'ਟਰੰਪ ਮੈਂ ਤੁਹਾਡੇ ਤੋਂ ਮਾਫ਼ੀ ਮੰਗਦਾ ਹਾਂ...', ਅਮਰੀਕੀ ਰਾਸ਼ਟਰਪਤੀ ਦਾ ਦਾਅਵਾ; ਟੈਰਿਫ ਨੂੰ ਲੈ ਕੇ ਮੈਕਰੋਨ ਨੇ ਕੀਤੀ ਸੀ ਮਿੰਨਤ
ਡੋਨਾਲਡ ਟਰੰਪ ਨੇ ਆਪਣੀ 'ਰਿਪਬਲਿਕਨ ਪਾਰਟੀ' ਦੇ ਸਾਂਸਦਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਫਰਾਂਸ ਨੂੰ ਅਮਰੀਕਾ ਵਿੱਚ ਆਉਣ ਵਾਲੀਆਂ ਸਾਰੀਆਂ ਫਰਾਂਸੀਸੀ ਦਵਾਈਆਂ 'ਤੇ ਭਾਰੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ। ਟਰੰਪ ਦਾ ਕਹਿਣਾ ਹੈ ਕਿ ਅਮਰੀਕੀ ਖਪਤਕਾਰਾਂ ਨੂੰ ਫਰਾਂਸੀਸੀ ਦਵਾਈਆਂ ਲਈ ਫਰਾਂਸ ਦੇ ਮੁਕਾਬਲੇ 14 ਗੁਣਾ ਵੱਧ ਕੀਮਤ ਚੁਕਾਉਣੀ ਪੈ ਰਹੀ ਸੀ।
Publish Date: Wed, 07 Jan 2026 03:02 PM (IST)
Updated Date: Wed, 07 Jan 2026 03:14 PM (IST)
ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਆਪਣੇ ਅੰਦਾਜ਼ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ 'ਤੇ ਨਿਸ਼ਾਨਾ ਸਾਧਿਆ ਹੈ। ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਟੈਰਿਫ (ਟੈਕਸ) ਲਗਾਉਣ ਦੀ ਧਮਕੀ ਅੱਗੇ ਫਰਾਂਸ ਨੇ ਗੋਡੇ ਟੇਕ ਦਿੱਤੇ ਹਨ ਅਤੇ ਮੈਕਰੋਨ ਨੇ ਉਨ੍ਹਾਂ ਤੋਂ ਮਾਫ਼ੀ ਵੀ ਮੰਗੀ ਹੈ।
ਡੋਨਾਲਡ ਟਰੰਪ ਨੇ ਆਪਣੀ 'ਰਿਪਬਲਿਕਨ ਪਾਰਟੀ' ਦੇ ਸਾਂਸਦਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਫਰਾਂਸ ਨੂੰ ਅਮਰੀਕਾ ਵਿੱਚ ਆਉਣ ਵਾਲੀਆਂ ਸਾਰੀਆਂ ਫਰਾਂਸੀਸੀ ਦਵਾਈਆਂ 'ਤੇ ਭਾਰੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ। ਟਰੰਪ ਦਾ ਕਹਿਣਾ ਹੈ ਕਿ ਅਮਰੀਕੀ ਖਪਤਕਾਰਾਂ ਨੂੰ ਫਰਾਂਸੀਸੀ ਦਵਾਈਆਂ ਲਈ ਫਰਾਂਸ ਦੇ ਮੁਕਾਬਲੇ 14 ਗੁਣਾ ਵੱਧ ਕੀਮਤ ਚੁਕਾਉਣੀ ਪੈ ਰਹੀ ਸੀ।
ਟਰੰਪ ਨੇ ਉਡਾਇਆ ਮੈਕਰੋਨ ਦਾ ਮਜ਼ਾਕ
ਟਰੰਪ ਮੁਤਾਬਕ, ਜਦੋਂ ਉਨ੍ਹਾਂ ਨੇ ਮੈਕਰੋਨ ਨੂੰ ਦਵਾਈਆਂ ਦੀਆਂ ਕੀਮਤਾਂ ਵਧਾਉਣ ਲਈ ਕਿਹਾ ਤਾਂ ਪਹਿਲਾਂ ਮੈਕਰੋਨ ਨੇ ਮਨ੍ਹਾ ਕਰ ਦਿੱਤਾ ਪਰ ਜਦੋਂ ਟਰੰਪ ਨੇ ਅਲਟੀਮੇਟਮ ਦਿੱਤਾ ਕਿ ਜੇਕਰ ਮੰਗ ਨਾ ਮੰਨੀ ਗਈ ਤਾਂ ਫਰਾਂਸ ਦੀ ਸ਼ੈਂਪੇਨ ਅਤੇ ਵਾਈਨ ਸਮੇਤ ਸਾਰੇ ਉਤਪਾਦਾਂ 'ਤੇ 25 ਪ੍ਰਤੀਸ਼ਤ ਟੈਰਿਫ ਲਗਾ ਦਿੱਤਾ ਜਾਵੇਗਾ ਤਾਂ ਮੈਕਰੋਨ ਘਬਰਾ ਗਏ।
ਟਰੰਪ ਨੇ ਦਾਅਵਾ ਕੀਤਾ ਕਿ ਮੈਕਰੋਨ ਨੇ ਉਨ੍ਹਾਂ ਨੂੰ ਕਿਹਾ,"ਡੋਨਾਲਡ, ਮੈਨੂੰ ਤੁਹਾਡੀ ਡੀਲ ਮਨਜ਼ੂਰ ਹੈ। ਮੈਂ ਆਪਣੀਆਂ ਦਵਾਈਆਂ ਦੀਆਂ ਕੀਮਤਾਂ 200 ਪ੍ਰਤੀਸ਼ਤ ਜਾਂ ਉਸ ਤੋਂ ਵੀ ਵੱਧ ਵਧਾਉਣ ਲਈ ਤਿਆਰ ਹਾਂ। ਤੁਸੀਂ ਜਿਵੇਂ ਚਾਹੋ ਕਰ ਸਕਦੇ ਹੋ ਪਰ ਮੈਂ ਬੇਨਤੀ ਕਰਦਾ ਹਾਂ ਕਿ ਇਸ ਬਾਰੇ ਜਨਤਾ ਨੂੰ ਕੁਝ ਨਾ ਦੱਸਿਓ।"
ਫਰਾਂਸ ਵੱਲੋਂ ਚੁੱਪੀ
ਟਰੰਪ ਦੇ ਇਸ ਹੈਰਾਨੀਜਨਕ ਦਾਅਵੇ ਤੋਂ ਬਾਅਦ ਅਜੇ ਤੱਕ ਫਰਾਂਸ ਸਰਕਾਰ ਵੱਲੋਂ ਕੋਈ ਅਧਿਕਾਰਤ ਸਪੱਸ਼ਟੀਕਰਨ ਸਾਹਮਣੇ ਨਹੀਂ ਆਇਆ ਹੈ। ਟਰੰਪ ਅਸਲ ਵਿੱਚ ਆਪਣੀ 'ਮੋਸਟ ਫੇਵਰਡ ਨੇਸ਼ਨ' (Most Favored Nation) ਨੀਤੀ ਨੂੰ ਅੱਗੇ ਵਧਾ ਰਹੇ ਹਨ, ਜਿਸ ਦਾ ਮਕਸਦ ਅਮਰੀਕਾ ਵਿੱਚ ਦਵਾਈਆਂ ਦੀਆਂ ਕੀਮਤਾਂ ਨੂੰ ਘਟਾਉਣਾ ਹੈ।