ਭਾਰਤ-ਅਮਰੀਕਾ ਵਪਾਰ ਸਮਝੌਤਾ: ਦਾਲਾਂ-ਦੁੱਧ ਤੋਂ ਲੈ ਕੇ ਲੈਪਟਾਪ ਤੱਕ..., ਜਾਣੋ ਕੀ ਹੋਵੇਗਾ ਸਸਤਾ ਤੇ ਕੀ ਮਹਿੰਗਾ; ਦੇਖੋ ਪੂਰੀ ਲਿਸਟ
ਭਾਰਤ ਅਤੇ ਅਮਰੀਕਾ ਵਿਚਾਲੇ ਟੈਰਿਫ (ਆਯਾਤ ਡਿਊਟੀ) ਘਟਾਉਣ ਨੂੰ ਲੈ ਕੇ ਹੋਏ ਇਤਿਹਾਸਕ ਸਮਝੌਤੇ ਨਾਲ ਦੇਸ਼ ਵਿੱਚ ਕਈ ਤਰ੍ਹਾਂ ਦੀਆਂ ਵਸਤੂਆਂ ਸਸਤੀਆਂ ਹੋ ਸਕਦੀਆਂ ਹਨ। ਇਸ ਵਿੱਚ ਟੈਕਨਾਲੋਜੀ ਨਾਲ ਜੁੜੇ ਉਤਪਾਦਾਂ ਤੋਂ ਲੈ ਕੇ ਖੇਤੀਬਾੜੀ ਉਤਪਾਦਾਂ ਤੱਕ ਕਈ ਚੀਜ਼ਾਂ ਸ਼ਾਮਲ ਹਨ।
Publish Date: Tue, 03 Feb 2026 03:08 PM (IST)
Updated Date: Tue, 03 Feb 2026 03:15 PM (IST)

ਨਵੀਂ ਦਿੱਲੀ : ਭਾਰਤ ਅਤੇ ਅਮਰੀਕਾ ਵਿਚਾਲੇ ਟੈਰਿਫ (ਆਯਾਤ ਡਿਊਟੀ) ਘਟਾਉਣ ਨੂੰ ਲੈ ਕੇ ਹੋਏ ਇਤਿਹਾਸਕ ਸਮਝੌਤੇ ਨਾਲ ਦੇਸ਼ ਵਿੱਚ ਕਈ ਤਰ੍ਹਾਂ ਦੀਆਂ ਵਸਤੂਆਂ ਸਸਤੀਆਂ ਹੋ ਸਕਦੀਆਂ ਹਨ। ਇਸ ਵਿੱਚ ਟੈਕਨਾਲੋਜੀ ਨਾਲ ਜੁੜੇ ਉਤਪਾਦਾਂ ਤੋਂ ਲੈ ਕੇ ਖੇਤੀਬਾੜੀ ਉਤਪਾਦਾਂ ਤੱਕ ਕਈ ਚੀਜ਼ਾਂ ਸ਼ਾਮਲ ਹਨ।
ਰਿਪੋਰਟਾਂ ਮੁਤਾਬਕ, ਇਸ ਡੀਲ ਨਾਲ ਲੈਪਟਾਪ, ਮੋਬਾਈਲ ਗੈਜੇਟਸ ਅਤੇ ਕੰਜ਼ਿਊਮਰ ਇਲੈਕਟ੍ਰਾਨਿਕਸ ਵਰਗੇ ਟੈਕ ਹਾਰਡਵੇਅਰ ਅਤੇ ਉਨ੍ਹਾਂ ਦੇ ਪੁਰਜ਼ਿਆਂ ਦੀਆਂ ਕੀਮਤਾਂ ਘਟ ਸਕਦੀਆਂ ਹਨ। ਇਸ ਤੋਂ ਇਲਾਵਾ ਘੱਟ ਆਯਾਤ ਖਰਚੇ ਕਾਰਨ ਪ੍ਰੋਸੈਸਡ ਫੂਡ, ਪੈਕ ਕੀਤੇ ਸਾਮਾਨ ਅਤੇ ਘਰੇਲੂ ਉਪਕਰਣ ਵੀ ਸਸਤੇ ਹੋ ਸਕਦੇ ਹਨ।
ਭਾਰਤ ਵਿੱਚ ਇਹ ਸਾਮਾਨ ਹੋ ਸਕਦਾ ਹੈ ਸਸਤਾ:
ਟੈਕਨਾਲੋਜੀ: ਲੈਪਟਾਪ, ਮੋਬਾਈਲ ਗੈਜੇਟਸ, ਕੰਜ਼ਿਊਮਰ ਇਲੈਕਟ੍ਰਾਨਿਕਸ ਅਤੇ ਉਨ੍ਹਾਂ ਦੇ ਪੁਰਜ਼ੇ ਸਸਤੇ ਹੋਣ ਦੀ ਸਭ ਤੋਂ ਵੱਧ ਸੰਭਾਵਨਾ ਹੈ।
ਘਰੇਲੂ ਉਪਕਰਣ: ਫਰਿੱਜ, ਵਾਸ਼ਿੰਗ ਮਸ਼ੀਨ ਵਰਗੇ ਕੁਝ ਅਮਰੀਕੀ ਬ੍ਰਾਂਡ ਜਾਂ ਉਨ੍ਹਾਂ ਦੇ ਹਿੱਸੇ।
ਖੇਤੀ ਉਤਪਾਦ: ਅਮਰੀਕੀ ਦਾਲਾਂ ਦੇ ਆਯਾਤ 'ਤੇ ਡਿਊਟੀ ਘਟਣ ਨਾਲ ਕੀਮਤਾਂ ਵਿੱਚ ਰਾਹਤ ਮਿਲੇਗੀ।
ਡੇਅਰੀ ਉਤਪਾਦ: ਮਿਲਕ ਪਾਊਡਰ, ਚੀਜ਼ (Cheese), ਬਟਰ-ਮਿਲਕ ਆਦਿ 'ਤੇ ਲੱਗਣ ਵਾਲੀ ਡਿਊਟੀ ਵਿੱਚ ਕਟੌਤੀ ਸੰਭਵ ਹੈ।
ਖਾਣ-ਪੀਣ ਦੀਆਂ ਵਸਤੂਆਂ: ਪ੍ਰੋਸੈਸਡ ਫੂਡ ਆਈਟਮਾਂ ਅਤੇ ਸਨੈਕਸ ਜੋ ਅਮਰੀਕਾ ਤੋਂ ਆਉਂਦੇ ਹਨ।
ਭਾਰਤੀ ਕਾਰੋਬਾਰਾਂ ਨੂੰ ਹੋਣ ਵਾਲਾ ਫਾਇਦਾ:
ਇਹ ਡੀਲ ਭਾਰਤ ਦੇ ਟੈਕਸਟਾਈਲ ਅਤੇ ਰੈਡੀਮੇਡ ਕੱਪੜਾ ਸੈਕਟਰ ਲਈ ਬਹੁਤ ਫਾਇਦੇਮੰਦ ਹੋਵੇਗੀ। ਇਸ ਤੋਂ ਇਲਾਵਾ ਜੈਮਸ ਐਂਡ ਜਵੈਲਰੀ (ਹੀਰੇ-ਜਵਹਿਰਾਤ), ਸਟੀਲ ਅਤੇ ਕੈਮੀਕਲ ਵਰਗੇ ਉਦਯੋਗਿਕ ਸਾਮਾਨ ਨੂੰ ਵੀ ਅਮਰੀਕੀ ਬਾਜ਼ਾਰ ਵਿੱਚ ਆਸਾਨੀ ਨਾਲ ਪਹੁੰਚ ਮਿਲੇਗੀ।
ਇਹ ਚੀਜ਼ਾਂ ਰਹਿ ਸਕਦੀਆਂ ਹਨ ਮਹਿੰਗੀਆਂ:
ਮਾਹਿਰਾਂ ਅਨੁਸਾਰ ਸਟੀਲ, ਐਲੂਮੀਨੀਅਮ ਅਤੇ ਕਾਪਰ ਵਰਗੇ ਕੁਝ ਉਤਪਾਦਾਂ 'ਤੇ ਅਜੇ ਵੀ ਕਰੀਬ 50 ਫੀਸਦੀ ਤੱਕ ਡਿਊਟੀ ਲੱਗ ਸਕਦੀ ਹੈ। ਇਸੇ ਤਰ੍ਹਾਂ ਕੁਝ ਆਟੋਮੋਬਾਈਲ ਪਾਰਟਸ 'ਤੇ ਵੀ ਟੈਰਿਫ ਉੱਚਾ ਰਹਿਣ ਦੀ ਸੰਭਾਵਨਾ ਹੈ।
ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਦੀ ਗੱਲਬਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਫੋਨ 'ਤੇ ਹੋਈ ਗੱਲਬਾਤ ਤੋਂ ਬਾਅਦ ਇਹ ਵਪਾਰਕ ਸਮਝੌਤਾ ਸਿਰੇ ਚੜ੍ਹਿਆ ਹੈ। ਇਸ ਦੇ ਤਹਿਤ:
ਅਮਰੀਕਾ ਨੇ ਭਾਰਤੀ ਸਾਮਾਨ 'ਤੇ ਟੈਰਿਫ ਘਟਾ ਕੇ 18 ਫੀਸਦੀ ਕਰ ਦਿੱਤਾ ਹੈ।
ਭਾਰਤ ਨੇ ਵੀ ਅਮਰੀਕੀ ਉਤਪਾਦਾਂ 'ਤੇ ਵਪਾਰਕ ਰੁਕਾਵਟਾਂ ਘਟਾਈਆਂ ਹਨ।
ਰਿਪੋਰਟਾਂ ਮੁਤਾਬਕ ਭਾਰਤ ਰੂਸ ਤੋਂ ਤੇਲ ਦੀ ਖਰੀਦ ਘਟਾ ਕੇ ਅਮਰੀਕਾ ਅਤੇ ਵੈਨੇਜ਼ੁਏਲਾ ਤੋਂ ਤੇਲ ਦੀ ਦਰਾਮਦ ਵਧਾ ਸਕਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ 'X' 'ਤੇ ਲਿਖਿਆ: "ਅੱਜ ਮੇਰੇ ਪਿਆਰੇ ਮਿੱਤਰ ਰਾਸ਼ਟਰਪਤੀ ਟਰੰਪ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ। ਇਹ ਜਾਣ ਕੇ ਖੁਸ਼ੀ ਹੋਈ ਕਿ ਹੁਣ 'ਮੇਡ ਇਨ ਇੰਡੀਆ' ਉਤਪਾਦਾਂ 'ਤੇ ਟੈਰਿਫ ਘਟਾ ਕੇ 18 ਫੀਸਦੀ ਕਰ ਦਿੱਤਾ ਗਿਆ ਹੈ। ਇਸ ਸ਼ਾਨਦਾਰ ਐਲਾਨ ਲਈ ਭਾਰਤ ਦੇ 1.4 ਅਰਬ ਲੋਕਾਂ ਵੱਲੋਂ ਰਾਸ਼ਟਰਪਤੀ ਟਰੰਪ ਦਾ ਧੰਨਵਾਦ।"