ਰੂਸੀ ਜਹਾਜ਼ 'ਤੇ ਪ੍ਰਮਾਣੂ ਧਮਾਕਾ: ਕੀ ਅਮਰੀਕਾ ਨੇ ਰਚੀ ਸੀ ਸਾਜ਼ਿਸ਼? ਜਾਣੋ ਭਾਰਤ ਨਾਲ ਕੀ ਹੈ ਸਬੰਧ
ਰੂਸ ਨੇ ਇਸ ਘਟਨਾ ਨੂੰ ਅਮਰੀਕਾ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਅਤੇ ਹਮਲਾ ਕਰਾਰ ਦਿੱਤਾ ਸੀ। ਜਹਾਜ਼ ਦੇ ਹੇਠਲੇ ਹਿੱਸੇ ਵਿੱਚ 50 ਸੈਂਟੀਮੀਟਰ ਦਾ ਇੱਕ ਮੋਰੀ ਮਿਲਿਆ ਸੀ, ਜਿਸ ਦੇ ਕਿਨਾਰੇ ਅੰਦਰ ਵੱਲ ਮੁੜੇ ਹੋਏ ਸਨ, ਜੋ ਕਿ ਬਾਹਰੀ ਹਮਲੇ ਦਾ ਸੰਕੇਤ ਦਿੰਦੇ ਹਨ।
Publish Date: Sun, 04 Jan 2026 12:54 PM (IST)
Updated Date: Sun, 04 Jan 2026 01:00 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਭੂਮੱਧ ਸਾਗਰ (Mediterranean Sea) ਵਿੱਚ ਸਪੇਨ ਦੇ ਕਾਰਟਾਜੇਨਾ ਤੋਂ ਲਗਪਗ 60 ਨੌਟੀਕਲ ਮੀਲ ਦੂਰ ਇੱਕ ਰੂਸੀ ਜਹਾਜ਼ ਨਾਲ ਵਾਪਰੀ ਘਟਨਾ ਨੇ ਦੁਨੀਆ ਭਰ ਵਿੱਚ ਹਲਚਲ ਮਚਾ ਦਿੱਤੀ ਹੈ। 23 ਦਸੰਬਰ 2024 ਨੂੰ ਹੋਏ ਇਸ ਹਾਦਸੇ ਬਾਰੇ ਹੁਣ ਇੱਕ ਸਾਲ ਬਾਅਦ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ।
ਜਾਂਚ ਰਿਪੋਰਟ 'ਚ ਵੱਡਾ ਖੁਲਾਸਾ
ਸਪੇਨੀ ਅਖ਼ਬਾਰ 'ਲਾ ਵਰਡਾਡ' (La Verdad) ਦੀ ਦਸੰਬਰ 2025 ਦੀ ਰਿਪੋਰਟ ਮੁਤਾਬਕ, ਜਹਾਜ਼ ਵਿੱਚ ਦੋ VM-4SG ਨਿਊਕਲੀਅਰ ਰਿਐਕਟਰ ਦੇ ਕੇਸਿੰਗ (ਢਾਂਚੇ) ਗੁਪਤ ਰੂਪ ਵਿੱਚ ਰੱਖੇ ਹੋਏ ਸਨ। ਇਹ ਖ਼ਤਰਨਾਕ ਸਮਾਨ ਰੂਸ ਤੋਂ ਉੱਤਰੀ ਕੋਰੀਆ ਭੇਜਿਆ ਜਾ ਰਿਹਾ ਸੀ। ਜਹਾਜ਼ 'ਤੇ ਤਿੰਨ ਲਗਾਤਾਰ ਧਮਾਕੇ ਹੋਏ, ਜਿਸ ਕਾਰਨ ਇਹ ਸਮੁੰਦਰ ਵਿੱਚ ਡੁੱਬ ਗਿਆ। 16 ਵਿੱਚੋਂ 14 ਕਰੂ ਮੈਂਬਰ ਬਚਾ ਲਏ ਗਏ, ਜਦਕਿ 2 ਲਾਪਤਾ ਹੋ ਗਏ।
ਰੂਸ ਦਾ ਇਲਜ਼ਾਮ ਤੇ ਜਹਾਜ਼ ਦੀ ਹਾਲਤ
ਰੂਸ ਨੇ ਇਸ ਘਟਨਾ ਨੂੰ ਅਮਰੀਕਾ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਅਤੇ ਹਮਲਾ ਕਰਾਰ ਦਿੱਤਾ ਸੀ। ਜਹਾਜ਼ ਦੇ ਹੇਠਲੇ ਹਿੱਸੇ ਵਿੱਚ 50 ਸੈਂਟੀਮੀਟਰ ਦਾ ਇੱਕ ਮੋਰੀ ਮਿਲਿਆ ਸੀ, ਜਿਸ ਦੇ ਕਿਨਾਰੇ ਅੰਦਰ ਵੱਲ ਮੁੜੇ ਹੋਏ ਸਨ, ਜੋ ਕਿ ਬਾਹਰੀ ਹਮਲੇ ਦਾ ਸੰਕੇਤ ਦਿੰਦੇ ਹਨ। ਹਾਲਾਂਕਿ ਰੂਸ ਨੇ ਪਹਿਲਾਂ ਕਿਹਾ ਸੀ ਕਿ ਜਹਾਜ਼ ਵਿੱਚ ਸਿਰਫ਼ ਕਰੇਨ ਅਤੇ ਖਾਲੀ ਕੰਟੇਨਰ ਸਨ ਪਰ ਜਾਂਚ ਵਿੱਚ ਦੋ ਵੱਡੇ ਨੀਲੇ ਰੰਗ ਦੇ ਕੰਟੇਨਰਾਂ ਦਾ ਪਤਾ ਲੱਗਾ ਜਿਨ੍ਹਾਂ ਵਿੱਚ ਪਰਮਾਣੂ ਰਿਐਕਟਰ ਦੇ ਹਿੱਸੇ ਸਨ।
ਭਾਰਤ ਨਾਲ ਕੀ ਹੈ ਕਨੈਕਸ਼ਨ
ਜਾਂਚ ਦੌਰਾਨ ਇਸ ਘਟਨਾ ਦਾ ਸਬੰਧ ਭਾਰਤ ਨਾਲ ਵੀ ਜੋੜਨ ਦੀ ਕੋਸ਼ਿਸ਼ ਕੀਤੀ। ਸ਼ੁਰੂਆਤੀ ਜਾਂਚ ਵਿੱਚ ਕਿਹਾ ਗਿਆ ਸੀ ਕਿ ਭਾਰਤ ਦੀਆਂ INS ਅਰਿਹੰਤ ਕਲਾਸ (SSBN) ਸਬਮਰੀਨਾਂ ਵਿੱਚ ਵੀ VM-4SG ਵਰਗੇ ਰਿਐਕਟਰਾਂ ਦੀ ਵਰਤੋਂ ਹੁੰਦੀ ਹੈ । ਭਾਰਤ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਭਾਰਤ ਨੇ ਸਪੱਸ਼ਟ ਕੀਤਾ ਕਿ ਸਾਡਾ CLWR-B1 ਰਿਐਕਟਰ ਪੂਰੀ ਤਰ੍ਹਾਂ ਸਵਦੇਸ਼ੀ ਹੈ ਅਤੇ ਇਸ ਦਾ ਰੂਸੀ ਰਿਐਕਟਰਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।