- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ ਕਿ ਗਰਮੀਆਂ ਵਿੱਚ ਅੰਬਾਂ ਦੀ ਮੰਗ ਬਹੁਤ ਜ਼ਿਆਦਾ ਹੁੰਦੀ ਹੈ। ਭਾਰਤ ਤੋਂ ਆਯਾਤ ਰੁਕਣ ਕਾਰਨ ਬਾਜ਼ਾਰ ਵਿੱਚ ਇਸ ਦੀ ਭਾਰੀ ਕਿੱਲਤ ਹੋ ਸਕਦੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕੁਆਰੰਟੀਨ ਸਿਸਟਮ ਨੂੰ ਮਜ਼ਬੂਤ ਕਰਨ

ਡਿਜੀਟਲ ਡੈਸਕ, ਕਾਠਮਾਂਡੂ/ਨਵੀਂ ਦਿੱਲੀ : ਜਾਪਾਨ ਤੋਂ ਬਾਅਦ ਹੁਣ ਗੁਆਂਢੀ ਦੇਸ਼ ਨੇਪਾਲ ਨੇ ਵੀ ਭਾਰਤ ਤੋਂ ਆਉਣ ਵਾਲੇ ਅੰਬਾਂ ਅਤੇ ਕਈ ਹੋਰ ਫਲਾਂ ਦੇ ਆਯਾਤ 'ਤੇ ਪਾਬੰਦੀ ਲਗਾ ਦਿੱਤੀ ਹੈ। ਇੱਕ ਮੀਡੀਆ ਰਿਪੋਰਟ ਮੁਤਾਬਕ, ਨੇਪਾਲ ਦੀ ਬਾਲੇਨ ਸ਼ਾਹ ਸਰਕਾਰ ਨੇ ਇਹ ਸਖ਼ਤ ਕਦਮ ਉਦੋਂ ਚੁੱਕਿਆ ਜਦੋਂ ਸਰਹੱਦ 'ਤੇ ਮੌਜੂਦ ਕੁਆਰੰਟੀਨ ਇੰਸਪੈਕਟਰਾਂ ਨੇ ਭਾਰਤ ਤੋਂ ਆਈ ਫਲਾਂ ਦੀ ਖੇਪ ਵਿੱਚ ਖ਼ਤਰਨਾਕ ਰਸਾਇਣਕ ਕੀਟਨਾਸ਼ਕਾਂ ਦੀ ਮਾਤਰਾ ਤੈਅ ਸੀਮਾ ਤੋਂ ਕਾਫ਼ੀ ਜ਼ਿਆਦਾ ਪਾਈ।
ਨੇਪਾਲ ਦੇ ਖੇਤੀਬਾੜੀ ਅਤੇ ਪਸ਼ੂਧਨ ਵਿਕਾਸ ਮੰਤਰਾਲੇ ਵੱਲੋਂ ਲਗਾਈਆਂ ਗਈਆਂ ਇਹ ਪਾਬੰਦੀਆਂ ਕਥਿਤ ਤੌਰ 'ਤੇ ਅਪ੍ਰੈਲ-ਮਈ ਤੋਂ ਹੀ ਲਾਗੂ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਫੈਸਲੇ ਨਾਲ ਗਰਮੀਆਂ ਦੇ ਇਸ ਮੁੱਖ ਸੀਜ਼ਨ ਵਿੱਚ ਭਾਰਤ ਦੇ ਅੰਬ ਨਿਰਯਾਤ ਨੂੰ ਵੱਡਾ ਝਟਕਾ ਲੱਗੇਗਾ। ਇਸ ਨਾਲ ਭਾਰਤ ਦੀਆਂ ਪ੍ਰੀਮੀਅਮ ਅਤੇ ਮਸ਼ਹੂਰ ਕਿਸਮਾਂ ਜਿਵੇਂ ਕਿ ਅਲਫਾਂਸੋ, ਦੁਸਹਿਰੀ, ਚੌਸਾ, ਕੇਸਰ, ਲੰਗੜਾ ਅਤੇ ਬੰਗਨਪੱਲੀ ਸਭ ਤੋਂ ਵੱਧ ਪ੍ਰਭਾਵਿਤ ਹੋਣਗੀਆਂ।
ਸਥਾਨਕ ਬਾਜ਼ਾਰਾਂ 'ਤੇ ਵਧਿਆ ਦਬਾਅ
ਇਸ ਮਾਮਲੇ ਵਿੱਚ ਨੇਪਾਲ ਦੇ ਸਥਾਨਕ ਵਪਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਬਿਨਾਂ ਕਿਸੇ ਤਿਆਰੀ ਜਾਂ ਲੰਮੇ ਸਮੇਂ ਦੀ ਰਣਨੀਤੀ ਦੇ ਇਹ ਪਾਬੰਦੀ ਲਗਾ ਦਿੱਤੀ ਹੈ, ਜਿਸ ਨਾਲ ਵਪਾਰ ਵਿੱਚ ਭਾਰੀ ਦਿੱਕਤਾਂ ਆ ਰਹੀਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਜਨਕਪੁਰਧਾਮ ਦੇ ਫਲ ਅਤੇ ਸਬਜ਼ੀ ਵਿਕਰੇਤਾ ਸੰਘ ਦੇ ਜਨਰਲ ਸਕੱਤਰ ਭੁਵਨੇਸ਼ਵਰ ਪੁਰਬੇ ਨੇ ਦੱਸਿਆ ਕਿ ਦੇਸ਼ ਵਿੱਚ ਅੰਬਾਂ ਦੀ ਮੰਗ ਨੂੰ ਸਿਰਫ਼ ਸਥਾਨਕ ਉਤਪਾਦਨ ਨਾਲ ਪੂਰਾ ਕਰਨਾ ਸੰਭਵ ਨਹੀਂ ਹੈ।
ਉਨ੍ਹਾਂ ਕਿਹਾ ਕਿ ਗਰਮੀਆਂ ਵਿੱਚ ਅੰਬਾਂ ਦੀ ਮੰਗ ਬਹੁਤ ਜ਼ਿਆਦਾ ਹੁੰਦੀ ਹੈ। ਭਾਰਤ ਤੋਂ ਆਯਾਤ ਰੁਕਣ ਕਾਰਨ ਬਾਜ਼ਾਰ ਵਿੱਚ ਇਸ ਦੀ ਭਾਰੀ ਕਿੱਲਤ ਹੋ ਸਕਦੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕੁਆਰੰਟੀਨ ਸਿਸਟਮ ਨੂੰ ਮਜ਼ਬੂਤ ਕਰਨ ਅਤੇ ਪੂਰੀ ਤਰ੍ਹਾਂ ਬੈਨ ਲਗਾਉਣ ਦੀ ਬਜਾਏ ਸਹੀ ਕੁਆਲਿਟੀ ਟੈਸਟ ਤੋਂ ਬਾਅਦ ਭਾਰਤੀ ਫਲਾਂ ਨੂੰ ਦੇਸ਼ ਵਿੱਚ ਆਉਣ ਦੇਣ।
ਨੇਪਾਲ ਸਰਕਾਰ ਦਾ ਕੀ ਕਹਿਣਾ ਹੈ
ਦੂਜੇ ਪਾਸੇ, ਨੇਪਾਲੀ ਅਧਿਕਾਰੀ ਇਸ ਪਾਬੰਦੀ ਨੂੰ ਆਪਣੇ ਘਰੇਲੂ ਫਲਾਂ ਨੂੰ ਉਤਸ਼ਾਹਿਤ ਕਰਨ ਦੇ ਇੱਕ ਵੱਡੇ ਮੌਕੇ ਵਜੋਂ ਦੇਖ ਰਹੇ ਹਨ। ਮਧੇਸ਼ ਸੂਬੇ ਦੇ ਭੂਮੀ ਪ੍ਰਬੰਧਨ, ਖੇਤੀਬਾੜੀ ਅਤੇ ਸਹਿਕਾਰੀ ਮੰਤਰਾਲੇ ਦੇ ਬੁਲਾਰੇ ਮਨੀਸ਼ ਕੁਮਾਰ ਪਾਲ ਨੇ ਕਿਹਾ ਕਿ ਇਸ ਫੈਸਲੇ ਨਾਲ ਸਥਾਨਕ ਪੱਧਰ 'ਤੇ ਉਗਾਏ ਗਏ ਅਤੇ ਵਧੇਰੇ ਸਿਹਤਮੰਦ ਫਲਾਂ ਲਈ ਬਿਹਤਰ ਬਾਜ਼ਾਰ ਤਿਆਰ ਹੋਵੇਗਾ।
ਉਨ੍ਹਾਂ ਅਨੁਸਾਰ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਸਥਾਨਕ ਕਿਸਾਨਾਂ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਨਾਗਰਿਕਾਂ ਨੂੰ ਖਾਣ ਲਈ ਸੁਰੱਖਿਅਤ ਅਤੇ ਕੈਮੀਕਲ ਮੁਕਤ ਫਲ ਮਿਲ ਸਕਣਗੇ।
ਜਾਪਾਨ ਪਹਿਲਾਂ ਹੀ ਲਗਾ ਚੁੱਕਾ ਹੈ ਰੋਕ
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੀ ਜਾਪਾਨ ਨੇ ਵੀ ਭਾਰਤ ਤੋਂ ਅੰਬਾਂ ਦੇ ਆਯਾਤ 'ਤੇ ਰੋਕ ਲਗਾ ਦਿੱਤੀ ਸੀ। ਜਾਪਾਨੀ ਅਧਿਕਾਰੀਆਂ ਨੂੰ ਨਿਰੀਖਣ ਦੌਰਾਨ ਭਾਰਤ ਦੇ ਟ੍ਰੀਟਮੈਂਟ ਸੈਂਟਰਾਂ ਵਿੱਚ ਕੀਟ-ਕੰਟਰੋਲ ਪ੍ਰਕਿਰਿਆਵਾਂ ਵਿੱਚ ਕਮੀਆਂ ਮਿਲੀਆਂ ਸਨ। ਲਗਭਗ ਦੋ ਦਹਾਕਿਆਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਜਾਪਾਨ ਨੇ ਭਾਰਤੀ ਅੰਬਾਂ 'ਤੇ ਅਜਿਹੀ ਰੋਕ ਲਗਾਈ ਹੈ। ਇਸ ਤੋਂ ਪਹਿਲਾਂ ਜਾਪਾਨ ਨੇ ਫਰੂਟ ਫਲਾਈ ਦੇ ਖ਼ਦਸ਼ੇ ਕਾਰਨ ਪਾਬੰਦੀ ਲਗਾਈ ਸੀ, ਜਿਸ ਨੂੰ ਭਾਰਤ ਵੱਲੋਂ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾਣ ਤੋਂ ਬਾਅਦ ਸਾਲ 2006 ਵਿੱਚ ਹਟਾ ਦਿੱਤਾ ਗਿਆ ਸੀ।
ਭਾਰਤੀ ਨਿਰਯਾਤਕਾਂ ਦੀ ਵਧੀ ਚਿੰਤਾ
ਦੱਸ ਦੇਈਏ ਕਿ ਭਾਰਤ ਹਰ ਸਾਲ ਲਗਭਗ 2.8 ਕਰੋੜ ਮੀਟ੍ਰਿਕ ਟਨ ਅੰਬਾਂ ਦਾ ਉਤਪਾਦਨ ਕਰਦਾ ਹੈ, ਜੋ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਅੰਬ ਉਤਪਾਦਕ ਦੇਸ਼ ਬਣਾਉਂਦਾ ਹੈ ਹਾਲਾਂਕਿ ਭਾਰਤ ਦੇ ਜ਼ਿਆਦਾਤਰ ਅੰਬ ਦੇਸ਼ ਦੇ ਅੰਦਰ ਹੀ ਖਾਧੇ ਜਾਂਦੇ ਹਨ ਪਰ ਜਾਪਾਨ ਵਰਗੇ ਪ੍ਰੀਮੀਅਮ ਬਾਜ਼ਾਰਾਂ ਵਿੱਚ ਨਿਰਯਾਤ ਕਰਨ ਨਾਲ ਕਿਸਾਨਾਂ ਅਤੇ ਵਪਾਰੀਆਂ ਨੂੰ ਮੋਟਾ ਮੁਨਾਫਾ ਹੁੰਦਾ ਹੈ।