- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਲੰਬੀਆ ਦੇ ਦੱਖਣੀ ਅਮੇਜ਼ਨ ਇਲਾਕੇ ਵਿੱਚ ਬੀਤੇ ਦਿਨ ਸੋਮਵਾਰ ਨੂੰ ਫ਼ੌਜ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਵਿੱਚ ਸਵਾਰ 125 ਲੋਕਾਂ ਵਿੱਚੋਂ ਘੱਟੋ-ਘੱਟ 66 ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਕੋਲੰਬੀਆ ਦੀ ਹਵਾਈ ਫ਼ੌਜ ਦੇ ਹਾਲੀਆ ਇਤਿਹਾਸ ਦੇ ਸਭ ਤੋਂ ਭਿਆਨਕ ਹਾਦਸਿਆਂ ਵਿੱਚੋਂ ਇੱਕ ਹੈ। ਹਾਦਸੇ ਦੇ ਮਲਬੇ ਅਤੇ ਸੁਆਹ ਦੇ ਵਿਚਕਾਰ ਅਜੇ ਵੀ ਲਗਭਗ ਦੋ ਦਰਜਨ ਲੋਕ ਲਾਪਤਾ ਹਨ। ਪੁਟੂਮਾਯੋ ਵਿਭਾਗ ਦੇ ਗਵਰਨਰ ਜੌਨ ਗੈਬਰੀਅਲ ਮੋਲੀਨਾ ਨੇ ਸਥਾਨਕ ਨਿਊਜ਼ ਆਊਟਲੈਟ ਨੂੰ ਦੱਸਿਆ ਕਿ 66 ਲੋਕ ਮਾਰੇ ਗਏ ਹਨ, ਕਈ ਜ਼ਖ਼ਮੀ ਹਨ ਅਤੇ 21 ਲੋਕ ਅਜੇ ਵੀ ਲਾਪਤਾ ਹਨ।

ਫਾਇਰਫਾਈਟਰ ਐਡੁਆਰਡੋ ਸੈਨ ਜੁਆਨ ਕੈਲੇਜਾਸ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਜਦੋਂ ਜਹਾਜ਼ ਉਡਾਣ ਭਰ ਰਿਹਾ ਸੀ, ਤਾਂ ਰਨਵੇਅ ਦੇ ਅਖੀਰਲੇ ਹਿੱਸੇ ਕੋਲ ਇਹ ਕਿਸੇ ਚੀਜ਼ ਨਾਲ ਟਕਰਾ ਗਿਆ। ਇਸ ਤੋਂ ਬਾਅਦ ਜਦੋਂ ਜਹਾਜ਼ ਹੇਠਾਂ ਡਿੱਗ ਰਿਹਾ ਸੀ, ਤਾਂ ਉਸ ਦਾ ਇਕ ਖੰਭ ਰੁੱਖ ਨਾਲ ਟਕਰਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਹਾਦਸੇ ਕਾਰਨ ਜਹਾਜ਼ ਨੂੰ ਅੱਗ ਲੱਗ ਗਈ ਅਤੇ ਉਸ ਵਿਚ ਰੱਖੇ ਕੁਝ ਵਿਸਫੋਟਕ ਉਪਕਰਣ ਫਟ ਗਏ।
ਘਟਨਾ ਦੀ ਵੀਡੀਓ ਵਾਇਰਲ
ਇਸ ਘਟਨਾ ਨਾਲ ਸਬੰਧਤ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਸ ਦੂਰ-ਦਰਾਡੇ ਇਲਾਕੇ ਦੇ ਰਹਿਣ ਵਾਲੇ ਲੋਕ ਸਭ ਤੋਂ ਪਹਿਲਾਂ ਬਚਾਅ ਕਾਰਜ ਲਈ ਅੱਗੇ ਆਉਂਦੇ ਦਿਖਾਈ ਦੇ ਰਹੇ ਹਨ। ਕੁਝ ਲੋਕ ਆਪਣੀਆਂ ਮੋਟਰਸਾਈਕਲਾਂ 'ਤੇ ਜ਼ਖਮੀ ਸੈਨਿਕਾਂ ਨੂੰ ਬਿਠਾ ਕੇ ਕੱਚੀ ਸੜਕ 'ਤੇ ਤੇਜ਼ੀ ਨਾਲ ਦੌੜਦੇ ਦੇਖੇ ਜਾ ਸਕਦੇ ਹਨ।
ਬਾਅਦ ਵਿੱਚ ਫ਼ੌਜ ਦੇ ਵਾਹਨ ਵੀ ਉੱਥੇ ਪਹੁੰਚ ਗਏ, ਪਰ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਤੱਕ ਪਹੁੰਚਣਾ ਕਾਫ਼ੀ ਮੁਸ਼ਕਲ ਸੀ, ਜਿਸ ਕਾਰਨ ਬਚਾਅ ਕਾਰਜਾਂ ਵਿੱਚ ਰੁਕਾਵਟ ਆ ਰਹੀ ਸੀ।