ਪਾਕਿਸਤਾਨ ਖ਼ੁਦ ਨੂੰ ਧੋਖਾ ਦੇ ਰਿਹਾ...' ਇਸਲਾਮਾਬਾਦ ਸ਼ੀਆ ਮਸਜਿਦ ਧਮਾਕੇ 'ਤੇ ਭਾਰਤ ਦਾ ਕਰਾਰਾ ਜਵਾਬ
ਧਮਾਕੇ ਤੋਂ ਤੁਰੰਤ ਬਾਅਦ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਬਿਨਾਂ ਕਿਸੇ ਸਬੂਤ ਦੇ ਭਾਰਤ 'ਤੇ ਗੰਭੀਰ ਇਲਜ਼ਾਮ ਲਾਏ। ਉਨ੍ਹਾਂ ਦਾਅਵਾ ਕੀਤਾ ਕਿ, ਹਮਲਾਵਰ ਦਾ ਅਫ਼ਗਾਨਿਸਤਾਨ ਆਉਣ-ਜਾਣ ਦਾ ਇਤਿਹਾਸ ਸੀ। ਭਾਰਤ ਅਤੇ ਅਫ਼ਗਾਨ ਤਾਲਿਬਾਨ ਵਿਚਾਲੇ ਗਠਜੋੜ ਹੋ ਰਿਹਾ ਹੈ।
Publish Date: Sat, 07 Feb 2026 10:29 AM (IST)
Updated Date: Sat, 07 Feb 2026 10:37 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਸ਼ੁੱਕਰਵਾਰ (6 ਫਰਵਰੀ, 2026) ਨੂੰ ਜੁਮੇ ਦੀ ਨਮਾਜ਼ ਦੌਰਾਨ ਇੱਕ ਸ਼ੀਆ ਮਸਜਿਦ ਵਿੱਚ ਆਤਮਘਾਤੀ ਹਮਲਾ ਹੋਇਆ। ਇਸ ਹਮਲੇ ਵਿੱਚ ਹੁਣ ਤੱਕ 69 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 169 ਤੋਂ ਵੱਧ ਲੋਕ ਜ਼ਖਮੀ ਹਨ।
ਪਾਕਿਸਤਾਨੀ ਰੱਖਿਆ ਮੰਤਰੀ ਦੇ ਇਲਜ਼ਾਮ
ਧਮਾਕੇ ਤੋਂ ਤੁਰੰਤ ਬਾਅਦ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਬਿਨਾਂ ਕਿਸੇ ਸਬੂਤ ਦੇ ਭਾਰਤ 'ਤੇ ਗੰਭੀਰ ਇਲਜ਼ਾਮ ਲਾਏ। ਉਨ੍ਹਾਂ ਦਾਅਵਾ ਕੀਤਾ ਕਿ, ਹਮਲਾਵਰ ਦਾ ਅਫ਼ਗਾਨਿਸਤਾਨ ਆਉਣ-ਜਾਣ ਦਾ ਇਤਿਹਾਸ ਸੀ। ਭਾਰਤ ਅਤੇ ਅਫ਼ਗਾਨ ਤਾਲਿਬਾਨ ਵਿਚਾਲੇ ਗਠਜੋੜ ਹੋ ਰਿਹਾ ਹੈ। ਭਾਰਤ ਸਿੱਧੇ ਟਕਰਾਅ ਦੀ ਹਿੰਮਤ ਨਾ ਹੋਣ ਕਾਰਨ ਅਜਿਹੇ ਹਮਲੇ ਕਰਵਾ ਰਿਹਾ ਹੈ।
ਭਾਰਤ ਦਾ ਸਖ਼ਤ ਜਵਾਬ
ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਤੱਥਹੀਣ ਕਰਾਰ ਦਿੱਤਾ ਹੈ। ਭਾਰਤ ਨੇ ਕਿਹਾ, "ਇਸਲਾਮਾਬਾਦ ਦੀ ਮਸਜਿਦ ਵਿੱਚ ਹੋਇਆ ਧਮਾਕਾ ਨਿੰਦਣਯੋਗ ਹੈ ਅਤੇ ਭਾਰਤ ਇਸ ਵਿੱਚ ਹੋਏ ਜਾਨੀ-ਮਾਲੀ ਨੁਕਸਾਨ 'ਤੇ ਦੁੱਖ ਪ੍ਰਗਟ ਕਰਦਾ ਹੈ ਪਰ ਇਹ ਬਹੁਤ ਮੰਦਭਾਗਾ ਹੈ ਕਿ ਪਾਕਿਸਤਾਨ ਆਪਣੀਆਂ ਅੰਦਰੂਨੀ ਸਮੱਸਿਆਵਾਂ ਨੂੰ ਸੁਲਝਾਉਣ ਦੀ ਬਜਾਏ ਦੂਜਿਆਂ 'ਤੇ ਦੋਸ਼ ਲਗਾ ਕੇ ਖ਼ੁਦ ਨੂੰ ਧੋਖਾ ਦੇ ਰਿਹਾ ਹੈ।"
ਅਫ਼ਗਾਨਿਸਤਾਨ ਨੇ ਵੀ ਇਲਜ਼ਾਮ ਨਕਾਰੇ
ਕਾਬੁਲ ਦੀ ਤਾਲਿਬਾਨ ਸਰਕਾਰ ਨੇ ਵੀ ਪਾਕਿਸਤਾਨੀ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਅਫ਼ਗਾਨ ਰੱਖਿਆ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਆਪਣੀਆਂ ਸੁਰੱਖਿਆ ਖਾਮੀਆਂ ਤੋਂ ਧਿਆਨ ਭਟਕਾਉਣ ਲਈ ਬਿਨਾਂ ਕਿਸੇ ਜਾਂਚ ਦੇ ਅਫ਼ਗਾਨਿਸਤਾਨ 'ਤੇ ਦੋਸ਼ ਲਗਾਉਣ ਦਾ ਆਦੀ ਹੋ ਚੁੱਕਾ ਹੈ।