ਜ਼ਰਾ ਸੋਚੋ ਕਿ ਸੈਲਾਨੀ ਬਿਨਾਂ ਪੁੱਛੇ ਤੁਹਾਡੇ ਘਰ ਦਾ ਦਰਵਾਜ਼ਾ ਖੋਲ੍ਹ ਦੇਣ ਜਾਂ ਤੁਹਾਡੇ ਨਿੱਜੀ ਬਾਗ (ਪ੍ਰਾਈਵੇਟ ਗਾਰਡਨ) ਵਿੱਚ ਵੜ ਜਾਣ? ਜੀ ਹਾਂ, ਜਾਪਾਨ ਦੇ ਖੂਬਸੂਰਤ ਸ਼ਹਿਰ ਫੁਜੀਓਸ਼ੀਦਾ ਵਿੱਚ ਕੁਝ ਅਜਿਹਾ ਹੀ ਹੋਇਆ ਹੈ। ਮਾਊਂਟ ਫੂਜੀ ਦੀ ਤਲਹਟੀ ਵਿੱਚ ਵਸਿਆ ਇਹ ਸ਼ਹਿਰ ਹਰ ਸਾਲ ਬਹਾਰ ਦੇ ਮੌਸਮ ਵਿੱਚ ਆਪਣੇ 'ਚੈਰੀ ਬਲੌਸਮ' ਲਈ ਜਾਣਿਆ ਜਾਂਦਾ ਹੈ।

ਸਥਾਨਕ ਲੋਕਾਂ ਲਈ ਬਣੀ ਮੁਸੀਬਤ
ਅਧਿਕਾਰੀਆਂ ਨੇ ਇਹ ਫੈਸਲਾ ਉਦੋਂ ਲਿਆ ਜਦੋਂ ਉਨ੍ਹਾਂ ਦੇਖਿਆ ਕਿ ਸੈਲਾਨੀਆਂ ਦੀ ਵਧਦੀ ਗਿਣਤੀ ਸ਼ਹਿਰ ਦੀ ਵਿਵਸਥਾ 'ਤੇ ਭਾਰੀ ਪੈ ਰਹੀ ਹੈ। ਸ਼ਹਿਰ ਵਿੱਚ ਭਿਆਨਕ ਟ੍ਰੈਫਿਕ ਜਾਮ ਲੱਗ ਰਹੇ ਹਨ ਅਤੇ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਜਮ੍ਹਾ ਹੋ ਰਹੇ ਹਨ। ਪਰ ਸਮੱਸਿਆ ਸਿਰਫ਼ ਇੰਨੀ ਹੀ ਨਹੀਂ ਹੈ, ਸਗੋਂ ਸੈਲਾਨੀਆਂ ਦਾ ਵਿਵਹਾਰ ਸਥਾਨਕ ਲੋਕਾਂ ਲਈ ਸਿਰਦਰਦ ਬਣ ਗਿਆ ਹੈ। ਜੀ ਹਾਂ, ਕਈ ਵਾਰ ਸੈਲਾਨੀ ਬਿਨਾਂ ਇਜਾਜ਼ਤ ਦੇ ਨਿੱਜੀ ਜਾਇਦਾਦਾਂ ਵਿੱਚ ਵੜ ਰਹੇ ਹਨ।
ਘਰਾਂ ਵਿੱਚ ਘੁਸਪੈਠ ਅਤੇ ਗੰਦਗੀ ਦੀਆਂ ਸ਼ਿਕਾਇਤਾਂ
ਸ਼ਹਿਰ ਦੇ ਵਸਨੀਕਾਂ ਨੇ ਸੈਲਾਨੀਆਂ ਦੀਆਂ ਹਰਕਤਾਂ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਰਿਪੋਰਟ ਮੁਤਾਬਕ, ਕੁਝ ਸੈਲਾਨੀ ਸਥਾਨਕ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਖੋਲ੍ਹ ਕੇ ਬਿਨਾਂ ਪੁੱਛੇ ਬਾਥਰੂਮ ਦੀ ਵਰਤੋਂ ਕਰ ਰਹੇ ਹਨ। ਕੁਝ ਲੋਕ ਪ੍ਰਾਈਵੇਟ ਬਗੀਚਿਆਂ ਵਿੱਚ ਵੜ ਜਾਂਦੇ ਹਨ, ਅਤੇ ਹੱਦ ਤਾਂ ਉਦੋਂ ਹੋ ਗਈ ਜਦੋਂ ਕੁਝ ਲੋਕਾਂ ਨੂੰ ਰਿਹਾਇਸ਼ੀ ਜ਼ਮੀਨਾਂ 'ਤੇ ਹੀ ਜੰਗਲ-ਪਾਣੀ ਕਰਦੇ ਪਾਇਆ ਗਿਆ।
ਮੇਅਰ ਸ਼ਿਗੇਰੂ ਹੋਰੀਉਚੀ ਨੇ ਕਿਹਾ ਕਿ ਇਹ ਫੈਸਲਾ ਨਿਵਾਸੀਆਂ ਦੀ ਭਲਾਈ ਅਤੇ ਸ਼ਾਂਤੀ ਦੀ ਰੱਖਿਆ ਲਈ ਲਿਆ ਗਿਆ ਹੈ। ਉਨ੍ਹਾਂ ਨੇ ਇਸ ਨੂੰ ਇੱਕ 'ਵਧਦਾ ਹੋਇਆ ਸੰਕਟ' ਦੱਸਿਆ ਜੋ ਭਾਈਚਾਰੇ ਦੀ ਮਰਿਆਦਾ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ।
ਸੋਸ਼ਲ ਮੀਡੀਆ ਅਤੇ ਡਿੱਗਦੀ ਕਰੰਸੀ ਨੇ ਵਧਾਈ ਭੀੜ ਇਹ ਉਤਸਵ 2016 ਵਿੱਚ 'ਅਰਾਕੁਰਾਯਾਮਾ ਸੇਨਜੇਨ ਪਾਰਕ' ਵਿੱਚ ਸ਼ੁਰੂ ਹੋਇਆ ਸੀ, ਜਿੱਥੋਂ ਪਗੋਡਾ ਅਤੇ ਮਾਊਂਟ ਫੂਜੀ ਦਾ ਨਜ਼ਾਰਾ ਬੇਹੱਦ ਅਦਭੁਤ ਦਿਖਾਈ ਦਿੰਦਾ ਹੈ। ਸ਼ੁਰੂਆਤ ਵਿੱਚ ਇਸ ਨੂੰ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ, ਪਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਤਸਵੀਰਾਂ ਅਤੇ ਜਾਪਾਨੀ ਕਰੰਸੀ ਦੇ ਕਮਜ਼ੋਰ ਹੋਣ ਕਾਰਨ ਇੱਥੇ ਭੀੜ ਬੇਤਹਾਸ਼ਾ ਵੱਧ ਗਈ। ਅੰਦਾਜ਼ਾ ਹੈ ਕਿ ਪੀਕ ਸੀਜ਼ਨ ਦੌਰਾਨ ਇੱਥੇ ਹਰ ਰੋਜ਼ ਲਗਭਗ 10,000 ਲੋਕ ਪਹੁੰਚ ਰਹੇ ਹਨ, ਜਿਸ ਨੂੰ ਸੰਭਾਲਣਾ ਹੁਣ ਸ਼ਹਿਰ ਦੇ ਵੱਸ ਦੀ ਗੱਲ ਨਹੀਂ ਰਹੀ।
'ਓਵਰਟੂਰਿਜ਼ਮ' ਨਾਲ ਨਜਿੱਠਣ ਦੀ ਕੋਸ਼ਿਸ਼
ਭਾਵੇਂ ਫੈਸਟੀਵਲ ਰੱਦ ਕਰ ਦਿੱਤਾ ਗਿਆ ਹੈ, ਪਰ ਅਧਿਕਾਰੀਆਂ ਨੂੰ ਉਮੀਦ ਹੈ ਕਿ ਅਪ੍ਰੈਲ ਅਤੇ ਮਈ ਵਿੱਚ ਵੀ ਸੈਲਾਨੀਆਂ ਦਾ ਆਉਣਾ ਜਾਰੀ ਰਹੇਗਾ ਅਤੇ ਉਹ ਇਸ ਲਈ ਤਿਆਰੀ ਕਰ ਰਹੇ ਹਨ। ਇਹ ਕਦਮ ਜਾਪਾਨ ਵਿੱਚ 'ਓਵਰਟੂਰਿਜ਼ਮ' (ਜ਼ਿਆਦਾ ਸੈਲਾਨੀ ਆਉਣਾ) ਨੂੰ ਰੋਕਣ ਦੀ ਇੱਕ ਵੱਡੀ ਕੋਸ਼ਿਸ਼ ਦਾ ਹਿੱਸਾ ਹੈ। ਪਿਛਲੇ ਸਾਲ, ਨੇੜਲੇ ਇੱਕ ਸ਼ਹਿਰ ਨੇ ਭੀੜ ਨੂੰ ਰੋਕਣ ਲਈ ਇੱਕ ਮਸ਼ਹੂਰ ਫੋਟੋ ਸਪਾਟ 'ਤੇ ਵੱਡਾ ਕਾਲਾ ਪਰਦਾ ਲਗਾ ਦਿੱਤਾ ਸੀ।
ਦੱਸ ਦੇਈਏ ਕਿ ਸਿਰਫ਼ ਜਾਪਾਨ ਹੀ ਨਹੀਂ, ਸਗੋਂ ਰੋਮ ਅਤੇ ਵੇਨਿਸ ਵਰਗੇ ਸ਼ਹਿਰ ਵੀ ਹੁਣ ਭੀੜ ਨੂੰ ਕੰਟਰੋਲ ਕਰਨ ਲਈ 'ਐਂਟਰੀ ਫੀਸ' ਵਰਗੇ ਕਦਮ ਚੁੱਕ ਰਹੇ ਹਨ। ਰੋਮ ਨੇ ਟ੍ਰੇਵੀ ਫਾਊਂਟੇਨ ਦੇ ਕੋਲ ਜਾਣ ਲਈ 2 ਯੂਰੋ ਦੀ ਐਂਟਰੀ ਫੀਸ ਲਗਾ ਦਿੱਤੀ ਹੈ, ਅਤੇ ਵੇਨਿਸ ਹੁਣ ਦਿਨ ਵੇਲੇ ਆਉਣ ਵਾਲੇ ਯਾਤਰੀਆਂ ਤੋਂ 5 ਤੋਂ 10 ਯੂਰੋ ਤੱਕ ਦੀ ਫੀਸ ਲੈ ਰਿਹਾ ਹੈ।