'ਹਮਲਾ ਕਰੋ, ਗੱਲਬਾਤ ਨਹੀਂ', ਟਰੰਪ ਨੂੰ ਅਪੀਲ ਕਰਨ ਤੋਂ ਬਾਅਦ ਈਰਾਨੀ ਵਿਅਕਤੀ ਨੇ ਕੀਤੀ ਖੁਦਕੁਸ਼ੀ
ਈਰਾਨ ਦੇ ਦੱਖਣੀ ਬੰਦਰਗਾਹ ਸ਼ਹਿਰ ਬੁਸ਼ਹਿਰ ਦੇ ਰਹਿਣ ਵਾਲੇ ਹਾਮਿਦੀ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿੱਚ ਕਿਹਾ, "ਜੇਕਰ ਤੁਸੀਂ ਇਹ ਦੇਖ ਰਹੇ ਹੋ ਤਾਂ ਮੈਂ ਹੁਣ ਨਹੀਂ ਰਿਹਾ।" 5 ਫਰਵਰੀ ਨੂੰ ਆਪਣੇ ਯੂਟਿਊਬ ਚੈਨਲ 'PoorY X' 'ਤੇ ਪੋਸਟ ਕੀਤੇ ਵੀਡੀਓ ਵਿੱਚ ਉਸਨੇ ਦਾਅਵਾ ਕੀਤਾ, "40,000 ਤੋਂ ਵੱਧ ਲੋਕ ਮਾਰੇ ਗਏ ਹਨ
Publish Date: Tue, 10 Feb 2026 11:00 AM (IST)
Updated Date: Tue, 10 Feb 2026 11:11 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਤਣਾਤਣੀ ਦੇ ਦੌਰਾਨ ਇੱਕ ਈਰਾਨੀ ਵਿਅਕਤੀ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਹੈ। ਉਸ ਨੇ ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤਾ, ਜਿਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਈਰਾਨੀ ਸ਼ਾਸਨ ਨਾਲ ਕੋਈ ਵੀ ਸਮਝੌਤਾ (ਡੀਲ) ਨਾ ਕਰਨ।
10 ਮਿੰਟ 44 ਸੈਕਿੰਡ ਦੇ ਇਸ ਵੀਡੀਓ ਵਿੱਚ ਪੌਰਿਆ ਹਾਮਿਦੀ ਨੇ ਕਿਹਾ ਕਿ ਉਸ ਦੀ ਇਸ ਅਪੀਲ ਦਾ ਮਕਸਦ ਈਰਾਨ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ 'ਤੇ ਹੋ ਰਹੀ ਖੂਨੀ ਕਾਰਵਾਈ ਵੱਲ ਦੁਨੀਆ ਦਾ ਧਿਆਨ ਖਿੱਚਣਾ ਸੀ। ਇਸ ਦੇ ਨਾਲ ਹੀ ਉਸ ਨੇ ਈਰਾਨੀ ਸ਼ਾਸਨ ਨੂੰ ਹਟਾਉਣ ਲਈ ਵਿਦੇਸ਼ੀ ਦਖਲ ਦੀ ਮੰਗ ਵੀ ਕੀਤੀ।
ਵੀਡੀਓ 'ਚ ਕੀ ਕਿਹਾ ਗਿਆ?
ਈਰਾਨ ਦੇ ਦੱਖਣੀ ਬੰਦਰਗਾਹ ਸ਼ਹਿਰ ਬੁਸ਼ਹਿਰ ਦੇ ਰਹਿਣ ਵਾਲੇ ਹਾਮਿਦੀ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿੱਚ ਕਿਹਾ, "ਜੇਕਰ ਤੁਸੀਂ ਇਹ ਦੇਖ ਰਹੇ ਹੋ ਤਾਂ ਮੈਂ ਹੁਣ ਨਹੀਂ ਰਿਹਾ।" 5 ਫਰਵਰੀ ਨੂੰ ਆਪਣੇ ਯੂਟਿਊਬ ਚੈਨਲ 'PoorY X' 'ਤੇ ਪੋਸਟ ਕੀਤੇ ਵੀਡੀਓ ਵਿੱਚ ਉਸਨੇ ਦਾਅਵਾ ਕੀਤਾ, "40,000 ਤੋਂ ਵੱਧ ਲੋਕ ਮਾਰੇ ਗਏ ਹਨ, ਇਹ ਇੱਕ ਨਸਲਕੁਸ਼ੀ ਹੈ, ਜੋ ਰੂਸ-ਯੂਕਰੇਨ ਜੰਗ ਅਤੇ ਇਜ਼ਰਾਈਲ-ਫਲਸਤੀਨ ਜੰਗ ਨਾਲੋਂ ਵੀ ਭਿਆਨਕ ਹੈ।"
ਟਰੰਪ ਪ੍ਰਸ਼ਾਸਨ ਨੂੰ ਕੀਤੀ ਇਹ ਅਪੀਲ
ਹਾਮਿਦੀ ਨੇ ਆਪਣੇ ਵੀਡੀਓ ਦਾ ਕੈਪਸ਼ਨ ਦਿੱਤਾ, "ਇਹ ਮੇਰੀ ਕੁਰਬਾਨੀ ਹੈ, ਪਲੀਜ਼, ਮੇਰੇ ਦੇਸ਼ ਨੂੰ ਆਜ਼ਾਦ ਕਰੋ।" ਅੰਗਰੇਜ਼ੀ ਵਿੱਚ ਰਿਕਾਰਡ ਕੀਤੇ ਗਏ ਇਸ ਵੀਡੀਓ ਵਿੱਚ ਹਾਮਿਦੀ ਨੇ ਸਿੱਧੇ ਤੌਰ 'ਤੇ ਅਮਰੀਕੀ ਲੀਡਰਸ਼ਿਪ ਨੂੰ ਸੰਬੋਧਨ ਕਰਦਿਆਂ ਤਹਿਰਾਨ ਨਾਲ ਕਿਸੇ ਵੀ ਕੂਟਨੀਤਕ ਸਮਝੌਤੇ ਨੂੰ ਅੱਗੇ ਨਾ ਵਧਾਉਣ ਦੀ ਅਪੀਲ ਕੀਤੀ। ਉਸ ਨੇ ਕਿਹਾ ਕਿ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੇ ਸ਼ਾਸਨ ਨਾਲ ਕੋਈ ਵੀ ਸਮਝੌਤਾ ਉਨ੍ਹਾਂ ਲੋਕਾਂ ਨਾਲ ਧੋਖਾ ਹੋਵੇਗਾ ਜੋ ਮਾਰੇ ਗਏ ਹਨ।
'ਅਮਰੀਕੀ ਹਮਲਾ ਹੀ ਇੱਕੋ-ਇੱਕ ਉਮੀਦ'
ਉਸਨੇ ਕਿਹਾ, "ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ। ਇਸ ਡੀਲ ਨੂੰ ਰੋਕਣ ਲਈ ਜੋ ਵੀ ਕਰ ਸਕਦੇ ਹੋ, ਕਰੋ।" ਹਾਮਿਦੀ ਨੇ ਅੱਗੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਈਰਾਨੀਆਂ ਨੂੰ ਵਿਰੋਧ ਜਾਰੀ ਰੱਖਣ ਲਈ ਕਿਹਾ ਸੀ ਅਤੇ ਅਸੀਂ ਉਹੀ ਕੀਤਾ। ਅਸੀਂ ਉਨ੍ਹਾਂ 'ਤੇ ਭਰੋਸਾ ਕੀਤਾ। ਉਸ ਨੇ ਕਿਹਾ, "ਅਮਰੀਕਾ ਦਾ ਈਰਾਨ 'ਤੇ ਹਮਲਾ ਕਰਨਾ ਹੀ ਹੁਣ ਸਾਡੀ ਆਖਰੀ ਉਮੀਦ ਹੈ। ਅਸੀਂ ਇਸ ਸਰਕਾਰ ਨਾਲ ਇਕੱਲੇ ਨਹੀਂ ਲੜ ਸਕਦੇ। ਸਾਡੇ ਲੋਕਾਂ ਨੂੰ ਵਿਦੇਸ਼ੀ ਦਖਲ ਦੀ ਲੋੜ ਹੈ।"
ਈਰਾਨੀ ਵਿਅਕਤੀ ਨੇ ਬੇਹੱਦ ਭਾਵੁਕ ਹੁੰਦਿਆਂ ਕਿਹਾ, "ਤੁਹਾਨੂੰ ਨਹੀਂ ਪਤਾ ਕਿ ਸਾਡੇ ਲੋਕ ਇਸ ਵੇਲੇ ਕਿੰਨੇ ਨਿਰਾਸ਼ ਹਨ। ਮੈਂ ਖੁਦ ਖਾ ਨਹੀਂ ਪਾ ਰਿਹਾ, ਸੌਂ ਨਹੀਂ ਪਾ ਰਿਹਾ। ਮੈਂ ਰੋ ਵੀ ਨਹੀਂ ਸਕਦਾ ਕਿਉਂਕਿ ਅਜਿਹੀ ਜਗ੍ਹਾ ਪੈਦਾ ਹੋਣਾ ਜਿੱਥੇ ਕੋਈ ਭਵਿੱਖ ਹੀ ਨਾ ਹੋਵੇ, ਬਹੁਤ ਦੁਖਦਾਈ ਹੈ ਪਰ ਮੈਨੂੰ ਉਮੀਦ ਸੀ ਕਿ ਇਨ੍ਹਾਂ ਸਭ ਤੋਂ ਬਾਅਦ ਮੇਰੇ ਦੇਸ਼ ਦੇ ਲੋਕਾਂ ਦਾ ਅੰਤ ਵਿੱਚ ਇੱਕ ਸੁਨਹਿਰੀ ਭਵਿੱਖ ਹੋਵੇਗਾ।"