ਮਿਡਲ ਈਸਟ ਵਿੱਚ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਇਜ਼ਰਾਈਲ ਅਤੇ ਈਰਾਨ ਵਿਚਾਲੇ ਲਗਾਤਾਰ ਬੰਬਾਰੀ ਜਾਰੀ ਹੈ। ਇਸ ਦੌਰਾਨ ਈਰਾਨ ਨੇ ਇਜ਼ਰਾਈਲ 'ਤੇ ਇੱਕ ਵੱਡਾ ਅਤੇ ਜ਼ੋਰਦਾਰ ਹਮਲਾ ਕੀਤਾ ਹੈ। ਈਰਾਨ ਵੱਲੋਂ ਕੀਤੇ ਗਏ ਇਸ ਹਮਲੇ ਦੀ ਪੁਸ਼ਟੀ ਖੁਦ ਇਜ਼ਰਾਈਲੀ ਫੌਜ ਨੇ ਕੀਤੀ ਹੈ।

ਈਰਾਨ ਦੀ ਫੌਜ ਨੇ ਡੇਗਿਆ ਅਮਰੀਕਾ ਦਾ MQ-9 ਰੀਪਰ ਡਰੋਨ
ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਮੰਗਲਵਾਰ ਨੂੰ ਦੱਸਿਆ ਕਿ ਈਰਾਨ ਦੀ ਵਾਯੂ ਸੈਨਾ ਨੇ ਮੱਧ ਈਰਾਨ ਦੇ ਇਸਫਾਹਨ ਸ਼ਹਿਰ ਦੇ ਉੱਪਰ ਅਮਰੀਕੀ ਨਿਰਮਿਤ MQ-9 ਰੀਪਰ ਲੰਬੀ ਦੂਰੀ ਦੇ ਡਰੋਨ ਨੂੰ ਮਾਰ ਗਿਰਾਇਆ ਹੈ।
ਸਾਊਦੀ ਅਰਬ ਵੱਲ ਵੀ ਈਰਾਨ ਨੇ ਦਾਗਿਆ ਡਰੋਨ
ਅਮਰੀਕਾ-ਇਜ਼ਰਾਈਲੀ ਹਮਲਿਆਂ ਦੇ ਜਵਾਬ ਵਿੱਚ ਈਰਾਨ ਲਗਾਤਾਰ ਖਾੜੀ ਦੇਸ਼ਾਂ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਸੇ ਲੜੀ ਤਹਿਤ ਈਰਾਨ ਨੇ ਸਾਊਦੀ ਅਰਬ ਦੇ ਅਲ-ਖਾਰਜ ਸੂਬੇ ਵੱਲ ਡਰੋਨ ਦਾਗਿਆ, ਜਿਸ ਨੂੰ ਸਾਊਦੀ ਦੇ ਏਅਰ ਡਿਫੈਂਸ ਸਿਸਟਮ ਨੇ ਤਬਾਹ ਕਰ ਦਿੱਤਾ। ਅਲ-ਖਾਰਜ ਪ੍ਰਸ਼ਾਸਨ ਨੇ ਦੱਸਿਆ ਕਿ ਡਰੋਨ ਦਾ ਮਲਬਾ ਡਿੱਗਣ ਕਾਰਨ ਛੇ ਘਰਾਂ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ, ਪਰ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਈਰਾਨ ਨੇ ਦੁਬਈ ਵਿੱਚ ਕੁਵੈਤ ਦੇ ਤੇਲ ਟੈਂਕਰ 'ਤੇ ਕੀਤਾ ਹਮਲਾ
ਕੁਵੈਤ ਦੀ ਸਰਕਾਰੀ ਤੇਲ ਕੰਪਨੀ ਦੇ ਹਵਾਲੇ ਨਾਲ ਅਧਿਕਾਰਤ ਸਮਾਚਾਰ ਏਜੰਸੀ KUNA ਨੇ ਦੱਸਿਆ, "ਸੰਯੁਕਤ ਅਰਬ ਅਮੀਰਾਤ (UAE) ਦੇ ਦੁਬਈ ਬੰਦਰਗਾਹ ਦੇ ਲੰਗਰਗਾਹ ਖੇਤਰ ਵਿੱਚ ਮੌਜੂਦ ਕੁਵੈਤ ਦੇ ਇੱਕ ਵਿਸ਼ਾਲ ਕੱਚੇ ਤੇਲ ਦੇ ਟੈਂਕਰ 'ਤੇ ਈਰਾਨ ਨੇ ਜਾਣਬੁੱਝ ਕੇ ਹਮਲਾ ਕੀਤਾ।" ਇਸ ਹਮਲੇ ਕਾਰਨ ਤੇਲ ਟੈਂਕਰ ਨੂੰ ਅੱਗ ਲੱਗ ਗਈ, ਹਾਲਾਂਕਿ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।
ਤਹਿਰਾਨ ਵਿੱਚ ਬਿਜਲੀ ਹੋਈ ਗੁੱਲ
ਈਰਾਨੀ ਮੀਡੀਆ ਰਿਪੋਰਟਾਂ ਅਨੁਸਾਰ, ਮੰਗਲਵਾਰ ਨੂੰ ਰਾਜਧਾਨੀ ਤਹਿਰਾਨ ਵਿੱਚ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਅਤੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ। ਇਜ਼ਰਾਈਲ ਦੇ ਇਸ ਮਿਜ਼ਾਈਲ ਹਮਲੇ ਦੌਰਾਨ ਤਹਿਰਾਨ ਦੇ ਪੂਰਬ ਵਿੱਚ ਸਥਿਤ ਇੱਕ ਬਿਜਲੀ ਸਬ-ਸਟੇਸ਼ਨ 'ਤੇ ਗੋਲੇ/ਛਰ੍ਹੇ ਡਿੱਗਣ ਕਾਰਨ ਬਿਜਲੀ ਸਪਲਾਈ ਬੰਦ ਹੋ ਗਈ।
ਚਾਰ ਇਜ਼ਰਾਈਲੀ ਫ਼ੌਜੀਆਂ ਦੀ ਮੌਤ
ਇਜ਼ਰਾਈਲੀ ਰੱਖਿਆ ਬਲਾਂ (IDF) ਨੇ ਮੰਗਲਵਾਰ ਨੂੰ ਦੱਖਣੀ ਲੇਬਨਾਨ ਵਿੱਚ ਚੱਲ ਰਹੇ ਅਪਰੇਸ਼ਨਾਂ ਦੌਰਾਨ ਆਪਣੇ ਚਾਰ ਫ਼ੌਜੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਆਈ.ਡੀ.ਐੱਫ. ਨੇ ਇਹ ਵੀ ਦੱਸਿਆ ਕਿ ਇਸ ਕਾਰਵਾਈ ਵਿੱਚ ਤਿੰਨ ਹੋਰ ਸੈਨਿਕ ਜ਼ਖਮੀ ਹੋਏ ਹਨ।