ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਸਈਅਦ ਆਸਿਮ ਮੁਨੀਰ ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿੱਚ ਹਨ। ਦਰਅਸਲ, ਸ਼ੀਆ ਧਰਮ ਗੁਰੂਆਂ ਨਾਲ ਹੋਈ ਇੱਕ ਇਫ਼ਤਾਰ ਮੀਟਿੰਗ ਦੌਰਾਨ ਆਸਿਮ ਮੁਨੀਰ ਨੇ ਵਿਦਵਾਨਾਂ ਦੀ ਵਫ਼ਾਦਾਰੀ 'ਤੇ ਸਵਾਲ ਉਠਾਉਂਦੇ ਹੋਏ ਇਤਰਾਜ਼ਯੋਗ ਟਿੱਪਣੀ ਕੀਤੀ ਅਤੇ ਉਨ੍ਹਾਂ ਨੂੰ ਈਰਾਨ ਜਾਣ ਦੀ ਸਲਾਹ ਦਿੱਤੀ।

ਅਪਮਾਨਜਨਕ ਤਰੀਕੇ ਨਾਲ ਕੀਤਾ ਸੰਬੋਧਨ
ਪਾਕਿਸਤਾਨ ਦੇ ਸੈਨਾ ਮੁਖੀ ਮੁਨੀਰ ਦੇ ਇਸ ਬਿਆਨ ਨੂੰ ਸ਼ੀਆ ਭਾਈਚਾਰੇ ਨੇ ਬੇਹੱਦ ਅਪਮਾਨਜਨਕ ਮੰਨਿਆ ਹੈ। ਇਸ ਕਾਰਨ ਸ਼ੀਆ ਆਗੂਆਂ ਵਿੱਚ ਭਾਰੀ ਰੋਸ ਹੈ ਅਤੇ ਉਹ ਮੁਨੀਰ ਦੇ ਬਿਆਨ ਨੂੰ 'ਸ਼ੀਆ ਵਿਰੋਧੀ ਸੋਚ' ਕਰਾਰ ਦੇ ਰਹੇ ਹਨ। ਇੰਨਾ ਹੀ ਨਹੀਂ, ਮੀਟਿੰਗ ਵਿੱਚ ਮੌਜੂਦ ਲੋਕਾਂ ਨੇ ਦੋਸ਼ ਲਾਇਆ ਕਿ ਸੈਨਾ ਮੁਖੀ ਨੇ ਸੀਨੀਅਰ ਵਿਦਵਾਨਾਂ ਨੂੰ ਬਹੁਤ ਹੀ ਮਾੜੇ ਤਰੀਕੇ ਨਾਲ ਸੰਬੋਧਨ ਕੀਤਾ ਅਤੇ ਬਿਨਾਂ ਕਿਸੇ ਗੱਲਬਾਤ ਜਾਂ ਸਵਾਲ-ਜਵਾਬ ਦੀ ਇਜਾਜ਼ਤ ਦਿੱਤੇ ਉੱਥੋਂ ਚਲੇ ਗਏ।
ਫਿਰਕੂ ਤਣਾਅ ਵਧਾਉਣ ਵਾਲਾ ਕਦਮ
ਧਾਰਮਿਕ ਆਗੂ ਸਈਅਦ ਜਵਾਦ ਨਦਵੀ ਨੇ ਇਸ ਦਾ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਫਿਰਕੂ ਤਣਾਅ ਵਧਾਉਣ ਵਾਲਾ ਕਦਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨਾਂ ਨਾਲ ਸ਼ੀਆ ਭਾਈਚਾਰੇ ਵਿੱਚ ਗੁੱਸਾ ਹੈ ਅਤੇ ਇਹ ਸਿੱਧੇ ਤੌਰ 'ਤੇ ਇੱਕ ਵਿਸ਼ੇਸ਼ ਭਾਈਚਾਰੇ ਦੇ ਵਿਰੁੱਧ ਦਿੱਤੀ ਗਈ ਟਿੱਪਣੀ ਹੈ।
ਕਾਬਿਲੇਗੌਰ ਹੈ ਕਿ ਇਸ ਵੇਲੇ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਤਣਾਅ ਚੱਲ ਰਿਹਾ ਹੈ। ਮਿਡਲ ਈਸਟ ਵਿੱਚ ਈਰਾਨ ਨਾਲ ਜੁੜੇ ਮੌਜੂਦਾ ਹਾਲਾਤਾਂ ਦੇ ਵਿਚਕਾਰ, ਪਾਕਿਸਤਾਨੀ ਸੈਨਾ ਮੁਖੀ ਮੁਨੀਰ ਦੀ ਅਜਿਹੀ ਤਿੱਖੀ ਪ੍ਰਤੀਕਿਰਿਆ ਨੇ ਸ਼ੀਆ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਹੈ।