ਹੋਰਮੁਜ਼ ਸਟ੍ਰੇਟ ਖੋਲ੍ਹੋ ਨਹੀਂ ਤਾਂ...', ਟਰੰਪ ਦਾ ਈਰਾਨ ਨੂੰ 48 ਘੰਟਿਆਂ ਦਾ ਅਲਟੀਮੇਟਮ; ਤਹਿਰਾਨ ਨੇ ਦਿੱਤਾ ਕਰਾਰਾ ਜਵਾਬ
ਈਰਾਨ ਨੇ 28 ਫਰਵਰੀ ਨੂੰ ਅਮਰੀਕਾ-ਇਜ਼ਰਾਈਲ ਦੇ ਸਾਂਝੇ ਹਮਲਿਆਂ ਤੋਂ ਬਾਅਦ ਹੋਰਮੁਜ਼ ਸਟ੍ਰੇਟ ਨੂੰ ਜ਼ਿਆਦਾਤਰ ਸ਼ਿਪਿੰਗ ਟ੍ਰੈਫਿਕ ਲਈ ਬੰਦ ਕਰ ਦਿੱਤਾ ਹੈ। ਖ਼ਾਸ ਕਰਕੇ ਉਨ੍ਹਾਂ ਦੇਸ਼ਾਂ ਲਈ ਜੋ ਈਰਾਨ ਵਿਰੁੱਧ ਹਮਲਿਆਂ ਵਿੱਚ ਸ਼ਾਮਲ ਹਨ। ਦੱਸਣਯੋਗ ਹੈ ਕਿ ਦੁਨੀਆ ਦਾ ਲਗਪਗ ਪੰਜਵਾਂ ਹਿੱਸਾ ਕੱਚਾ ਤੇਲ ਅਤੇ ਤਰਲ ਕੁਦਰਤੀ ਗੈਸ (LNG) ਇਸੇ ਰਸਤੇ ਰਾਹੀਂ ਗੁਜ਼ਰਦਾ ਹੈ।
Publish Date: Sun, 22 Mar 2026 10:42 AM (IST)
Updated Date: Sun, 22 Mar 2026 10:48 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਹੋਰਮੁਜ਼ ਸਟ੍ਰੇਟ (Strait of Hormuz) ਨੂੰ ਪੂਰੀ ਤਰ੍ਹਾਂ ਖੋਲ੍ਹਣ ਲਈ 48 ਘੰਟਿਆਂ ਦਾ ਸਖ਼ਤ ਅਲਟੀਮੇਟਮ ਦਿੱਤਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' (Truth Social) 'ਤੇ ਪੋਸਟ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਤਹਿਰਾਨ ਨੇ ਇਸ ਸਮੇਂ ਦੇ ਅੰਦਰ ਸਟ੍ਰੇਟ ਨੂੰ ਬਿਨਾਂ ਕਿਸੇ ਖ਼ਤਰੇ ਦੇ ਨਾ ਖੋਲ੍ਹਿਆ ਤਾਂ ਅਮਰੀਕਾ ਈਰਾਨ ਦੇ ਵੱਖ-ਵੱਖ ਪਾਵਰ ਪਲਾਂਟਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ, ਜਿਸ ਦੀ ਸ਼ੁਰੂਆਤ ਸਭ ਤੋਂ ਵੱਡੇ ਪਲਾਂਟ ਤੋਂ ਕੀਤੀ ਜਾਵੇਗੀ।
ਟਰੰਪ ਨੇ ਇਹ ਪੋਸਟ ਭਾਰਤੀ ਸਮੇਂ ਅਨੁਸਾਰ ਸਵੇਰੇ 5:14 ਵਜੇ ਕੀਤੀ, ਜਿਸ ਮੁਤਾਬਕ ਈਰਾਨ ਕੋਲ ਮੰਗਲਵਾਰ ਸਵੇਰ ਤੱਕ ਦਾ ਸਮਾਂ ਹੈ। ਉਨ੍ਹਾਂ ਲਿਖਿਆ, "ਜੇਕਰ ਈਰਾਨ 48 ਘੰਟਿਆਂ ਦੇ ਅੰਦਰ ਹੋਰਮੁਜ਼ ਸਟ੍ਰੇਟ ਨੂੰ ਬਿਨਾਂ ਕਿਸੇ ਧਮਕੀ ਦੇ ਪੂਰੀ ਤਰ੍ਹਾਂ ਖੁੱਲ੍ਹਾ ਨਹੀਂ ਕਰਦਾ ਤਾਂ ਸੰਯੁਕਤ ਰਾਜ ਅਮਰੀਕਾ ਉਨ੍ਹਾਂ ਦੇ ਪਾਵਰ ਪਲਾਂਟਾਂ ਨੂੰ ਨੇਸਤਨਾਬੂਦ ਕਰ ਦੇਵੇਗਾ।" ਇਹ ਧਮਕੀ ਮੱਧ ਪੂਰਬ (Middle East) ਵਿੱਚ ਚੱਲ ਰਹੀ ਜੰਗ ਵਿੱਚ ਇੱਕ ਵੱਡਾ ਮੋੜ ਹੈ।
ਊਰਜਾ ਤੇ ਪਾਣੀ ਸਾਫ਼ ਕਰਨ ਵਾਲੇ ਪਲਾਂਟਾਂ ਨੂੰ ਬਣਾਵਾਂਗੇ ਨਿਸ਼ਾਨਾ: ਈਰਾਨੀ ਫ਼ੌਜ
ਟਰੰਪ ਦੇ ਅਲਟੀਮੇਟਮ ਦੇ ਜਵਾਬ ਵਿੱਚ ਈਰਾਨੀ ਫ਼ੌਜੀ ਕਮਾਂਡ 'ਖਾਤਮ ਅਲ-ਅੰਬੀਆ' ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਦੇ ਈਂਧਨ ਜਾਂ ਊਰਜਾ ਢਾਂਚੇ 'ਤੇ ਕੋਈ ਹਮਲਾ ਹੋਇਆ ਤਾਂ ਖੇਤਰ ਵਿੱਚ ਮੌਜੂਦ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਦੇ ਸਾਰੇ ਊਰਜਾ, ਸੂਚਨਾ ਤਕਨਾਲੋਜੀ (IT) ਅਤੇ ਪਾਣੀ ਸਾਫ਼ ਕਰਨ ਵਾਲੇ (Desalination) ਪਲਾਂਟਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।
ਸਮਾਚਾਰ ਏਜੰਸੀ ਏ.ਐਫ.ਪੀ. (AFP) ਅਨੁਸਾਰ, ਈਰਾਨੀ ਫ਼ੌਜ ਨੇ ਸਪੱਸ਼ਟ ਕੀਤਾ ਹੈ ਕਿ ਦੁਸ਼ਮਣ ਦੀ ਕਿਸੇ ਵੀ ਉਲੰਘਣਾ ਦਾ ਜਵਾਬ ਖੇਤਰੀ ਸ਼ਾਸਨਾਂ ਦੇ ਅਹਿਮ ਢਾਂਚੇ ਨੂੰ ਤਬਾਹ ਕਰਕੇ ਦਿੱਤਾ ਜਾਵੇਗਾ।
ਵਿਸ਼ਵ ਤੇਲ ਸਪਲਾਈ ਦਾ ਪੰਜਵਾਂ ਹਿੱਸਾ ਪ੍ਰਭਾਵਿਤ
ਈਰਾਨ ਨੇ 28 ਫਰਵਰੀ ਨੂੰ ਅਮਰੀਕਾ-ਇਜ਼ਰਾਈਲ ਦੇ ਸਾਂਝੇ ਹਮਲਿਆਂ ਤੋਂ ਬਾਅਦ ਹੋਰਮੁਜ਼ ਸਟ੍ਰੇਟ ਨੂੰ ਜ਼ਿਆਦਾਤਰ ਸ਼ਿਪਿੰਗ ਟ੍ਰੈਫਿਕ ਲਈ ਬੰਦ ਕਰ ਦਿੱਤਾ ਹੈ। ਖ਼ਾਸ ਕਰਕੇ ਉਨ੍ਹਾਂ ਦੇਸ਼ਾਂ ਲਈ ਜੋ ਈਰਾਨ ਵਿਰੁੱਧ ਹਮਲਿਆਂ ਵਿੱਚ ਸ਼ਾਮਲ ਹਨ। ਦੱਸਣਯੋਗ ਹੈ ਕਿ ਦੁਨੀਆ ਦਾ ਲਗਪਗ ਪੰਜਵਾਂ ਹਿੱਸਾ ਕੱਚਾ ਤੇਲ ਅਤੇ ਤਰਲ ਕੁਦਰਤੀ ਗੈਸ (LNG) ਇਸੇ ਰਸਤੇ ਰਾਹੀਂ ਗੁਜ਼ਰਦਾ ਹੈ।
ਇਸ ਬੰਦਿਸ਼ ਕਾਰਨ ਤੇਲ 'ਤੇ ਨਿਰਭਰ ਦੇਸ਼ ਬਦਲਵੇਂ ਰਸਤੇ ਲੱਭ ਰਹੇ ਹਨ ਅਤੇ ਆਪਣੇ ਰਾਖਵੇਂ ਭੰਡਾਰਾਂ ਦੀ ਵਰਤੋਂ ਕਰ ਰਹੇ ਹਨ। ਇਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਜਿਸ ਨਾਲ ਵਿਸ਼ਵ ਪੱਧਰ 'ਤੇ ਮਹਿੰਗਾਈ ਵਧਣ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਕਈ ਦੇਸ਼ਾਂ ਵੱਲੋਂ ਨਿਖੇਧੀ
ਬ੍ਰਿਟੇਨ, ਫਰਾਂਸ, ਇਟਲੀ, ਜਰਮਨੀ, ਦੱਖਣੀ ਕੋਰੀਆ, ਆਸਟ੍ਰੇਲੀਆ, ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਸਮੇਤ ਕਈ ਦੇਸ਼ਾਂ ਨੇ ਹੋਰਮੁਜ਼ ਸਟ੍ਰੇਟ ਦੀ ਬੰਦੀ ਦੀ ਸਖ਼ਤ ਨਿੰਦਾ ਕੀਤੀ ਹੈ। ਹੁਣ ਸਾਰੀ ਦੁਨੀਆ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹਨ ਕਿ ਕੀ ਈਰਾਨ ਅਮਰੀਕੀ ਅਲਟੀਮੇਟਮ ਅੱਗੇ ਝੁਕੇਗਾ ਜਾਂ ਫਿਰ ਇਹ ਟਕਰਾਅ ਕਿਸੇ ਵੱਡੀ ਜੰਗ ਦਾ ਰੂਪ ਧਾਰਨ ਕਰੇਗਾ।