ਕੈਨੇਡਾ 'ਚ ਪੰਜਾਬੀ TV ਹੋਸਟ ਨੂੰ 5.5 ਸਾਲ ਦੀ ਜੇਲ੍ਹ, ਡਫਲ ਬੈਗਾਂ ਰਾਹੀਂ ਕਰ ਰਹੀ ਸੀ ਨਸ਼ਾ ਤਸਕਰੀ
ਸੰਘਾ ਦੇ ਵਕੀਲ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਉਸਨੇ ਇਹ ਕਦਮ ਮਜਬੂਰੀ ਵਿੱਚ ਚੁੱਕਿਆ ਸੀ। ਵਕੀਲ ਮੁਤਾਬਕ, ਕਿਸੇ ਅਣਪਛਾਤੇ ਵਿਅਕਤੀ ਨੇ ਉਸਦੇ ਬੇਟੇ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਸੀ ਅਤੇ 1.5 ਲੱਖ ਡਾਲਰ ਦੀ ਮੰਗ ਕੀਤੀ ਸੀ। ਇਸੇ ਦਬਾਅ ਹੇਠ ਉਸਨੇ ਇਹ ਤਸਕਰੀ ਕੀਤੀ। ਸਰਕਾਰੀ ਪੱਖ ਨੇ 10 ਤੋਂ 12 ਸਾਲ ਦੀ ਸਜ਼ਾ ਦੀ ਮੰਗ ਕੀਤੀ ਸੀ ਪਰ ਸੰਘਾ ਦੁਆਰਾ ਆਪਣਾ ਗੁਨਾਹ ਕਬੂਲ ਲੈਣ ਅਤੇ ਪਰਿਵਾਰਕ ਹਾਲਾਤਾਂ ਨੂੰ ਦੇਖਦੇ ਹੋਏ ਅਦਾਲਤ ਨੇ ਉਸਨੂੰ 5.5 ਸਾਲ ਦੀ ਸਜ਼ਾ ਸੁਣਾਈ ਹੈ।
Publish Date: Mon, 20 Apr 2026 09:49 AM (IST)
Updated Date: Mon, 20 Apr 2026 09:55 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਕੈਨੇਡਾ ਵਿੱਚ ਪਿਛਲੇ 10 ਸਾਲਾਂ ਤੋਂ ਇੱਕ ਮਸ਼ਹੂਰ ਪੰਜਾਬੀ ਰੇਡੀਓ ਅਤੇ ਟੀਵੀ ਹੋਸਟ ਵਜੋਂ ਜਾਣੀ ਜਾਂਦੀ 47 ਸਾਲਾ ਸੁਖਵਿੰਦਰ ਕੌਰ ਸੰਘਾ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ 5.5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੰਘਾ ਨੂੰ ਸਾਲ 2021 ਵਿੱਚ ਅਮਰੀਕਾ ਤੋਂ ਕੈਨੇਡਾ ਵਿੱਚ 'ਮੈਥ' (Methamphetamine) ਦੀ ਵੱਡੀ ਖੇਪ ਲਿਆਉਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਇਹ ਘਟਨਾ 18 ਅਕਤੂਬਰ 2021 ਦੀ ਹੈ। ਸੁਖਵਿੰਦਰ ਸੰਘਾ ਫਲੋਰੀਡਾ ਦੀ ਨੰਬਰ ਪਲੇਟ ਵਾਲੀ ਇੱਕ ਕਿਰਾਏ ਦੀ ਕਾਰ ਰਾਹੀਂ ਅਮਰੀਕਾ-ਕੈਨੇਡਾ ਸਰਹੱਦ ਪਾਰ ਕਰ ਰਹੀ ਸੀ। ਉਸਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਵਾਸ਼ਿੰਗਟਨ ਵਿੱਚ ਆਪਣੀ ਮਾਸੀ ਦੇ ਅੰਤਿਮ ਸੰਸਕਾਰ ਤੋਂ ਵਾਪਸ ਆ ਰਹੀ ਹੈ। ਜਦੋਂ ਅਧਿਕਾਰੀਆਂ ਨੇ ਸ਼ੱਕ ਦੇ ਆਧਾਰ 'ਤੇ ਉਸਨੂੰ ਰੁਕਣ ਲਈ ਕਿਹਾ ਤਾਂ ਉਸਨੇ ਕਾਰ ਭਜਾ ਲਈ। ਹਾਲਾਂਕਿ ਪਿੱਛਾ ਕਰ ਰਹੇ ਅਧਿਕਾਰੀਆਂ ਨੇ ਕੁਝ ਦੂਰੀ 'ਤੇ ਉਸਨੂੰ ਕਾਬੂ ਕਰ ਲਿਆ। ਕਾਰ ਦੀ ਤਲਾਸ਼ੀ ਦੌਰਾਨ ਡਫਲ ਬੈਗਾਂ ਵਿੱਚ ਭਰੀ ਨਸ਼ੀਲੀ ਸਮੱਗਰੀ ਬਰਾਮਦ ਹੋਈ, ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 1 ਮਿਲੀਅਨ ਤੋਂ 10 ਮਿਲੀਅਨ ਡਾਲਰ ਵਿਚਕਾਰ ਦੱਸੀ ਗਈ ਹੈ।
ਬਚਾਅ ਪੱਖ ਦੀ ਦਲੀਲ
ਸੰਘਾ ਦੇ ਵਕੀਲ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਉਸਨੇ ਇਹ ਕਦਮ ਮਜਬੂਰੀ ਵਿੱਚ ਚੁੱਕਿਆ ਸੀ। ਵਕੀਲ ਮੁਤਾਬਕ, ਕਿਸੇ ਅਣਪਛਾਤੇ ਵਿਅਕਤੀ ਨੇ ਉਸਦੇ ਬੇਟੇ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਸੀ ਅਤੇ 1.5 ਲੱਖ ਡਾਲਰ ਦੀ ਮੰਗ ਕੀਤੀ ਸੀ। ਇਸੇ ਦਬਾਅ ਹੇਠ ਉਸਨੇ ਇਹ ਤਸਕਰੀ ਕੀਤੀ। ਸਰਕਾਰੀ ਪੱਖ ਨੇ 10 ਤੋਂ 12 ਸਾਲ ਦੀ ਸਜ਼ਾ ਦੀ ਮੰਗ ਕੀਤੀ ਸੀ ਪਰ ਸੰਘਾ ਦੁਆਰਾ ਆਪਣਾ ਗੁਨਾਹ ਕਬੂਲ ਲੈਣ ਅਤੇ ਪਰਿਵਾਰਕ ਹਾਲਾਤਾਂ ਨੂੰ ਦੇਖਦੇ ਹੋਏ ਅਦਾਲਤ ਨੇ ਉਸਨੂੰ 5.5 ਸਾਲ ਦੀ ਸਜ਼ਾ ਸੁਣਾਈ ਹੈ।
ਕੌਣ ਹੈ ਸੁਖਵਿੰਦਰ ਕੌਰ ਸੰਘਾ?
ਸੁਖਵਿੰਦਰ ਸੰਘਾ ਦਾ ਜਨਮ ਪ੍ਰਿੰਸ ਜਾਰਜ ਵਿੱਚ ਹੋਇਆ ਸੀ। ਉਹ ਇੱਕ ਪੜ੍ਹੀ-ਲਿਖੀ ਮਹਿਲਾ ਹੈ ਜਿਸਨੇ ਫਾਰਮੇਸੀ ਟੈਕਨੀਸ਼ੀਅਨ ਵਜੋਂ ਟ੍ਰੇਨਿੰਗ ਲਈ ਸੀ। ਪਿਛਲੇ ਇੱਕ ਦਹਾਕੇ ਤੋਂ ਉਹ ਪੰਜਾਬੀ ਮੀਡੀਆ ਵਿੱਚ ਇੱਕ ਪ੍ਰੋਡਿਊਸਰ ਅਤੇ ਹੋਸਟ ਵਜੋਂ ਸਰਗਰਮ ਸੀ।ਹੈਰਾਨੀ ਦੀ ਗੱਲ ਇਹ ਹੈ ਕਿ ਉਹ ਆਪਣੇ ਸ਼ੋਅਜ਼ ਵਿੱਚ ਅਕਸਰ ਨੌਜਵਾਨਾਂ ਨੂੰ ਨਸ਼ਿਆਂ ਅਤੇ ਅਪਰਾਧ ਤੋਂ ਦੂਰ ਰਹਿਣ ਦੀ ਸਲਾਹ ਦਿੰਦੀ ਸੀ। ਉਸਨੇ ਕਈ ਵੱਡੇ ਰਾਜਨੇਤਾਵਾਂ ਅਤੇ ਪੁਲਿਸ ਅਧਿਕਾਰੀਆਂ ਦੇ ਇੰਟਰਵਿਊ ਵੀ ਕੀਤੇ ਹਨ। ਪੁਲਿਸ ਅਤੇ ਅਦਾਲਤ ਦਾ ਮੰਨਣਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਸਖ਼ਤ ਸਜ਼ਾ ਜ਼ਰੂਰੀ ਹੈ ਤਾਂ ਜੋ ਅਪਰਾਧਿਕ ਗੈਂਗ ਆਮ ਨਾਗਰਿਕਾਂ ਨੂੰ ਨਸ਼ਾ ਤਸਕਰੀ ਲਈ ਇਸਤੇਮਾਲ ਕਰਨ ਤੋਂ ਪਹਿਲਾਂ ਸੋਚਣ।