ਦੁਨੀਆ 'ਚ ਆਰਥਿਕ ਬੇਭਰੋਸਗੀ ਦੇ ਬਾਵਜੂਦ ਭਾਰਤ ਚਟਾਨ ਵਾਂਗ ਮਜ਼ਬੂਤ, ਤੀਜੀ ਤਿਮਾਹੀ ਦੇ ਅੰਕੜਿਆਂ ਨੇ ਦੁਨੀਆ ਨੂੰ ਹੈਰਾਨ ਕੀਤਾ
ਦੁਨੀਆ ਦੇ ਕਈ ਦੇਸ਼ ਜੰਗ ਨਾਲ ਜੂਝ ਰਹੇ ਹਨ। ਆਲਮੀ ਬੇਭਰੋਸਗੀ ਦਾ ਦੌਰ ਸਿਖਰਾਂ ’ਤੇ ਹੈ। ਕਈ ਵਿਕਸਿਤ ਦੇਸ਼ਾਂ ਦੇ ਅਰਥਚਾਰੇ ਦੀ ਵਿਕਾਸ ਦਰ ਢਲਾਨ ’ਤੇ ਜਾ ਰਹੀ ਹੈ। ਅਜਿਹੇ ਹਾਲਾਤ ਵਿਚ ਭਾਰਤੀ ਅਰਥਚਾਰਾ ਨਾ ਸਿਰਫ਼ ਦੁਨੀਆ ਦਾ ਸਭ ਤੋਂ ਤੇਜ਼ ਰਫ਼ਤਾਰ ਨਾਲ ਵਧਣ ਵਾਲਾ ਅਰਥਚਾਰਾ ਬਣਿਆ ਹੋਇਆ ਹੈ ਸਗੋਂ ਆਪਣੇ ਮਜ਼ਬੂਤ ਮੋਢਿਆਂ ’ਤੇ ਦੁਨੀਆ ਦੇ ਅਰਥਚਾਰੇ ਨੂੰ ਵੀ ਰਫ਼ਤਾਰ ਦੇ ਰਹੀ ਹੈ।
Publish Date: Sat, 17 Jan 2026 11:45 AM (IST)
Updated Date: Sat, 17 Jan 2026 11:46 AM (IST)

ਵਾਸ਼ਿੰਗਟਨ (ਏਜੰਸੀ) : ਦੁਨੀਆ ਦੇ ਕਈ ਦੇਸ਼ ਜੰਗ ਨਾਲ ਜੂਝ ਰਹੇ ਹਨ। ਆਲਮੀ ਬੇਭਰੋਸਗੀ ਦਾ ਦੌਰ ਸਿਖਰਾਂ ’ਤੇ ਹੈ। ਕਈ ਵਿਕਸਿਤ ਦੇਸ਼ਾਂ ਦੇ ਅਰਥਚਾਰੇ ਦੀ ਵਿਕਾਸ ਦਰ ਢਲਾਨ ’ਤੇ ਜਾ ਰਹੀ ਹੈ। ਅਜਿਹੇ ਹਾਲਾਤ ਵਿਚ ਭਾਰਤੀ ਅਰਥਚਾਰਾ ਨਾ ਸਿਰਫ਼ ਦੁਨੀਆ ਦਾ ਸਭ ਤੋਂ ਤੇਜ਼ ਰਫ਼ਤਾਰ ਨਾਲ ਵਧਣ ਵਾਲਾ ਅਰਥਚਾਰਾ ਬਣਿਆ ਹੋਇਆ ਹੈ ਸਗੋਂ ਆਪਣੇ ਮਜ਼ਬੂਤ ਮੋਢਿਆਂ ’ਤੇ ਦੁਨੀਆ ਦੇ ਅਰਥਚਾਰੇ ਨੂੰ ਵੀ ਰਫ਼ਤਾਰ ਦੇ ਰਹੀ ਹੈ। ਭਾਰਤੀ ਅਰਥਚਾਰੇ ਦੀ ਇਸ ਗੁਲਾਬੀ ਤਸਵੀਰ ’ਤੇ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਨੇ ਵੀ ਆਪਣੀ ਮੋਹਰ ਲਗਾ ਦਿੱਤੀ ਹੈ। ਵੀਰਵਾਰ ਨੂੰ ਆਈਐੱਮਐੱਫ ਨੇ ਕਿਹਾ ਕਿ ਭਾਰਤ ਦੁਨੀਆ ਦੇ ਵਿਕਾਸ ਦਾ ਮੁੱਖ ਇੰਜਣ ਹੈ ਅਤੇ ਘਰੇਲੂ ਖਪਤ ਦੇਸ਼ ਦੇ ਅਰਥਚਾਰੇ ਦੀ ਢਾਲ ਬਣ ਰਹੀ ਹੈ। ਇਸ ਕੌਮਾਂਤਰੀ ਸੰਸਥਾ ਦਾ ਇਹ ਵੀ ਕਹਿਣਾ ਹੈ ਕਿ ਤੀਜੀ ਤਿਮਾਹੀ ਵਿਚ ਭਾਰਤ ਦੀ ਵਿਕਾਸ ਦਰ ਉਮੀਦ ਤੋਂ ਵੱਧ ਮਜ਼ਬੂਤ ਰਹੀ ਹੈ।
ਆਈਐੱਮਐੱਫ ਦੇ ਸੰਚਾਰ ਵਿਭਾਗ ਦੀ ਡਾਇਰੈਕਟਰ ਜੂਲੀ ਕੋਜ਼ੈਕ ਨੇ ਵੀਰਵਾਰ ਨੂੰ ਇੱਥੇ ਇਕ ਪ੍ਰੈੱਸ ਕਾਨਫਰੰਸ ਵਿਚ 2025 ਵਿਚ ਭਾਰਤ ਦੀ ਵਿਕਾਸ ਗਾਥਾ ਬਾਰੇ ਆਈਐੱਮਐੱਫ ਦੇ ਅਨੁਮਾਨ ’ਤੇ ਇਕ ਸਵਾਲ ਦੇ ਜਵਾਬ ਵਿਚ ਕਿਹਾ, ‘ਅਸੀਂ ਦੇਖਿਆ ਹੈ ਕਿ ਭਾਰਤ ਦੁਨੀਆ ਲਈ ਵਿਕਾਸ ਦਾ ਇਕ ਮੁੱਖ ਇੰਜਣ ਹੈ।’ ਕੋਜ਼ੈਕ ਨੇ ਕਿਹਾ ਕਿ ਆਈਐੱਮਐੱਫ ਦੇ ਆਰਟੀਕਲ-4 ਸਟਾਫ ਰਿਪੋਰਟ ਦੇ ਹਿੱਸੇ ਵਜੋਂ ਕੀਤੇ ਗਏ ਸਭ ਤੋਂ ਤਾਜ਼ਾ ਅਨੁਮਾਨ ਵਿਚ ਵਿੱਤੀ ਸਾਲ 2025-26 ਲਈ ਭਾਰਤ ਦੀ ਵਿਕਾਸ ਦਰ 6.6 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ ਜੋ ਮੁੱਖ ਤੌਰ ’ਤੇ ਮਜ਼ਬੂਤ ਘਰੇਲੂ ਖਪਤ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ, ‘ਅਸੀਂ ਦੇਖਿਆ ਹੈ ਕਿ ਤੀਜੀ ਤਿਮਾਹੀ ਵਿਚ ਭਾਰਤ ਦੀ ਵਿਕਾਸ ਦਰ ਉਮੀਦ ਤੋਂ ਵੱਧ ਮਜ਼ਬੂਤ ਰਹੀ ਹੈ ਅਤੇ ਇਸ ਨਾਲ ਇਹ ਸੰਭਾਵਨਾ ਵਧਦੀ ਹੈ ਕਿ ਆਈਐੱਮਐੱਫ ਭਵਿੱਖ ਵਿਚ ਆਪਣੇ ਅਨੁਮਾਨ ਨੂੰ ਅਪਗ੍ਰੇਡ ਕਰੇਗਾ।’ ਕੋਜ਼ੈਕ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਬਾਰੇ ਆਈਐੱਮਐੱਫ ਦਾ ਅਨੁਮਾਨ ਕੁੱਲ ਮਿਲਾ ਕੇ ਸਕਾਰਾਤਮਕ ਬਣਿਆ ਹੋਇਆ ਹੈ ਜਿਹੜਾ ਦੁਨੀਆ ਦੇ ਕਈ ਖੇਤਰਾਂ ਵਿਚ ਬੇਭਰੋਸਗੀ ਦਰਮਿਆਨ ਆਲਮੀ ਅਰਥਚਾਰੇ ਦੇ ਵਿਸਥਾਰ ਵਿਚ ਦੇਸ਼ ਦੀ ਭੂਮਿਕਾ ਨੂੰ ਦਰਸਾਉਂਦਾ ਹੈ।
ਅਗਲੇ ਹਫ਼ਤੇ ਜਾਰੀ ਹੋਣਗੇ ਅਪਡੇਟ ਅੰਕੜੇ
ਆਈਐੱਮਐੱਫ ਦਾ ਵਰਲਡ ਇਕੋਨਾਮਿਕ ਆਊਟਲੁਕ ਅਪਡੇਟ ਅਗਲੇ ਹਫ਼ਤੇ ਜਾਰੀ ਹੋਣ ਵਾਲਾ ਹੈ। ਉਸ ਵਿਚ ਭਾਰਤ ਤੇ ਹੋਰ ਮੁੱਖ ਅਰਥਚਾਰਿਆਂ ਦੇ ਸੋਧੇ ਹੋਏ ਅਨੁਮਾਨ ਸ਼ਾਮਲ ਹੋਣਗੇ। ਕੋਜ਼ੈਕ ਨੇ ਕਿਹਾ, ‘ਉਸ ਸਮੇਂ ਸਾਡੇ ਕੋਲ ਭਾਰਤ ਦੀ ਵਿਕਾਸ ਦਰ ਦੇ ਸੋਧੇ ਹੋਏ ਅੰਕੜੇ ਹੋਣਗੇ ਪਰ ਮੈਨੂੰ ਲੱਗਦਾ ਹੈ ਕਿ ਭਾਰਤ ਬਾਰੇ ਸਾਡਾ ਸਿੱਟਾ ਇਹ ਹੈ ਕਿ ਇਹ ਆਲਮੀ ਵਿਕਾਸ ਦਾ ਇਕ ਮੁੱਖ ਚਾਲਕ ਰਿਹਾ ਹੈ ਅਤੇ ਭਾਰਤ ਦੀ ਵਿਕਾਸ ਦਰ ਕਾਫੀ ਮਜ਼ਬੂਤ ਰਹੀ ਹੈ।’ ਅਗਲੇ ਹਫ਼ਤੇ ਜਾਰੀ ਹੋਣ ਵਾਲੇ ਵਰਲਡ ਇਕੋਨਾਮਿਕ ਆਊਟਲੁਕ ਅਪਡੇਟ ਤੋਂ ਇਹ ਤਸਵੀਰ ਸਾਫ਼ ਹੋਣ ਦੀ ਉਮੀਦ ਹੈ ਕਿ ਹਾਲੀਆ ਆਰਥਿਕ ਡਾਟੇ ਨੇ ਭਾਰਤ ਦੇ ਨਾਲ-ਨਾਲ ਆਲਮੀ ਅਰਥਚਾਰੇ ਲਈ ਆਈਐੱਮਐੱਫ ਦੇ ਅਨੁਮਾਨਾਂ ਨੂੰ ਕਿਵੇਂ ਬਦਲਿਆ।
ਆਈਐੱਮਐੱਫ ਦੀ ਰਿਪੋਰਟ ਤੋਂ ਬਾਅਦ ਭਾਜਪਾ ਦਾ ਰਾਹੁਲ ’ਤੇ ਹਮਲਾ
ਨਵੀਂ ਦਿੱਲੀ (ਏਜੰਸੀ) : ਆਈਐੱਮਐੱਫ ਦੇ ਅਨੁਮਾਨ ਨੇ ਭਾਜਪਾ ਨੂੰ ਕਾਂਗਰਸ ਅਤੇ ਉਸ ਦੇ ਆਗੂ ਰਾਹੁਲ ਗਾਂਧੀ ’ਤੇ ਹਮਲਾ ਕਰਨ ਦਾ ਨਵਾਂ ਸਿਆਸੀ ਹਥਿਆਰ ਦੇ ਦਿੱਤਾ ਹੈ। ਭਾਜਪਾ ਦੇ ਬੁਲਾਰੇ ਸੀਆਰ ਕੇਸਵਨ ਨੇ ਰਾਹੁਲ ਵੱਲੋਂ ਪਿੱਛੇ ਜਿਹੇ ਭਾਰਤ ਨੂੰ ਇਕ ਡੈੱਡ ਇਕਾਨੋਮੀ ਕਹਿਣ ’ਤੇ ਸਵਾਲ ਚੁੱਕੇ ਅਤੇ ਕਿਹਾ ਕਿ ਭਾਰਤ ਇਕ ਚਮਕਦਾ ਸਿਤਾਰਾ ਹੈ। ਤਿੱਖਾ ਤਨਜ਼ ਕੱਸਦਿਆਂ ਕੇਸਵਨ ਨੇ ਰਾਹੁਲ ਨੂੰ ‘ਨਿਰਾਸ਼ਾਵਾਦੀ ਆਗੂ’ ਕਿਹਾ ਅਤੇ ਉਨ੍ਹਾਂ ’ਤੇ ਜਾਣਬੁੱਝ ਕੇ ਝੂਠ ਬੋਲਣ ਅਤੇ ਭਾਰਤੀ ਅਰਥਚਾਰੇ ਦੀ ਬੁਰਾਈ ਕਰਨ ਦਾ ਦੋਸ਼ ਲਾਇਆ ਅਤੇ ਪੁੱਛਿਆ ਕਿ ਕੀ ਉਹ ਭਾਰਤ ਤੇ ਉਸ ਦੇ ਲੋਕਾਂ ਤੋਂ ਮਾਫ਼ੀ ਮੰਗਣਗੇ। ਉਨ੍ਹਾਂ ਕਿਹਾ, ‘ਆਈਐੱਮਐੱਫ ਵੱਲੋਂ ਭਾਰਤੀ ਅਰਥਚਾਰੇ ਦੀ ਤਾਰੀਫ਼ ਰਾਹੁਲ ਗਾਂਧੀ ਦੇ ਘਟੀਆ ਸਿਆਸੀ ਏਜੰਡੇ ਦਾ ਕਰਾਰਾ ਜਵਾਬ ਤੇ ਝਟਕਾ ਹੈ ਜਿਸ ਨੇ ਸਾਡੇ ਦੇਸ਼ ਦੀ ਤਰੱਕੀ ਅਤੇ ਵਿਕਾਸ ਨੂੰ ਘੱਟ ਕਰ ਕੇ ਦਰਸਾਉਣ ਦੀ ਕੋਸ਼ਿਸ਼ ਕੀਤੀ ਸੀ।’ ਜੁਲਾਈ 2025 ਵਿਚ ਰਾਹੁਲ ਨੇ ਮੀਡੀਆ ਨਾਲ ਗੱਲਬਾਤ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ ਦਾ ਸਮਰਥਨ ਕੀਤਾ ਸੀ ਅਤੇ ਕਿਹਾ ਸੀ ਰਿ ਉਹ ਸਹੀ ਕਹਿ ਰਹੇ ਹਨ। ਸਭ ਨੂੰ ਪਤਾ ਹੈ ਕਿ ਭਾਰਤੀ ਅਰਥਚਾਰਾ ਇਕ ਡੈੱਡ ਇਕਾਨੋਮੀ ਹੈ। ਮੈਨੂੰ ਖੁਸ਼ੀ ਹੈ ਕਿ ਰਾਸ਼ਟਰਪਤੀ ਟਰੰਪ ਨੇ ਸੱਚ ਕਿਹਾ ਹੈ।