ਸੀਜ਼ਫਾਇਰ ਖ਼ਤਮ ਹੋਣ ਤੋਂ ਪਹਿਲਾਂ ਸਥਾਈ ਸ਼ਾਂਤੀ ਦੀ ਕੋਸ਼ਿਸ਼, ਅਮਰੀਕਾ-ਈਰਾਨ ਵਿਚਾਲੇ ਫਿਰ ਹੋ ਸਕਦੀ ਹੈ ਗੱਲਬਾਤ
ਅਮਰੀਕੀ ਮੀਡੀਆ ਰਿਪੋਰਟਾਂ ਅਨੁਸਾਰ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਲਦੀ ਹੀ ਗੱਲਬਾਤ ਮੁੜ ਸ਼ੁਰੂ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਹਾਲਾਂਕਿ ਟਰੰਪ ਚਾਹੁੰਦੇ ਹਨ ਕਿ ਗੱਲਬਾਤ ਤਾਂ ਹੀ ਹੋਵੇ ਜੇਕਰ ਉਨ੍ਹਾਂ ਨੂੰ ਲੱਗੇ ਕਿ ਈਰਾਨ ਅਮਰੀਕਾ ਦੀਆਂ ਸ਼ਰਤਾਂ ਮੰਨਣ ਲਈ ਤਿਆਰ ਹੈ। ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਨੂੰ ਦੂਜੀ ਧਿਰ (ਈਰਾਨ) ਵੱਲੋਂ ਸੰਦੇਸ਼ ਮਿਲਿਆ ਹੈ ਕਿ ਉਹ ਸਮਝੌਤਾ ਕਰਨਾ ਚਾਹੁੰਦੇ ਹਨ।
Publish Date: Tue, 14 Apr 2026 11:33 AM (IST)
Updated Date: Tue, 14 Apr 2026 11:41 AM (IST)
ਨਵੀਂ ਦਿੱਲੀ: ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੇ ਅਸਥਾਈ ਸੀਜ਼ਫਾਇਰ (ਜੰਗਬੰਦੀ) ਦੀ ਮਿਆਦ 21 ਅਪ੍ਰੈਲ ਨੂੰ ਖ਼ਤਮ ਹੋ ਰਹੀ ਹੈ। ਸ਼ਨੀਵਾਰ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਦੋਵਾਂ ਦੇਸ਼ਾਂ ਵਿਚਾਲੇ 21 ਘੰਟੇ ਚੱਲੀ ਗੱਲਬਾਤ ਬੇਸਿੱਟਾ ਰਹੀ ਸੀ। ਹੁਣ ਡੈੱਡਲਾਈਨ ਖ਼ਤਮ ਹੋਣ ਤੋਂ ਪਹਿਲਾਂ ਦੋਵੇਂ ਦੇਸ਼ ਇੱਕ ਵਾਰ ਫਿਰ ਆਹਮੋ-ਸਾਹਮਣੇ ਬੈਠ ਕੇ ਗੱਲਬਾਤ ਕਰਨ ਦੀ ਤਿਆਰੀ ਕਰ ਰਹੇ ਹਨ।
ਟਰੰਪ ਨੇ ਗੱਲਬਾਤ ਮੁੜ ਸ਼ੁਰੂ ਕਰਨ ਦੀ ਜਤਾਈ ਇੱਛਾ
ਅਮਰੀਕੀ ਮੀਡੀਆ ਰਿਪੋਰਟਾਂ ਅਨੁਸਾਰ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਲਦੀ ਹੀ ਗੱਲਬਾਤ ਮੁੜ ਸ਼ੁਰੂ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਹਾਲਾਂਕਿ ਟਰੰਪ ਚਾਹੁੰਦੇ ਹਨ ਕਿ ਗੱਲਬਾਤ ਤਾਂ ਹੀ ਹੋਵੇ ਜੇਕਰ ਉਨ੍ਹਾਂ ਨੂੰ ਲੱਗੇ ਕਿ ਈਰਾਨ ਅਮਰੀਕਾ ਦੀਆਂ ਸ਼ਰਤਾਂ ਮੰਨਣ ਲਈ ਤਿਆਰ ਹੈ। ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਨੂੰ ਦੂਜੀ ਧਿਰ (ਈਰਾਨ) ਵੱਲੋਂ ਸੰਦੇਸ਼ ਮਿਲਿਆ ਹੈ ਕਿ ਉਹ ਸਮਝੌਤਾ ਕਰਨਾ ਚਾਹੁੰਦੇ ਹਨ।
ਵੀਰਵਾਰ ਨੂੰ ਹੋ ਸਕਦੀ ਹੈ ਅਹਿਮ ਮੀਟਿੰਗ
ਸਮਾਚਾਰ ਏਜੰਸੀ 'ਏਪੀ' (AP) ਮੁਤਾਬਕ ਵਾਸ਼ਿੰਗਟਨ ਅਤੇ ਤਹਿਰਾਨ ਛੇ ਹਫ਼ਤਿਆਂ ਤੋਂ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਲਈ ਇੱਕ ਸਮਝੌਤੇ 'ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਸੂਤਰਾਂ ਅਨੁਸਾਰ, ਨਵੇਂ ਦੌਰ ਦੀ ਗੱਲਬਾਤ ਆਉਣ ਵਾਲੇ ਵੀਰਵਾਰ ਨੂੰ ਹੋ ਸਕਦੀ ਹੈ। ਇਹ ਬੈਠਕ ਮੁੜ ਇਸਲਾਮਾਬਾਦ ਵਿੱਚ ਜਾਂ ਫਿਰ ਜਿਨੇਵਾ ਵਿੱਚ ਹੋਣ ਦੀ ਸੰਭਾਵਨਾ ਹੈ।
ਪਰਮਾਣੂ ਪ੍ਰੋਗਰਾਮ 'ਤੇ ਮਤਭੇਦ ਬਰਕਰਾਰ
ਭਾਵੇਂ ਰਾਜਨੀਤਿਕ ਪੱਧਰ 'ਤੇ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ ਪਰ 'ਹੋੋਰਮੁਜ਼ ਸਟ੍ਰੇਟ' (Hormuz Strait) ਅਤੇ 'ਪਰਮਾਣੂ ਪ੍ਰੋਗਰਾਮ' ਵਰਗੇ ਅਹਿਮ ਮੁੱਦਿਆਂ 'ਤੇ ਦੋਵਾਂ ਦੇਸ਼ਾਂ ਵਿਚਾਲੇ ਡੂੰਘੇ ਮਤਭੇਦ ਅਜੇ ਵੀ ਬਣੇ ਹੋਏ ਹਨ। ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੇਂਸ ਨੇ ਕਿਹਾ ਹੈ ਕਿ ਇਸਲਾਮਾਬਾਦ ਵਾਰਤਾ ਦੌਰਾਨ ਈਰਾਨ ਨੇ ਅਮਰੀਕਾ ਵੱਲ ਕਦਮ ਵਧਾਇਆ ਹੈ ਪਰ ਹੁਣ ਅਗਲਾ ਕਦਮ ਵੀ ਤਹਿਰਾਨ ਨੂੰ ਹੀ ਚੁੱਕਣਾ ਹੋਵੇਗਾ।
ਵੇੋਂਸ ਨੇ ਕਿਹਾ- ਗੱਲਬਾਤ 'ਚ ਹੋਈ ਹੈ ਪ੍ਰਗਤੀ
ਉਪ-ਰਾਸ਼ਟਰਪਤੀ ਵੇਂਸ ਨੇ 'ਫਾਕਸ ਨਿਊਜ਼' ਨੂੰ ਦੱਸਿਆ, "ਮੈਂ ਇਹ ਨਹੀਂ ਕਹਾਂਗਾ ਕਿ ਚੀਜ਼ਾਂ ਗਲਤ ਹੋਈਆਂ ਹਨ। ਮੈਨੂੰ ਲੱਗਦਾ ਹੈ ਕਿ ਅਸੀਂ ਕਾਫੀ ਪ੍ਰਗਤੀ ਕੀਤੀ ਹੈ ਅਤੇ ਚੀਜ਼ਾਂ ਸਹੀ ਦਿਸ਼ਾ ਵਿੱਚ ਜਾ ਰਹੀਆਂ ਹਨ।" ਹੁਣ ਸਾਰੀਆਂ ਨਜ਼ਰਾਂ 21 ਅਪ੍ਰੈਲ ਦੀ ਡੈੱਡਲਾਈਨ 'ਤੇ ਟਿਕੀਆਂ ਹੋਈਆਂ ਹਨ ਕਿ ਕੀ ਵੀਰਵਾਰ ਦੀ ਸੰਭਾਵਿਤ ਗੱਲਬਾਤ ਦੁਨੀਆ ਨੂੰ ਜੰਗ ਦੇ ਖ਼ਤਰੇ ਤੋਂ ਬਚਾ ਸਕੇਗੀ ਜਾਂ ਨਹੀਂ।