ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਦੇ ਸਹਿਯੋਗੀ ਦੇਸ਼ ਹੋਰਮੁਜ਼ ਸਟ੍ਰੇਟ ਨੂੰ ਖੋਲ੍ਹਣ ਵਿੱਚ ਮਦਦ ਨਹੀਂ ਕਰਦੇ, ਤਾਂ ਨਾਟੋ ਦਾ ਭਵਿੱਖ ਬਹੁਤ ਮਾੜਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਯੂਰਪੀ ਦੇਸ਼ਾਂ ਨੂੰ ਇੱਕ ਸਖ਼ਤ ਸੰਦੇਸ਼ ਦਿੱਤਾ ਹੈ ਕਿ ਉਹ ਈਰਾਨ ਦੇ ਖ਼ਿਲਾਫ਼ ਉਨ੍ਹਾਂ ਦੀਆਂ ਜੰਗੀ ਕੋਸ਼ਿਸ਼ਾਂ ਵਿੱਚ ਸ਼ਾਮਲ ਹੋਣ।

'ਯੂਰਪ ਅਤੇ ਚੀਨ ਇਸ ਤੇਲ 'ਤੇ ਜ਼ਿਆਦਾ ਨਿਰਭਰ'
ਟਰੰਪ ਨੇ ਕਿਹਾ, "ਇਹ ਬਿਲਕੁਲ ਸਹੀ ਹੈ ਕਿ ਜੋ ਲੋਕ ਇਸ ਜਲਡਮਰੂ ਤੋਂ ਫਾਇਦਾ ਉਠਾਉਂਦੇ ਹਨ, ਉਹ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਨ ਕਿ ਉੱਥੇ ਕੁਝ ਵੀ ਮਾੜਾ ਨਾ ਹੋਵੇ।" ਉਨ੍ਹਾਂ ਨੇ ਇਹ ਤਰਕ ਦਿੱਤਾ ਕਿ ਅਮਰੀਕਾ ਦੇ ਉਲਟ, ਯੂਰਪ ਅਤੇ ਚੀਨ ਖਾੜੀ ਖੇਤਰ ਤੋਂ ਆਉਣ ਵਾਲੇ ਤੇਲ 'ਤੇ ਬਹੁਤ ਜ਼ਿਆਦਾ ਨਿਰਭਰ ਹਨ।
ਉਨ੍ਹਾਂ ਨੇ ਅੱਗੇ ਕਿਹਾ, "ਜੇਕਰ ਕੋਈ ਜਵਾਬ ਨਹੀਂ ਮਿਲਦਾ ਜਾਂ ਫਿਰ ਨਕਾਰਾਤਮਕ ਜਵਾਬ ਮਿਲਦਾ ਹੈ, ਤਾਂ ਮੈਨੂੰ ਲੱਗਦਾ ਹੈ ਕਿ ਇਹ ਨਾਟੋ ਦੇ ਭਵਿੱਖ ਲਈ ਬਹੁਤ ਮਾੜਾ ਹੋਵੇਗਾ।"
ਅਕਸਰ ਨਾਟੋ ਗਠਜੋੜ ਦੀ ਆਲੋਚਨਾ ਕਰਨ ਵਾਲੇ ਟਰੰਪ ਨੇ ਕਿਹਾ, "ਸਾਡੇ ਕੋਲ ਨਾਟੋ ਨਾਮ ਦੀ ਇੱਕ ਚੀਜ਼ ਹੈ। ਸਾਨੂੰ ਯੂਕਰੇਨ ਦੇ ਮਾਮਲੇ ਵਿੱਚ ਉਨ੍ਹਾਂ ਦੀ ਕੋਈ ਲੋੜ ਨਹੀਂ ਸੀ। ਯੂਕਰੇਨ ਸਾਡੇ ਤੋਂ ਹਜ਼ਾਰਾਂ ਮੀਲ ਦੂਰ ਹੈ, ਫਿਰ ਵੀ ਅਸੀਂ ਉਨ੍ਹਾਂ ਦੀ ਮਦਦ ਕੀਤੀ। ਹੁਣ ਅਸੀਂ ਦੇਖਾਂਗੇ ਕਿ ਕੀ ਉਹ ਸਾਡੀ ਮਦਦ ਕਰ ਸਕਦੇ ਹਨ ਜਾਂ ਨਹੀਂ। ਮੈਂ ਲੰਬੇ ਸਮੇਂ ਤੋਂ ਕਹਿੰਦਾ ਆ ਰਿਹਾ ਹਾਂ ਕਿ ਅਸੀਂ ਉਨ੍ਹਾਂ ਲਈ ਮੌਜੂਦ ਰਹਾਂਗੇ, ਪਰ ਉਹ ਸਾਡੇ ਲਈ ਮੌਜੂਦ ਨਹੀਂ ਰਹਿਣਗੇ।"
ਟਰੰਪ ਚਾਹੁੰਦੇ ਹਨ ਯੂਰਪ ਦੀ ਮਦਦ
ਟਰੰਪ ਨੇ ਇਸ਼ਾਰਾ ਕੀਤਾ ਕਿ ਉਹ ਯੂਰਪੀ ਕਮਾਂਡੋ ਟੀਮਾਂ ਜਾਂ ਹੋਰ ਫ਼ੌਜੀ ਮਦਦ ਚਾਹੁੰਦੇ ਹਨ, ਤਾਂ ਜੋ ਖਾੜੀ ਖੇਤਰ ਵਿੱਚ ਡਰੋਨ ਅਤੇ ਸਮੁੰਦਰੀ ਮਾਈਨਜ਼ ਰਾਹੀਂ ਮੁਸ਼ਕਲਾਂ ਖੜ੍ਹੀਆਂ ਕਰਨ ਵਾਲੇ ਇਰਾਨੀਆਂ ਨੂੰ ਖ਼ਤਮ ਕੀਤਾ ਜਾ ਸਕੇ।
ਟਰੰਪ ਨੇ ਕਿਹਾ, "ਅਸੀਂ ਉਨ੍ਹਾਂ 'ਤੇ ਬਹੁਤ ਜ਼ੋਰਦਾਰ ਹਮਲਾ ਕਰ ਰਹੇ ਹਾਂ। ਉਨ੍ਹਾਂ ਕੋਲ ਸਟ੍ਰੇਟ ਵਿੱਚ ਥੋੜ੍ਹੀ-ਬਹੁਤ ਗੜਬੜ ਕਰਨ ਤੋਂ ਇਲਾਵਾ ਕੁਝ ਨਹੀਂ ਬਚਿਆ ਹੈ, ਪਰ ਇਹ ਲੋਕ ਇਸ ਤੋਂ ਫਾਇਦਾ ਉਠਾਉਣ ਵਾਲੇ ਹਨ ਅਤੇ ਇਸ ਦੀ ਨਿਗਰਾਨੀ ਲਈ ਉਨ੍ਹਾਂ ਨੂੰ ਸਾਡੀ ਮਦਦ ਕਰਨੀ ਚਾਹੀਦੀ ਹੈ। ਅਸੀਂ ਉਨ੍ਹਾਂ ਦੀ ਮਦਦ ਕਰਾਂਗੇ ਪਰ ਉਨ੍ਹਾਂ ਨੂੰ ਵੀ ਉੱਥੇ ਮੌਜੂਦ ਰਹਿਣਾ ਚਾਹੀਦਾ ਹੈ। ਕੁਝ ਲੋਕਾਂ 'ਤੇ ਨਜ਼ਰ ਰੱਖਣ ਲਈ ਤੁਹਾਨੂੰ ਕਾਫ਼ੀ ਲੋਕਾਂ ਦੀ ਲੋੜ ਹੁੰਦੀ ਹੈ।"