਕੀਤਾ, ਜੋ ਅੰਤਰਰਾਸ਼ਟਰੀ ਕਾਨੂੰਨ ਦੇ ਮੂਲ ਸਿਧਾਂਤਾਂ ਦੀ ਉਲੰਘਣਾ ਸੀ। ਪੱਤਰ ਵਿੱਚ ਦੋਸ਼ ਲਾਇਆ ਗਿਆ ਸੀ ਕਿ ਇਹ ਹਮਲਾ ਜੌਰਡਨ ਸਮੇਤ ਖੇਤਰੀ ਦੇਸ਼ਾਂ ਦੀ ਜ਼ਮੀਨ ਦੀ ਵਰਤੋਂ ਕਰਕੇ ਅਮਰੀਕਾ-ਇਜ਼ਰਾਈਲ ਵੱਲੋਂ ਕੀਤਾ ਗਿਆ ਸੀ।