ਟਰੰਪ ਨੂੰ ਝਟਕਾ ! ਗਾਜ਼ਾ ਪੀਸ ਬੋਰਡ ਦੀ ਬੈਠਕ ਤੋਂ ਫਰਾਂਸ-ਇਟਲੀ ਨੇ ਬਣਾਈ ਦੂਰੀ, ਯੂਰਪ ਦੇ 15 'ਚੋਂ ਸਿਰਫ਼ 3 ਦੇਸ਼ ਆਉਣ ਨੂੰ ਰਾਜ਼ੀ
ਟਰੰਪ ਨੇ ਜਨਵਰੀ 2026 ਵਿੱਚ ਦਾਵੋਸ (Davos) ਵਿਖੇ 'ਬੋਰਡ ਆਫ ਪੀਸ' ਦਾ ਐਲਾਨ ਕੀਤਾ ਸੀ। ਅਮਰੀਕੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ, ਇਹ ਮੰਚ ਗਾਜ਼ਾ ਦੇ ਮੁੜ ਨਿਰਮਾਣ (Reconstruction) ਦੀ ਨਿਗਰਾਨੀ ਕਰੇਗਾ। ਇਹ ਭਵਿੱਖ ਵਿੱਚ ਵਿਸ਼ਵਵਿਆਪੀ ਸੰਘਰਸ਼ਾਂ ਦੇ ਹੱਲ ਵਿੱਚ ਭੂਮਿਕਾ ਨਿਭਾਏਗਾ।
Publish Date: Tue, 17 Feb 2026 01:38 PM (IST)
Updated Date: Tue, 17 Feb 2026 01:43 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਗਾਜ਼ਾ ਪੀਸ ਬੋਰਡ (Gaza Board of Peace) ਦੀ ਬੈਠਕ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਲੱਗਾ ਹੈ। ਗਾਜ਼ਾ ਪੀਸ ਬੋਰਡ ਦੀ ਇਹ ਅਹਿਮ ਬੈਠਕ 19 ਫਰਵਰੀ 2026 ਨੂੰ ਵਾਸ਼ਿੰਗਟਨ ਵਿੱਚ ਹੋਣੀ ਹੈ ਪਰ ਕਈ ਪ੍ਰਮੁੱਖ ਦੇਸ਼ਾਂ ਨੇ ਇਸ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ।
ਟਰੰਪ ਨੇ ਇਸ ਬੈਠਕ ਲਈ ਦੁਨੀਆ ਭਰ ਦੇ ਕਰੀਬ 60 ਦੇਸ਼ਾਂ ਨੂੰ ਸੱਦਾ ਭੇਜਿਆ ਸੀ। ਹਾਲਾਂਕਿ ਫਰਾਂਸ, ਜਰਮਨੀ, ਬ੍ਰਿਟੇਨ, ਇਟਲੀ ਅਤੇ ਸਵੀਡਨ ਵਰਗੇ ਕਈ ਵੱਡੇ ਯੂਰਪੀ ਦੇਸ਼ਾਂ ਨੇ ਇਸ ਪਹਿਲ ਤੋਂ ਕਿਨਾਰਾ ਕਰ ਲਿਆ ਹੈ।
ਯੂਰਪ ਦੇ ਸਿਰਫ਼ ਤਿੰਨ ਦੇਸ਼ ਹੋਣਗੇ ਸ਼ਾਮਲ
ਬ੍ਰਿਟੇਨ, ਇਟਲੀ ਅਤੇ ਫਰਾਂਸ ਵਰਗੇ ਸ਼ਕਤੀਸ਼ਾਲੀ ਦੇਸ਼ਾਂ ਦੇ ਬਾਹਰ ਹੋਣ ਤੋਂ ਬਾਅਦ ਯੂਰਪ ਦੇ ਹੋਰ ਦੇਸ਼ ਵੀ ਇਸ ਬੈਠਕ ਤੋਂ ਦੂਰੀ ਬਣਾ ਰਹੇ ਹਨ। ਟਰੰਪ ਨੇ ਯੂਰਪ ਦੇ 15 ਦੇਸ਼ਾਂ ਨੂੰ ਬੁਲਾਇਆ ਸੀ ਪਰ ਹੁਣ ਤੱਕ ਸਿਰਫ਼ ਹੰਗਰੀ, ਬੁਲਗਾਰੀਆ ਅਤੇ ਕੋਸੋਵੋ ਨੇ ਹੀ ਬੈਠਕ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। ਇਟਲੀ, ਗ੍ਰੀਸ, ਰੋਮਾਨੀਆ ਅਤੇ ਸਾਈਪ੍ਰਸ ਵਰਗੇ ਕੁਝ ਦੇਸ਼ 'ਨਿਗਰਾਨ' ਵਜੋਂ ਸ਼ਾਮਲ ਹੋ ਸਕਦੇ ਹਨ ਪਰ ਉਹ ਪੂਰਨ ਮੈਂਬਰ ਵਜੋਂ ਹਿੱਸਾ ਨਹੀਂ ਲੈ ਰਹੇ।
ਕੀ ਹੈ ਗਾਜ਼ਾ ਪੀਸ ਬੋਰਡ
ਟਰੰਪ ਨੇ ਜਨਵਰੀ 2026 ਵਿੱਚ ਦਾਵੋਸ (Davos) ਵਿਖੇ 'ਬੋਰਡ ਆਫ ਪੀਸ' ਦਾ ਐਲਾਨ ਕੀਤਾ ਸੀ। ਅਮਰੀਕੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ, ਇਹ ਮੰਚ ਗਾਜ਼ਾ ਦੇ ਮੁੜ ਨਿਰਮਾਣ (Reconstruction) ਦੀ ਨਿਗਰਾਨੀ ਕਰੇਗਾ। ਇਹ ਭਵਿੱਖ ਵਿੱਚ ਵਿਸ਼ਵਵਿਆਪੀ ਸੰਘਰਸ਼ਾਂ ਦੇ ਹੱਲ ਵਿੱਚ ਭੂਮਿਕਾ ਨਿਭਾਏਗਾ। ਇਸ ਬੈਠਕ ਵਿੱਚ ਗਾਜ਼ਾ ਲਈ ਕਰੀਬ 5 ਬਿਲੀਅਨ ਡਾਲਰ ਦੇ ਸਹਾਇਤਾ ਪੈਕੇਜ ਦਾ ਐਲਾਨ ਹੋਣ ਦੀ ਉਮੀਦ ਹੈ।
ਏਸ਼ੀਆ ਦੇ ਇਹ ਦੇਸ਼ ਹੋਣਗੇ ਸ਼ਾਮਲ
ਏਸ਼ੀਆਈ ਦੇਸ਼ਾਂ ਵਿੱਚੋਂ ਪਾਕਿਸਤਾਨ ਅਤੇ ਇੰਡੋਨੇਸ਼ੀਆ ਨੇ ਇਸ ਬੈਠਕ ਵਿੱਚ ਹਿੱਸਾ ਲੈਣ ਦੇ ਸੰਕੇਤ ਦਿੱਤੇ ਹਨ। ਇੰਡੋਨੇਸ਼ੀਆ ਨੇ ਗਾਜ਼ਾ ਵਿੱਚ ਸ਼ਾਂਤੀ ਸਥਾਪਨਾ ਲਈ ਹਜ਼ਾਰਾਂ ਸੈਨਿਕ ਭੇਜਣ ਦੀ ਤਿਆਰੀ ਵੀ ਦਿਖਾਈ ਹੈ।
ਦੂਜੇ ਪਾਸੇ, ਸਾਊਦੀ ਅਰਬ, ਕਤਰ, ਤੁਰਕੀ ਅਤੇ ਸੰਯੁਕਤ ਅਰਬ ਅਮੀਰਾਤ (UAE) ਵਰਗੇ ਦੇਸ਼ਾਂ ਨੇ ਗਾਜ਼ਾ ਦੇ ਮੁੱਦੇ 'ਤੇ ਦਿਲਚਸਪੀ ਦਿਖਾਈ ਹੈ ਪਰ ਉਹ ਇਸ ਬੋਰਡ ਦੇ ਵਿਆਪਕ ਰਣਨੀਤਕ ਏਜੰਡੇ ਨੂੰ ਲੈ ਕੇ ਸਾਵਧਾਨ ਹਨ। ਭਾਰਤ, ਚੀਨ ਅਤੇ ਜਾਪਾਨ ਨੇ ਅਜੇ ਤੱਕ ਇਸ ਬੈਠਕ ਵਿੱਚ ਸ਼ਾਮਲ ਹੋਣ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ।