ਮਹਿਲ ਦੀਆਂ ਕੰਧਾਂ ਪਿੱਛੇ ਲੁਕਿਆ ਦਰਦ: ਮਾਡਲ ਮਨੋਹਰਾ ਨੇ ਰਾਜਕੁਮਾਰ ਨਾਲ ਆਪਣੇ ਵਿਆਹ ਨੂੰ ਦੱਸਿਆ 'ਜ਼ਬਰਦਸਤੀ ਦਾ ਸ਼ੋਸ਼ਣ'
ਵਿਆਹ ਤੋਂ ਬਾਅਦ ਉਸਨੂੰ ਮਲੇਸ਼ੀਆ ਦੇ ਸ਼ਾਹੀ ਮਹਿਲ ਵਿੱਚ ਰੱਖਿਆ ਗਿਆ ਸੀ, ਜਿੱਥੇ ਉਸਦੀ ਹਰ ਹਰਕਤ 'ਤੇ ਨਜ਼ਰ ਰੱਖੀ ਜਾਂਦੀ ਸੀ। ਉਸਨੂੰ ਆਪਣੇ ਮਾਤਾ-ਪਿਤਾ ਨਾਲ ਗੱਲ ਕਰਨ ਜਾਂ ਬਾਹਰ ਜਾਣ ਦੀ ਆਜ਼ਾਦੀ ਨਹੀਂ ਸੀ।
Publish Date: Tue, 06 Jan 2026 03:52 PM (IST)
Updated Date: Tue, 06 Jan 2026 03:57 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਮਾਡਲ ਮਨੋਹਰਾ ਓਡੇਲੀਆ ਨੇ ਸੋਸ਼ਲ ਮੀਡੀਆ ਰਾਹੀਂ ਦੁਨੀਆ ਨੂੰ ਦੱਸਿਆ ਹੈ ਕਿ ਜਦੋਂ 16 ਸਾਲ ਦੀ ਉਮਰ ਵਿੱਚ ਉਸਦਾ ਵਿਆਹ ਮਲੇਸ਼ੀਆ ਦੇ ਰਾਜਕੁਮਾਰ ਤੋਂਗਕੂ ਫਾਖਰੀ ਨਾਲ ਹੋਇਆ ਸੀ ਤਾਂ ਉਹ ਵਿਆਹ ਨਹੀਂ ਬਲਕਿ ਇੱਕ 'ਜ਼ਬਰਦਸਤੀ' ਸੀ। ਉਸਨੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਉਸਨੂੰ ਰਾਜਕੁਮਾਰ ਦੀ 'ਸਾਬਕਾ ਪਤਨੀ' ਕਹਿਣਾ ਬੰਦ ਕੀਤਾ ਜਾਵੇ।
ਮਨੋਹਰਾ ਅਨੁਸਾਰ, 2008 ਵਿੱਚ ਜਦੋਂ ਇਹ ਰਿਸ਼ਤਾ ਹੋਇਆ, ਉਹ ਨਾਬਾਲਗ ਸੀ। ਉਸਨੇ ਕਿਹਾ ਕਿ ਇੱਕ 16 ਸਾਲ ਦੀ ਬੱਚੀ ਕੋਈ ਕਾਨੂੰਨੀ ਸਹਿਮਤੀ ਨਹੀਂ ਦੇ ਸਕਦੀ। ਇਹ ਵਿਆਹ ਕਾਨੂੰਨ ਦੇ ਖ਼ਿਲਾਫ਼ ਅਤੇ ਸਰੀਰਕ-ਮਾਨਸਿਕ ਸੋਸ਼ਣ ਸੀ। ਹੁਣ 33 ਸਾਲ ਦੀ ਹੋ ਚੁੱਕੀ ਮਨੋਹਰਾ ਨੇ ਕਿਹਾ ਕਿ 'ਸਾਬਕਾ ਪਤਨੀ' ਸ਼ਬਦ ਇਸ ਅਪਰਾਧ ਨੂੰ ਇੱਕ 'ਆਮ ਵਿਆਹ' ਵਾਂਗ ਪੇਸ਼ ਕਰਦਾ ਹੈ, ਜੋ ਕਿ ਗਲਤ ਹੈ। ਉਸਨੇ ਗੂਗਲ, ਵਿਕੀਪੀਡੀਆ ਅਤੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਸਹੀ ਅਤੇ ਸੰਵੇਦਨਸ਼ੀਲ ਭਾਸ਼ਾ ਦੀ ਵਰਤੋਂ ਕਰਨ।
ਵਿਆਹ ਤੋਂ ਬਾਅਦ ਉਸਨੂੰ ਮਲੇਸ਼ੀਆ ਦੇ ਸ਼ਾਹੀ ਮਹਿਲ ਵਿੱਚ ਰੱਖਿਆ ਗਿਆ ਸੀ, ਜਿੱਥੇ ਉਸਦੀ ਹਰ ਹਰਕਤ 'ਤੇ ਨਜ਼ਰ ਰੱਖੀ ਜਾਂਦੀ ਸੀ। ਉਸਨੂੰ ਆਪਣੇ ਮਾਤਾ-ਪਿਤਾ ਨਾਲ ਗੱਲ ਕਰਨ ਜਾਂ ਬਾਹਰ ਜਾਣ ਦੀ ਆਜ਼ਾਦੀ ਨਹੀਂ ਸੀ।
ਕਿਵੇਂ ਮਿਲੀ ਆਜ਼ਾਦੀ
ਮਨੋਹਰਾ ਨੇ ਦੱਸਿਆ ਕਿ ਉਸ ਨਾਲ ਸਰੀਰਕ ਅਤੇ ਜਿਨਸੀ ਸੋਸ਼ਣ ਹੁੰਦਾ ਸੀ। ਸਾਲ 2009 ਵਿੱਚ ਜਦੋਂ ਉਹ ਰਾਜਕੁਮਾਰ ਨਾਲ ਸਿੰਗਾਪੁਰ ਦੇ ਇੱਕ ਹੋਟਲ ਵਿੱਚ ਸੀ ਤਾਂ ਉਹ ਆਪਣੀ ਮਾਂ, ਸਥਾਨਕ ਪ੍ਰਸ਼ਾਸਨ ਅਤੇ ਅਮਰੀਕੀ ਦੂਤਾਵਾਸ ਦੀ ਮਦਦ ਨਾਲ ਉੱਥੋਂ ਭੱਜਣ ਵਿੱਚ ਕਾਮਯਾਬ ਰਹੀ ਅਤੇ ਸੁਰੱਖਿਅਤ ਇੰਡੋਨੇਸ਼ੀਆ ਪਹੁੰਚ ਗਈ।