- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਊਯਾਰਕ ਦੇ ਲਾ ਗਾਰਡੀਆ ਹਵਾਈ ਅੱਡੇ ਦੇ ਰਨਵੇਅ 'ਤੇ ਏਅਰ ਕੈਨੇਡਾ ਐਕਸਪ੍ਰੈਸ ਦਾ ਇੱਕ ਯਾਤਰੀ ਜਹਾਜ਼ ਫਾਇਰ ਬ੍ਰਿਗੇਡ ਦੇ ਟਰੱਕ ਨਾਲ ਟਕਰਾ ਗਿਆ, ਜਿਸ ਕਾਰਨ ਇੱਕ ਪਾਇਲਟ ਅਤੇ ਇੱਕ ਕੋ-ਪਾਇਲਟ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 13 ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿੱਚ ਦੋ ਫਾਇਰਫਾਈਟਰ ਵੀ ਸ਼ਾਮਲ ਹਨ।

ਫਾਇਰ ਟਰੱਕ ਨਾਲ ਟਕਰਾਇਆ ਯਾਤਰੀ ਜਹਾਜ਼
ਇਹ ਹਾਦਸਾ ਨਿਊਯਾਰਕ ਦੇ ਕਵੀਂਸ ਇਲਾਕੇ ਵਿੱਚ ਸਥਿਤ ਲਾ ਗਾਰਡੀਆ ਹਵਾਈ ਅੱਡੇ 'ਤੇ ਸਥਾਨਕ ਸਮੇਂ ਅਨੁਸਾਰ ਰਾਤ 11:38 ਵਜੇ ਵਾਪਰਿਆ। ਏਅਰ ਕੈਨੇਡਾ ਦੀ ਸਹਿਯੋਗੀ ਕੰਪਨੀ 'ਜੈਜ਼ ਐਵੀਏਸ਼ਨ' ਦੁਆਰਾ ਸੰਚਾਲਿਤ CRJ-900 ਜਹਾਜ਼ (ਫਲਾਈਟ 8646) ਮਾਂਟਰੀਅਲ ਤੋਂ ਆ ਰਿਹਾ ਸੀ। ਰਨਵੇਅ 4 'ਤੇ ਜਦੋਂ ਇਹ ਜਹਾਜ਼ ਅੱਗੇ ਵਧ ਰਿਹਾ ਸੀ, ਤਾਂ ਪੋਰਟ ਅਥਾਰਟੀ ਪੁਲਿਸ ਵਿਭਾਗ ਦਾ ਇੱਕ ਫਾਇਰ ਟਰੱਕ ਇਸ ਦੇ ਰਸਤੇ ਵਿੱਚ ਆ ਗਿਆ ਅਤੇ ਜਹਾਜ਼ ਉਸ ਨਾਲ ਟਕਰਾ ਗਿਆ।
ਫਲਾਈਟ ਟ੍ਰੈਕਿੰਗ ਪਲੇਟਫਾਰਮ 'ਫਲਾਈਟਰਾਡਾਰ 24' ਅਨੁਸਾਰ, ਟੱਕਰ ਵੇਲੇ ਜਹਾਜ਼ ਦੀ ਗਤੀ ਲਗਭਗ 24 ਮੀਲ ਪ੍ਰਤੀ ਘੰਟਾ ਸੀ। ਜੈਜ਼ ਐਵੀਏਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ ਵਿੱਚ ਚਾਲਕ ਦਲ ਦੇ ਚਾਰ ਮੈਂਬਰਾਂ ਸਮੇਤ ਕੁੱਲ 76 ਲੋਕ ਸਵਾਰ ਸਨ।
ਘਟਨਾ ਦੀ ਜਾਂਚ ਸ਼ੁਰੂ
ਰਿਪੋਰਟਾਂ ਅਨੁਸਾਰ, 1992 ਤੋਂ ਬਾਅਦ ਲਾ ਗਾਰਡੀਆ ਹਵਾਈ ਅੱਡੇ 'ਤੇ ਇਹ ਸਭ ਤੋਂ ਘਾਤਕ ਹਾਦਸਾ ਹੈ। ਅਮਰੀਕੀ ਹਵਾਨਬਾਜ਼ੀ ਜਾਂਚਕਰਤਾਵਾਂ ਨੇ ਕੈਨੇਡੀਅਨ ਅਧਿਕਾਰੀਆਂ ਨਾਲ ਮਿਲ ਕੇ ਇਸ ਘਟਨਾ ਦੀ ਰਸਮੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਅਰ ਟ੍ਰੈਫਿਕ ਕੰਟਰੋਲ ਟਾਵਰ ਤੋਂ ਮਿਲੀ ਆਡੀਓ ਰਿਕਾਰਡਿੰਗ ਤੋਂ ਪਤਾ ਲੱਗਦਾ ਹੈ ਕਿ ਇੱਕ ਕੰਟਰੋਲਰ ਨੇ ਫਾਇਰ ਟਰੱਕ ਨੂੰ ਰਨਵੇਅ ਪਾਰ ਕਰਨ ਦੀ ਇਜਾਜ਼ਤ ਦਿੱਤੀ ਸੀ, ਪਰ ਕੁਝ ਦੇਰ ਬਾਅਦ ਹੀ ਉਸ ਨੇ ਟਰੱਕ ਨੂੰ ਤੁਰੰਤ ਰੁਕਣ ਦਾ ਹੁਕਮ ਦਿੱਤਾ।
The moment flight #AC8646 collided with the fire truck at La Guardia. pic.twitter.com/Y7NRwzUNOm
— HoCStaffer (@HoCStaffer) March 23, 2026
ਰਿਕਾਰਡਿੰਗ ਵਿੱਚ ਕੀ ਮਿਲਿਆ?
ਕੰਟਰੋਲਰ ਨੇ ਚਿਲਾ ਕੇ ਕਿਹਾ: "ਫਰੰਟੀਅਰ 4195, ਪਲੀਜ਼ ਉੱਥੇ ਹੀ ਰੁਕੋ। ਰੁਕੋ, ਰੁਕੋ, ਰੁਕੋ, ਟਰੱਕ ਵਨ, ਰੁਕੋ! ਰੁਕੋ, ਟਰੱਕ ਵਨ, ਰੁਕੋ!"
ਇਸ ਤੋਂ ਬਾਅਦ ਅਲਾਰਮ ਵੱਜਦਾ ਹੈ। ਕੰਟਰੋਲਰ ਅੱਗੇ ਕਹਿੰਦਾ ਹੈ: "ਜੈਜ਼ 646, ਮੈਂ ਦੇਖਿਆ ਹੈ ਕਿ ਤੁਸੀਂ ਇੱਕ ਗੱਡੀ ਨਾਲ ਟਕਰਾ ਗਏ ਹੋ... ਆਪਣੀ ਜਗ੍ਹਾ 'ਤੇ ਬਣੇ ਰਹੋ।"
ਬਾਅਦ ਵਿੱਚ ਇੱਕ ਕੰਟਰੋਲਰ ਕਹਿੰਦਾ ਹੈ, "ਯਾਰ, ਇਹ ਦੇਖਣਾ ਚੰਗਾ ਨਹੀਂ ਸੀ।" ਜਿਸ 'ਤੇ ਪਹਿਲੇ ਕੰਟਰੋਲਰ ਨੇ ਜਵਾਬ ਦਿੱਤਾ, "ਹਾਂ, ਮੈਨੂੰ ਪਤਾ ਹੈ। ਮੈਂ ਇੱਥੇ ਹੀ ਸੀ... ਮੈਂ ਗੜਬੜ ਕਰ ਦਿੱਤੀ (I messed up)।"
ਟਰੰਪ ਅਤੇ ਮਾਰਕ ਕਾਰਨੀ ਦੀ ਪ੍ਰਤੀਕਿਰਿਆ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਟੱਕਰ ਨੂੰ ਭਿਆਨਕ ਦੱਸਦੇ ਹੋਏ ਕਿਹਾ, "ਉਨ੍ਹਾਂ ਨੇ ਇੱਕ ਗਲਤੀ ਕੀਤੀ। ਇਹ ਇੱਕ ਖ਼ਤਰਨਾਕ ਕੰਮ ਹੈ।" ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਘਟਨਾ ਬੇਹੱਦ ਦੁਖਦਾਈ ਹੈ।